ਸਿਮਰਜੀਤ ਸਿੰਮੀ
ਅਸੀ ਸਾਰੇ ਭਲੀ -ਭਾਂਤ ਇਸ ਗੱਲ ਤੋਂ ਜਾਣੂ ਹਾਂ ਕਿ ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ। ਇਹ ਮਨੱਖ ਲਈ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ ਭਾਵ ਕਿ ਇਹ ਮਨੁੱਖ ਨੂੰ ਸਮਾਜ ਵਿੱਚ ਵਿਚਰਨਾ ਸਿਖਾਉਂਦੀ ਹੈ।ਇਸਦੇ ਸਦਕਾ ਹੀ ਵਿਅਕਤੀ ਦਾ ਸਮਾਜ ਵਿੱਚ ਵਿਲੱਖਣ ਰੁਤਬਾ ਬਣਦਾ ਹੈ। ਉਹ ਆਪਣੀ, ਘਰ - ਪਰਿਵਾਰ ਅਤੇ ਸਮਜ ਦੀ ਭਲਾਈ ਜਿਆਦਾ ਸੋਚ ਸਕਦਾ ਹੈ। ਇਸ ਨਾਲ ਵਿਅਕਤੀ ਦਾ ਸਮਾਜਿਕ ਦਾਇਰਾ ਵੀ ਵਿਸਾਲ ਹੁੰਦਾ ਹੈ।ਉਸਦੇ ਨੌਕਰੀ ਦੇ ਖੇਤਰ ਵੱਧਦੇ ਹਨ, ਜਿਸ ਨਾਲ. ਆਮਦਨ ਦੇ ਵਸੀਲੇ ਵੱਧ ਪੈਦਾ ਹੁੰਦੇ ਹਨ।
ਜੇਕਰ ਛੋਟੀ ਉਮਰੇ ਹੀ ਬੱਚਿਆਂ ਨੂੰ ਇਸ ਦੀ ਅਹਿਮੀਅਤ ਪਤਾ ਲੱਗ ਜਾਵੇ ਤਾਂ ਉਸ ਦੀਆਂ ਕਈ ਪੁਸ਼ਤਾਂ ਦਾ ਜੀਵਨ ਸੁਖਾਲਾ ਬਸਰ ਹੁੰਦਾ ਹੈ। ਪਰ ਜੇਕਰ ਇਸ ਵੱਲੋਂ ਅਵੇਸਲੇ ਹੀ ਰਹਿਣ ਤਾਂ ਉਹਨਾਂ ਦੀ ਸਾਰੀ ਉਮਰ ਉਹੀ ਘੱਟਾ ਢੋਹਣ ਵਾਲੀ ਗੱਲ ਈ ਰਹਿ ਜਾਂਦੀ ਹੈ, ਜਿਸ ਨਾਲ ਸਰੀਰਕ ਮਿਹਨਤ ਜਿਆਦਾ ਹੁੰਦੀ ਹੈ ਅਤੇ ਮਾਨਸਿਕ ਸਕੂਨ ਘੱਟ ਮਿਲਦਾ। ਕਮਾਈ ਐਨੀ -ਕੁ ਈ ਹੁੰਦੀ ਆ ਜਿਸ ਨਾਲ਼ ਕਈ ਵਾਰ ਤਾਂ ਵਿਅਕਤੀ ਦੀਆਂ ਜਰੂਰਤਾਂ ਈ ਮਸਾਂ ਪੂਰੀਆਂ ਹੁੰਦੀਆਂ, ਸ਼ੌਂਕ ਤਾਂ ਸੋਚੇ ਵੀ ਨਹੀਂ ਜਾ ਸਕਦੇ , ਜੀਵਨ ਜਿਓਣ ਦਾ ਸੱਤਰ ਵੀ ਨੀਵਾਂ ਹੀ ਰਹਿ ਜਾਂਦਾ ਹੈ। ਸਾਰੀ ਉਮਰ ਅਧੂਰੀਆਂ ਰਹਿ ਗਈਆਂ ਇੱਛਾਵਾਂ ਦੇ ਝੋਰੇ ਈ ਖਾਈ ਜਾਂਦੇ ਹਨ, ਜਿਨ੍ਹਾਂ ਵਿੱਚੋ ਨਿਕਲਣ ਦਾ ਕੋਈ ਰਾਹ ਰਾਸਤਾ ਨਜਰ ਨਹੀਂ ਆਉਂਦਾ ।
ਪੁਰਾਣੇ ਸਮਿਆਂ ਨਾਲੋਂ ਹੁਣ ਦੀ ਸਿੱਖਿਆ ਦਾ ਜ਼ਮੀਨ- ਅਸਮਾਨ ਦਾ ਫ਼ਰਕ ਪੈ ਗਿਆ ਹੈ ।ਸਿੱਖਿਆ ਲਈ ਸਿੱਖਿਆ ਮਾਹਿਰ ਹਰ ਰੋਜ਼ ਨਵੇਂ -ਨਵੇਂ ਤਜਰਬੇ ਕਰ ਰਹੇ ਹਨ,ਨੀਤੀ ਘਾੜਿਆਂ ਦੀ ਸੋਚ ਹੈ ਕਿ ਵਿਦਿਆਰਥੀਆਂ ਦਾ ਪੱਧਰ ਉੱਚਾ ਜਾ ਚੁੱਕਿਆ ਜਾ ਸਕੇ।
ਪ੍ਰੰਤੂ ਉਹਨਾਂ ਦੁਆਰਾ ਬਣਾਈਆਂ ਨਵੀਆਂ ਨੀਤੀਆਂ ਅਤੇ ਤਜਰਬਿਆਂ ਨੇ ਸਿੱਖਿਆ ਨੂੰ ਦਿਨ -ਬ -ਦਿਨ ਗਿਰਾਵਟ ਵੱਲ ਲੈ ਆਂਦਾ ਹੈ। ਹੁਣ ਦੇ ਵਿਦਿਆਰਥੀ ਭਾਵੇਂ ਪਹਿਲਾਂ ਨਾਲੋਂ ਵੱਧ ਡਿਗਰੀਆਂ ਇਕੱਠੀਆਂ ਕਰੀ ਫਿਰਦੇ ਹਨ ਪਰ ਸਮਝ, ਸੂਝ ਸਿਆਣਪ ਦਾ ਪੱਧਰ ਪੂਰੀ ਤਰ੍ਹਾਂ ਨਾਲ਼ ਨਿਵਾਣ ਵੱਲ ਚਲਿਆ ਗਿਆ।
ਨੈਤਿਕ ਕਦਰਾਂ -ਕੀਮਤਾਂ ਵਾਲਾ ਵਿਸ਼ਾ ਤਾਂ ਨਾ ਹੀ ਛੇੜਿਆ ਜਾਵੇ ਤਾਂ ਜਿਆਦਾ ਵਧੀਆ ਹੈ।ਕਿਉਂਕਿ ਬੱਚਿਆਂ ਵਿੱਚ ਆਏ ਇਸ ਦੇ ਨਿਘਾਰ ਨੇ ਤਾਂ ਸੰਵੇਦਨਸ਼ੀਲ ਲੋਕਾਂ ਨੂੰ ਦਿਲ ਦੀਆਂ ਗਹਿਰਾਈਆਂ ਤੱਕ ਦੁੱਖੀ ਕਰਕੇ ਰੱਖ ਦਿੱਤਾ ਹੈ, ਘਰਾਂ ਵਿੱਚ ਵੀ ਬੱਚਿਆਂ ਦੇ ਵਿਵਹਾਰ ਨੇ ਬਜੁਰਗਾਂ ਦੇ ਅੰਤਿਹਕਰਨ ਨੂੰ ਪੂਰੀ ਤਰ੍ਹਾਂ ਜਖ਼ਮੀ ਕਰਕੇ ਰੱਖ ਦਿੱਤਾ।
ਸਮਝੋ ਪਰ੍ਹੇ ਇਹ ਗੱਲ ਹੋਈ ਪਈ ਕਿ ਜਿਸ ਸਿੱਖਿਆ ਨੇ ਆਤਮ - ਸਨਮਾਨ ਦੀ ਸੋਝੀ ਦੇਣੀ ਸੀ, ਉਹ ਆਪ ਬਹੁਤ ਉਲਝੀ ਹੋਈ ਹੈ।
ਅੱਜ ਦਾ ਅਧਿਆਪਕ ਵੀ ਉਸ ਮਲਾਹ ਵਰਗਾ ਪ੍ਰਤੀਤ ਹੁੰਦਾ ਹੈ, ਜਿਸ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਵਿਦਿਆਰਥੀਆਂ ਰੂਪੀ ਕਿਸ਼ਤੀ ਨੂੰ ਕਿਵੇਂ ਪਾਰ ਲੰਘਾਵੇ?ਸਗੋਂ ਸਿੱਖਿਆ ਨੀਤੀਆਂ ਰੂਪੀ ਸਮੁੰਦਰੀ ਤੂਫਾਨ ਵਿੱਚ ਘਿਰਿਆ ਉਹ ਆਪ ਡਾਵਾਂ- ਡੋਲ ਹੋ ਰਿਹਾ ਕਦੇ ਕਿਸ਼ਤੀ ਇੱਧਰ ਲਿਜਾ ਰਿਹਾ ਤੇ ਕਦੇ ਉੱਧਰ। ਉਸਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਵਿਦਿਆਰਥੀਆਂ ਨੂੰ ਕਿਸ ਮੰਜਿਲ 'ਤੇ ਪਹੁੰਚਾਵੇ?? ਜਿਸ ਕਰਕੇ ਅੱਜ ਦਾ ਸੁਚੇਤ ਅਧਿਆਪਕ ਮਾਨਸਿਕ ਰੋਗੀ ਬਣ ਗਿਆ।
ਤਜਰਬੇ ਉਹੀ ਵਧੀਆ ਹੁੰਦੇ ਹਨ ਜਿਨ੍ਹਾਂ ਦਾ ਨਤੀਜਾ ਵਧੀਆ ਨਿਕਲੇ ਜੇਕਰ ਨਤੀਜੇ ਘਾਣ ਕਰਨ ਵਾਲੇ ਹੋਣ ਤਾਂ ਉਹਨਾਂ ਨੂੰ ਬੰਦ ਕਰਨਾ ਹੀ ਬਿਹੱਤਰ ਹੁੰਦਾ ਹੈ।
ਪਹਿਲਾਂ -ਪਹਿਲ ਦਸਵੀਂ ਪਾਸ ਵਿਦਿਆਰਥੀ ਵੀ ਸਿੱਖਿਆ ਦੀ ਬਹੁਤ ਸੋਝੀ ਰੱਖਦੇ ਸਨ,ਪ੍ਰੰਤੂ ਅੱਜ ਉਚੇਰੀ ਡਿਗਰੀ ਹੋਲਡਰ ਵਿਦਿਆਰਥੀਆਂ ਦੇ ਪਿੜ੍ਹ -ਪੱਲੇ ਕੁੱਝ ਵੀ ਨਹੀਂ।ਵਿਦਿਆਰਥੀ ਵਰਗ ਵੀ ਘੋਰ ਨਿਰਾਸ਼ਾ ਫਸਿਆ ਗਲਤ ਰਾਹ ਤੁਰ ਕੇ ਨਸ਼ਿਆਂ ਵਿੱਚ ਗ੍ਰਸਤ ਹੋ ਰਿਹਾ ਹੈ।।
ਖੁਸ਼ੀ ਦੇਣ ਵਾਲੀ ਵਿਦਿਆ ਸਾਰਿਆਂ ਲਈ ਬੋਝਲ ਪ੍ਰਤੀਤ ਹੋ ਰਹੀ ਹੈ ਜਿੱਥੇ ਪਹਿਲਾਂ ਸਾਲ ਵਿੱਚ ਤਿਮਾਹੀ,ਛਮਾਈ ਤੇ ਸਲਾਨਾ ਪ੍ਰੀਖਿਆਵਾਂ ਹੀ ਹੁੰਦੀਆਂ ਸਨ।ਜਿਨ੍ਹਾਂ ਦਾ ਵਿਦਿਆਰਥੀਆਂ ਤੇ ਅਧਿਆਪਕ ਜੀਅ -ਜਾਨ ਨਾਲ. ਤਿਆਰੀ ਕਰਦੇ ਸਨ,ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ। ਵਿਦਿਆਰਥੀਆਂ ਦਾ ਪੇਪਰਾਂ ਤੋਂ ਪਹਿਲਾਂ ਦਿਨ-ਰਾਤ ਦਾ ਆਰਾਮ ਹਰਾਮ ਹੋਇਆ ਹੁੰਦਾ ਸੀ।
ਪੇਪਰਾਂ ਦੇ ਇਸ ਪੇਪਰ- ਰਸ ਨੂੰ ਵੀ ਲਗਾਤਾਰ ਹੋ ਰਹੇ ਪੇਪਰਾਂ ਨੇ ਬੇਰੱਸ ਕਰ ਦਿੱਤਾ ਹੈ, ਕੋਈ ਵਿਦਿਆਰਥੀ ਪੇਪਰਾਂ ਦੀ ਤਿਆਰੀ ਨਹੀਂ ਕਰਦੇ ਤੇ ਨਾ ਹੀ ਨਤੀਜੇ ਦਾ ਇੰਤਜ਼ਾਰ ਸਗੋਂ ਸਿਲੇਬਸ ਵੀ ਪੂਰੇ ਨਾ ਹੋਣ ਕਰਕੇ ਵੱਧ ਤੋਂ ਵੱਧ ਨਕਲ ਦਾ ਸਹਾਰਾ ਲੈ ਲਹਿੰਦੇ ਹਨ।
ਮਿਸ਼ਨ ਸਮਰਥ ਨੇ ਸਿੱਖਿਆ ਨੂੰ ਅਸਮਰੱਥ ਕਰਕੇ ਰੱਖ ਦਿੱਤਾ ਹੈ। ਉਸਨੇ ਤਾਂ ਸਿੱਖਿਆ ਰੂਪੀ ਗੱਡੀ ਨੂੰ ਦੁਬਾਰਾ ਲੀਹ 'ਤੇ ਆਉਣ ਹੀ ਨਹੀਂ ਦਿੱਤਾ। ਪੜ੍ਹਨ ਵਾਲੇ ਵਿਦਿਆਰਥੀ ਪੂਰੀ ਤਰ੍ਹਾਂ ਪਛੜ ਗਏ। ਉਸ ਤੋਂ ਬਾਅਦ ਰਹਿੰਦੀ ਕਸਰ ਹਫ਼ਤਾਵਾਰੀ ਅਭਿਆਸ ਸੀ਼ਟਾਂ ਨੇ ਪੂਰੀ ਕੀਤੀ। ਕਿਉਂਕਿ ਅਭਿਆਸ ਤਾਂ ਹੀ ਕੀਤਾ ਜਾ ਸਕਦਾ ਜੇਕਰ ਸਿਲੇਬਸ ਪੂਰਾ ਹੋਇਆ ਹੋਵੇ। ਜੇਕਰ ਸਿਲੇਬਸ ਈ ਪੂਰਾ ਨਹੀਂ ਹੋਇਆ ਤਾਂ ਅਭਿਆਸ ਕਿਸ ਦਾ?
ਇਸ ਗੱਲ ਨੂੰ ਕਦੀ ਵੀ ਅੱਖੋ- ਪਰੋਖੇ ਨਹੀਂ ਕੀਤਾ ਜਾ ਸਕਦਾ ਕਿ 'ਪ੍ਰੈਕਟਿਸ ਮੇਕਸ ਆ ਮੈਨ ਪਰਫੈਕਟ' ਜਿਹੜੀ ਕਿ ਵਿਦਿਆਰਥੀ ਜੀਵਨ ਲਈ ਅਤਿਅੰਤ ਜਰੂਰੀ ਹੈ ਕਿਉਂਕਿ ਅਭਿਆਸ ਕਰਨ ਨਾਲ ਹੀ ਪਰਪੱਕਤਾ ਆਉਂਦੀ ਹੈ, ਇਸ ਨਾਲ ਈ ਵਿਦਿਆਰਥੀਆਂ ਨੂੰ ਵਿਸੇ ਸੁਖਾਲੇ ਲੱਗਣ ਲੱਗਦੇ ਹਨ।
ਪ੍ਰੰਤੂ ਨਿਤਾ -ਪ੍ਰਤੀ ਹੋ ਰਹੀ ਵਿਭਾਗ ਵੱਲੋਂ ਅੰਕੜਿਆਂ ਦੀ ਮੰਗ ਨੇ ਸਿਰਫ਼ ਤੇ ਸਿਰਫ਼ ਅੰਕੜੇ ਹੀ ਇਕੱਠੇ ਕੀਤੇ ਹਨ, ਆਊਟ -ਪੱਟ ਕੱਝ ਵੀ ਨਹੀਂ । ਸਾਰੇ ਅੰਕੜੇ ਇਕੱਲੇ ਕਰਨ ਵਿੱਚ ਉਲਝੇ ਹੋਏ ਹਨ।
ਵਿਦਿਆਰਥੀ ਭਾਵੇਂ 100% ਨੰਬਰ ਲੈ ਰਹੇ ਹਨ ਪਰੰਤੂ ਜਮੀਨੀ ਪੱਧਰ ਕੁਝ ਹੋਰ ਹੀ ਕਹਿ ਰਿਹਾ ਹੈ। ਵਿਦਿਆਰਥੀਆਂ ਦਾ ਸਿੱਖਣ -ਪੱਧਰ 33% ਦਾ ਵੀ ਨਹੀਂ ਰਹਿ ਗਿਆ।
ਇਕ ਬੇਹੱਦ ਹੈਰਾਨੀਜਨ ਘਟਨਾ ਜਿਹੜੀ ਕਿ ਅੱਠਵੀਂ ਕਲਾਸ ਤੱਕ ਸਾਰੇ ਵਿਦਿਆਰਥੀਆਂ ਨੂੰ ਪਾਸ ਕਰਨ ਦੀ ਨੀਤੀ ਦਾ ਜਲੂਸ ਕੱਢਦੀ ਹੈ। ਕਿਸੇ ਸਕੂਲ ਵਿੱਚ ਇੱਕ ਵਿਅਕਤੀ ਆਪਣੇ ਬੱਚੇ ਦਾ ਨੌਵੀਂ ਜਮਾਤ ਵਿੱਚ ਦਾਖਲਾ ਕਰਾਉਣ ਆਇਆ ਬੱਚਾ ਜਿਸ ਕੋਲ. ਅੱਠਵੀਂ ਪਾਸ ਦਾ ਸਰਟੀਫਿਕੇਟ, ਜਿਸ ਵਿੱਚ ਉਹ ਵਧੀਆ ਅੰਕਾਂ ਵਿੱਚ ਪਾਸ ਹੋਇਆ ਸੀ, ਨਾਲ ਲੈ ਕੇ ਆਇਆ ।ਜਦੋਂ ਉਹ ਨਵੇਂ ਸਕੂਲ ਵਿੱਚ ਦਾਖਲਾ ਲੈਣ ਸਮੇੰ ਨੌਵੀ ਜਮਾਤ ਦੇ ਇੰਚਾਰਜ ਅਧਿਆਪਕ ਨੇ ਨੌਵੀਂ ਦਾ ਦਾਖਲਾ ਫਾ਼ਰਮ ਭਰ ਕੇ ਵਿਦਿਆਰਥੀ ਅਤੇ ਉਸਦੇ ਪਿਤਾ ਨੂੰ ਦਸਤਖ਼ਤ ਕਰਨ ਲਈ ਕਿਹਾ ਤਾਂ ਵਿਦਿਆਰਥੀ ਦੇ ਪਿਤਾ ਨੇ ਤਾਂ ਦਾਖਲਾ ਫਾਰਮ ਉੱਤੇ ਦਸਤਖਤ ਕੀਤੇ ਜਦੋਂ ਕਿ ਵਿਦਿਆਰਥੀ ਕਹਿੰਦਾ ਕਿ ਮੈਂ ਅੰਗੂਠਾ ਲਗਾਵਾਂਗਾ, ਕਿਉਂਕਿ ਉਹ ਵਿਦਿਆਰਥੀ ਲਗਾਤਾਰ ਅੱਠ ਸਾਲ ਗੈਰਹਾਜ਼ਰ ਰਹਿਣ ਦੇ ਬਾਵਜੂਦ ਅੱੱਠ ਜਮਾਤਾਂ ਪਾਸ ਸੀ। ਅਜਿਹੇ ਅੱਠਵੀਂ ਪਾਸ ਹੋਣ ਦਾ ਕੀ ਲਾਭ?ਅਜਿਹੀਆਂ ਨੀਤੀਆਂ ਨਾਲ. ਇਹਨਾਂ ਨਾਲ ਕੀ ਭਲਾ ਹੋਵੇਗਾ?
ਬੋਰਡ ਦੀਆਂ ਕਲਾਸਾਂ ਦੇ ਪ੍ਰੀ- ਬੋਰਡ ਪੇਪਰ ਲੈਣੇ ਤਾਂ ਕਿਸੇ ਹੱਦ ਤੱਕ ਠੀਕ ਮੰਨੇ ਜਾ ਸਕਦੇ ਹਨ ਪ੍ਰੰਤੂ ਨੌਨ ਬੋਰਡ ਕਲਾਸਾਂ ਦੇ ਪ੍ਰੀ -ਬੋਰਡ ਪੇਪਰ ਲੈਣੇ ਭਲਾ ਕਿੱਥੋਂ ਦੀ ਸਿਆਣਪ ਹੈ?
ਪੇਪਰੋ- ਪੇਪਰ ਹੋਈ ਹੁਣ ਦੀ ਸਿੱਖਿਆ 'ਤੇ ਬਹੁਤ ਸੋਚ -ਸਮਝ ਕੇ ਵਿਚਾਰ ਕਰਨ ਦੀ ਜਰੂਰਤ ਹੈ। ਵਿਦਿਆਰਥੀਆਂ ਦੇ ਸਿੱਖਣ ਦਾ ਧਿਆਨ ਰੱਖ ਕੇ ਸਮੇਂ ਦਾ ਸਹੀ ਉਪਯੋਗ ਕਰਕੇ ਅਭਿਆਸ ਲਈ ਸਮਾਂ ਰੱਖ ਕੇ ਨੀਤੀਆਂ ਘੱੜਣੀਆਂ ਚਾਹੀਦੀਆਂ ਹਨ।ਜਿਨ੍ਹਾਂ ਵਿੱਚ ਉਹਨਾਂ ਦੀ ਸਰੀਰਕ ਕਸਰਤ ਦਾ ਵੀ ਧਿਆਨ ਰੱਖਿਆ ਜਾਵੇ ਤਾਂ ਜੋ ਵਿਦਿਆਰਥੀ ਦਾ ਸਰਵ -ਪੱਖੀ ਵਿਕਾਸ ਹੋ ਸਕੇ, ਕਿਉਕਿ ਤੰਦਰੁਸਤ ਸਰੀਰ ਵਿੱਚ ਈ ਤੰਦਰੁਸਤ ਦਿਮਾਗ ਰਹਿੰਦਾ ਹੈ। ਜਿਸ ਨਾਲ ਵਿਅਕਤੀ ਚੰਗੀ ਸੋਚ ਦਾ ਧਾਰਨੀ ਹੋ ਕੇ ਘਰ -ਪਰਿਵਾਰ ਅਤੇ ਸਮਾਜ ਲਈ ਉਪਯੋਗੀ ਬਣ ਸਕੇ ਨਾ ਕਿ ਦਿਨੋ ਦਿਨ ਗਿਰਾਵਟ ਵੱਲ ਜਾਵੇ।