ਵਿਦੇਸ਼ਾਂ ਵਿੱਚ ਪੜ੍ਹਾਈ ਦੀਆਂ ਸ਼ਰਤਾਂ ਸਖ਼ਤ ਹੋਣ ਕਾਰਨ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਵਿੱਚ ਆਈ ਕਮੀ

In ਖਾਸ ਰਿਪੋਰਟ
August 13, 2024
ਖਾਸ ਖ਼ਬਰ -ਵਿਦੇਸ਼ਾਂ ਵਿੱਚ ਪੜ੍ਹਾਈ ਦੀਆਂ ਸ਼ਰਤਾਂ ਸਖ਼ਤ ਹੋਣ ਕਾਰਨ ਇਸ ਵਰ੍ਹੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਵਿੱਚ ਰੁਚੀ ਘਟੀ ਹੈ। ਜਿਸ ਕਾਰਨ ਪੰਜਾਬ ਦੇ ਮੈਡੀਕਲ ਤੇ ਨਰਸਿੰਗ ਕਾਲਜਾਂ ਵਿੱਚ ਸੀਟਾਂ ਭਰ ਗਈਆਂ ਹਨ ਅਤੇ ਸਰਕਾਰੀ ਡਿਗਰੀ ਕਾਲਜਾਂ ਅੰਦਰ ਵੀ ਮੈਰਿਟ ਦਾ ਪੱਧਰ ਹੋਰ ਉੱਚਾ ਹੋ ਗਿਆ ਹੈ। ਰਾਜ ਦੇ 12 ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰ ਰਹੇ 1550 ਵਿਦਿਆਰਥੀਆਂ ਦੀਆਂ 5 ਫ਼ੀਸਦ ਫ਼ੀਸਾਂ ਵਿੱਚ ਵਾਧਾ ਹੋਇਆ ਹੈ। ਨੋਟੀਫਿਕੇਸ਼ਨ ਅਨੁਸਾਰ ਐਨ.ਆਰ.ਆਈ. ਸੀਟਾਂ ਦੀਆਂ ਫ਼ੀਸਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਪਹਿਲਾਂ ਐਮ.ਬੀ.ਬੀ.ਐਸ. ਕੋਰਸਾਂ ਅੰਦਰ ਸੀਟਾਂ ਖਾਲੀ ਰਹਿ ਜਾਂਦੀਆਂ ਸਨ। ਹੁਣ ਵਿਦੇਸ਼ਾਂ ਅੰਦਰ ਖ਼ਾਸ ਕਰਕੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੋਰ ਯੂਰਪੀ ਮੁਲਕਾਂ ਅੰਦਰ ਭਾਰਤੀ ਵਿਦਿਆਰਥੀਆਂ ਲਈ ਬਾਰ੍ਹਵੀਂ ਦੀ ਜਗ੍ਹਾ ਗਰੈਜੂਏਸ਼ਨ ਦੀ ਸ਼ਰਤ ਲਗਾ ਦਿੱਤੀ ਗਈ ਹੈ । ਇਸ ਤੋਂ ਬਾਅਦ ਵੀ ਉਥੋਂ ਦੀਆਂ ਸਰਕਾਰਾਂ ਉਨ੍ਹਾਂ ਲਈ ਵਰਕ ਪਰਮਿਟ ਤੇ ਪੀ.ਆਰ. ਦੇਣ ਦਾ ਫ਼ੈਸਲਾ ਕਰਨਗੀਆਂ । ਇਨ੍ਹਾਂ ਸ਼ਰਤਾਂ ਕਾਰਨ ਪੰਜਾਬ ਦੇ ਨੌਜਵਾਨਾਂ ਵਿੱਚ ਵੀ ਵਿਦੇਸ਼ ਜਾਣ ਦੀ ਰੁਚੀ ਘੱਟ ਨਜ਼ਰ ਆਈ ਹੈ। ਉਨ੍ਹਾਂ ਨੇ ਪੰਜਾਬ ਵਿੱਚ ਹੀ ਪੜ੍ਹਾਈ ਕਰਨ ਦਾ ਮਨ ਬਣਾ ਲਿਆ ਹੈ । ਪੰਜਾਬ ਦੇ ਨਰਸਿੰਗ ਕਾਲਜਾਂ ਵਿੱਚ ਵੀ ਸੀਟਾਂ ਪਹਿਲੀ ਕਾਊਂਸਿਲੰਗ ਵਿੱਚ ਹੀ ਭਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਪੰਜਾਬ ਪੈਰਾ ਮੈਡੀਕਲ ਪ੍ਰਵੇਸ਼ ਪ੍ਰੀਖਿਆ (ਪੀ.ਪੀ.ਐਮ.ਟੀ.) ਵਿੱਚ ਪ੍ਰੀਖਿਆਰਥੀਆਂ ਦੀ ਗਿਣਤੀ ਪੰਜਾਬ ਦੀਆਂ ਕੁੱਲ ਸੀਟਾਂ ਤੋਂ ਦੁੱਗਣੀ ਸੀ। ਨਰਸਿੰਗ ਟਰੇਨਿੰਗ ਇੰਸਟੀਚਿਊਟ ਪੰਜਾਬ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਾਲ ਨਰਸਿੰਗ ਕਾਲਜਾਂ ’ਚ ਦਾਖਲਿਆਂ ਨੂੰ ਦੇਖਦਿਆਂ ਫ਼ੀਸਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਜਿਸ ਕਾਰਨ ਪੰਜਾਬ ਅੰਦਰ 5800 ਦੇ ਕਰੀਬ ਸਰਕਾਰੀ ਤੇ ਨਿੱਜੀ ਨਰਸਿੰਗ ਕਾਲਜਾਂ ਵਿੱਚ ਸੀਟਾਂ ਭਰ ਗਈਆਂ ਹਨ । ਇਸੇ ਹੀ ਤਰ੍ਹਾਂ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਡਿਗਰੀ ਕਾਲਜਾਂ ਵਿੱਚ ਦਾਖਲਿਆਂ ਦੀ ਗਿਣਤੀ ਵਧੀ ਹੈ ।

Loading