
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਉੱਤੇ ਈ.ਡੀ. ਦੀ ਤਲਵਾਰ ਲਟਕ ਰਹੀ ਹੈ। ਇਹ ਮਾਮਲਾ ਵਿਦੇਸ਼ੀ ਸੰਪਤੀਆਂ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਫਰਾਂਸ, ਸਵਿਟਜ਼ਰਲੈਂਡ ਅਤੇ ਦੁਬਈ ਵਰਗੀਆਂ ਜਗ੍ਹਾਂ ਤੋਂ ਮਿਲੀ ਜਾਣਕਾਰੀ ਸ਼ਾਮਲ ਹੈ। ਪਿਛਲੇ ਹਫ਼ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੈਪਟਨ ਅਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਨਾਲ ਈ.ਡੀ. ਨੂੰ ਆਮਦਨ ਟੈਕਸ ਵਿਭਾਗ ਦੀਆਂ ਫਾਈਲਾਂ ਵੇਖਣ ਦੀ ਇਜਾਜ਼ਤ ਮਿਲ ਗਈ ਹੈ। ਇਸ ਨਾਲ ਪਰਿਵਾਰ ਦੀਆਂ ਵਿਦੇਸ਼ੀ ਬੈਂਕ ਖਾਤਿਆਂ ਅਤੇ ਸੰਪਤੀਆਂ ਦੀ ਜਾਂਚ ਸ਼ੁਰੂ ਹੋ ਸਕਦੀ ਹੈ। ਇਹ ਵਿਵਾਦ ਪੰਜਾਬ ਸਿਆਸਤ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾਈ ਸੀ ਅਤੇ ਫਿਰ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਹੁਣ ਕਾਂਗਰਸ ਵਾਪਸੀ ਦੀਆਂ ਅਫਵਾਹਾਂ ਵਿੱਚ ਇਹ ਝਟਕਾ ਲੱਗਾ ਹੈ।
ਇਹ ਕੇਸ 2016 ਵਿੱਚ ਆਮਦਨ ਟੈਕਸ ਵਿਭਾਗ ਨੇ ਸ਼ੁਰੂ ਕੀਤਾ ਸੀ, ਜਦੋਂ ਫਰਾਂਸ ਸਰਕਾਰ ਨੇ ਭਾਰਤ ਨਾਲ ਡਬਲ ਟੈਕਸੇਸ਼ਨ ਅਵੋਇਡੈਂਸ ਐਗਰੀਮੈਂਟ (ਡੀਟੀਏਏ) ਅਧੀਨ ਜਾਣਕਾਰੀ ਸਾਂਝੀ ਕੀਤੀ। ਇਸ ਜਾਣਕਾਰੀ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਰਣਿੰਦਰ ਨੂੰ ਜੈਕਰਾਂਡਾ ਟਰੱਸਟ ਨਾਮਕ ਟਰੱਸਟ ਨਾਲ ਜੋੜਿਆ ਗਿਆ ਸੀ, ਜੋ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਰਜਿਸਟਰਡ ਹੈ। ਇਹ ਟਰੱਸਟ ਚਿੱਲਿੰਘੈਮ ਹੋਲਡਿੰਗਜ਼ ਲਿਮਟਿਡ, ਆਲਵਰਥ ਵੈਂਚਰ ਹੋਲਡਿੰਗਜ਼ ਲਿਮਟਿਡ, ਲਿਮਰਲਾਕ ਇੰਟਰਨੈਸ਼ਨਲ ਲਿਮਟਿਡ ਅਤੇ ਮਲਵਾਲਾ ਹੋਲਡਿੰਗਜ਼ ਲਿਮਟਿਡ ਵਰਗੀਆਂ ਕੰਪਨੀਆਂ ਦਾ ਮਾਲਕ ਹੈ। ਇਹਨਾਂ ਕੰਪਨੀਆਂ ਦੀ ਕੁੱਲ ਸੰਪਤੀ 460 ਕਰੋੜ ਰੁਪਏ ਦੇ ਕਰੀਬ ਮੁੱਲ ਵਾਲੀ ਸੀ।
ਇਨਕਮ ਟੈਕਸ ਵਿਭਾਗ ਨੇ ਦੋਸ਼ ਲਾਇਆ ਕਿ ਕੈਪਟਨ ਇਸ ਟਰੱਸਟ ਦੇ ਲਾਭਪਾਤਰੀ ਸਨ ਅਤੇ ਰਣਿੰਦਰ ਸਿੰਘ ਇਸ ਦੇ ਸਾਈਨੇਟਰੀ (ਸਹੀ ਕਰਨ ਵਾਲੇ) ਸਨ। ਫਰਾਂਸ ਵੱਲੋਂ ਮਿਲੇ ਡਾਕੂਮੈਂਟਸ ਵਿੱਚ ਇੱਕ ਐਚਐਸਬੀਸੀ ਬੈਂਕ ਖਾਤਾ ਜੀਨੇਵਾ, ਸਵਿਟਜ਼ਰਲੈਂਡ ਵਿੱਚ ਅਤੇ ਦੁਬਈ ਵਿੱਚ ਮਰੀਨਾ ਮੈਨਸ਼ਨਜ਼ ਵਿੱਚ ਪੀ-29 ਪ੍ਰਾਪਰਟੀ ਦਾ ਜ਼ਿਕਰ ਹੈ। ਇਹ ਪ੍ਰਾਪਰਟੀ ਜੈਕਰਾਂਡਾ ਟਰੱਸਟ ਦੀ ਕੰਪਨੀ ਨੇ ਕੈਪਟਨ ਦੀ ਬੇਨਤੀ ’ਤੇ ਟਰਾਂਸਫਰ ਕੀਤੀ ਸੀ। ਇਨਕਮ ਟੈਕਸ ਵਿਭਾਗ ਨੇ ਸੈਕਸ਼ਨ 277 ਅਧੀਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਸ਼ਿਕਾਇਤ ਦਰਜ ਕੀਤੀ, ਜਿਸ ਵਿੱਚ ਟੈਕਸ ਚੋਰੀ ਅਤੇ ਝੂਠੀ ਜਾਣਕਾਰੀ ਦੇਣ ਦੇ ਦੋਸ਼ ਲੱਗੇ। ਈ.ਡੀ. ਨੂੰ ਇਹ ਜਾਣਕਾਰੀ ਇਨਕਮ ਟੈਕਸ ਵਿਭਾਗ ਵੱਲੋਂ ਮਿਲੀ, ਜਿਸ ਨਾਲ ਫੇਮਾ ਅਧੀਨ ਜਾਂਚ ਸ਼ੁਰੂ ਹੋਈ ਸੀ। ਰਣਿੰਦਰ ਨੂੰ 2016 ਵਿੱਚ ਵੀ ਈਡੀ ਨੇ ਸੱਦਾ ਭੇਜਿਆ ਸੀ, ਜਦੋਂ ਉਹਨਾਂ ਨੂੰ ਸਵਿਟਜ਼ਰਲੈਂਡ ਵਿੱਚ ਫੰਡਾਂ ਦੀ ਤਬਦੀਲੀ ਅਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਟਰੱਸਟ ਬਣਾਉਣ ਬਾਰੇ ਪੁੱਛਿਆ ਗਿਆ ਸੀ। 2020 ਵਿੱਚ ਵੀ ਰਣਿੰਦਰ ਨੂੰ ਤਲਾਸ਼ੀ ਲਈ ਬੁਲਾਇਆ ਗਿਆ ਸੀ, ਪਰ ਉਹ ਸਿਹਤ ਕਾਰਨਾਂ ਕਾਰਨ ਨਹੀਂ ਆਏ। ਇਹ ਸਾਰੇ ਕਾਰਨ ਮਿਲ ਕੇ ਈ.ਡੀ. ਦੇ ਸ਼ੱਕ ਨੂੰ ਮਜਬੂਤ ਕਰਦੇ ਹਨ। ਇਹ ਮਾਮਲੇ ਟੈਕਸ ਚੋਰੀ ਨਾਲ ਜੁੜੇ ਹਨ।
ਕੈਪਟਨ ਦਾ ਪੁੱਤਰ ਰਣਿੰਦਰ ਸਿੰਘ ਇਸ ਮਾਮਲੇ ਵਿੱਚ ਮੁੱਖ ਤੌਰ ’ਤੇ ਫਸਿਆ ਹੈ, ਕਿਉਂਕਿ ਉਹ ਜੈਕਰਾਂਡਾ ਟਰੱਸਟ ਦਾ ਸਿੱਧਾ ਕੰਟਰੋਲਰ ਸੀ। ਇਨਕਮ ਟੈਕਸ ਵਿਭਾਗ ਦੀ ਰਿਪੋਰਟ ਅਨੁਸਾਰ, ਰਣਿੰਦਰ ਨੇ 2005 ਵਿੱਚ ਇਹ ਟਰੱਸਟ ਬਣਾਇਆ ਸੀ ਅਤੇ ਇਸ ਨੂੰ ਕਈ ਆਫਸ਼ੋਰ ਕੰਪਨੀਆਂ ਨਾਲ ਜੋੜਿਆ ਸੀ। ਇਹਨਾਂ ਕੰਪਨੀਆਂ ਨੇ ਵਿਦੇਸ਼ੀ ਬੈਂਕਾਂ ਵਿੱਚ ਫੰਡ ਟਰਾਂਸਫਰ ਕੀਤੇ, ਜੋ ਫੇਮਾ ਅਧੀਨ ਆਉਂਦੇ ਹਨ। ਫਰਾਂਸ ਵੱਲੋਂ ਮਿਲੀ ਜਾਣਕਾਰੀ ਵਿੱਚ ਰਣਿੰਦਰ ਨੂੰ ਸਵਿਟਜ਼ਰਲੈਂਡ ਦੇ ਐਚਐਸਬੀਸੀ ਬੈਂਕ ਖਾਤੇ ਨਾਲ ਜੋੜਿਆ ਗਿਆ, ਜਿੱਥੇ ਕਥਿਤ ਅਵਾਰਾ ਪੂੰਜੀ ਸੀ । ਦੁਬਈ ਵਿੱਚ ਮਰੀਨਾ ਮੈਨਸ਼ਨਜ਼ ਦੀ ਪ੍ਰਾਪਰਟੀ ਵੀ ਇਸ ਟਰੱਸਟ ਨਾਲ ਜੁੜੀ ਹੈ, ਜੋ ਰਣਿੰਦਰ ਨੇ ਪਰਿਵਾਰ ਨੂੰ ਟਰਾਂਸਫਰ ਕੀਤੀ ਗਈ ਸੀ।
ਇਸ ਤੋਂ ਪਹਿਲਾਂ 2015 ਵਿੱਚ ਲੁਧਿਆਣਾ ਸਿਟੀ ਸੈਂਟਰ ਸਕੈਮ ਵਿੱਚ ਵੀ ਰਣਿੰਦਰ ਨਾਂ ਆਇਆ ਸੀ, ਜਿੱਥੇ ਕੈਪਟਨ ਦੇ ਰਾਜ ਕਾਲ ਸਮੇਂ ਵਿੱਚ 1,144 ਕਰੋੜ ਦੀ ਧੋਖਾਧੜੀ ਹੋਈ ਸੀ। ਈਡੀ ਨੇ ਇਸ ਨੂੰ ਪੀਐੱਮਐੱਲਏ ਅਧੀਨ ਲਿਆ, ਪਰ ਰਣਿੰਦਰ ਨੇ ਇਨਕਾਰ ਕੀਤਾ। 2020 ਵਿੱਚ ਫੇਮਾ ਕੇਸ ਵਿੱਚ ਈ.ਡੀ. ਨੇ ਰਣਿੰਦਰ ਨੂੰ ਤਿੰਨ ਵਾਰ ਸੱਦਾ ਭੇਜਿਆ, ਪਰ ਉਹ ਸਿਹਤ ਅਜਿਹੇ ਕਾਰਨਾਂ ਨਾਲ ਨਹੀਂ ਆਏ। ਹੁਣ ਹਾਈ ਕੋਰਟ ਦੇ ਫੈਸਲੇ ਨਾਲ ਈ.ਡੀ. ਨੂੰ ਤਾਜ਼ਾ ਡਾਕੂਮੈਂਟਸ ਵੇਖਣ ਨੂੰ ਮਿਲਣਗੇ, ਜੋ ਰਣਿੰਦਰ ਨੂੰ ਹੋਰ ਫਸਾ ਸਕਦੇ ਹਨ। ਪਰਿਵਾਰ ਨੇ ਸਾਰੇ ਦੋਸ਼ਾਂ ਨੂੰ ਰਾਜਨੀਤਕ ਸਾਜ਼ਿਸ਼ ਦੱਸਿਆ ਹੈ, ਪਰ ਜਾਂਚ ਨੂੰ ਰੋਕਣ ਵਾਲੀ ਯਾਚਿਕਾ ਖਾਰਜ ਹੋ ਗਈ ਹੈ।
ਇਹ ਮਾਮਲਾ ਕੈਪਟਨ ਪਰਿਵਾਰ ਦੀ ਸਿਆਸੀ ਸਥਿਤੀ ਨੂੰ ਹੋਰ ਕਮਜ਼ੋਰ ਕਰ ਰਿਹਾ ਹੈ। ਕੈਪਟਨ 2021 ਵਿੱਚ ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਬਣਾਈ ਅਤੇ ਫਿਰ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਭਾਜਪਾ ਦੀ ਟਿਕਟ ’ਤੇ 2024 ਲੋਕ ਸਭਾ ਚੋਣਾਂ ਵਿੱਚ ਪਟਿਆਲਾ ਹਲਕੇ ਤੋਂ ਹਾਰੀ ਸੀ। ਕੈਪਟਨ ਦੀ ਸਿਹਤ ਵੀ ਠੀਕ ਨਹੀਂ। ਹੁਣ ਕਾਂਗਰਸ ਵਾਪਸੀ ਦੀਆਂ ਚਰਚਾਵਾਂ ਵਿੱਚ ਇਹ ਈ.ਡੀ. ਜਾਂਚ ਰੁਕਾਵਟ ਬਣ ਰਹੀ ਹੈ। ਪੰਜਾਬ ਵਿੱਚ ਭਾਜਪਾ ਨੂੰ ਵੀ ਇਸ ਨਾਲ ਨੁਕਸਾਨ ਹੋ ਸਕਦਾ ਹੈ, ਕਿਉਂਕਿ ਕੈਪਟਨ ਉਹਨਾਂ ਦੇ ਸਾਥੀ ਹਨ। ਕਾਂਗਰਸ ਨੇ ਪਹਿਲਾਂ ਵੀ ਮੋਦੀ ਸਰਕਾਰ ਉਪਰ ਦੋਸ਼ ਲਗਾਏ ਹਨ ਕਿ ਕੇਂਦਰ ਈ.ਡੀ. ਰਾਹੀਂ ਇਹ ਜਾਂਚਾਂ ਵਿਰੋਧੀਆਂ ਨੂੰ ਦਬਾਉਣ ਲਈ ਕਰ ਰਿਹਾ ਹੈ। ਈ.ਡੀ. ਕੇਂਦਰ ਸਰਕਾਰ ਦਾ ਰਾਜਨੀਤਕ ਹਥਿਆਰ ਹੈ। ਇਸ ਨਾਲ ਪੰਜਾਬ ਦੀ ਸਿਆਸਤ ਵਿੱਚ ਨਵਾਂ ਤਣਾਅ ਪੈਦਾ ਹੋ ਰਿਹਾ ਹੈ, ਜੋ ਅਗਲੀਆਂ ਚੋਣਾਂ ਨੂੰ ਪ੍ਰਭਾਵਿਤ ਕਰੇਗਾ।