ਅੰਮ੍ਰਿਤਸਰ:
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿੱਚ ਸ਼ਾਮਲ ਵਿਰੋਧੀ ਧਿਰ ਦੇ ਮੈਂਬਰ ਜਸਵੰਤ ਸਿੰਘ ਪੁੜੈਨ ਤੇ ਉਨ੍ਹਾਂ ਦੇ ਸਾਥੀਆਂ ਨੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਫ਼ਾਰਗ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਆਖਿਆ ਕਿ ਇਹ ਫ਼ੈਸਲਾ ਸਿਆਸਤ ਤੋਂ ਪ੍ਰੇਰਿਤ ਹੈ। ਮੀਡੀਆ ਨਾਲ ਗੱਲ ਕਰਦਿਆਂ ਜਸਵੰਤ ਸਿੰਘ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੇ ਏਜੰਡੇ ਵਿੱਚ ਇਹ ਮਾਮਲਾ ਸ਼ਾਮਲ ਨਹੀਂ ਸੀ ਅਤੇ ਮੀਟਿੰਗ ਦੇ ਅੰਤ ਵਿੱਚ ਜਾਂਚ ਕਮੇਟੀ ਵੱਲੋਂ ਰਿਪੋਰਟ ਸੌਂਪਣ ਮਗਰੋਂ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟ ਸਿਰਫ਼ ਪੜ੍ਹ ਕੇ ਸੁਣਾਈ ਗਈ ਹੈ ਅਤੇ ਇਹ ਫ਼ੈਸਲਾ ਸਿਧਾਂਤਕ ਤੌਰ ’ਤੇ ਗਲਤ ਹੈ। ਉਨ੍ਹਾਂ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ, ਅਧਿਕਾਰ ਖੇਤਰ ਅਤੇ ਸੇਵਾ ਨਿਯਮ ਬਣਾਉਣ ਦਾ ਮੁੱਦਾ ਵੀ ਉਭਾਰਿਆ।