
ਨਵੀਂ ਦਿੱਲੀ/ਅੰਮ੍ਰਿਤਸਰ ਟਾਈਮਜ਼ ਬਿਊਰੋ : ਪੈਰਿਸ ਉਲੰਪਿਕ ’ਚ ਵਿਨੇਸ਼ ਫੋਗਾਟ ਦੇ ਅਯੋਗ ਹੋਣ ਤੋਂ ਬਾਅਦ ਭਾਰਤ ਨੂੰ ਵੱਡਾ ਝਟਕਾ ਲੱਗਿਆ ਅਤੇ ਹੁਣ ਅਗਲੇ ਹੀ ਦਿਨ ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਪਹਿਲੀ ਵਾਰ ਮਹਿਲਾ ਕੁਸ਼ਤੀ ਦੇ ਫਾਈਨਲ ਵਿੱਚ ਪੁੱਜੀ ਵਿਨੇਸ਼ ਫੋਗਾਟ ਤੋਂ ਭਾਰਤ ਨੂੰ ਸੋਨ ਤਗ਼ਮੇ ਦੀ ਉਮੀਦ ਸੀ ਪਰ ਫਾਈਨਲ ਮੈਚ ਵਾਲੇ ਦਿਨ ਉਸ ਨੂੰ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ।
ਇਸ ਫੈਸਲੇ ਨੇ ਨਾ ਸਿਰਫ ਵਿਨੇਸ਼ ਤੋਂ ਤਗ਼ਮਾ ਖੋਹ ਲਿਆ ਸਗੋਂ ਵਿਨੇਸ਼ ਦਾ ਆਪਣੇ ਵਿਰੋਧੀਆਂ ਨੂੰ ਹਰਾਉਣ ਦਾ ਹੌਂਸਲਾ ਵੀ ਤੋੜ ਦਿੱਤਾ। 2001 ਤੋਂ ਕੁਸ਼ਤੀ ਕਰ ਰਹੀ ਵਿਨੇਸ਼ ਨੇ ਆਖਰਕਾਰ 2024 ਵਿੱਚ ਖੇਡ ਨੂੰ ਅਲਵਿਦਾ ਕਹਿ ਦਿੱਤਾ।
ਵਿਨੇਸ਼ ਨੇ ਬੀਤੇ ਮੰਗਲਵਾਰ ਨੂੰ ਉਲੰਪਿਕ ਦੇ ਫਾਈਨਲ ’ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਸੀ। ਪੈਰਿਸ ਉਲੰਪਿਕ ਦੇ ਫਾਈਨਲ ਮੈਚ ਤੋਂ ਪਹਿਲਾਂ ਉਸ ਦਾ ਭਾਰ ਜ਼ਿਆਦਾ ਪਾਇਆ ਗਿਆ ਸੀ ਅਤੇ ਉਸ ਨੂੰ ਮੁਕਾਬਲੇ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ।
ਵਿਨੇਸ਼ ਦਾ ਵਜ਼ਨ 50 ਕਿਲੋਗ੍ਰਾਮ ਦੀ ਸੀਮਾ ਤੋਂ 100 ਗ੍ਰਾਮ ਵੱਧ ਪਾਇਆ ਗਿਆ ਅਤੇ ਇਸ ਤਰ੍ਹਾਂ ਉਸ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਯੂਨਾਈਟਿਡ ਵਰਲਡ ਰੈਸਲਿੰਗ ਨਿਯਮਾਂ ਦੇ ਮੁਤਾਬਕ ਆਖਰੀ ਰੈਂਕ ’ਤੇ ਰਹੀ।
ਵਿਨੇਸ਼ ਫੋਗਾਟ ਨੇ ਫਾਈਨਲ ’ਚ ਪਹੁੰਚ ਕੇ ਖੁਦ ਨੂੰ ਘੱਟੋ-ਘੱਟ ਚਾਂਦੀ ਦਾ ਤਗ਼ਮਾ ਯਕੀਨੀ ਬਣਾਇਆ ਸੀ ਪਰ ਓਲੰਪਿਕ ਨਿਯਮਾਂ ਕਾਰਨ ਅਯੋਗ ਕਰਾਰ ਦਿੱਤੇ ਜਾਣ ਕਾਰਨ ਉਸ ਨੂੰ ਤਗ਼ਮਾ ਨਾ ਦੇਣ ਦਾ ਫੈਸਲਾ ਕੀਤਾ ਗਿਆ।