ਵਿਦੇਸ਼ੀ ਲੋਕਪ੍ਰਿਅ ਸਾਜ਼ ਗਿਟਾਰ

In ਮੁੱਖ ਲੇਖ
February 06, 2025
ਪ੍ਰੋਫੈਸਰ ਜਸਪਿੰਦਰ ਪਾਲ ਸਿੰਘ: ਗਿਟਾਰ ਭਾਵੇਂ ਇਕ ਪੱਛਮੀ ਸੰਗੀਤ ਦਾ ਵਿਦੇਸ਼ੀ ਸਾਜ਼ ਹੈ, ਪ੍ਰੰਤੂ ਇਹ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਸ਼ਾਮਿਲ ਕਰਨ 'ਚ ਸਮਰੱਥ ਹੈ। ਇਸ ਸਾਜ਼ ਸੰਬੰਧੀ ਵਿਦਵਾਨਾਂ ਦੇ ਵੱਖ-ਵੱਖ ਮੱਤ ਹਨ; ਕਿਉਂਕਿ ਗਿਟਾਰ ਸਾਜ਼ ਵੀ ਪੱਛਮੀ ਸੰਗੀਤ 'ਚ ਪ੍ਰਾਚੀਨ ਸਾਜ਼ਾਂ 'ਚੋਂ ਇਕ ਹੈ। ਇਸ ਸਾਜ਼ ਦਾ ਵਿਕਾਸ ਲਿਊਟ ਤੋਂ ਹੋਇਆ ਮੰਨਿਆ ਜਾਂਦਾ ਹੈ। ਇਕ ਹੋਰ ਸਾਜ਼ 'ਗਿਟਾਰਾ ਲੇਟੀਨਾ' ਜਾਂ ਗਿਟਰਨੀ ਵੀ ਇਸ ਦੇ ਸਮਾਨ ਸੀ। ਇਸ ਦਾ ਆਕਾਰ ਆਧੁਨਿਕ ਗਿਟਾਰ ਦੇ ਸਮਾਨ ਸੀ ਅਤੇ ਲਿਊਟ ਸਾਜ਼ ਨੂੰ ਖੜ੍ਹਾ ਕਰ ਕੇ ਵਜਾਇਆ ਜਾਂਦਾ ਸੀ। ਕੁਝ ਵਿਦਵਾਨਾਂ ਅਨੁਸਾਰ ਗਿਟਾਰ ਨੂੰ ਮੈਸੋਪੋਟਾਮੀਆ, ਅਨੇਟੋਲੀਆ ਦੇ ਲੰਬੀ ਗਰਦਨ ਵਾਲੀ ਵੀਣਾ ਦੇ ਪ੍ਰਕਾਰ ਤੋਂ ਲਿਆ ਗਿਆ ਮੰਨਿਆ ਹੈ। ਸਪੈਨਿਸ਼ ਗਿਟਾਰ ਦੀ ਉਤਪੱਤੀ ਇਸੇ ਸਾਜ਼ ਤੋਂ ਹੋਈ ਹੈ। ਸਪੈਨਿਸ਼ ਗਿਟਾਰ ਦਾ ਪ੍ਰਯੋਗ ਗਾਇਨ 'ਚ ਸਹਾਇਕ ਸਾਜ਼ ਦੇ ਰੂਪ 'ਚ ਹੋਇਆ ਅਤੇ ਇਸ ਉੱਤੇ ਕੌਡਜ਼ ਵਜਾਏ ਜਾਂਦੇ ਹਨ। ਬਾਅਦ 'ਚ ਇਸ ਉੱਤੇ ਪੱਛਮੀ ਕਲਾਸਿਕਲ ਸੰਗੀਤ ਵੀ ਵਜਾਇਆ ਜਾਣ ਲੱਗਾ, ਜਿਸ ਤਰ੍ਹਾਂ ਵਾਇਲਨ ਅਤੇ ਪਿਆਨੋ ਉੱਤੇ ਸਿੰਫਨੀ ਆਦਿ ਦਾ ਵਾਦਨ ਹੁੰਦਾ ਹੈ, ਉਸੇ ਪ੍ਰਕਾਰ ਗਿਟਾਰ ਉੱਤੇ ਵੀ ਵਾਦਨ ਕੀਤਾ ਜਾਣ ਲੱਗਾ। ਇਕ ਹੋਰ ਗਿਟਾਰ ਦਾ ਪ੍ਰਕਾਰ ਪ੍ਰਚਾਰ 'ਚ ਆਇਆ, ਜਿਸ ਨੂੰ ਹਵਾਈ ਗਿਟਾਰ ਕਹਿੰਦੇ ਹਨ। ਸਪੈਨਿਸ਼ ਗਿਟਾਰ ਉੱਤੇ ਪਰਦਿਆਂ 'ਤੇ ਉਂਗਲੀਆਂ ਰੱਖ ਕੇ ਕੌਡਜ਼ ਵਜਾਏ ਜਾਂਦੇ ਹਨ ਹਵਾਈ ਗਿਟਾਰ ਉੱਤੇ ਮੀਂਡ (ਸਿਤਾਰ ਦੀ ਤਾਰ ਨੂੰ ਖਿੱਚ ਕੇ ਸਵਰ ਲਗਾਉਣ ਵਾਂਗ) ਦੇ ਪ੍ਰਯੋਗ ਕਰਨ ਕਰਕੇ ਗਾਇਨ ਦੇ ਵਧੇਰੇ ਨੇੜੇ ਮੰਨਿਆ ਜਾਣ ਲੱਗਾ। ਗਿਟਾਰ ਸਾਜ਼ ਦਾ ਪਿਛੋਕੜ ਯੂਰਪ ਵਿੱਚ ਦੇਖਣ ਨੂੰ ਮਿਲਦਾ ਹੈ ਇਥੋਂ ਹੀ ਇਹ ਸਾਜ਼ ਪੂਰੀ ਦੁਨੀਆ 'ਚ ਪ੍ਰਸਿੱਧ ਹੋਇਆ। ਅਜੋਕੇ ਸਮੇਂ ਲਗਭਗ ਸਾਰੇ ਮੁਲਕਾਂ ਦੇ ਸੰਗੀਤ 'ਚ ਗਿਟਾਰ ਸਾਜ਼ ਵਰਤਿਆ ਜਾ ਰਿਹਾ। ਇਸ ਸਾਜ਼ ਦੀਆਂ ਵਿਭਿੰਨ ਬਣਤਰਾਂ ਅਨੁਸਾਰ ਕਈ ਪ੍ਰਕਾਰ ਪ੍ਰਚਾਰ 'ਚ ਹਨ ਜਿਵੇਂ; ਐੱਫ ਕੱਟ ਹੋਲ ਗਿਟਾਰ, ਰਾਊਂਡ ਹੋਲ ਗਿਟਾਰ, ਜੰਬੋ ਗਿਟਾਰ, ਅਕਾਸਟਿਕ ਇਲੈੱਕਟ੍ਰੋਨਿਕ ਗਿਟਾਰ, ਸਾਲਿੱਡ ਬਾਡੀ ਇਲੈਕਟ੍ਰੋਨਿਕ ਗਿਟਾਰ, ਬੇਸ ਗਿਟਾਰ ਆਦਿ। ਗਿਟਾਰ ਦਾ ਵੱਡਾ ਹਿੱਸਾ ਪਲਾਈ ਦਾ ਬਣਿਆ ਹੁੰਦਾ ਹੈ। ਗਿਟਾਰ 'ਚ ਪਲਾਈ ਦੀ ਮੋਟਾਈ ਘੱਟ ਰੱਖੀ ਜਾਂਦੀ ਹੈ, ਜਿਸ ਨਾਲ ਆਵਾਜ਼ 'ਚ ਕੰਪਨ ਪੈਦਾ ਹੋ ਸਕੇ। ਇਸ ਭਾਗ ਨੂੰ ਅੱਗੇ ਲੱਗੇ ਡਾਂਡ ਨਾਲ ਜਿਸ ਨੂੰ ਫਿੰਗਰ ਬੋਰਡ ਕਿਹਾ ਜਾਂਦਾ ਹੈ, ਜੋੜਿਆ ਜਾਂਦਾ ਹੈ। ਫਿੰਗਰ ਬੋਰਡ ਉੱਤੇ ਪਿੱਤਲ ਜਾਂ ਧਾਤੂ ਦੇ ਪਰਦੇ ਲੱਗੇ ਹੁੰਦੇ ਹਨ। ਗਿਟਾਰ ਦਾ ਬ੍ਰਿਜ ਲੱਕੜੀ ਦੇ ਟੁਕੜੇ ਤੋਂ ਬਣਿਆ ਹੁੰਦਾ ਹੈ, ਇਸ ਉੱਤੇ ਪਿੱਤਲ ਜਾਂ ਲੋਹੇ ਦੀਆਂ ਛੇ ਤਾਰਾਂ ਲਗਾਈਆਂ ਜਾਂਦੀਆਂ ਹਨ, ਜੋ ਗਿਟਾਰ ਦੇ ਸਿਰੇ 'ਤੇ ਖੁੰਟੀਆਂ ਨਾਲ ਬੰਨ੍ਹੀਆਂ ਜਾਂਦੀਆਂ ਹਨ। ਤਾਰਾਂ ਦੀ ਗਿਣਤੀ ਛੇ ਤੋਂ ਵੱਧ ਵੀ ਹੋ ਸਕਦੀ ਹੈ, ਜਿਨ੍ਹਾਂ ਨੂੰ 5-1-4-7-2-5 (ਪੱਛਮੀ ਸੰਗੀਤ ਦੇ ਸਵਰ) 'ਤੇ ਸੁਰ ਕੀਤਾ ਜਾਂਦਾ ਹੈ। ਇਸ ਨੂੰ ਪਲਾਸਟਿਕ ਦੇ ਤਿਕੋਣੇ ਟੁਕੜੇ (ਪਲੈਟਰਮ) ਨਾਲ ਵਜਾਇਆ ਜਾਂਦਾ ਹੈ। ਅਜੋਕੇ ਗਿਟਾਰ 'ਚ ਡਿਜੀਟਲ ਟਿਊਨਰ ਲੱਗਿਆ ਹੁੰਦਾ ਹੈ, ਜਿਸ ਨਾਲ ਗਿਟਾਰ ਨੂੰ ਸੁਰ ਕਰਨ 'ਚ ਆਸਾਨੀ ਰਹਿੰਦੀ ਹੈ। ਭਾਰਤੀ ਸ਼ਾਸਤਰੀ ਸੰਗੀਤ 'ਚ ਗਿਟਾਰ ਨੂੰ ਭਾਰਤੀ ਸ਼ਾਸ਼ਤਰੀ ਸੰਗੀਤ ਦੀਆਂ ਸਮਰੱਥਾ ਅਨੁਸਾਰ ਢਾਲ ਕੇ ਪੰਡਿਤ ਵਿਸ਼ਵ ਮੋਹਨ ਭੱਟ ਨੇ ਮੋਹਨ ਮੀਣਾ ਨਾਮਕ ਸਾਜ਼ ਦਾ ਅਵਿਸ਼ਕਾਰ ਕੀਤਾ। ਫ਼ਿਲਮੀ ਸੰਗੀਤ 'ਚ ਇਸ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਪਾਪੂਲਰ ਪੰਜਾਬੀ ਸੰਗੀਤ 'ਚ ਗਿਟਾਰ ਸਭ ਤੋਂ ਵੱਧ ਪ੍ਰਯੋਗ ਹੋਣ ਵਾਲਾ ਸਾਜ਼ ਹੈ। ਗਿਟਾਰ ਸਾਜ਼ ਤੋਂ ਸਵਰ ਅਤੇ ਲੈਅ ਮਿਲਣ ਕਾਰਨ ਇਸ ਦੀ ਲੋਕਪ੍ਰਿਅਤਾ ਸਭ ਨਾਲੋਂ ਵੱਧ ਹੈ। ਗਿਟਾਰ ਸੰਸਾਰ ਭਰ ਦੇ ਸੰਗੀਤ 'ਚ ਪ੍ਰਸਿੱਧ ਹੋਣ ਕਾਰਨ ਇਸ 'ਚ ਸੰਸਾਰ ਪ੍ਰਸਿੱਧ ਗਿਟਾਰਵਾਦਕਾਂ ਨੇ ਬਹੁਤ ਨਾਮਣਾ ਖੱਟਿਆ ਹੈ, ਜਿਨ੍ਹਾਂ 'ਚ 21ਵੀਂ ਸਦੀ ਦੇ ਮਹਾਨ ਗ੍ਰੈਮੀ ਐਵਾਰਡ ਵਿਜੇਤਾ ਜੋ ਸਤਿਆਰਨੀ, ਵਿਲੀਅਮ ਫ੍ਰੇਡੀਰਿਕ ਗੀਬੋਨ, ਕੀਥ ਅਰਬਨ, ਮੈਥਿਯੂ ਜੇਮਸ ਬੈਲੇਮੀ ਆਦਿ ਵਿਸ਼ੇਸ਼ ਹਨ। ਇਨ੍ਹਾਂ ਤੋਂ ਇਲਾਵਾ ਭਾਰਤੀ ਗਿਟਾਰਿਸਤਾ ਨੇ ਵੀ ਵਿਸ਼ਵ ਪੱਧਰ 'ਤੇ ਵੱਡੇ ਮੁਕਾਮ ਹਾਸਿਲ ਕੀਤੇ ਹਨ, ਜਿਨ੍ਹਾਂ 'ਚ ਬੈਜੂ ਧਰਿਮਾਜਨ, ਅਮਿਅਤ ਦੱਤਾ, ਰੇਕਸ ਵਿਜੇਅਨ, ਸੁਮਿਤ ਸੇਨ ਆਦਿ ਵਿਸ਼ੇਸ਼ ਹਨ।

Loading