ਵਿਦੇਸ਼ਾਂ ’ਚ ਕਿਉਂ ਹੁੰਦੇ ਹਨ ਭਾਰਤੀ ਮੌਤ ਦਾ ਸ਼ਿਕਾਰ?

In ਮੁੱਖ ਲੇਖ
August 28, 2025

ਡੋਨਾਲਡ ਟਰੰਪ ਦੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕਣ ਤੋਂ ਬਾਅਦ ਹੀ ਗ਼ੈਰ-ਕਾਨੂੰਨੀ ਪਰਵਾਸੀਆਂ ਵਿਰੁੱਧ ਕਾਰਵਾਈ ਸ਼ੁਰੂ ਹੋ ਹੋਈ ਹੈ। ਉਹ ਹਲਫ਼ ਲੈਣ ਤੋਂ ਬਾਅਦ ਤੋਂ ਹੀ ਭਾਰਤ ਵਿਰੋਧੀ ਵਤੀਰਾ ਅਪਣਾ ਰਹੇ ਹਨ। ਹੁਣ ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ ’ਤੇ ਵਾਧੂ ਟੈਰਿਫ ਲਗਾਉਣ ਤੇ ਭਾਰਤੀਆਂ ਪ੍ਰਤੀ ਚੁੱਕੇ ਗਏ ਕੁਝ ਸਖ਼ਤ ਕਦਮਾਂ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤੇ ਖਟਾਸ ਭਰਪੂਰ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਝਟਕੇ ’ਤੇ ਝਟਕਾ ਲੱਗ ਰਿਹਾ ਹੈ। ਇੱਕ ਪਾਸੇ ਕੈਨੇਡਾ ਵਿੱਚ 5 ਲੱਖ ਪੰਜਾਬੀ ਨੌਜਵਾਨ ਡਿਪੋਰਟ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਦੂਜੇ ਪਾਸੇ ਇਹ ਖ਼ਦਸ਼ਾ ਹੈ ਕਿ ਕੈਨੇਡਾ ਵਿੱਚ 10 ਲੱਖ ਨੌਕਰੀਆਂ ਖ਼ਤਮ ਹੋ ਜਾਣੀਆਂ ਹਨ।
ਡਗ ਫੋਰਡ ਦੇ ਇਸ ਬਿਆਨ ਤੋਂ ਬਾਅਦ ਪੰਜਾਬੀ ਮੂਲ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਡਗ ਫੋਰਡ ਸਰਕਾਰ ਦਾ ਇਹ ਮੰਨਣਾ ਹੈ ਕਿ ਓਨਟਾਰੀਓ ਵਿੱਚ ਇਹ ਗਿਣਤੀ ਸਾਢੇ 4 ਤੇ 5 ਲੱਖ ਦੇ ਵਿਚਕਾਰ ਹੋ ਸਕਦੀ ਹੈ।
ਅਮਰੀਕਾ ਅਤੇ ਕੈਨੇਡਾ ਦੇਸ਼ਾਂ ਵੱਲੋਂ ਪੰਜਾਬੀ ਪਰਵਾਸੀਆਂ ਨਾਲ ਕੀਤੇ ਜਾ ਰਹੇ ਮਾੜੇ ਸਲੂਕਾਂ ਅਤੇ ਘਟੀਆ ਵਿਵਹਾਰ ਦੇ ਬਾਵਜੂਦ ਸਾਡੇ ਪੰਜਾਬੀਆਂ ’ਤੇ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਉਹ ਆਪਣੇ ਮਾਪਿਆਂ ਦੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਤੇ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ਾਂ ਵੱਲ ਭੱਜੇ ਜਾ ਰਹੇ ਹਨ। ਇਸ ਸਾਲ ਦੋ ਜੁਲਾਈ ਤੋਂ 7 ਅਗਸਤ ਤੱਕ ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਅਨੁਸਾਰ ਵਿਦੇਸ਼ ਵਿੱਚ ਪੰਜਾਬੀਆਂ ਦੀਆਂ ਮੌਤਾਂ ਦੀ ਗਿਣਤੀ 17 ਤੱਕ ਜਾ ਪਹੁੰਚੀ ਹੈ।
ਇਨ੍ਹਾਂ ਵਿੱਚ ਬਹੁਤੇ ਨੌਜਵਾਨ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਰਾਜਪੁਰਾ ਦੇ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਦੇ ਇਕਲੌਤੇ ਪੁੱਤਰ 26 ਸਾਲਾ ਨੌਬਲ ਢਿੱਲੋਂ ਦੀ ਆਸਟ੍ਰੇਲੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 8 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ।
ਤਰਨਤਾਰਨ ਦੇ ਸਰਹੱਦੀ ਪਿੰਡ ਪੈਲੋ ਪੱਬੀ ਵਾਸੀ 24 ਸਾਲਾ ਜਗਰਬੀਰ ਸਿੰਘ ਭੁੱਲਰ ਦੀ ਅਮਰੀਕਾ ਵਿਚ ਇਕ ਜੁਲਾਈ ਨੂੰ ਹਾਰਟ ਅਟੈਕ ਕਾਰਨ ਮੌਤ ਹੋ ਗਈ। ਇਸੇ ਤਰ੍ਹਾਂ ਲੁਧਿਆਣਾ ਦੇ ਪਿੰਡ ਦਾਦ ਦਾ 26 ਸਾਲਾ ਹਰਕਮਲ ਸਿੰਘ 2 ਸਾਲ ਪਹਿਲਾਂ ਕੈਨੇਡਾ ਗਿਆ ਸੀ। ਐਡਮਿੰਟਨ ਵਿੱਚ ਇੱਕ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਦਾ ਸੀ। ਉੱਥੇ ਉਸ ਦੀ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਪਿੰਡ ਠੀਕਰੀਵਾਲਾ ਦੇ ਨੌਜਵਾਨ ਬੇਅੰਤ ਸਿੰਘ ਪੁੱਤਰ ਬਚਿੱਤਰ ਸਿੰਘ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 2 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ।
ਅਖ਼ਬਾਰਾਂ ਵਿੱਚ 4 ਜੁਲਾਈ ਨੂੰ ਖ਼ਬਰ ਛਪੀ ਸੀ ਕਿ ਪਿੰਡ ਗਲੌਟੀ ਖੁਰਦ ਦੇ ਨੌਜਵਾਨ ਗੁਰਜੰਟ ਸਿੰਘ ਦੀ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਹ ਕੈਲੀਫੋਰਨੀਆ ਦੇ ਇੱਕ ਸ਼ਹਿਰ ਵਿੱਚ ਕਿਸੇ ਸਟੋਰ ’ਤੇ ਕੰਮ ਕਰਦਾ ਸੀ। ਮੋਗਾ ਦੇ ਪਿੰਡ ਮੱਲੇਆਣਾ ਦੇ 48 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਕਿਰਪਾਲ ਸਿੰਘ ਦੀ ਫਿਲਪੀਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਕੁਝ ਸਮਾਂ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਮਨੀਲਾ ਗਿਆ ਸੀ। ਬਿਰਧ ਮਾਪਿਆਂ ਤੋਂ ਇਲਾਵਾ ਉਸ ਦੀ ਪਤਨੀ ਤੇ ਦੋ ਬੇਟੀਆਂ ਹਨ।
ਮਾਨਸਾ ਦਾ ਨੌਜਵਾਨ ਜਤਿਨ ਗਰਗ ਅਚਾਨਕ ਵਾਲੀਬਾਲ ਖੇਡਦੇ ਸਮੇਂ ਬਾਲ ਚੁੱਕਦਿਆਂ ਦਰਿਆ ਵਿੱਚ ਰੁੜ੍ਹ ਗਿਆ। ਜਤਿਨ 11 ਮਹੀਨੇ ਪਹਿਲਾਂ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਸ਼ਿਵਦਾਸਪੁਰ ਦੇ 25 ਸਾਲਾ ਨੌਜਵਾਨ ਕਰਨਵੀਰ ਦੀ ਅਮਰੀਕਾ ’ਚ ਸੜਕ ਹਾਦਸੇ ’ਚ ਮੌਤ ਹੋ ਗਈ। ਉਸ ਦੇ ਭਰਾ ਨੇ ਦੱਸਿਆ ਕਿ ਉਹ ਪੜ੍ਹਾਈ ਪੂਰੀ ਕਰ ਕੇ ਟਰਨਿੰਮ ਕੰਪਨੀ ਵਿੱਚ ਕੰਮ ਕਰ ਰਿਹਾ ਸੀ।
ਉਸ ਦੀ ਮੌਤ ਉਸ ਦਾ ਟਰੱਕ ਸੜਕ ਕਿਨਾਰੇ ਰੇਲਿੰਗ ਨਾਲ ਟਕਰਾਉਣ ਕਾਰਨ ਹੋਈ। ਅਮਰੀਕਾ ਦੇ ਕੈਲੀਫੋਰਨੀਆ ’ਚ ਹਰਿਆਣਾ ਦੇ ਕਰਨਾਲ ਵਾਸੀ ਸੰਦੀਪ ਉਰਫ ਸੰਜੀਵ ਨੂੰ ਸ਼ਾਮ ਵੇਲੇ ਖਾਣਾ ਲੈਣ ਗਏ ਨੂੰ ਕਿਸੇ ਨੇ ਗੋਲ਼ੀ ਮਾਰ ਦਿੱਤੀ। ਉਸ ਨੇ 26 ਜੁਲਾਈ ਨੂੰ ਘਰ ਆਉਣਾ ਸੀ। ਰਾਏਕੋਟ ਦੇ ਪਿੰਡ ਬ੍ਰਹਮਪੁਰ ਦੇ ਨੌਜਵਾਨ ਮਨਜਿੰਦਰ ਸਿੰਘ ਦੀ ਕੈਨੇਡਾ ਦੇ ਸ਼ਹਿਰ ਐਡਮਿੰਟਨ ’ਚ ਟਰਾਲਾ ਚੁਲਾਉਂਦਿਆਂ ਹਾਦਸੇ ਦੌਰਾਨ ਮੌਤ ਹੋ ਗਈ। ਜ਼ਿਲ੍ਹਾ ਕਪੂਰਥਲਾ ਦੇ ਨਡਾਲਾ ਕਸਬੇ ਨਾਲ ਸਬੰਧਤ ਵਿਆਹੁਤਾ ਕਾਜਲ ਸ਼ਰਮਾ (30) ਦੀ ਇਟਲੀ ਵਿੱਚ ਮੌਤ ਹੋ ਗਈ।
ਕਾਜਲ ਹਫ਼ਤਾ ਕੁ ਪਹਿਲਾਂ ਬਿਮਾਰ ਹੋ ਗਈ ਸੀ। ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਕੋਟਕਪੂਰਾ ਦੇ ਪੱਕਾ ਨੰਬਰ 1 ਦੇ 22 ਸਾਲਾ ਨੌਜਵਾਨ ਅਕਾਸ਼ਦੀਪ ਨੇ ਕੈਨੇਡਾ ਦੇ ਸ਼ਹਿਰ ਕੈਲਗਰੀ ’ਚ ਮਾਨਸਿਕ ਤਣਾਅ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ। ਜ਼ੀਰਾ ਦੇ ਨੇੜਲੇ ਪਿੰਡ ਬੋਤੀਆਂ ਵਾਲਾ ਦੀ ਸਰਤਾਜ ਸਿੰਘ ਢਿੱਲੋਂ ਦੀ ਲੜਕੀ ਮਨਬੀਰ ਕੌਰ ਦੀ ਕੈਨੇਡਾ ’ਚ ਹਾਦਸੇ ਦੌਰਾਨ ਮੌਤ ਹੋ ਗਈ।
ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਸਾਰੇ ਅੰਗ ਲੋੜਵੰਦਾਂ ਨੂੰ ਡੋਨੇਟ ਕੀਤੇ ਗਏ ਹਨ। ਪਿੰਡ ਕੋਟਲੀ ਸੂਰਤ ਮੱਲ੍ਹੀ ਦੇ 28 ਸਾਲਾ ਨੌਜਵਾਨ ਗਗਨਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਹਸਤਪਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਹ ਤਕਰੀਬਨ 14 ਕੁ ਮਹੀਨੇ ਪਹਿਲਾਂ ਹੀ ਰੋਜ਼ੀ-ਰੋਟੀ ਲਈ ਸਾਊਦੀ ਅਰਬ ਗਿਆ ਸੀ। ਚਾਰ ਜੁਲਾਈ ਨੂੰ ਅਖ਼ਬਾਰਾਂ ’ਚ ਖ਼ਬਰ ਛਪੀ ਸੀ ਕਿ ਸੁਲਤਾਨਪੁਰ ਲੋਧੀ ਦੇ ਨਵਜੋਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਦੁਬਈ ’ਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਦੇ ਨੌਜਵਾਨ ਸੰਦੀਪ ਸੈਣੀ ਦੀ ਇਟਲੀ ਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਰਾਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 30 ਸਾਲਾ ਪੁੱਤਰ ਸੰਦੀਪ ਕੁਝ ਸਾਲ ਪਹਿਲਾਂ ਇਟਲੀ ਗਿਆ ਸੀ। ਬਟਾਲਾ ਦੇ ਨਜ਼ਦੀਕੀ ਪਿੰਡ ਸੇਖਾਵਾਂ ਜਾਨਪੁਰ ਦੇ ਨੌਜਵਾਨ ਮਲਕੀਤ ਸਿੰਘ ਦੀ ਪੁਰਤਗਾਲ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ 2 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਆਸਟਰੀਆ ਗਿਆ ਸੀ। ਲੱਖਾਂ ਰੁਪਏ ਖ਼ਰਚ ਕੇ ਧਨ-ਦੌਲਤ ਕਮਾਉਣ ਲਈ ਅਸੀਂ ਆਪਣੇ ਬੱਚਿਆਂ ਨੂੰ ਜ਼ਮੀਨਾਂ-ਜਾਇਦਾਦਾਂ ਵੇਚ ਕੇ ਵਿਦੇਸ਼ਾਂ ’ਚ ਭੇਜ ਰਹੇ ਹਾਂ। ਜੇਕਰ ਅਸੀਂ ਇਸ ਤੋਂ ਅੱਧਾ ਧਨ ਖ਼ਰਚ ਕੇ ਆਪਣੇ ਬੱਚਿਆਂ ਨੂੰ ਆਪਣੇ ਮੁਲਕ ਵਿਚ ਹੀ ਕਾਰੋਬਾਰ ਖੋਲ੍ਹ ਦੇਵਾਂਗੇ ਤਾਂ ਇਸ ਦੇ ਦੋ ਫ਼ਾਇਦੇ ਹੋਣਗੇ। ਪਹਿਲਾ ਇਹ ਕਿ ਸਾਡੇ ਬੱਚੇ ਸਾਡੀਆਂ ਅੱਖਾਂ ਦੇ ਸਾਹਮਣੇ ਰਹਿਣਗੇ। ਦੂਸਰਾ ਫ਼ਾਇਦਾ ਇਹ ਹੋਵੇਗਾ ਕਿ ਵਿਦੇਸ਼ ’ਚ ਜ਼ਲੀਲ ਹੋ ਕੇ ਸਾਰੀ ਖਾਣ ਨਾਲੋਂ ਇੱਜ਼ਤ, ਮਾਣ ਤੇ ਮਾਨਸਿਕ ਸ਼ਾਂਤੀ ਬਰਕਰਾਰ ਰੱਖਦੇ ਹੋਏ ਆਪਣੇ ਇੱਥੇ ਅੱਧੀ ਖਾ ਲੈਣੀ ਕਿਤੇ ਬਿਹਤਰ ਹੈ।

-ਜਤਿੰਦਰ ਸਿੰਘ ਪਮਾਲ

-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ)।

Loading