ਵਿਸ਼ਵ ’ਚ ਫ਼ੈਲੇ ਤਣਾਅ ਦੌਰਾਨ ਸੁਰੱਖਿਅਤ ਤੇ ਅਸੁਰੱਖਿਅਤ ਦੇਸ਼ ਕਿਹੜੇ ਹਨ?

In ਮੁੱਖ ਖ਼ਬਰਾਂ
June 23, 2025

ਦੁਨੀਆ ਵਿੱਚ ਵਿਸ਼ਵ ਯੁੱਧ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਮੱਧ ਪੂਰਬ ਵਿੱਚ ਦੋ ਸਾਲ ਪਹਿਲਾਂ ਗਾਜ਼ਾ ਵਿੱਚ ਸ਼ੁਰੂ ਹੋਈ ਜੰਗ ਹੁਣ ਇਰਾਨ ਤੱਕ ਪਹੁੰਚ ਗਈ ਹੈ। ਇਜ਼ਰਾਇਲ ਅਤੇ ਇਰਾਨ ਇੱਕ ਦੂਜੇ ’ਤੇ ਭਿਆਨਕ ਹਮਲੇ ਕਰ ਰਹੇ ਹਨ। ਇਸ ਜੰਗ ਵਿੱਚ ਅਮਰੀਕਾ ਵੀ ਸ਼ਾਮਲ ਹੋ ਗਿਆ ਹੈ। ਇਸ ਦੇ ਨਾਲ ਹੀ ਰੂਸ ਅਤੇ ਯੂਕ੍ਰੇਨ ਵਿਚਕਾਰ ਜੰਗ ਵੀ ਚੱਲ ਰਹੀ ਹੈ। ਗਲੋਬਲ ਪੀਸ ਇੰਡੈਕਸ 2025 ਦਰਸਾਉਂਦਾ ਹੈ ਕਿ ਦੁਨੀਆ ਵਿੱਚ ਪਹਿਲਾਂ ਨਾਲੋਂ ਘੱਟ ਸ਼ਾਂਤੀ ਹੈ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸ਼ਾਂਤੀ ਵਿੱਚ ਗਿਰਾਵਟ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਹੈ।
ਇੰਸਟੀਚਿਊਟ ਫ਼ਾਰ ਇਕਨਾਮਿਕਸ ਐਂਡ ਪੀਸ ਹਰ ਸਾਲ ਗਲੋਬਲ ਪੀਸ ਇੰਡੈਕਸ ਜਾਰੀ ਕਰਦਾ ਹੈ, ਜੋ ਦੱਸਦਾ ਹੈ ਕਿ ਸਾਡੀ ਦੁਨੀਆ ਕਿੰਨੀ ਸੁਰੱਖਿਅਤ ਹੈ। 2025 ਦੇ ਅਧਿਐਨ ਦੇ ਨਤੀਜੇ ਦੁਨੀਆ ਦੇ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਅਸੁਰੱਖਿਅਤ ਦੇਸ਼ਾਂ ਬਾਰੇ ਦੱਸਦੇ ਹਨ। ਸੁਰੱਖਿਅਤ ਦੇਸ਼ਾਂ ਦੀ ਸੂਚੀ ਵਿੱਚ ਸਿਖਰ ’ਤੇ ਰਹਿਣ ਵਾਲੇ ਦੇਸ਼ ਉਹ ਹਨ ਜਿਨ੍ਹਾਂ ਕੋਲ ਲਚਕਦਾਰ ਸੰਸਥਾਵਾਂ, ਘੱਟ ਭ੍ਰਿਸ਼ਟਾਚਾਰ ਅਤੇ ਚੰਗੀ ਤਰ੍ਹਾਂ ਕੰਮ ਕਰਨ ਵਾਲਾ ਬੁਨਿਆਦੀ ਢਾਂਚਾ ਹੈ, ਜੋ ਉਨ੍ਹਾਂ ਨੂੰ ਯਾਤਰਾ ਲਈ ਆਦਰਸ਼ ਸਥਾਨ ਬਣਾਉਂਦਾ ਹੈ।
10 ਸਭ ਤੋਂ ਸੁਰੱਖਿਅਤ ਦੇਸ਼
ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਸੂਚੀ ਵਿੱਚ ਆਈਸਲੈਂਡ ਨੇ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਖਾਸ ਗੱਲ ਇਹ ਹੈ ਕਿ ਇਸ ਨੇ 2008 ਤੋਂ ਆਪਣੀ ਸਥਿਤੀ ਬਣਾਈ ਰੱਖੀ ਹੈ। ਇਹ ਸੂਚੀ ਇਸ ਪ੍ਰਕਾਰ ਹੈ :ਆਈਸਲੈਂਡ, ਆਇਰਲੈਂਡ, ਆਸਟਰੀਆ, ਨਿਊਜ਼ੀਲੈਂਡ , ਸਵਿੱਟਜ਼ਰਲੈਂਡ, ਪੁਰਤਗਾਲ, ਡੈਨਮਾਰਕ , ਸਲੋਵੇਨੀਆ,ਮਲੇਸ਼ੀਆ, ਕੈਨੇਡਾ।
ਸਭ ਤੋਂ ਅਸੁਰੱਖਿਅਤ ਦੇਸ਼ 2025 ਅਨੁਸਾਰ ਰੂਸ, ਯੂਕ੍ਰੇਨ, ਸੁਡਾਨ, ਕਾਂਗੋ , ਯਮਨ , ਸੀਰੀਆ, ਇਜ਼ਰਾਇਲ, ਅਫ਼ਗਾਨਿਸਤਾਨ, ਮਾਲੀ, ਦੱਖਣੀ ਸੁਡਾਨ ਹਨ।
ਅੱਜ ਦੀ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਵਿਸ਼ਵ ਸ਼ਾਂਤੀ ਇੱਕ ਵੱਡੀ ਚੁਣੌਤੀ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ) ਦੀ 2024 ਦੀ ਰਿਪੋਰਟ ਮੁਤਾਬਕ, ਦੁਨੀਆ ਵਿੱਚ 12,121 ਪਰਮਾਣੂ ਹਥਿਆਰ ਹਨ, ਜਿਨ੍ਹਾਂ ਵਿੱਚੋਂ 3,904 ਸਰਗਰਮ ਹਨ। ਅਮਰੀਕਾ ਅਤੇ ਰੂਸ ਕੋਲ 8,000 ਤੋਂ ਵੱਧ ਪਰਮਾਣੂ ਹਥਿਆਰ ਹਨ, ਜੋ ਵਿਸ਼ਵ ਯੁੱਧ ਦੇ ਖ਼ਤਰੇ ਨੂੰ ਵਧਾਉਂਦੇ ਹਨ। ਰੂਸ-ਯੂਕ੍ਰੇਨ ਜੰਗ, ਇਜ਼ਰਾਇਲ-ਹਮਾਸ ਸੰਘਰਸ਼ ਅਤੇ ਚੀਨ-ਤਾਈਵਾਨ ਤਣਾਅ ਨੇ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ ਹੈ। 2019 ਵਿੱਚ ਵਿਗਿਆਨੀਆਂ ਨੇ ਅੰਦਾਜ਼ਾ ਲਾਇਆ ਸੀ ਕਿ 2025 ਵਿੱਚ ਭਾਰਤ-ਪਾਕਿਸਤਾਨ ਵਿਚਕਾਰ ਅੱਤਵਾਦੀ ਹਮਲਾ ਪਰਮਾਣੂ ਯੁੱਧ ਦਾ ਕਾਰਨ ਬਣ ਸਕਦਾ ਹੈ, ਜੋ ਅਸਲੀਅਤ ਵੱਲ ਵਧ ਰਿਹਾ ਹੈ। ਬੀਤੇ ਸਮੇਂ ਦੌਰਾਨ 2025 ਵਿੱਚ ਪਹਿਲਗਾਮ ਅੱਤਵਾਦੀ ਹਮਲੇ ਵਿੱਚ 26 ਸੈਲਾਨੀ ਮਾਰੇ ਗਏ ਸਨ। ‘ਦ ਰਜ਼ਿਸਟੈਂਟ ਫ਼ਰੰਟ’, ਜੋ ਲਸ਼ਕਰ-ਏ-ਤਾਇਬਾ ਦੀ ਸ਼ਾਖਾ ਮੰਨਿਆ ਜਾਂਦਾ ਹੈ, ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਭਾਰਤ ਨੇ ਪਾਕਿਸਤਾਨ ’ਤੇ ਸਰਹੱਦ ਪਾਰ ਅੱਤਵਾਦ ਨੂੰ ਸਮਰਥਨ ਦੇਣ ਦਾ ਦੋਸ਼ ਲਾਇਆ, ਜਿਸ ਕਾਰਨ ਸਿੰਧੂ ਜਲ ਸੰਧੀ ਮੁਅੱਤਲ ਕਰ ਦਿੱਤੀ ਸੀ, ਸਰਹੱਦਾਂ ਬੰਦ ਕਰ ਦਿੱਤੀਆਂ ਸਨ, ਤੇ 7 ਮਈ 2025 ਨੂੰ ਪਾਕਿਸਤਾਨ ਵਿੱਚ 9 ਸਟੀਕ ਸਟ੍ਰਾਈਕ ਕੀਤੀਆਂ ਗਈਆਂ ਸਨ। ਭਾਰਤ ਪਾਕਿਸਤਾਨ ਦਰਮਿਆਨ ਝੜਪਾਂ ਵੀ ਹੋਈਆਂ ਸਨ।
ਗਲੋਬਲ ਪੀਸ ਇੰਡੈਕਸ 2025 ਵਿੱਚ ਭਾਰਤ 115ਵੇਂ ਸਥਾਨ ’ਤੇ ਹੈ। ਭਾਰਤ ਦਾ ਦਰਜਾ ਪਿਛਲੇ ਸਾਲ ਵੀ ਇਹੀ ਸੀ ਅਤੇ ਪਿਛਲੇ ਇੱਕ ਸਾਲ ਵਿੱਚ ਇਸ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਹਾਲਾਂ ਕਿ, ਇਸ ਸਮੇਂ ਦੌਰਾਨ, ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਮੰਨੇ ਜਾਣ ਵਾਲੇ ਪਾਕਿਸਤਾਨ ਦੀ ਦਰਜਾਬੰਦੀ ਵਿੱਚ ਸੁਧਾਰ ਹੋਇਆ ਹੈ। ਪਾਕਿਸਤਾਨ ਦੀ ਦਰਜਾਬੰਦੀ ਵਿੱਚ ਇੱਕ ਅੰਕ ਦਾ ਵਾਧਾ ਹੋਇਆ ਹੈ ਅਤੇ ਇਸ ਵਾਰ ਇਹ 144ਵੇਂ ਸਥਾਨ ’ਤੇ ਹੈ। ਪਾਕਿਸਤਾਨ ਦਾ ਦੋਸਤ ਤੁਰਕੀ 146ਵੇਂ ਸਥਾਨ ’ਤੇ ਇਸ ਤੋਂ ਦੋ ਅੰਕ ਹੇਠਾਂ ਹੈ।

Loading