ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਗ਼ੈਰ ਕਾਨੂੰਨੀ ਪਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਨੂੰ ਲੈ ਕੇ ਡਾਊਨ ਟਾਊਨ ਲਾਸ ਏਂਜਲਸ ਵਿੱਚ ਵਿਰੋਧ ਪ੍ਰਦਰਸ਼ਨ ਨਿਰੰਤਰ ਜਾਰੀ ਹਨ। ਲਾਸ ਏਂਜਲਸ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਪਿਛਲੇ 5 ਦਿਨਾਂ ਦੌਰਾਨ 385 ਤੋਂ ਵਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ 200 ਉਹ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਕਰਫ਼ਿਊ ਲੱਗਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ਵਿੱਚ ਕਿੰਨੇ ਗ਼ੈਰ ਕਾਨੂੰਨੀ ਪਰਵਾਸੀ ਹਨ ਹਾਲਾਂ ਕਿ ਅਪੁਸ਼ਟ ਖ਼ਬਰਾਂ ਅਨੁਸਾਰ ਇਨ੍ਹਾਂ ਵਿੱਚ ਜਿਆਦਾਤਰ ਪਰਵਾਸੀ ਹੀ ਹਨ। ਯੂ. ਐਸ. ਅਟਾਰਨੀ ਬਿੱਲ ਐਸੇਲੀ ਨੇ ਕਿਹਾ ਹੈ ਕਿ 9 ਵਿਅਕਤੀਆਂ ਨੂੰ ਹਿੰਸਾ ਫ਼ੈਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿਰੁੱਧ ਪ੍ਰਦਰਸ਼ਨਾਂ ਨਾਲ ਸਬੰਧਿਤ ਸੰਘੀ ਦੋਸ਼ ਆਇਦ ਕੀਤੇ ਗਏ ਹਨ। ਪੈਰਾਮਾਊਂਟ ਵਾਸੀ ਐਮਿਲਿਆਨੋ ਗਾਰਡਨੋ ਗਲਵੇਜ਼ (23) ਤੇ ਲਾਂਗ ਬੀਚ ਵਾਸੀ ਵਰੈਕੀ ਕੁਓਗੂ (27) ਨੂੰ ਤਬਾਹੀ ਮਚਾਉਣ ਵਾਲੇ ਹੱਥਿਆਰ ਰੱਖਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਮਾਰੇ ਜਾ ਰਹੇ ਛਾਪਿਆਂ ਦੇ ਵਿਰੋਧ ਵਿੱਚ ਨਿਊਯਾਰਕ, ਡੈਨਵਰ, ਫ਼ਿਲਾਡੈਲਫ਼ੀਆ ਤੇ ਸੈਨ ਫ਼ਰਾਂਸਿਸਕੋ ਵਿੱਚ ਵੀ ਪ੍ਰਦਰਸ਼ਨ ਹੋਣ ਦੀਆਂ ਖਬਰਾਂ ਹਨ ਜਿਥੇ ਦਰਜ਼ਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਪੈਂਟਾਗਨ ਨੂੰ ਕਿਹਾ ਹੈ ਕਿ ਬੈਨਿੰਗ, ਜਾਰਜੀਆ ਤੇ ਵਾਓਮਿੰਗ ਤੋਂ ਹੱਥਿਆਰ ਲਾਸ ਏਂਜਲਸ ਲਿਆਉਣ ਵਿੱਚ ਮਦਦ ਕੀਤੀ ਜਾਵੇ । ਹਾਲਾਂ ਕਿ ਇਹ ਸਪੱਸ਼ਟ ਨਹੀਂ ਹੈ ਕਿ ਹੋਮਲੈਂਡ ਸਿਕਿਉਰਿਟੀ ਅਧਿਕਾਰੀ ਕਿਸ
ਕਿਸਮ ਦੇ ਹੱਥਿਆਰਾਂ ਦੀ ਮੰਗ ਕਰ ਰਹੇ ਹਨ ਤੇ ਇਹ ਹੱਥਿਆਰ ਕਿਨਾਂ ਵਿਰੁੱਧ ਵਰਤੇ ਜਾਣਗੇ। ਹੋਮਲੈਂਡ ਸਕਿਉਰਿਟੀ ਵਿਭਾਗ ਦੀ ਇਸ ਮੰਗ ਉਪਰ ਪੈਂਟਾਗਨ ਵਿਚਾਰ ਕਰ ਰਿਹਾ ਹੈ।
ਮੇਅਰ ਸਮੇਤ ਹੋਰ ਆਗੂਆਂ ਵੱਲੋਂ ਵਿਰੋਧ- ਲਾਸ ਏਂਜਲਸ ਦੀ ਮੇਅਰ ਕਾਰੇਨ ਬਾਸ ਤੇ ਦੱਖਣੀ ਕੈਲੀਫ਼ੋਰਨੀਆ ਦੇ 30 ਹੋਰ ਆਗੂਆਂ ਨੇ ਟਰੰਪ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਰਵਾਸੀਆਂ ਵਿਰੁੱਧ ਕਾਰਵਾਈ ਤੁਰੰਤ ਰੋਕੀ ਜਾਵੇ। ਮੇਅਰ ਨੇ ਕਿਹਾ ਹੈ ਕਿ ਅਸੀਂ ਸਾਰੇ ਉਨ੍ਹਾਂ ਸ਼ਹਿਰਾਂ ਦੀ ਨੁਮਾਇੰਦਗੀ ਕਰਦੇ ਹਾਂ ਜਿਥੇ ਪਰਵਾਸੀਆਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਲੋਕ ਡਰ ਦੇ ਸਾਏ ਹੇਠ ਜੀ ਰਹੇ ਹਨ, ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਮੇਅਰ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਰਾਸ਼ਟਰ ਵਿਆਪੀ ਤਜ਼ਰਬਾ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਸੰਘੀ ਸਰਕਾਰ ਗਵਰਨਰ ਤੇ ਸਥਾਨਕ ਨਿਆਂਪਾਲਿਕਾ ਕੋਲੋਂ ਸੱਤਾ ਤੇ ਅਧਿਕਾਰ ਖੋਹ ਸਕਦੀ ਹੈ।
ਬਾਸ ਨੇ ਦੋਸ਼ ਲਾਇਆ ਹੈ ਕਿ ਟਰੰਪ ਪ੍ਰਸ਼ਾਸਨ ਜਾਣਬੁੱਝ ਕੇ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਘਰਾਂ ਤੇ ਕੰਮ ਵਾਲੀਆਂ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ, ਮਾਪਿਆਂ ਤੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤਾਂ ਇਹ ਲੋਕਾਂ ਨੂੰ ਸੁਰੱਖਿਅਤ ਕਰਨ ਦੀ ਕਾਰਵਾਈ ਨਹੀਂ ਹੈ ਬਲ ਕਿ ਡਰ ਤੇ ਅਫ਼ਰਾ ਤਫ਼ਰੀ ਫ਼ੈਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
![]()
