ਨਵੀਂ ਦਿੱਲੀ:
ਭਾਰਤ ਦੇ ਸਿਖਰਲੇ ਕੂਟਨੀਤਕ ਦਾ ਕਹਿਣਾ ਹੈ ਕਿ ਕੈਨੇਡਾ ’ਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਕਈ ਵਿਦਿਆਰਥੀ ਘਟੀਆ ਕਾਲਜਾਂ ’ਚ ਦਾਖਲਾ ਲੈ ਲੈਂਦੇ ਹਨ ਅਤੇ ਉਨ੍ਹਾਂ ਨੂੰ ਨੌਕਰੀ ਦਾ ਕੋਈ ਮੌਕਾ ਨਹੀਂ ਮਿਲਦਾ, ਜਿਸ ਕਾਰਨ ਉਹ ਨਿਰਾਸ਼ ਹੋ ਕੇ ਖੁਦਕੁਸ਼ੀ ਜਿਹੇ ਕਦਮ ਚੁੱਕਣ ਲਈ ਮਜਬੂਰ ਹੁੰਦੇ ਹਨ।ਭਾਰਤ ਵੱਲੋਂ ਕੈਨੇਡਾ ਤੋਂ ਵਾਪਸ ਸੱਦੇ ਗਏ ਕੂਟਨੀਤਕ ਸੰਜੈ ਵਰਮਾ ਨੇ ਪੀਟੀਆਈ ਨੂੰ ਦਿੱਤੀ ਇੰਟਰਵਿਊ ’ਚ ਕਿਹਾ, ‘ਮੇਰੇ ਕਾਰਜਕਾਲ ਦੌਰਾਨ ਇੱਕ ਸਮਾਂ ਅਜਿਹਾ ਸੀ ਜਦੋਂ ਹਰ ਹਫ਼ਤੇ ਘੱਟੋ-ਘੱਟ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ‘ਬਾਡੀ ਬੈਗ’ ਵਿੱਚ ਰੱਖ ਕੇ ਭਾਰਤ ਭੇਜੀਆਂ ਜਾਂਦੀਆਂ ਸਨ।’ ਉਨ੍ਹਾਂ ਕਿਹਾ, ‘ਨਾਕਾਮ ਹੋਣ ਮਗਰੋਂ ਮਾਪਿਆਂ ਦਾ ਸਾਹਮਣਾ ਕਰਨ ਦੀ ਥਾਂ ਉਹ ਖੁਦਕੁਸ਼ੀ ਕਰ ਲੈਂਦੇ ਹਨ।’ ਵਰਮਾ ਨੇ ਕਿਹਾ ਕਿ ਜੇ ਕੈਨੇਡਾ ਨਾਲ ਉਨ੍ਹਾਂ ਦੇ ਰਿਸ਼ਤੇ ਚੰਗੇ ਹੁੰਦੇ ਤਾਂ ਵੀ ਉਹ ਮਾਪਿਆਂ ਨੂੰ ਇਹੀ ਸਲਾਹ ਦਿੰਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਅਪੀਲ ਖੁਦ ਪਿਤਾ ਹੋਣ ਦੇ ਨਾਤੇ ਕੀਤੀ ਹੈ। ਉਨ੍ਹਾਂ ਕਿਹਾ, ‘ਉਹ (ਵਿਦਿਆਰਥੀ) ਰੋਸ਼ਨ ਭਵਿੱਖ ਦਾ ਸੁਫ਼ਨਾ ਲੈ ਕੇ ਜਾਂਦੇ ਹਨ ਪਰ ਉਨ੍ਹਾਂ ਦੀਆਂ ਲਾਸ਼ਾਂ ‘ਬਾਡੀ ਬੈਗ’ ਵਿੱਚ ਵਾਪਸ ਆਉਂਦੀਆਂ ਹਨ।’ ਵਰਮਾ ਨੇ ਕਿਹਾ ਕਿ ਮਾਪਿਆਂ ਨੂੰ ਫ਼ੈਸਲਾ ਲੈਣ ਤੋਂ ਪਹਿਲਾਂ ਕਾਲਜਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ। ਬੇਈਮਾਨ ਏਜੰਟ ਵੀ ਉਨ੍ਹਾਂ ਵਿਦਿਆਰਥੀਆਂ ਦੀ ਮਾੜੀ ਹਾਲਤ ਲਈ ਜ਼ਿੰਮੇਵਾਰ ਹਨ ਜੋ ਅਜਿਹੇ ਕਾਲਜਾਂ ’ਚ ਦਾਖਲਾ ਦਿਵਾਉਂਦੇ ਹਨ ਜੋ ਹਫ਼ਤੇ ’ਚ ਸ਼ਾਇਦ ਹੀ ਇੱਕ ਕਲਾਸ ਲੈਂਦੇ ਹਨ।