ਵਿਸ਼ਵ ਊਰਜਾ ਬਾਜ਼ਾਰ ਵਿੱਚ ਅਮਰੀਕੀ ਤੇਲ ਦੀ ਮੰਗ ਵਧੀ

In ਮੁੱਖ ਖ਼ਬਰਾਂ
March 07, 2025
ਨਵੀਂ ਦਿੱਲੀ/ਏ.ਟੀ.ਨਿਊਜ਼: ਅਮਰੀਕਾ ਤੋਂ ਕੱਚੇ ਤੇਲ ਦੀ ਬਰਾਮਦ 2 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਵਿਸ਼ਵ ਊਰਜਾ ਬਾਜ਼ਾਰ ਵਿੱਚ ਵਧਦੀ ਮੰਗ ਅਤੇ ਬਰਾਮਦ ਵਿੱਚ ਤੇਜ਼ੀ ਕਾਰਨ ਅਮਰੀਕਾ ਤੋਂ ਹੋਣ ਵਾਲੀ ਸਪਲਾਈ ਵਿੱਚ ਵਰਣਨਯੋਗ ਵਾਧਾ ਦਰਜ ਕੀਤਾ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਦੇਸ਼ ਦੀਆਂ ਰਿਫਾਇਨਰੀਆਂ ਰੂਸ ’ਤੇ ਅਮਰੀਕੀ ਪਾਬੰਦੀਆਂ ਕਾਰਨ ਬਦਲਵੀਂ ਸਪਲਾਈ ਦੀ ਭਾਲ ਕਰ ਰਹੀਆਂ ਹਨ। ਸ਼ਿਪ ਟ੍ਰੈਕਿੰਗ ਫਰਮ ਕੇਪਲਰ ਦੇ ਅੰਕੜਿਆਂ ਅਨੁਸਾਰ ਅਮਰੀਕਾ ਨੇ ਫਰਵਰੀ ਵਿੱਚ ਭਾਰਤ ਨੂੰ ਰੋਜ਼ਾਨਾ ਲਗਭਗ 3,57,000 ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਕੱਚਾ ਤੇਲ ਨਿਰਯਾਤ ਕੀਤਾ। ਇਹ ਪਿਛਲੇ ਸਾਲ ਦੇ 2,21,000 ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਨਾਲੋਂ ਬੜਾ ਵੱਧ ਹੈ। ਫਰਵਰੀ ਵਿੱਚ ਅਮਰੀਕਾ ਨੇ ਦੱਖਣੀ ਕੋਰੀਆ ਨੂੰ ਰਿਕਾਰਡ 6,56,000 ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਕੱਚਾ ਤੇਲ ਬਰਾਮਦ ਕੀਤਾ। ਓਧਰ, ਚੀਨ ਵੱਲੋਂ ਅਮਰੀਕੀ ਤੇਲ ’ਤੇ 10 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਕਾਰਨ ਬਰਾਮਦ ਦੀ ਦਿਸ਼ਾ ਬਦਲ ਗਈ। ਅਮਰੀਕਾ ਤੋਂ ਚੀਨ ਨੂੰ ਕੱਚੇ ਤੇਲ ਦੀ ਬਰਾਮਦ ਘਟ ਕੇ ਸਿਰਫ਼ 76,000 ਬੈਰਲ ਪ੍ਰਤੀ ਦਿਨ ਰਹਿ ਗਈ, ਜੋ ਕਿ ਪਿਛਲੇ 5 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰਾਂ ਵਿਚੋਂ ਇੱਕ ਹੈ। ਅਮਰੀਕਾ ਨੇ ਲਗਾਈਆਂ ਪਾਬੰਦੀਆਂ ਅਮਰੀਕਾ ਨੇ ਅਕਤੂਬਰ 2024 ਤੋਂ ਇਰਾਨ ਅਤੇ ਰੂਸ ਦੇ ਤੇਲ ਨਾਲ ਜੁੜੇ ਸ਼ਿਪਸ ਅਤੇ ਕੰਪਨੀਆਂ ’ਤੇ ਕਈ ਦੌਰ ਦੀਆਂ ਪਾਬੰਦੀਆਂ ਲਗਾਈਆਂ ਹਨ, ਜਿਸ ਨਾਲ ਇਨ੍ਹਾਂ ਦੇਸ਼ਾਂ ਤੋਂ ਵੱਡੇ ਦਰਾਮਦਕਾਰਾਂ ਨੂੰ ਕੱਚੇ ਤੇਲ ਦੀ ਸਪਲਾਈ ਵਿੱਚ ਰੁਕਾਵਟਾਂ ਪੈ ਰਹੀਆਂ ਹਨ। ਭਾਰਤ ਸਰਕਾਰ ਦੇ ਅਨੁਸਾਰ ਅਮਰੀਕਾ ਤੋਂ ਭਾਰਤ ਦੀ ਊਰਜਾ ਖਰੀਦ ਨੇੜਲੇ ਭਵਿੱਖ ਵਿੱਚ 15 ਅਰਬ ਡਾਲਰ ਤੋਂ ਵੱਧ ਕੇ 25 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਅਮਰੀਕਾ ਦੀ ਕੁੱਲ ਬਰਾਮਦ ਦਾ 80 ਫੀਸਦੀ ਅੰਕੜਿਆਂ ਦੇ ਅਨੁਸਾਰ, ਭਾਰਤ ਨੂੰ ਅਮਰੀਕਾ ਦੇ ਕੁੱਲ ਕਰੂਡ ਬਰਾਮਦ ਦਾ 80 ਫੀਸਦੀ ਹਿੱਸਾ ਲਾਈਟ-ਸਵੀਟ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊ. ਟੀ. ਆਈ.)-ਮਿਡਲੈਂਡ ਕੱਚਾ ਤੇਲ ਸੀ। ਇਨ੍ਹਾਂ ਵਿੱਚ ਭਾਰਤ ਤੋਂ ਟਾਪ ਖਰੀਦਦਾਰਾਂ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.), ਰਿਲਾਇੰਸ ਇੰਡਸਟਰੀਜ਼ (ਆਰ. ਆਈ. ਐੱਲ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (ਬੀ.ਪੀ.ਸੀ. ਐੱਲ.) ਰਹੀ ਜਦਕਿ ਅਮਰੀਕਾ ਦੇ ਟਾਪ ਐਕਪੋਰਟਰਜ਼ ਵਿੱਚ ਆਕਸੀਡੈਂਟਲ ਪੈਟਰੋਲੀਅਮ, ਇਕਵਿਨੋਰ, ਐਕਸਾਨ ਮੋਬਿਲ, ਟਰੇਡਿੰਗ ਫਰਮ ਗਨਵਰ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਕੰਪਨੀਆਂ ਨੇ ਫਿਲਹਾਲ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Loading