ਵਿਸ਼ਵੀਕਰਨ ਦਾ ਹੁਣ ਤੱਕ ਪੰਜਾਬ ਤੇ ਪਿਆ ਪ੍ਰਭਾਵ

In ਮੁੱਖ ਲੇਖ
January 18, 2025
ਵਿਸ਼ਵੀਕਰਨ ਜਾ ਉਦਾਰੀਕਰਨ ਦੀ ਸ਼ੁਰੂਆਤ 1990 ਦੇ ਲਗਭਗ ਹੋਈ, ਜਦ ਮਲਟੀਨੈਸ਼ਨਲ ਕੰਪਨੀਆਂ ਨੇ ਦੁਨੀਆ ਵਿੱਚ ਫੈਲਣਾ ਸ਼ੁਰੂ ਕੀਤਾ। ਸਾਰੀ ਦੁਨੀਆਂ ਇੱਕ ਪਿੰਡ ਦਾ ਹਿੱਸਾ ਬਣ ਗਈ। ਆਉਣ ਜਾਣ ਦੇ ਰਾਹ ਮੋਕਲੇ ਹੋਏ।ਇੱਕ ਦੇਸ਼ ਦੀਆਂ ਵਸਤਾਂ ਦੂਜੇ ਦੇਸ਼ ਵਿੱਚ ਅਸਾਨੀ ਨਾਲ ਆਉਣ ਜਾਣ ਤੇ ਵਿਕਣ ਲੱਗ ਪਈਆਂ।ਇੱਕ ਦੂਜੇ ਦੇਸ਼ ਵਿੱਚ ਵਪਾਰ ਕਰਨਾ ਸੌਖਾ ਹੋਇਆ।ਇੱਕ ਦੂਜੇ ਦੇਸ਼ ਦਾ ਵੀਜ਼ਾ ਅਸਾਨੀ ਨਾਲ ਮਿਲਣ ਲੱਗਿਆ।ਇਹ ਨਿਸ਼ਚਿਤ ਹੀ ਸੀ,ਕਿ ਇਸ ਨਾਲ ਇੱਕ ਦੇਸ਼ , ਮਹਾਂਦੀਪ ਦਾ ਖਾਣ-ਪੀਣ ,ਰਹਿਣ-ਸਹਿਣ, ਪਹਿਰਾਵਾ ਤੇ ਸਭਿਆਚਾਰ ਵੀ ਦੂਜੇ ਦੇਸ਼ ਜਾਂ ਮਹਾਂਦੀਪ ਵਿੱਚ ਜਾਣਗੇ। ਵਿਸ਼ਵੀਕਰਨ ਹੈ ਕੀ? ਜੇਕਰ ਮਾਹਿਰਾਂ ਮੁਤਾਬਕ ਮੰਨੀਏ ਤਾਂ ਵਰਲਡ ਟਰੇਡ ਆਰਗੇਨਾਈਜੇਸ਼ਨ ਅਨੁਸਾਰ ਇਹ ਵਣਜ-ਵਪਾਰ, ਆਵਾਜਾਈ ਤੇ ਮਨੁੱਖ ਦੇ ਇੱਕ ਦੂਜੇ ਦੇਸ਼ ਵਿੱਚ ਆਉਣ-ਜਾਣ ਦੀ ਖੁੱਲ੍ਹ ਹੈ। ਮੈਲਕਮ ਵਾਰਟਰ ਅਨੁਸਾਰ ਇਹ ਸਮਾਜਿਕ, ਰਾਜਨੀਤਕ ਅਤੇ ਆਰਥਿਕ ਤੌਰ ਦੇ ਦੇਸ਼ਾਂ ਦੇ ਆਪਸੀ ਅਦਾਨ-ਪ੍ਰਦਾਨ ਦਾ ਨਾਮ ਹੈ। ਮਤਲਬ ਇਹੀ ਸਿੱਧ ਹੁੰਦਾ ਹੈ ਕਿ ਸਾਰੀ ਦੁਨੀਆਂ ਦਾ ਇੱਕ ਮੰਚ,ਇੱਕ ਮੰਡੀ ਦਾ ਹਿੱਸਾ ਬਣ ਜਾਣਾ ਵਿਸ਼ਵੀਕਰਨ ਕਹਾਉਂਦਾ ਹੈ। ਭਾਰਤ ਵਿੱਚ ਇਹ ਭਾਰਤ ਦੀ ਮਜਬੂਰੀ ਜਾਂ ਲੋੜ ਸੀ ਕਿ ਭਾਰਤ ਨੂੰ ਇਸ ਲਈ ਆਪਣੇ ਦਰਵਾਜ਼ੇ ਖੋਲ੍ਹਣੇ ਪਏ।ਇਸ ਦੇ ਸੰਬੰਧੀ ਹਾਂ ਪੱਖੀ ਤੇ ਨਾਂਹ ਪੱਖੀ ਦੋਵੇਂ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਕੁਝ ਇਸ ਨੂੰ ਵਿਰੋਧ ਦੇ ਤੌਰ ਤੇ ਲੈਂਦੇ ਹਨ,ਜਦ ਕਿ ਕੁਝ ਇਸ ਦੇ ਹੱਕ ਵਿੱਚ ਹਨ।ਇਸ ਨਾਲ ਤੁਸੀਂ ਆਪਣਾ ਮਾਲ ਵੱਡੀ ਮੰਡੀ ਤੇ ਖੁੱਲ੍ਹੇ ਮੁਕਾਬਲੇ ਵਿੱਚ ਵੇਚ ਸਕਦੇ ਹੋ, ਉਥੇ ਹੀ ਖੁੱਲ੍ਹੀ ਮੰਡੀ ਵਿੱਚੋਂ ਵਧੀਆ ਤੇ ਸਸਤੀਆਂ ਵਸਤੂਆਂ ਵੀ ਖਰੀਦ ਸਕਦੇ ਹੋ। ਭਾਰਤ ਵਿੱਚ ਜਦ ਇਸ ਲਈ ਰਾਹ ਪੱਧਰਾ ਕੀਤਾ ਗਿਆ ਤਾਂ ਵੱਡੀਆਂ ਕੰਪਨੀਆਂ ਇਥੋਂ ਦੀ ਅਬਾਦੀ ਤੇ ਮੰਗ ਨੂੰ ਦੇਖ ਕੇ ,ਇੱਥੇ ਮਾਲ ਵੇਚਣ ਨੂੰ ਤਰਜੀਹ ਦੇਣ ਲੱਗੀਆਂ। ਇੱਥੇ ਥੋੜ੍ਹੇ ਸਾਲਾਂ ਵਿੱਚ ਹੀ ਕੰਪਨੀਆਂ ਆਪਣੇ ਫਰਿਜ਼ ,ਟੀਵੀ,ਓਵਨ, ਕਾਰਾਂ,ਸੌਫਟ ਡਰਿੰਕ ਹੋਰ ਬਹੁਤ ਕੁਝ ਲੈ ਆਈਆਂ। ਇੱਥੋਂ ਦੇ ਲੋਕ ਧੜਾਧੜ ਇਹਨਾਂ ਨੂੰ ਖਰੀਦਣ ਲੱਗ ਪਏ। ਇਸ ਨਾਲ ਲੋਕਾਂ ਨੂੰ ਆਮ ਵਸਤਾਂ ਸਸਤੀਆਂ ਤੇ ਵਧੀਆ ਉਪਲਬਧ ਹੋਣ ਲੱਗੀਆਂ। ਬਹੁਤੀਆ ਵਸਤਾਂ ਨੇ ਜੀਵਨ ਨੂੰ ਅਰਾਮਦਾਇਕ ਵੀ ਬਣਾ ਦਿੱਤਾ। ਮਸ਼ੀਨਾਂ ਘਰ , ਖੇਤੀਬਾੜੀ ਤੇ ਹੋਰ ਕੰਮਾਂ ਨੂੰ ਸੌਖਾ ਕਰਨ ਲੱਗੀਆਂ। ਲੋਕਾਂ ਦਾ ਜੀਵਨ ਪੱਧਰ ਉੱਪਰ ਉੱਠਿਆ ਹੈ। ਫਰਿਜ਼,ਟੀਵੀ,ਏਸੀ ,ਸਕੂਟਰ ਕਾਰਾਂ ਨੇ ਜੀਵਨ ਨੂੰ ਸੁਖਾਵਾਂ ਕਰ ਦਿੱਤਾ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਰੱਕੀ ਹੋਈ ਹੈ। ਜਿੱਥੋਂ ਇਹ ਕੰਪਨੀਆਂ ਆਈਆਂ ਸੀ ,ਉਥੋਂ ਉਹਨਾਂ ਦੇਸ਼ਾਂ ਦਾ ਸਭਿਆਚਾਰ ਵੀ ਨਾਲ ਹੀ ਆ ਗਿਆ। ਮਲਟੀਨੈਸ਼ਨਲ ਕੰਪਨੀਆਂ ਨੇ ਤਰ੍ਹਾਂ-ਤਰ੍ਹਾਂ ਦੇ ਪ੍ਰਚਾਰ ਰਾਹੀਂ ਹਰ ਘਰ ਤੱਕ ਦਸ਼ਤਕ ਦੇ ਦਿੱਤੀ। ਲੋਕਾਂ ਦਾ ਮਾਈਂਡ ਸੈਟ ਕੀਤਾ ਗਿਆ। ਕਰੋੜਾਂ ਰੁਪਏ ਪ੍ਰਚਾਰ ਤੇ ਖਰਚ ਕਰਕੇ ਲੋਕਾਂ ਨੂੰ ਆਪਣੀ ਸੋਚ, ਸਭਿਆਚਾਰ ਮੁਤਾਬਕ ਢਾਲ ਲਿਆ।ਜਿਸ ਨਾਲ ਇਥੇ ਖਾਣ-ਪੀਣ ,ਪਹਿਨਣ,ਕੰਮ ਕਾਰ ਕਰਨ ਦੇ ਢੰਗ ,ਰੀਤੀ ਰਿਵਾਜ, ਗੀਤ-ਸੰਗੀਤ ਵਿੱਚ ਬਹੁਤ ਤਬਦੀਲੀ ਆਈ। ਸਿਆਣੇ ਦੱਸਦੇ ਹਨ ਕਿ ਉਹਨਾਂ ਨੇ ਸੱਠ ਵਿਚ ਉਹ ਤਬਦੀਲੀ ਨਹੀਂ ਦੇਖੀ ਜਿਹੜੀ ਕਿ ਆਪਣੀ ਉਮਰ ਦੇ ਅਖੀਰਲੇ ਵੀਹ ਸਾਲਾਂ ਵਿੱਚ ਦੇਖ ਲਈ ਹੈ। ਪੰਜਾਬ ਜੋਂ ਕਿ ਖੇਤੀਬਾੜੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ, ਇਸ ਵਿੱਚ ਹੋਰ ਰਾਜਾਂ ਦੇ ਮੁਕਾਬਲੇ ਜ਼ਿਆਦਾ ਬਦਲਾਅ ਦੇਖਣ ਨੂੰ ਮਿਲਿਆ ਹੈ। ਪੰਜਾਬੀ ਲੋਕਾਂ ਦੀ ਜ਼ਿੰਦਗੀ ਜਿਉਣ ਦਾ ਆਪਣਾ ਢੰਗ ਸੀ,ਆਪਣਾ ਸਭਿਆਚਾਰ, ਆਪਣਾ ਖਾਣ-ਪੀਣ ਅਤੇ ਆਪਣਾ ਗੀਤ-ਸੰਗੀਤ ਸੀ। ਇਸੇ ਸਾਰੇ ਸਿਸਟਮ ਵਿੱਚ ਵੱਡੀ ਤਬਦੀਲੀ ਆਈ ਹੈ। ਸਭ ਤੋਂ ਪਹਿਲਾਂ ਖਾਣ ਪੀਣ ਦੀ ਗੱਲ ਕਰੀਏ ਤਾਂ ਇਸਨੇ ਸਾਡੀ ਪੂਰੀ ਰਸੋਈ ਬਦਲ ਕੇ ਰੱਖ ਦਿੱਤੀ ਹੈ। ਇਸ ਦਾ ਕੁੱਲ ਹਾਰ ਸ਼ਿੰਗਾਰ ਹੀ ਬਦਲ ਗਿਆ ਹੈ। ਲੈ ਮਧਾਣੀਆਂ ਤੋਂ ਪਤੀਲੇ,ਬਾਟੀਆਂ ਤੱਕ ਸਭ ਬਦਲ ਕੇ ਰੱਖ ਦਿੱਤਾ ਹੈ। ਬਾਟੀਆਂ ਵਿੱਚ ਚਾਹ ਲੱਸੀਆਂ ਪੀਣ ਵਾਲੇ ਹੁਣ ਕੱਪਾਂ ਤੇ ਆ ਗਏ ਹਨ। ਖਾਣਪੀਣ ਵਿੱਚ ਹੁਣ ਸਰ੍ਹੋਂ ਦਾ ਸਾਗ ,ਮੱਕੀ ਦੀ ਰੋਟੀ ,ਬਾਜਰੇ ਦੀ ਖਿਚੜੀ,ਮਰੂੰਡੇ, ਘਿਓ, ਲੱਸੀਆਂ ਸਭ ਬਦਲ ਦਿੱਤੀਆਂ ਹਨ। ਬੱਚਿਆਂ ਦੀ ਪਸੰਦ ਨਿਊਡਲ, ਮਕਰੌਨੀ, ਚਿਪਸ,ਪਾਸਤੇ ਤੇ ਬਰਗਰ-ਪੀਜ਼ੇ ਬਣ ਗਏ ਹਨ। ਉਹਨਾਂ ਨੂੰ ਘਰੇ ਬਣਿਆ ਕੁਝ ਪਸੰਦ ਨਹੀਂ ਆਉਂਦਾ। ਮਾਵਾਂ ਵੀ ਬਾਹਰ ਦਾ ਖਾ ਕੇ ਖੁਸ਼ ਹਨ ,ਉਹਨਾਂ ਨੂੰ ਘਰ ਰੋਟੀ ਪਕਾਉਣੀ ਔਖੀ ਲੱਗਦੀ ਹੈ।ਇਸ ਦਾ ਅਸਰ ਇਹ ਦਿਖ ਰਿਹਾ ਹੈ ਕਿ ਪੰਜਾਬੀ ਹੁਣ ਪਹਿਲਾਂ ਜਿਹੇ ਜੁੱਸਿਆਂ ਵਾਲੇ ਨਹੀਂ ਰਹੇ। ਜਿਹੜੇ ਪੰਜਾਬੀ ਦੁੱਧ ਮੱਖਣਾਂ ਨਾਲ ਪਲਦੇ ਸਨ,ਉਹਨਾ ਨੂੰ ਡਾਕਟਰ ਖਾਣ ਪੀਣ ਤੋਂ ਰੋਕ ਰਹੇ ਹਨ। ਪੰਜਾਬੀ ਵੱਖ ਵੱਖ ਤਰ੍ਹਾਂ ਦੇ ਅਟੈਕ ਦੇ ਸ਼ਿਕਾਰ ਹੋ ਰਹੇ ਹਨ।ਹਰੇਕ ਘਰ ਦਵਾਈਆਂ ਪਈਆਂ ਹਨ। ਇਹ ਸਿਹਤ ਪੱਖੋਂ ਇਹ ਪਛੜ ਗਏ ਹਨ । ਜ਼ਿਆਦਾਤਰ ਬੱਚਿਆਂ ਵਿੱਚ ਕਈ ਤਰ੍ਹਾਂ ਦੇ ਰੋਗ ਪਾਏ ਗਏ ਹਨ।ਉਹ ਮਲਟੀ ਵਿਟਾਮਿਨ ਦੀਆਂ ਗੋਲੀਆਂ ਨਾਲ ਤਾਕਤ ਪੂਰੀ ਕਰਦੇ ਹਨ।ਹੁਣ ਦਾਰੇ ਪਹਿਲਵਾਨ ਪੈਦਾ ਨਹੀਂ ਹੁੰਦੇ ਸਭਿਆਚਾਰ ਪੱਖੋਂ ਸਾਡਾ ਗੀਤ-ਸੰਗੀਤ, ਸਾਹਿਤ ਤੇ ਪਹਿਰਾਵਾ ਬਦਲ ਗਿਆ ਹੈ।ਜਿਸ ਪੱਧਰ ਦਾ ਸਾਹਿਤ ਪਹਿਲਾਂ ਰਚਿਆ ਗਿਆ ਸੀ । ਉਸ ਪੱਧਰ ਦੀ ਕੋਈ ਵੀ ਕਿਤਾਬ, ਗ੍ਰੰਥ ਇਸ ਗਲੋਬਲੀਕਰਨ ਤੋਂ ਬਾਅਦ ਨਹੀਂ ਛਪੀ।ਉਚ ਪਾਏ ਦੇ ਸਾਹਿਤ ਦਾ ਸੋਕਾ ਪੈ ਗਿਆ ਹੈ। ਪਹਿਲਾਂ ਵਾਲੇ ਕਵੀਆਂ, ਨਾਵਲਕਾਰਾਂ,ਜਾ ਵਾਰਤਕ ਲਿਖਣ ਵਾਲੇ ਸਾਹਿਤਕਾਰਾਂ ਦੀ ਘਾਟ ਹੈ। ਸਾਹਿਤ ਪੱਖੋਂ ਹਲਕੇ ਪੱਧਰ ਦਾ ਸਾਹਿਤ ਛਪ ਰਿਹਾ ਹੈ।ਨਾ ਹੀ ਉਹੋ ਜਿਹੇ ਪਾਠਕ ਲੱਭ ਰਹੇ ਹਨ। ਨਵੀਂ ਪੀੜ੍ਹੀ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ।ਉਹ ਆਪਣੇ ਸ਼ੋਰ-ਗੁਲ ਵਿੱਚ ਮਸਤ ਹੈ। ਗੀਤ-ਸੰਗੀਤ ਵਿੱਚ ਢਾਡੀ ਵਾਰਾਂ, ਚਿੱਠੇ , ਕਵੀਸ਼ਰੀ, ਗੀਤ, ਲੋਕ ਤੱਥ ਹੁਣ ਘੱਟ ਹੀ ਸੁਣਨ ਨੂੰ ਮਿਲਦੇ ਹਨ।ਹਲਕੇ ਪੱਧਰ ਦੇ ਗੀਤਾਂ ਨੇ ਵੱਡੇ ਵੱਡੇ ਸਪੀਕਰਾਂ ਵਿਚ ਵੱਜਣਾ ਸੁਰੂ ਕਰ ਦਿੱਤਾ ਹੈ,ਇਸ ਵਿੱਚ ਗੀਤ ਘੱਟ ਤੇ ਸਾਜ਼ ਜ਼ਿਆਦਾ ਰੌਲ਼ਾ ਪਾਉਂਦੇ ਹਨ। ਇਹ ਗੀਤ ਵੀ ਸ਼ਰਾਬ,ਕਲੱਬ ਕਲਚਰ,ਪਾਰਟੀ ਸਭਿਆਚਾਰ, ਹਥਿਆਰ, ਕੁੜੀਆਂ ਉਤੇ ਹੀ ਲਿਖੇ ਹੁੰਦੇ ਹਨ। ਸਾਡਾ ਟੇਸਟ ਹੀ ਅਜਿਹਾ ਬਣ ਗਿਆ ਹੈ ,ਜਾਂ ਬਣਾ ਦਿੱਤਾ ਗਿਆ ਹੈ।ਅਸੀਂ ਜੋ ਸੁਣ ਰਹੇ ਹਾਂ,ਉਹ ਉਹੀ ਗਾਂ ਰਹੇ ਹਨ, ਉਹ ਜੋ ਗਾ ਰਹੇ ਹਨ ,ਉਹੀ ਅਸੀਂ ਸੁਣ ਰਹੇ ਹਾਂ। ਪਹਿਰਾਵਾ ਵੀ ਬਦਲ ਗਿਆ ਹੈ । ਹੁਣ ਕੁੜਤੇ- ਚਾਦਰੇ ,ਕੈਂਠੇ ,ਕੱਢੀਆਂ ਜੁੱਤੀਆਂ ਨਜ਼ਰ ਨੀ ਪੈਂਦੀਆਂ ।ਕੁੜੀਆਂ ਮੁੰਡੇ ਜੀਨ ਕਲਚਰ ਨੂੰ ਅਪਣਾ ਰਹੇ ਹਨ। ਕਈ ਵਾਰ ਤਾਂ ਕੁੜੀ ਮੁੰਡੇ ਵਿੱਚ ਅੰਤਰ ਕਰਨਾ ਔਖਾ ਹੋ ਜਾਂਦਾ ਹੈ। ਸ਼ਹਿਰ ਵਿੱਚ ਮਾਵਾਂ ਦੇ ਪਹਿਰਾਵੇ ਦਾ ਕਲਚਰ ਵੀ ਬਦਲ ਗਿਆ ਹੈ। ਕੰਪਨੀਆਂ ਨੇ ਮਾਰਕੀਟ ਵਿੱਚ ਕੱਪੜਿਆਂ ਦੇ ਢੇਰ ਲਗਾ ਦਿੱਤੇ ਹਨ। ਲੋਕ ਬਰਾਂਡ ਨੂੰ ਤਰਜੀਹ ਦਿੰਦੇ ਹਨ। ਕੱਪੜੇ ਸ਼ਰੀਰਕ ਲੋੜ ਨਾ ਬਣਕੇ ਇੱਕ ਫੈਸ਼ਨ ਬਣ ਗਿਆ ਹੈ। ਕਈ ਵਾਰ ਪਹਿਨੇ ਕੱਪੜੇ ਦੇਖ ਸਿਆਣੇ ਆਦਮੀ ਵੀ ਸ਼ਰਮ ਮਹਿਸੂਸ ਕਰਦੇ ਹਨ। ਕੰਮਾਂ ਧੰਦਿਆਂ ਉੱਤੇ ਵੀ ਅਸਰ ਪਿਆ ਹੈ। ਪਿਤਾ ਪੁਰਖੀ ਕਿੱਤਿਆਂ ਨੂੰ ਮਸ਼ੀਨਾਂ ਖਾ ਗਈਆਂ ਹਨ। ਕੰਮ ਕਰਨ ਦੇ ਢੰਗ ਤਰੀਕੇ ਬਦਲ ਗਏ ਹਨ। ਬੇਰੁਜ਼ਗਾਰੀ ਵਧੀ ਹੈ ਕਿਉਂਕਿ ਕਈ ਬੰਦਿਆਂ ਦਾ ਕੰਮ ਹੁਣ ਮਸ਼ੀਨਾਂ ਹੀ ਕਰ ਦਿੰਦੀਆਂ ਹਨ। ਹੁਣ ਕੰਮਾਂ ਦੀ ਦਸ਼ਾ ਤੇ ਦਿਸ਼ਾ ਜਲਦੀ ਬਦਲ ਜਾਂਦੀ ਹੈ। ਮਕੈਨਿਕ ਦਾ ਕੰਮ ਘਟਿਆ ਹੈ, ਕਿਉਂਕਿ ਲੋਕ ਚੀਜ਼ ਖਰਾਬ ਹੋਏ ਤੋਂ ਨਵੀਂ ਲੈਣੀ ਪਸੰਦ ਕਰਦੇ ਹਨ। ਮੌਬਾਇਲ, ਟੀਵੀ ਤੇ ਗੇਮਾਂ ਨੇ ਨਵੀ ਪੀੜ੍ਹੀ ਉਪਰ ਬਹੁਤ ਅਸਰ ਪਾਇਆ ਹੈ। ਬੱਚਿਆਂ ਲਈ ਮੌਬਾਈਲ ਇੱਕ ਬੀਮਾਰੀ ਬਣ ਗਿਆ ਹੈ। ਉਹ ਕਈ ਕਈ ਘੰਟੇ ਮੌਬਾਇਲ ਉਪਰ ਗੇਮਾਂ ਖੇਡਦੇ ਬਰਬਾਦ ਕਰ ਦਿੰਦੇ ਹਨ। ਉਹਨਾਂ ਨੂੰ ਖੇਡ ਮੈਦਾਨ ਭੁੱਲ ਗਏ ਹਨ।ਇਸ ਨਾਲ ਬੱਚੇ ਆਪਣੀ ਜ਼ਿੰਦਗੀ ਦੇ ਉਦੇਸ਼ ਤੋਂ ਭਟਕ ਰਹੇ ਹਨ ਤੇ ਨਾਲ ਹੀ ਮਾਨਸਿਕ ਤੇ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਇਹ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਖਪਤਕਾਰੀ ਸਭਿਆਚਾਰ ਵੱਧ ਗਿਆ ਹੈ। ਲੋਕ ਵੱਧ ਖਰਚ ਕਰਦੇ ਹਨ। ਉਹ ਕੱਪੜੇ ,ਘਰ ਦੀਆਂ ਸਹੂਲਤਾਂ ਤੇ ਹੋਰ ਵਾਧੂ ਰੁਪਏ ਖਰਚ ਕਰਦੇ ਹਨ। ਸਮਾਨ ਨਾਲ ਘਰ ਭਰੇ ਪਏ ਹਨ। ਅਲਮਾਰੀਆਂ ਕੱਪੜਿਆਂ ਨਾਲ ਭਰੀਆਂ ਪਈਆਂ ਹਨ। ਕਈ ਵਾਰ ਅਸੀਂ ਉਹ ਚੀਜ਼ਾਂ ਵੀ ਖਰੀਦ ਲੈ ਆਉਂਦੇ ਹਨ ,ਜਿਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਮਲਟੀਨੈਸ਼ਨਲ ਕੰਪਨੀਆਂ ਡਾਉਨਪੇਅਮੈਂਟ ਤੇ ਫਰਿਜ਼ ,ਕਾਰ ,ਮਸ਼ੀਨਾਂ ਤੇ ਮੋਟਰਸਾਈਕਲ ਤੇ ਹੋਰ ਬਹੁਤ ਕੁਝ ਵੇਚ ਰਹੀਆਂ ਹਨ। ਸਾਨੂੰ ਕੰਪਨੀਆਂ ਆਪਣੇ ਮੁਤਾਬਿਕ ਚਲਾਉਂਦੀਆਂ ਹਨ। ਲੋਕਾਂ ਦਾ ਮਨ ਪੜ੍ਹਿਆ ਜਾਂਦਾ ਹੈ । ਔਰਤਾਂ ਨੂੰ ਇਸ ਕਾਰਜ ਲਈ ਫੋਟੋ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਹਰੇਕ ਪ੍ਰੋਡਕਟ ਤੇ ਉਸ ਨੂੰ ਮਾਡਲ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਤੁਹਾਨੂੰ ਫਿਰ ਚੀਜ਼ ਵਰਤਣੀ ਹੀ ਪੈਂਦੀ ਹੈ ।ਕੰਪਨੀਆਂ ਤੁਹਾਨੂੰ ਇਹ ਅਹਿਸਾਸ ਕਰਵਾ ਦਿੰਦੀਆਂ ਹਨ ਕਿ ਤੁਹਾਨੂੰ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ।ਇਸਦੇ ਬਿਨਾਂ ਤੁਸੀਂ ਅਧੂਰੇ ਹੋ । ਆਦਮੀ ਇਹ ਮਹਿਸੂਸ ਕਰਨ ਲੱਗ ਜਾਂਦਾ ਵੀ ਜੇਕਰ ਮੇਰੇ ਕੋਲ ਇਹ ਨਹੀਂ,ਜਾ ਮੈਂ ਇਹ ਚੀਜ਼ ਵਰਤੀ ਨਹੀਂ, ਜਾ ਮੈਂ ਇਹ ਲੈ ਨੀ ਸਕਦਾ ਤਾਂ ਉਹ ਆਪਣੇ ਆਪ ਨੂੰ ਹੀਣ ਸਮਝਣ ਲੱਗ ਪੈਂਦਾ ਹੈ। ਇਹਨਾਂ ਸਾਧਨਾਂ ਨੂੰ ਖਰੀਦਣ ਤੇ ਮੇਨਟੇਨ ਕਰਨ ਲਈ ਖਰਚ ਵੀ ਵਧ ਗਏ,ਜਿਸ ਨਾਲ ਆਦਮੀ ਦੀ ਭੱਜ ਦੌੜ ਵਧ ਗਈ ਹੈ । ਹੁਣ ਦੋਵੇਂ ਮੀਆਂ ਬੀਵੀ ਕੰਮ ਕਰਕੇ ਵੀ ਇਸ ਦੌੜ ਵਿੱਚ ਪਿੱਛੇ ਰਹਿ ਰਹੇ ਪ੍ਰਤੀਤ ਹੁੰਦੇ ਹਨ। ਮਹਿੰਗਾਈ ਵਧ ਰਹੀ ਹੈ। ਆਮਦਨ ਦੇ ਸਾਧਨ ਘਟ ਰਹੇ ਹਨ। ਪੰਜਾਬੀਆਂ ਵਿੱਚ ਬਚਤ ਕਰਨ ਦੀ ਪ੍ਰਵਿਰਤੀ ਘਟੀ ਹੈ।ਲੋਕ ਪੱਛਮੀ ਸਭਿਆਚਾਰ ਵਾਂਗ ਵਰਤਮਾਨ ਵਿੱਚ, ਜ਼ਿਆਦਾ ਐਸ ਕਰਨ ਵਿਚ ਯਕੀਨ ਕਰਨ ਲੱਗੇ ਹਨ। ਖੇਤੀ ਖੇਤਰ ਵਿੱਚ ਮਲਟੀਨੈਸ਼ਨਲ ਕੰਪਨੀਆਂ ਨੇ ਵੱਖ ਵੱਖ ਤਰ੍ਹਾਂ ਦੇ ਬੀਜ, ਕੀੜੇ ਮਾਰ ਦਵਾਈਆਂ,ਖਾਧਾਂ ਤੇ ਕੈਮੀਕਲਾਂ ਦੀ ਹਨੇਰੀ ਲਿਆ ਦਿੱਤੀ ਹੈ।ਮੰਡੀ ਲਈ ਬੇਸ਼ੱਕ ਅਸੀਂ ਅਨਾਜ਼ ਪੈਦਾ ਕਰ ਰਹੇ ਹਾਂ,ਪਰ ਅਸੀਂ ਆਪਣੇ ਕੁਦਰਤੀ ਸਾਧਨ ਪਾਣੀ,ਮਿੱਟੀ ,ਹਵਾ ਤੇ ਪੁਰਾਣੇ ਕੁਦਰਤੀ ਬੀਜ਼ ਖਤਮ ਕਰ ਲਏ ਹਨ।ਜਿਸ ਦਾ ਖਮਿਆਜ਼ਾ ਅਸੀਂ ਬੀਮਾਰੀਆਂ ਦੇ ਰੂਪ ਵਿੱਚ ਝੱਲ ਰਹੇ ਹਾਂ। ਮਾਲਵੇ ਦੀ ਪੱਟੀ ਕੈਂਸਰ ਬੈਲਟ ਬਣ ਚੁੱਕੀ ਹੈ।ਰੋਜ਼ ਬਠਿੰਡਾ ਤੋਂ ਕੈਂਸਰ ਵਾਲਿਆਂ ਦੀ ਟਰੇਨ ਭਰਕੇ ਬੀਕਾਨੇਰ ਕੈਂਸਰ ਹਸਪਤਾਲ ਪਹੁੰਚ ਰਹੀ ਹੈ। ਇਹੀ ਸਾਡਾ ਨਵਾਂ ਖੇਤੀ ਮਾਡਲ ਹੈ। ਜਿਸ ਨਾਲ ਸ਼ਾਇਦ ਪੈਸਾ ਆ ਰਿਹਾ ਹੋਵੇ ਪਰ ਜਾ ਕਿੱਧਰ ਰਿਹਾ ਹੈ,ਇਹ ਚਿੰਤਾ ਦਾ ਵਿਸ਼ਾ ਹੈ। ਸਿੱਖਿਆ ਦੇ ਖੇਤਰ ਵਿੱਚ ਅਸੀਂ ਅੰਗਰੇਜ਼ੀ ਨੂੰ ਸਫਲਤਾ ਦਾ ਸਾਧਨ ਮੰਨ ਲਿਆ ਹੈ। ਪੱਛਮੀ ਸਮਾਜ ਵਾਂਗ ਕਾਨਵੈਂਟ ਸਕੂਲ ਘਾਹ ਵਾਂਗਰ ਪੈਦਾ ਹੋ ਗਏ ਹਨ। ਵੱਡੇ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਸੁਪਣੇ ਦਿਖਾਕੇ ਮਾਪਿਆਂ ਦੀ ਲੁੱਟ ਖਸੁੱਟ ਹੋ ਰਹੀ ਹੈ ।ਅਸੀਂ ਸਾਰੇ ਹੀ ਇਸ ਗੱਲ ਦਾ ਸ਼ਿਕਾਰ ਹੋ ਗਏ ਹਾਂ। ਟਾਈਆਂ ਬੈਲਟਾਂ ਮਹਿੰਗੀਆਂ ਵਰਦੀਆਂ ਸਟੇਟਸ ਸਿੰਬਲ ਬਣ ਗਈਆਂ ਹਨ। ਮਹਿੰਗੀਆਂ ਕਿਤਾਬਾਂ ਲਾਕੇ ਲੁੱਟ ਜਾਰੀ ਹੈ। ਲੋਕ ਧਰਮ ਵੀ ਬਦਲ ਰਹੇ ਹਨ। ਕਿਸੇ ਲਾਲਚ,ਗਲਤ ਪ੍ਰਚਾਰ ਕਰਨ ਜਾ ਕਈ ਹੋਰ ਕਾਰਨਾਂ ਕਰਕੇ ਧਾਰਮਿਕ ਖੇਤਰ ਵਿੱਚ ਧਰਮ ਬਦਲਣ ਕਾਰਨ ਖ਼ਤਰਾ ਵੱਧਦਾ ਜਾ ਰਿਹਾ ਹੈ। ਪੱਛਮੀ ਸਭਿਆਚਾਰ ਦੇ ਪ੍ਰਭਾਵ ਅਧੀਨ ਪਰਵਾਸ ਦਾ ਰੁਝਾਨ ਵਧਿਆ ਹੈ। ਲੋਕ ਕੰਮਾਂ ਦੀ ਭਾਲ ਵਿੱਚ ਜਾ ਬਾਹਰ ਸੈਟਲ ਹੋਣ ਦੀ ਚਾਹਤ ਵਿਚ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਹਨ ।ਉਹ ਜੱਦੀ ਪਿੰਡ ਛੱਡ ਰਹੇ ਹਨ।ਆਪਸੀ ਭਾਈਚਾਰਕ ਸਾਂਝ ਖ਼ਤਮ ਹੋ ਰਹੀ ਹੈ।ਵੱਸ ਪੈਸੇ ਦੀ ਦੌੜ ਲੱਗੀ ਹੋਈ ਹੈ। ਉਦਾਰੀਕਰਨ ਦੀ ਨੀਤੀ ਨੇ ਪੰਜਾਬ ਦੇ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ, ਧਾਰਮਿਕ ਖੇਤਰ ਨੂੰ ਵੱਡੀ ਪੱਧਰ ਤੇ ਪ੍ਰਭਾਵਿਤ ਕੀਤਾ ਹੈ । ਜਿਸ ਦਾ ਪੂਰਾ ਮੁਲਾਂਕਣ ਅਜੇ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਪੰਜਾਬ ਨੇ ਕੀ ਖੱਟਿਆ ਕੀ ਗੁਆਇਆ ਹੈ, ਇਹ ਸਮਾਂ ਦੱਸੇਗਾ।ਵਿਕਾਸ ਕੋਈ ਮਾੜੀ ਗੱਲ ਨਹੀਂ।ਆਪਣੇ ਸਭਿਆਚਾਰ ਆਪਣੀ ਬੋਲੀ ਆਪਣੇ ਵਿਰਸੇ ਨੂੰ ਵਿਸਾਰ ਦੇਣਾ ਮਾੜੀ ਗੱਲ ਹੈ।ਰੂਸ ਦੀ ਪ੍ਰਸਿੱਧ ਕਿਤਾਬ ਵਿੱਚ ਲਿਖਿਆ ਹੈ ਕਿ ਜੋ ਲੋਕ ਆਪਣੀ ਬੋਲੀ ਸਭਿਆਚਾਰ ਭੁੱਲ ਜਾਦੇ ਨੇ,ਉਹ ਕੌਮ ਖਤਮ ਹੋ ਜਾਂਦੀ ਹੈ।ਪਰ ਇੱਥੇ ਦੌੜ ਮੁਨਾਫ਼ੇ ਦੀ ਹੈ। ਕੰਪਨੀਆਂ ਆਪਣੇ ਹਿਸਾਬ ਨਾਲ ਦੁਨੀਆਂ ਚਲਾ ਰਹੀਆਂ ਹਨ।ਆਦਮੀ ਇੱਕ ਮਸ਼ੀਨ ਦਾ ਪੁਰਜ਼ਾ ਬਣ ਗਿਆ ਹੈ।ਉਸਦੇ ਜੀਵਨ ਵਿਚ ਜੋਂ ਥੋੜ੍ਹਾ ਬਹੁਤ ਠਹਿਰਾਓ ਹੈ,ਉਸਨੇ ਵੀ ਖ਼ਤਮ ਹੋ ਜਾਣਾ ਹੈ। ਵਿਸ਼ਵੀਕਰਨ ਦੀ ਇਸ ਦੌੜ ਵਿੱਚ ਆਪਣੇ ਸੁਪਣੇ ਪੂਰੇ ਕਰਦਾ ਮਨੁੱਖ ਫਿਲਹਾਲ ਦੀ ਘੜੀ ਸਾਹੋ ਸਾਹ ਹੋਇਆ ਪਿਆ ਹੈ।ਰੱਬ ਕਰੇ ਮਨੁੱਖ ਦੇ ਜੀਵਨ ਵਿਚ ਠਹਿਰਾਓ ਵੀ ਆਏ। ਲਾਡੀ ਜਗਤਾਰ

Loading