ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਇਰਾਨ- ਅਮਰੀਕਾ ਵਿਚਾਲੇ ਤਣਾਅ

In ਮੁੱਖ ਖ਼ਬਰਾਂ
January 21, 2026

ਤਹਿਰਾਨ/ਏ.ਟੀ.ਨਿਊਜ਼: ਇਰਾਨ ਵਿੱਚ ਵਿਰੋਧ ਪ੍ਰਦਰਸ਼ਨਾਂ ਨੇ ਪੂਰੇ ਵਿਸ਼ਵ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਹ ਪ੍ਰਦਰਸ਼ਨ ਦਸੰਬਰ 2025 ਦੇ ਅਖੀਰ ਵਿੱਚ ਸ਼ੁਰੂ ਹੋਏ ਅਤੇ ਹੁਣ ਦੇਸ਼ ਭਰ ਵਿੱਚ ਫੈਲ ਗਏ ਹਨ। ਆਰਥਿਕ ਸੰਕਟ, ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਲੋਕਾਂ ਨੂੰ ਸੜਕਾਂ ’ਤੇ ਉੱਤਰਨ ਲਈ ਮਜਬੂਰ ਕੀਤਾ ਹੈ। ਰੀਆਲ ਦੀ ਕੀਮਤ ਰਿਕਾਰਡ ਨੀਵੇਂ ਪੱਧਰ ’ਤੇ ਪਹੁੰਚ ਗਈ ਹੈ ਅਤੇ ਮਹਿੰਗਾਈ 42 ਫੀਸਦੀ ਤੋਂ ਵੱਧ ਹੈ। ਪਾਣੀ ਦੀ ਕਮੀ ਅਤੇ ਬਿਜਲੀ ਦੀਆਂ ਕਟੌਤੀਆਂ ਨੇ ਵੀ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।
ਸਰਕਾਰੀ ਸਖਤ ਕਾਰਵਾਈ ਦੌਰਾਨ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਲੱਖਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਯੂਐੱਨ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਮੌਤਾਂ ਦੀ ਗਿਣਤੀ 5,000 ਤੋਂ ਲੈ ਕੇ 20,000 ਤੱਕ ਦੱਸੀ ਹੈ।
ਵਿਰੋਧ ਪ੍ਰਦਰਸ਼ਨ ਤਿੱਖੇ ਹੋਣ ਦੇ ਕਾਰਨ ਅਮਰੀਕੀ ਪਾਬੰਦੀਆਂ ਅਤੇ ਖੇਤਰੀ ਸੰਕਟ ਹਨ। ਇਰਾਨੀ ਅਰਥਵਿਵਸਥਾ ਤਬਾਹ ਹੋ ਚੁੱਕੀ ਹੈ। ਲੋਕ ਆਰਥਿਕ ਮੰਗਾਂ ਤੋਂ ਅੱਗੇ ਵਧ ਕੇ ਸੱਤਾ ਬਦਲਾਅ ਦੀ ਮੰਗ ਕਰ ਰਹੇ ਹਨ। ਰਾਇਲ ਪਹਿਲਵੀ ਦੇ ਪੁੱਤਰ ਰੇਜ਼ਾ ਪਹਿਲਵੀ ਨੂੰ ਵਾਪਸ ਲਿਆਉਣ ਦੀਆਂ ਆਵਾਜ਼ਾਂ ਵੀ ਉੱਠ ਰਹੀਆਂ ਹਨ। ਬਰੂਕਿੰਗਸ ਇੰਸਟੀਚਿਊਟ ਨੇ ਕਿਹਾ ਕਿ ਇਹ ਅੰਦੋਲਨ ਇਰਾਨੀ ਹਕੂਮਤ ਲਈ ਸਭ ਤੋਂ ਵੱਡੀ ਚੁਣੌਤੀ ਹੈ, ਖਾਸ ਕਰ ਅਲੀ ਖਾਮੇਨੇਈ ਦੀ ਉਮਰ ਅਤੇ ਅਨਿਸ਼ਚਿਤਤਾ ਕਾਰਨ। ਇੰਟਰਨੈੱਟ ਬੰਦ ਅਤੇ ਸੰਚਾਰ ਸੇਵਾਵਾਂ ਰੋਕਣ ਨਾਲ ਸਥਿਤੀ ਹੋਰ ਗੰਭੀਰ ਹੋ ਗਈ ਹੈ।
ਕੀ ਤਖਤਾ ਪਲਟ ਹੋ ਸਕਦਾ ਹੈ?
ਲੋਕ ਖਾਮੇਨੇਈ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਖਾਮੇਨੇਈ ਦਾ 37 ਸਾਲਾਂ ਦਾ ਰਾਜ ਖਤਮ ਹੋਣ ਦਾ ਵਕਤ ਆ ਗਿਆ ਹੈ ਪਰ ਸੁਰੱਖਿਆ ਬਲਾਂ ਦੀ ਸਖ਼ਤੀ ਨਾਲ ਨਾਲ ਪ੍ਰਦਰਸ਼ਨ ਘੱਟ ਹੋ ਗਏ ਹਨ। ਹਾਲਾਂਕਿ ਇਹ ਅਸਥਾਈ ਹੋ ਸਕਦਾ ਹੈ ,ਕਿਉਂਕਿ ਆਰਥਿਕ ਸਮੱਸਿਆਵਾਂ ਲੋਕਾਂ ਉਪਰ ਭਾਰੂ ਹਨ।
ਅਮਰੀਕਾ ਦੀ ਦਖਲਅੰਦਾਜ਼ੀ ਵਧੀ ਹੈ। ਟਰੰਪ ਨੇ ਸ਼ੁਰੂ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇ ਹਿੰਸਾ ਜਾਰੀ ਰਹੀ ਤਾਂ ਅਮਰੀਕਾ ਫੌਜੀ ਕਾਰਵਾਈ ਕਰੇਗਾ ਪਰ ਬਾਅਦ ਵਿੱਚ ਰੁਖ ਨਰਮ ਕੀਤਾ ਜਦੋਂ ਇਰਾਨ ਨੇ ਬਾਗੀ ਲੋਕਾਂ ਦੀਆਂ ਫਾਂਸੀਆਂ ਰੋਕਣ ਦਾ ਵਾਅਦਾ ਕੀਤਾ। ਹੁਣ ਟਰੰਪ ਨੇ ਖਾਮੇਨੇਈ ਨੂੰ ਬਿਮਾਰ ਆਦਮੀ ਕਿਹਾ ਅਤੇ ਨਵੀਂ ਲੀਡਰਸ਼ਿਪ ਦੀ ਮੰਗ ਕੀਤੀ ਹੈ।
ਟਰੰਪ ਨੇ ਚਿਤਾਵਨੀ ਦਿੱਤੀ ਕਿ ਸਾਰੇ ਵਿਕਲਪ ਖੁੱਲ੍ਹੇ ਹਨ, ਜਿਸ ਵਿੱਚ ਟਾਮਹਾਕ ਮਿਜ਼ਾਈਲ, ਜੈੱਸਮ ਮਿਜ਼ਾਈਲ ਅਤੇ ਸਾਈਬਰ ਅਟੈਕ ਸ਼ਾਮਲ ਹਨ। ਈਰਾਨ ਨੇ ਅਮਰੀਕੀ ਬੇਸਾਂ ’ਤੇ ਹਮਲੇ ਦੀ ਧਮਕੀ ਦਿੱਤੀ ਹੈ। ਪਰ ਨਿਊ ਲਾਈਨਜ਼ ਇੰਸਟੀਚਿਊਟ ਨੇ ਕਿਹਾ ਕਿ ਅਮਰੀਕੀ ਹਮਲਾ ਇਰਾਨੀ ਹਕੂਮਤ ਨੂੰ ਮਜ਼ਬੂਤ ਕਰ ਸਕਦਾ ਹੈ।ਪਰ ਡਰ ਹੈ ਕਿ ਇਹ ਵੱਡਾ ਯੁੱਧ ਬਣ ਸਕਦਾ ਹੈ।
ਭਾਰਤ ਲਈ ਚਿੰਤਾ ਵੱਡੀ ਹੈ, ਖਾਸ ਕਰ ਚਾਬਹਾਰ ਪੋਰਟ ਨੂੰ ਲੈ ਕੇ। ਭਾਰਤ ਨੇ ਇਸ ਵਿੱਚ 1 ਅਰਬ ਡਾਲਰ ਤੋਂ ਵੱਧ ਨਿਵੇਸ਼ ਕੀਤਾ ਹੈ। ਇਸ ਦਾ ਮਕਸਦ ਪਾਕਿਸਤਾਨ ਨੂੰ ਬਾਈਪਾਸ ਕਰ ਕੇ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਪਹੁੰਚ ਬਣਾਉਣਾ ਹੈ।ਜੇ ਇਰਾਨ ਅਸਥਿਰ ਹੋਇਆ ਤਾਂ ਭਾਰਤ ਦੀ ਰਣਨੀਤਕ ਪਹੁੰਚ ਖਤਰੇ ਵਿੱਚ ਪੈ ਜਾਵੇਗੀ। ਇਕਨਾਮਿਕ ਟਾਈਮਜ਼ ਮੁਤਾਬਕ, ਅਸਥਿਰਤਾ ਨਾਲ ਭਾਰਤ ਦੇ 1.3 ਤੋਂ 1.7 ਬਿਲੀਅਨ ਡਾਲਰ ਦੇ ਵਪਾਰ ’ਤੇ ਅਸਰ ਪੈ ਸਕਦਾ ਹੈ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਜਨ ਕੁਮਾਰ ਨੇ ਕਿਹਾ ਕਿ ਖਾਮੇਨੇਈ ਤੋਂ ਬਾਅਦ ਸੱਤਾ ਸੰਘਰਸ਼ ਨਾਲ ਚਾਬਹਾਰ ਵਰਗੇ ਪ੍ਰੋਜੈਕਟ ਖਤਰੇ ਵਿੱਚ ਪੈ ਸਕਦੇ ਹਨ।
ਪਾਕਿਸਤਾਨ ਨੂੰ ਇਸ ਸੰਕਟ ਵਿੱਚ ਫਾਇਦਾ ਮਿਲ ਸਕਦਾ ਹੈ। ਇਰਾਨ ਦੀ ਕਮਜ਼ੋਰੀ ਨਾਲ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਵਿੱਚ ਪਾਕਿਸਤਾਨ ਦਾ ਪ੍ਰਭਾਵ ਵਧੇਗਾ। ਮਨੀਕੰਟਰੋਲ ਮੁਤਾਬਕ, ਇਸ ਨਾਲ ਚੀਨ ਨੂੰ ਵੀ ਫਾਇਦਾ ਮਿਲੇਗਾ, ਕਿਉਂਕਿ ਚੀਨ-ਇਰਾਨ ਵਿੱਚ 25 ਸਾਲਾਂ ਦਾ ਸਮਝੌਤਾ ਹੈ।
ਭਾਰਤ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕਦਮ ਚੁੱਕੇ ਹਨ। ਇਰਾਨ ਵਿੱਚ ਲਗਭਗ 9,000 ਤੋਂ 10,000 ਭਾਰਤੀ ਹਨ, ਜਿਨ੍ਹਾਂ ਵਿੱਚ ਵਿਦਿਆਰਥੀ, ਵਪਾਰੀ ਅਤੇ ਤੀਰਥ ਯਾਤਰੀ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਭਾਰਤੀ ਇਰਾਨ ਛੱਡ ਦੇਣ। ਵਿਸ਼ੇਸ਼ ਫਲਾਈਟਾਂ ਨਾਲ ਕਈ ਵਾਪਸ ਆਏ ਹਨ। ਰਿਪੋਰਟਾਂ ਮੁਤਾਬਕ, ਹੁਣ ਤੱਕ ਲਗਭਗ 2,000 ਤੋਂ ਵੱਧ ਭਾਰਤੀ ਵਾਪਸ ਪਰਤੇ ਹਨ, ਖਾਸ ਕਰ ਵਿਦਿਆਰਥੀ। 16 ਭਾਰਤੀ ਕਰੂ ਮੈਂਬਰ ਇਰਾਨ ਵਿੱਚ ਹਿਰਾਸਤ ਵਿੱਚ ਹਨ, ਜਿਨ੍ਹਾਂ ਨੂੰ ਛਡਾਉਣ ਲਈ ਭਾਰਤ ਕੋਸ਼ਿਸ਼ ਕਰ ਰਿਹਾ ਹੈ।
ਇਸ ਸੰਕਟ ਨੇ ਭਾਰਤ ਦੀ ਵਿਦੇਸ਼ ਨੀਤੀ ਨੂੰ ਨਵੇਂ ਸਿਰੇ ਨਾਲ ਵੇਖਣ ਦੀ ਜ਼ਰੂਰਤ ਪੈਦਾ ਕੀਤੀ ਹੈ। ਇਰਾਨ ਨਾਲ ਰਿਸ਼ਤੇ ਪੁਰਾਣੇ ਅਤੇ ਰਣਨੀਤਕ ਹਨ। ਭਾਰਤ ਤਹਿਰਾਨ, ਰਿਆਦ, ਅਬੂ ਧਾਬੀ, ਤੇਲ ਅਵੀਵ ਅਤੇ ਵਾਸ਼ਿੰਗਟਨ ਨਾਲ ਸੰਤੁਲਨ ਬਣਾ ਰਿਹਾ ਹੈ। ਅਸਥਿਰਤਾ ਨਾਲ ਭਾਰਤ ਨੂੰ ਨਵੇਂ ਵਿਕਲਪ ਲੱਭਣੇ ਪੈਣਗੇ। ਵਿਸ਼ਲੇਸ਼ਕ ਕਹਿੰਦੇ ਹਨ ਕਿ ਭਾਰਤ ਨੂੰ ਅਮਰੀਕਾ, ਰੂਸ ਅਤੇ ਹੋਰ ਸ਼ਕਤੀਆਂ ਨਾਲ ਸੰਪਰਕ ਵਧਾਉਣਾ ਚਾਹੀਦਾ ਹੈ। ਇਰਾਨ ਨੇ ਆਈਐੱਸਆਈਐੱਸ ਅਤੇ ਤਾਲਿਬਾਨ ਵਿਰੁੱਧ ਭਾਰਤ ਨਾਲ ਸਹਿਯੋਗ ਕੀਤਾ ਹੈ। ਹੁਣ ਰਣਨੀਤਕ ਸਾਵਧਾਨੀ ਅਤੇ ਜੁੜਾਅ ਦੀ ਜ਼ਰੂਰਤ ਹੈ।

Loading