ਵਿਦੇਸ਼ਾਂ ਵਿੱਚ ਕਿਉਂ ਵਿਗੜ ਰਿਹਾ ਪੰਜਾਬੀਆਂ ਦਾ ਅਕਸ?

In ਮੁੱਖ ਲੇਖ
December 04, 2025

ਪ੍ਰੋਫ਼ੈਸਰ ਕੁਲਬੀਰ ਸਿੰਘ

ਜਦ 2010 ਵਿੱਚ ਮੈਂ ਆਸਟ੍ਰੇਲੀਆ ਘੁੰਮਣ ਫ਼ਿਰਨ ਗਿਆ ਤਾਂ ਪੱਤਰਕਾਰ ਸਰਤਾਜ ਸਿੰਘ ਧੌਲ ਨੇ ਦੱਸਿਆ ਕਿ ਪੰਜਾਬ ਦੇ ਖਾਂਦੇ-ਪੀਂਦੇ ਘਰਾਂ ਦੇ ਮੁੰਡੇ ਇੱਥੇ ਆ ਕੇ ਬੜੀ ਹੁੱਲ੍ਹੜਬਾਜ਼ੀ ਕਰਦੇ ਹਨ, ਨਿਯਮ-ਕਾਨੂੰਨ ਤੋੜਦੇ ਹਨ, ਮਨ-ਮਰਜ਼ੀ ਕਰਦੇ ਹਨ, ਲੜਾਈ ਝਗੜਿਆਂ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਦੇ ਇੰਝ ਕਰਨ ਨਾਲ ਸਾਰੇ ਪੰਜਾਬੀਆਂ ਦਾ ਅਕਸ ਵਿਗੜਦਾ ਹੈ ਤੇ ਸਥਾਨਕ ਲੋਕਾਂ ਵਿੱਚ ਮਾੜਾ ਪ੍ਰਭਾਵ ਜਾਂਦਾ ਹੈ।
ਅੱਜ ਪੰਦਰਾਂ ਸਾਲਾਂ ਬਾਅਦ 2025 ਵਿੱਚ ਸਾਰੇ ਮੁਲਕਾਂ ਵਿਚੋਂ ਅਜਿਹੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਹਨ, ਕਿ ਵਿਦੇਸ਼ਾਂ ਵਿੱਚ ਲਗਾਤਾਰ ਪੰਜਾਬੀਆਂ ਦਾ ਅਕਸ ਵਿਗੜ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ।
ਅੱਜ-ਕੱਲ੍ਹ ਦੇਸ਼ ਵਿਦੇਸ਼ ਦੀਆਂ ਪੰਜਾਬੀ ਅਖ਼ਬਾਰਾਂ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਿਤ ਪ੍ਰਕਾਸ਼ਿਤ ਖ਼ਬਰਾਂ ਵਿਚੋਂ 70 ਫ਼ੀਸਦੀ ਖ਼ਬਰਾਂ ਨਾਂਹ-ਪੱਖੀ ਹੁੰਦੀਆਂ ਹਨ। ਬੁਰੀਆਂ ਆਦਤਾਂ, ਬੁਰਾ ਵਿਹਾਰ, ਲੜਾਈ-ਝਗੜਾ, ਕੁੱਟਮਾਰ, ਨਿਯਮਾਂ ਕਾਨੂੰਨਾਂ ਦੀ ਉਲੰਘਣਾ, ਗ਼ੈਰ-ਕਾਨੂੰਨੀ ਢੰਗ ਨਾਲ ਵੱਖ-ਵੱਖ ਦੇਸ਼ਾਂ ਵਿੱਚ ਦਾਖਲਾ, ਦਿਖਾਵਾ, ਐਸ਼ਪ੍ਰਸਤੀ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਰਗੀਆਂ ਖ਼ਬਰਾਂ। ਵਿਕਸਿਤ ਮੁਲਕਾਂ ਦੀਆਂ ਸਰਕਾਰਾਂ, ਪ੍ਰਸ਼ਾਸਨ ਅਤੇ ਪੁਲਿਸ ਵਾਲੇ ਬੜੇ ਸਬਰ, ਬੜੇ ਸਹਿਜ, ਬੜੇ ਤੁਹੱਮਲ, ਬੜੇ ਸਲੀਕੇ ਤੋਂ ਕੰਮ ਲੈਂਦੇ ਹਨ। ਪਰੰਤੂ ਜਦ ਪਾਣੀ ਸਿਰ ਤੋਂ ਲੰਘ ਜਾਂਦਾ ਹੈ, ਅੱਤ ਹੋ ਜਾਂਦੀ ਹੈ ਤਾਂ ਚੁਸਤੀ-ਫ਼ੁਰਤੀ ਨਾਲ ਸਖ਼ਤੀ ਵੀ ਬਹੁਤ ਕਰਦੇ ਹਨ।
ਵਿਦੇਸ਼ਾਂ ਵਿਚੋਂ ਪੰਜਾਬੀਆਂ ਬਾਰੇ ਹਮੇਸ਼ਾ ਚੰਗੀਆਂ, ਮਾਣ-ਤਾਣ ਵਾਲੀਆਂ ਖ਼ਬਰਾਂ ਆਉਾਂਦੀਆਂਸਨ, ਪ੍ਰੰਤੂ ਵੇਖਦਿਆਂ-ਵੇਖਦਿਆਂ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਹ ਬੇਹੱਦ ਚਿੰਤਾ ਵਾਲੀ ਗੱਲ ਹੈ। ਪੰਜਾਬੀ ਮਿਹਨਤ, ਇਮਾਨਦਾਰੀ ਲਈ ਜਾਣੇ ਜਾਂਦੇ ਸਨ। ਰੇਲ ਗੱਡੀ ਦੇ ਜਿਸ ਡੱਬੇ ਵਿਚ ਕੋਈ ਸਰਦਾਰ ਬੈਠਾ ਹੋਵੇ, ਉੱਥੇ ਔਰਤਾਂ ਖ਼ੁਦ ਨੂੰ ਸੁਰੱਖਿਅਤ ਸਮਝਦੀਆਂ ਸਨ।
ਪੰਜਾਬ ਦੀ ਧਰਤੀ ਤੋਂ ਸਮੇਂ-ਸਮੇਂ ਵੱਖ-ਵੱਖ ਲਹਿਰਾਂ ਉੱਠਦੀਆਂ ਰਹੀਆਂ। ਪੰਜਾਬੀ ਉਨ੍ਹਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ। ਜੁਰਮ ਅਤੇ ਵਧੀਕੀ ਵਿਰੁੱਧ ਖੜ੍ਹੇ ਹੋਣਾ ਪੰਜਾਬੀਆਂ ਦਾ ਸੁਭਾਅ ਰਿਹਾ ਹੈ। ਇਸੇ ਸਦਕਾ ਭਾਰਤ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਨੂੰ ਅਣਖ ਅਤੇ ਇੱਜ਼ਤ ਵਾਲੇ ਲੋਕਾਂ ਵਜੋਂ ਜਾਣਿਆ ਜਾਂਦਾ ਰਿਹਾ ਹੈ। ਪਰ ਅੱਜ ਸਮਾਂ ਬਦਲ ਗਿਆ ਹੈ। ਰੋਜ਼ ਗੋਲੀਆਂ ਚੱਲ ਰਹੀਆਂ ਹਨ ਤੇ ਲੜਾਈ-ਝਗੜੇ ਹੋ ਰਹੇ ਹਨ।
ਕਦੇ ਅਜਿਹੀਆਂ ਖ਼ਬਰਾਂ ਯੂ.ਪੀ., ਬਿਹਾਰ ਤੋਂ ਆਉਂਦੀਆਂ ਸਨ। ਅੱਜ ਪੰਜਾਬੀ ਉਨ੍ਹਾਂ ਲੀਹਾਂ ’ਤੇ ਚੱਲ ਪਏ ਹਨ।
ਅਮਰੀਕਾ ਵਿੱਚ 12 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਕਿਉਂਕਿ ਉਨ੍ਹਾਂ ਨੇ ਰਲ ਕੇ ਇੱਕ ਅਜਿਹੀ ਕੰਪਨੀ ਖੋਲ੍ਹੀ ਜਿਹੜੀ ਲੋਕਾਂ ਦਾ ਤਰ੍ਹਾਂ-ਤਰ੍ਹਾਂ ਦਾ ਸਾਮਾਨ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਲੈਂਦੀ ਸੀ। ਉਹ ਲੋਕਾਂ ਕੋਲੋਂ ਸਾਮਾਨ ਲੈ ਤਾਂ ਲੈਂਦੇ ਸਨ, ਪ੍ਰੰਤੂ ਪਹੁੰਚਾਉਂਦੇ ਨਹੀਂ ਸਨ। ਆਪਣੇ ਕੋਲ ਹੀ ਰੱਖ ਲੈਂਦੇ ਸਨ। ਇਹ ਧੰਦਾ ਆਖ਼ਰ ਕਿੰਨੀ ਦੇਰ ਚੱਲਦਾ? ਅਖ਼ੀਰ ਪੁਲਿਸ ਦੇ ਅੜਿੱਕੇ ਆ ਗਏ ਅਤੇ ਪੰਜਾਬੀ ਭਾਈਚਾਰੇ ਦੀ ਖ਼ੂਬ ਬਦਨਾਮੀ ਹੋਈ। ਸਤਨਾਮ ਸਿੰਘ ਮਾਣਕ ਦਾ ਕਹਿਣਾ ਹੈ ਕਿ ਅੱਜ ਸਮੁੱਚਾ ਮਾਹੌਲ ਪ੍ਰਵਾਸੀ ਪੰਜਾਬੀਆਂ ਦੇ ਖ਼ਿਲਾਫ਼ ਬਣਿਆ ਹੋਇਆ ਹੈ, ਪ੍ਰੰਤੂ ਕੋਈ ਬੁੱਧੀਜੀਵੀ, ਕੋਈ ਲੇਖਕ ਇਸ ਸੰਬੰਧ ਵਿੱਚ ਗੱਲ ਨਹੀਂ ਕਰ ਰਿਹਾ।
ਨੌਜਵਾਨਾਂ ਨੂੰ, ਮਾਪਿਆਂ ਨੂੰ ਇਨ੍ਹਾਂ ਪੱਖਾਂ ਤੋਂ ਹੁਣ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਚੰਗੇ ਸੰਸਕਾਰ, ਚੰਗੀਆਂ ਨੈਤਿਕ ਕਦਰਾਂ-ਕੀਮਤਾਂ ਸਿਖਾਉਣ ਤੇ ਅਪਣਾਉਣ ਦੀ ਜ਼ਰੂਰਤ ਹੈ।
ਵਿਦੇਸ਼ਾਂ ਵਿੱਚ ਬਹੁਤ ਸਾਰੇ ਪੰਜਾਬੀ ਲਗਾਤਾਰ ਸਮਾਜ ਵਿਰੋਧੀ ਕਾਰਵਾਈਆਂ ਵਿੱਚ ਲੱਗੇ ਹੋਏ ਹਨ। ਜਿਸ ਨਾਲ ਪੰਜਾਬੀਆਂ ਦਾ, ਅਕਸ ਦਿਨੋ-ਦਿਨ ਹੋਰ ਵਿਗੜ ਰਿਹਾ ਹੈ। ਜੇ ਅਜਿਹਾ ਕੁਝ ਜਾਰੀ ਰਹਿੰਦਾ ਹੈ ਤਾਂ ਭਵਿੱਖ ਵਿੱਚ ਪੰਜਾਬੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਉਥੋਂ ਦੀਆਂ ਸਰਕਾਰਾਂ ਦਾ, ਸਥਾਨਕ ਲੋਕਾਂ ਦਾ ਤੇ ਖ਼ਾਸ ਕਰਕੇ ਪੁਲਿਸ ਦੇ ਸਬਰ ਦਾ ਪਿਆਲਾ ਨੱਕੋ-ਨੱਕ ਭਰ ਚੁੱਕਾ ਹੈ।
ਪ੍ਰਵਾਸ ਨਾਲ ਜੁੜੀ ਅਮਰੀਕਾ ਦੀ ਸਖ਼ਤੀ ਸੰਬੰਧੀ ਆਪਾਂ ਰੋਜ਼ਾਨਾ ਪੜ੍ਹਦੇ, ਸੁਣਦੇ, ਵੇਖਦੇ ਹਾਂ। ਕੈਨੇਡਾ ਵੀ ਸਖ਼ਤ ਕਦਮ ਚੁੱਕਣ ਦੇ ਰੌਂਅ ਵਿੱਚ ਹੈ। ਬਹੁਤ ਸਾਰੇ ਮੁਲਕਾਂ ਨੇ ਪਹਿਲਾਂ ਹੀ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਇੰਗਲੈਂਡ ਵੀ ਪ੍ਰਵਾਸ ਦੇ ਸੰਬੰਧ ਵਿੱਚ ਡੈਨਮਾਰਕ ਮਾਡਲ ਅਪਣਾਉਣ ਬਾਰੇ ਵਿਚਾਰ ਕਰ ਰਿਹਾ ਹੈ। ਇੰਗਲੈਂਡ ਦੇ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਡੈਨਮਾਰਕ ਮਾਡਲ ਦਾ ਅਧਿਐਨ ਕਰਨ ਲਈ ਕੋਪਨ ਹੈਗਮਨ ਭੇਜਿਆ ਹੈ। ਡੈਨਮਾਰਕ ਪ੍ਰਵਾਸ ਦੇ ਮਾਮਲੇ ਵਿੱਚ ਯੂਰਪ ਦੇ ਦੇਸ਼ਾਂ ਵਿਚੋਂ ਸਭ ਤੋਂ ਸਖ਼ਤ ਹੈ। ਦੂਜੇ ਪਾਸੇ ਅਮਰੀਕਾ ਨੇ ਕਮਜ਼ੋਰ ਸਿਹਤ ਵਾਲੇ ਤੇ ਬਿਮਾਰ ਲੋਕਾਂ ਨੂੰ ਵੀਜ਼ੇ ਨਾ ਦੇਣ ਦੀ ਗੱਲ ਕਹੀ ਹੈ।
ਪੰਜਾਬੀਆਂ ਨੂੰ ਹੁਣ ਵਿਦੇਸ਼ਾਂ ਵਿੱਚ ਸਮਝ-ਸਲੀਕੇ ਨਾਲ ਰਹਿਣ ਦਾ ਰਾਹ ਚੁਣਨਾ ਪਵੇਗਾ, ਨਹੀਂ ਤਾਂ ਭਵਿੱਖ ਵਿੱਚ ਵਿਦੇਸ਼-ਉਡਾਰੀ ਕੇਵਲ ਸੁਪਨਾ ਬਣ ਕੇ ਰਹਿ ਜਾਵੇਗੀ, ਕਿਉਂਕਿ ਉੱਥੋਂ ਦੀਆਂ ਸਰਕਾਰਾਂ ਇਹ ਕਹਿਣ ਲਈ ਮਜਬੂਰ ਹੋ ਗਈਆਂ ਹਨ ਕਿ ਜੇਕਰ ਇਹ ਕੁਝ ਕਰਨਾ ਹੈ ਤਾਂ ਆਪਣੇ ਮੁਲਕਾਂ ਵਿੱਚ ਜਾ ਕੇ ਕਰੋ।

Loading