ਵਿਸ਼ਵ ਜੰਗਬੰਦੀ ਦੀ ਲੋੜ

In ਮੁੱਖ ਲੇਖ
August 05, 2024
ਭੁਪਿੰਦਰ ਵੀਰ ਸਿੰਘ ਅਸੀਂ ਜਦੋਂ ਇਤਿਹਾਸ ਦੇ ਅਤੀਤ ਵਿੱਚ ਝਾਕ ਕੇ ਮਨੁੱਖਤਾ ’ਤੇ ਹੋਏ ਤਸ਼ੱਦਦ ਦੀਆਂ ਵੱਡੀਆਂ ਘਟਨਾਵਾਂ ’ਤੇ ਨਜ਼ਰ ਮਾਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਖਿਆਲ ਵਿੱਚ ਅਮਰੀਕਾ ਵੱਲੋਂ ਜਾਪਾਨ ਉੱਤੇ ਕੀਤੇ ਗਏ ਪਰਮਾਣੂ ਹਮਲੇ ਦੀ ਤਬਾਹੀ ਦਾ ਖੌਫ਼ ਆ ਜਾਂਦਾ ਹੈ। 19ਵੀਂ ਸਦੀ ਦਾ 40ਵਾਂ ਅਤੇ 50ਵਾਂ ਦਹਾਕਾ ਤਕਰੀਬਨ ਸੰਸਾਰ ਯੁੱਧਾਂ ਵਿੱਚ ਹੋਈਆਂ ਨਿਰਦੋਸ਼ ਲੋਕਾਂ ਦੀਆਂ ਮੌਤਾਂ ਕਾਰਨ ਇਤਿਹਾਸ ਦੇ ਕਾਲੇ ਦੌਰ ਵਜੋਂ ਯਾਦ ਕੀਤਾ ਜਾਂਦਾ ਹੈ । ਪਰਮਾਣੂ ਹਮਲੇ ਦੇ ਮਾਪਦੰਡ ਉਦੋਂ ਦੇ ਇਤਿਹਾਸਕ ਅੰਕੜਿਆਂ ਅਤੇ ਮਾਹਿਰਾਂ ਦੀਆਂ ਰਿਪੋਰਟਾਂ ਮੁਤਾਬਿਕ ਇਸ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਦਸੰਬਰ 1941 ਵਿੱਚ ਜਾਪਾਨ ਨੇ ਅਮਰੀਕਾ ਦੇ ਪਰਲ ਹਾਰਬਰ ਖੇਤਰ ਉੱਤੇ ਅਚਾਨਕ ਹਮਲਾ ਕਰਕੇ ਅਮਰੀਕਾ ਦੇ 2402 ਫੌਜੀ ਮਾਰ ਦਿੱਤੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਖ਼ਮੀ ਕਰ ਦਿੱਤੇ ਸਨ। ਇਸ ਹਮਲੇ ਨੂੰ ਹੀ ਆਉਣ ਵਾਲੇ ਚਾਰ ਸਾਲ ਚੱਲਣ ਵਾਲੀ ਤਬਾਹੀ ਦੀ ਸ਼ੁਰੂਆਤ ਮੰਨਿਆ ਗਿਆ ਸੀ । 1941 ਤੋਂ ਚੱਲ ਰਹੀ ਖ਼ੂਨੀ ਜੰਗ ਵਿੱਚ ਸਾਲ 1944 ਦੇ ਅਖੀਰ ਤੱਕ ਅਮਰੀਕਾ ਨੇ ਜਾਪਾਨ ਦੀ ਹੋਰ ਜ਼ਿਆਦਾ ਤਬਾਹੀ ਦੇ ਮੰਤਵ ਨਾਲ ਮੈਰੀਆਨਾ ਟਾਪੂਆਂ ’ਤੇ ਕਬਜ਼ਾ ਕਰਕੇ ਜਾਪਾਨ ਦੇ ਜ਼ਿਆਦਾ ਸੰਘਣੀ ਆਬਾਦੀ ਵਾਲੇ ਖੇਤਰਾਂ ਅਤੇ ਉਦਯੋਗਿਕ ਥਾਵਾਂ ’ਤੇ ਲਗਾਤਾਰ ਹਮਲੇ ਕਰਕੇ ਲਗਭਗ ਅੱਧੇ ਸੈਂਕੜੇ ਤੋਂ ਵੀ ਜ਼ਿਆਦਾ ਸ਼ਹਿਰ ਨੇਸਤੋ-ਨਾਬੂਦ ਕਰ ਦਿੱਤੇ ਸਨ । ਜਾਪਾਨ ਦੀ ਬੇਪਨਾਹ ਹੋ ਰਹੀ ਤਬਾਹੀ ਨੂੰ ਦੇਖ ਕੇ ਅਮਰੀਕਾ ਦੇ ਰਾਸ਼ਟਰਪਤੀ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਜਾਪਾਨ ਦੇ ਹਾਰ ਕਬੂਲਣ ਜਾਂ ਆਤਮ ਸਮਰਪਣ ਦੇ ਕਿਆਸ ਸਨ ਪਰ ਜਾਪਾਨ ਨੇ ਅਜਿਹਾ ਨਾ ਕਰਕੇ ਕੈਟਸੂ-ਗੋ ਦੀ ਰਣਨੀਤੀ ਅਪਣਾ ਕੇ ਯੁੱਧ ਜਾਰੀ ਰੱਖ ਕੇ ਅਮਰੀਕਾ ਨੂੰ ਵੱਡੀ ਚੁਣੌਤੀ ਦਿੱਤੀ । ਕਈ ਲੇਖਕਾਂ ਦਾ ਮੰਨਣਾ ਹੈ ਕਿ ਅਮਰੀਕਾ ਇਹ ਵੀ ਚਾਹੁੰਦਾ ਸੀ ਕਿ ਜ਼ਮੀਨੀ ਹਮਲੇ ਵਿੱਚ ਸਾਡੀ ਫ਼ੌਜ ਨੂੰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਅਤੇ ਨਾਲ ਹੀ ਅਮਰੀਕਾ ਆਪਣੇ ਬਣਾਏ ਪਰਮਾਣੂ ਹਥਿਆਰ ਵੀ ਅਜ਼ਮਾਉਣਾ ਚਾਹੁੰਦਾ ਸੀ । ਹੀਰੋਸ਼ੀਮਾ ਦੀ ਤਬਾਹੀ ਇਤਿਹਾਸਕ ਦਸਤਾਵੇਜ਼ਾਂ, ਡਾਕੂਮੈਂਟਰੀਆਂ ਜਾਂ ਰਿਪੋਰਟਾਂ ਮੁਤਾਬਿਕ ਅਮਰੀਕਾ ਨੇ 1945 ਤੱਕ ਐਟਮ ਬੰਬ ਤਿਆਰ ਕਰ ਲਿਆ ਸੀ । ਹਮਲੇ ਦੇ ਫ਼ੈਸਲੇ ਨੂੰ ਸਫਲਤਾ ਭਰਪੂਰ ਅਮਲ ਵਿੱਚ ਲਿਆਉਣ ਲਈ ਅਮਰੀਕਾ ਵਿੱਚ ਇੱਕ ਗੁਪਤ ਮੀਟਿੰਗ ਕੀਤੀ ਸੀ ਜਿਸ ਵਿੱਚ ਜਾਪਾਨ ’ਤੇ ਪਰਮਾਣੂ ਹਮਲੇ ਲਈ ਦਿਨ, ਮਿਤੀ ਅਤੇ ਜ਼ਿਆਦਾ ਨੁਕਸਾਨ ਦੇ ਅਨੁਕੂਲ ਵਾਲੇ ਨਿਸ਼ਾਨੇ ਨੂੰ ਚੁਣਨਾ ਸੀ । ਇਸ ਲਈ ਅਮਰੀਕਾ ਵਲੋਂ ਜਾਪਾਨ ਦਾ ਪ੍ਰਮੁੱਖ ਸ਼ਹਿਰ ਹੀਰੋਸ਼ੀਮਾ ਚੁਣਿਆ ਗਿਆ ਸੀ । ਹਮਲੇ ਲਈ ਦਿਨ ਸੋਮਵਾਰ 6 ਅਗਸਤ, 1945 ਦਾ ਸਮਾਂ ਤੈਅ ਕੀਤਾ ਗਿਆ । ਅਮਰੀਕਾ ਜਾਪਾਨ ਨੂੰ ਇਸ ਤਬਾਹੀ ਦਾ ਅਚਨਚੇਤ ‘ਤੋਹਫ਼ਾ’ ਦੇਣਾ ਚਾਹੁੰਦਾ ਸੀ ਤਾਂ ਜੋ ਇਸ ਵੱਡੀ ਤਬਾਹੀ ਤੋਂ ਬਾਅਦ ਜਾਪਾਨ ਹਾਰ ਮੰਨ ਲਵੇ। ਹਮਲੇ ਲਈ ਹੀਰੋਸ਼ੀਮਾ ਦੀ ਥਾਂ ਤਾਂ ਚੁਣੀ ਗਈ ਕਿਉਂਕਿ ਹੀਰੋਸ਼ੀਮਾ ਜਾਪਾਨ ਦਾ ਇੱਕ ਅਜਿਹਾ ਭੀੜ ਭੜੱਕੇ ਵਾਲਾ ਸ਼ਹਿਰ ਸੀ ਜਿਸ ਵਿੱਚ ਸਭ ਤੋਂ ਜ਼ਿਆਦਾ ਸਕੂਲ,ਕਾਲਜ ਤੇ ਹੋਰ ਸੰਸਥਾਵਾਂ ਤੇ ਫ਼ੌਜ ਦੇ ਵੀ ਬਹੁਤ ਵੱਡੇ ਅਦਾਰੇ ਸਨ । ਇੱਥੇ ਜ਼ਿਆਦਾ ਤੋਂ ਜ਼ਿਆਦਾ ਲੋਕ ਮਰਨ ਤੇ ਬੇਹਿਸਾਬ ਨੁਕਸਾਨ ਹੋਣ ਲਈ ਮਾਹੌਲ ਕੁਦਰਤੀ ਤੌਰ ’ਤੇ ਸਿਰਜਿਆ ਹੋਇਆ ਸੀ। ਅਮਰੀਕਾ ਨੇ ਜਾਪਾਨੀ ਸਮੇਂ ਦੇ ਅਨੁਸਾਰ ਸਵੇਰੇ 8:15 ਮਿੰਟ ’ਤੇ ਹਵਾਈ ਜਹਾਜ਼ ਨੰ: 7354 ਬੀ-29 ਰਾਹੀਂ 3 ਮੀ. ਲੰਬਾ ਤੇ 4 ਟਨ ਭਾਰਾ ਤੇ 0.7 ਡਾਇਮੀਟਰ ਵਾਲਾ ਐਟਮ ਬੰਬ ਸੁੱਟਿਆ, ਜਿਸਦਾ ਕੋਡ ਨਾਮ ਲਿਟਲ ਬੁਆਏ ਸੀ । ਬੰਬ ਸੁੱਟਣ ਸਮੇਂ ਜਹਾਜ਼ ਲਗਭਗ 1000 ਮੀ. ਦੀ ਉੱਚਾਈ ’ਤੇ ਉੱਡ ਰਿਹਾ ਸੀ । ਇਹ ਸਾਰੇ ਪਲਾਂ ਦੀ ਅਮਰੀਕਾ ਵਲੋਂ ਦੂਜੇ ਜਹਾਜ਼ਾਂ ਰਾਹੀਂ ਇੱਕ ਵੀਡੀਓ ਫਿਲਮ ਵੀ ਬਣਾਈ ਗਈ। ਅਮਰੀਕਾ ਦੇ ਜਹਾਜ਼ ਵੱਲੋਂ ਉਨ੍ਹਾਂ ਕੁਝ ਪਲਾਂ ਵਿੱਚ ਹੀ ਹੀਰੋਸ਼ੀਮਾਂ ਦੇ ਮਾਸੂਮਾਂ ਲਈ ਮੌਤ ਦਾ ਫੁਰਾਮਨ ਦੇ ਕੇ ਵਾਪਸੀ ਵੀ ਕਰ ਲਈ ਗਈ ਸੀ ਪਰ ਸ਼ਹਿਰ ਦੇ ਲੋਕਾਂ ਨੂੰ ਕਲਪਨਾ ਵਿੱਚ ਵੀ ਅੰਦਾਜ਼ਾ ਨਹੀਂ ਹੋਣ ਦਿੱਤਾ ਕਿ ਬਸ ਕੁਝ ਪਲਾਂ ਵਿੱਚ ਹੀ ਸਾਰੀਆਂ ਘੜੀਆਂ ਨੇ ਰੁਕ ਜਾਣਾ ਹੈ। ਉਦੋਂ ਸਭ ਲੋਕ ਆਪਣੇ ਕੰਮਾਂ ਕਾਰਾਂ ’ਤੇ ਅਤੇ ਘਰਾਂ ਵਿਚੋਂ ਬਾਹਰ ਹੀ ਸਨ। ਤਦ ਅਚਾਨਕ ਹੀ ਲੋਕਾਂ ਦੀਆਂ ਅੱਖਾਂ ਵਿੱਚ ਸੂਰਜ ਦੀ ਰੌਸ਼ਨੀ ਤੋਂ ਜ਼ਿਆਦਾ ਤਿੱਖੀ ਰੌਸ਼ਨੀ ਪਈ । ਜਦੋਂ ਤੱਕ ਲੋਕ ਬੰਬ ਫਟਣ ਦੀ ਵਜ੍ਹਾ ਸਮਝ ਸਕਦੇ ਜਾਂ ਆਪਣਾ ਬਚਾਅ ਕਰ ਸਕਦੇ ਉਦੋਂ ਤੱਕ ਸਕਿੰਟਾਂ ਵਿੱਚ ਹੀ ਬੰਬ ਦੀ 4000 ਡਿਗਰੀ ਤੋਂ ਵੀ ਜ਼ਿਆਦਾ ਦੀ ਗਰਮੀ ਨਾਲ ਪਰਮਾਣੂ ਬੰਬ ਦੇ ਧਮਾਕੇ ਵਾਲੀ ਥਾਂ ਦੇ ਜ਼ਿਆਦਾ ਨੇੜਲੇ ਹਿੱਸੇ ਦੇ ਹਜ਼ਾਰਾਂ ਲੋਕ ਪਲਾਂ ਵਿੱਚ ਹੀ ਭਾਫ਼ ਬਣ ਕੇ ਉੱਡ ਗਏ ਅਤੇ 1000 ਕਿਲੋਮੀਟਰ ਦੀ ਗਤੀ ਵਾਲੀ ਅੱਗ ਨੇ 7 ਵਰਗ ਕਿਲੋਮੀਟਰ ਤੋਂ ਜ਼ਿਆਦਾ ਦਾ ਹਿੱਸਾ ਸੁਆਹ ਕਰ ਦਿੱਤਾ ਸੀ। ਸ਼ਹਿਰ ਦੇ ਉੱਪਰ ਇੱਕ ਅੱਗ ਦਾ ਵੱਡਾ ਗੋਲਾ ਬਣ ਗਿਆ ਸੀ। ਕਿਸੇ ਨੂੰ ਵੀ ਭੱਜਣ ਲਈ ਜਗ੍ਹਾ ਨਹੀਂ ਸੀ ਲੱਭ ਰਹੀ ਕਿਉਂਕਿ ਚਾਰੋਂ ਪਾਸੇ ਮੌਤ ਦਾ ਕਬਜ਼ਾ ਹੋ ਗਿਆ ਸੀ । ਐਟਮ ਬੰਬ ਦੇ ਵਿਸਫੋਟ ਨਾਲ ਜਾਪਾਨ ਵਿਚ ਉਸੇ ਦਿਨ ਵਿਚ ਲਗਭਗ 70,000 ਤੋਂ ਜ਼ਿਆਦਾ ਇਨਸਾਨਾਂ ਦੀ ਮੌਤ ਹੋ ਗਈ । ਛੋਟੇ-ਛੋਟੇ ਬੱਚੇ ਸਕੂਲਾਂ ਵਿੱਚ ਜਮਾਤਾਂ ਵਿਚ ਬੈਠੇ ਹੀ ਇਸ ਬੰਬ ਦੀ ਅੱਗ ਵਿਚ ਰਾਖ਼ ਹੋ ਗਏ। ਹਮਲੇ ਤੋਂ ਪਹਿਲਾਂ ਹੀਰੋਸ਼ੀਮਾ ਵਿੱਚ ਲਗਭਗ 90 ਹਜ਼ਾਰ ਤੋਂ ਜ਼ਿਆਦਾ ਇਮਾਰਤਾਂ ਸਨ । ਹਮਲੇ ਤੋਂ ਬਾਅਦ ਸਿਰਫ਼ 28 ਹਜ਼ਾਰ ਹੀ ਬਚ ਸਕੀਆਂ । ਕੋਕੂਰਾ ਸ਼ਹਿਰ ਦਾ ਭਵਿੱਖ ਤਿੰਨ ਦਿਨ ਪਹਿਲਾਂ ਕੀਤੇ ਐਟਮ ਬੰਬ ਦੇ ਹਮਲੇ ਤੋਂ ਬਾਅਦ ਵੀ ਜਦੋਂ ਜਾਪਾਨ ਨੇ ਹਾਰ ਨਾ ਕਬੂਲੀ ਤਾਂ ਅਮਰੀਕਾ ਵਲੋਂ ਗੁਪਤ ਰੂਪ ਵਿਚ 9 ਅਗਸਤ ਨੂੰ ਜਾਪਾਨ ਉੱਤੇ ਦੂਜਾ ਐਟਮ ਬੰਬ ਨਾਲ ਹਮਲਾ ਕਰਨ ਦੀ ਤਿਆਰੀ ਕੀਤੀ ਗਈ । ਇਤਿਹਾਸਕ ਸਬੂਤ ਦੱਸਦੇ ਹਨ ਕਿ 9 ਅਗਸਤ ਨੂੰ ਟੀਨੀਅਨ ਏਅਰਬੇਸ ’ਤੇ ਅਮਰੀਕਾ ਦੇ ਸੈਨਿਕ ਇਕੱਠੇ ਹੋਏ । ਇਨ੍ਹਾਂ ਵਲੋਂ ਹੁਣ ਜਾਪਾਨ ਦੇ ਕੋਕੂਰਾ ਸ਼ਹਿਰ ’ਤੇ ਫੈਟ ਮੈਨ ਨਾਮਕ ਐਟਮ ਬੰਬ ਨਾਲ ਹਮਲਾ ਕਰਨਾ ਸੀ । ਇਸ ਮਿਸ਼ਨ ਵਿੱਚ ਤਿੰਨ ਜਹਾਜ਼ ਸ਼ਾਮਲ ਸਨ। ਪਹਿਲੇ ਦਾ ਕੰਮ ਸੀ ਵਿਸਫੋਟ ਦੀ ਤਾਕਤ ਨੂੰ ਨਾਪਣਾ ਅਤੇ ਦੂਜੇ ਜਹਾਜ਼ ਦਾ ਕੰਮ ਸੀ ਸਾਰੀ ਕਾਰਵਾਈ ਨੂੰ ਫ਼ਿਲਮਾਉਣਾ ਅਤੇ ਤੀਜੇ ਜਹਾਜ਼ ਵਿੱਚ ਐਟਮ ਬੰਬ ਸੀ ਅਤੇ ਇਸ ਵਿੱਚ ਚਾਰ ਲੋਕ ਸਵਾਰ ਸਨ। ਇਨ੍ਹਾਂ ਚਾਰਾਂ ਵਿਚੋਂ ਜਹਾਜ਼ ਦਾ ਪਾਇਲਟ ਮੇਜਰ ਸਵੀਨੀ ਸੀ, ਬਾਕੀ ਤਿੰਨ ਮਿਸ਼ਨ ਦੇ ਵੱਖਰੇ-ਵੱਖਰੇ ਕੰਮਾਂ ਦੇ ਮਾਹਿਰ ਸਨ। ਬੀ-29 ਨੇ ਸਵੇਰੇ 2.49 ਮਿੰਟ ’ਤੇ ਕੋਕੂਰਾ ਸ਼ਹਿਰ ਲਈ ਉਡਾਣ ਭਰੀ ਸੀ ਕਿਉਂਕਿ ਇਨ੍ਹਾਂ ਤਿੰਨਾਂ ਜਹਾਜ਼ਾਂ ਨੇ ਯਾਕੂਸੀਮਾਂ ਟਾਪੂਆਂ ’ਤੇ ਇਕੱਠੇ ਹੋ ਕੇ ਕੋਕੂਰਾ ਸ਼ਹਿਰ ਉੱਪਰ ਐਟਮੀ ਹਮਲਾ ਕਰਨਾ ਸੀ । 9 ਅਗਸਤ ਨੂੰ ਹਮਲੇ ਵਾਲੇ ਦਿਨ ਇਨ੍ਹਾਂ ਤਿੰਨ ਜਹਾਜ਼ਾਂ ਨੂੰ ਇਕੱਠੇ ਕਾਰਵਾਈ ਕਰਨ ਦਾ ਹੁਕਮ ਸੀ ਪਰ ਹਮਲੇ ਦੀ ਕਾਰਵਾਈ ਫ਼ਿਲਮਾਉਣ ਵਾਲੇ ਬਿਗ ਸਟਿੰਕ ਜਹਾਜ਼ ਦੇ ਸਹੀ ਸਮੇਂ ’ਤੇ ਨਾ ਪੁੱਜਣ ਕਾਰਨ ਅਤੇ ਬੰਬ ਵਾਲੇ ਜਹਾਜ਼ ਬੋਕਸਕਾਰ ਦੇ ਤੇਲ ਟੈਂਕ ਵਿੱਚ ਖ਼ਰਾਬੀ ਆ ਜਾਣ ਕਾਰਨ ਦੋ ਜਹਾਜ਼ ਹੀ ਸਵੇਰੇ 10.30 ਵਜੇ ਕੋਕੂਰਾ ਸ਼ਹਿਰ ਐਟਮ ਹਮਲੇ ਲਈ ਪਹੁੰਚੇ। ਉਸ ਸਮੇਂ ਲੋਕਾਂ ਦੀ ਖ਼ੁਸ਼ਕਿਸਮਤੀ ਨਾਲ ਸ਼ਹਿਰ ਦੇ ਮੌਸਮ ਵਿੱਚ ਜ਼ਿਆਦਾ ਖ਼ਰਾਬੀ ਹੋਣ ਕਾਰਨ ਕੋਕੂਰਾ ਸ਼ਹਿਰ ਉੱਤੇ ਐਟਮ ਬੰਬ ਨਾਲ ਹਮਲੇ ਦੀ ਕਾਰਵਾਈ ਰੋਕ ਦਿੱਤੀ ਗਈ ਅਤੇ ਜਹਾਜ਼ ਵਿੱਚ ਈਧਣ ਦੀ ਘਾਟ ਹੋਣ ਕਾਰਨ ਅਮਰੀਕੀ ਮਿਸ਼ਨ ਦੇ ਲੀਡਰ ਨੇ ਦੂਸਰੇ ਸਭ ਤੋਂ ਨੇੜਲੇ ਨਿਸ਼ਾਨੇ ਨਾਗਾਸਾਕੀ ਸ਼ਹਿਰ ’ਤੇ ਹਮਲਾ ਕਰਨ ਦਾ ਫ਼ੈਸਲਾ ਲਿਆ ਗਿਆ । ਨਾਗਾਸਾਕੀ ਦਾ ਅੰਤ ਕੋਕੂਰਾ ਸ਼ਹਿਰ ’ਤੇ ਹਮਲੇ ਦੀ ਕਾਰਵਾਈ ਨਾ ਹੋ ਸਕਣ ਤੋਂ ਬਾਅਦ ਸਵੇਰੇ 10.55 ਮਿੰਟ ’ਤੇ ਅਮਰੀਕਾ ਦੇ ਦੋਵੇਂ ਜਹਾਜ਼ ਨਾਗਾਸਾਕੀ ਪਹੁੰਚ ਗਏ। ਉਸ ਦਿਨ ਨਾਗਾਸਾਕੀ ਸ਼ਹਿਰ ਵਿੱਚ ਅਣਗਹਿਲੀ ਕਾਰਨ ਅਮਰੀਕਾ ਦੇ ਇਨ੍ਹਾਂ ਜਹਾਜ਼ਾਂ ਨੂੰ ਮੌਸਮ ਦਾ ਹਾਲ ਜਾਣਨ ਵਾਲੇ ਜਹਾਜ਼ ਸਮਝ ਕੇ ਹਵਾਈ ਹਮਲੇ ਦਾ ਸੰਭਾਵਿਤ ਅਲਾਰਮ ਨਾ ਵਜਾਇਆ ਗਿਆ ਅਤੇ ਲੋਕ ਆਮ ਰੋਜ਼ਮਰ੍ਹਾ ਦੀ ਜ਼ਿੰਦਗੀ ਵਾਂਗ ਵਿਚਰ ਰਹੇ ਸਨ ਅਤੇ ਏਅਰ ਸ਼ੈਲਟਰਾਂ ਤੋਂ ਬਾਹਰ ਸਨ ਜਿਸ ਕਾਰਨ ਅਚਨਚੇਤ ਹੋਏ ਹਮਲੇ ਵਿੱਚ ਲੋਕਾਂ ਨੂੰ ਬਚਾਅ ਕਰਨ ਦਾ ਮੌਕਾ ਵੀ ਨਹੀਂ ਮਿਲ ਸਕਿਆ। ਸਵੇਰੇ 11.02 ਮਿੰਟ ’ਤੇ ਅਮਰੀਕੀ ਜਹਾਜ਼ ਵਲੋਂ 22 ਕਿਲੋ ਤਾਕਤ ਵਾਲਾ ਪਰਮਾਣੂ ਬੰਬ 28900 ਫੁੱਟ ਦੀ ਉਚਾਈ ਤੋਂ ਸ਼ਹਿਰ ਉੱਪਰ ਸੁੱਟਿਆ ਗਿਆ। ਇਸ ਪਰਮਾਣੂ ਬੰਬ ਦੇ ਫਟਣ ਨਾਲ 4000 ਡਿਗਰੀ ਤੋਂ ਜ਼ਿਆਦਾ ਗਰਮੀ ਅਤੇ ਲਗਭਗ 1000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀ ਗਰਮ ਹਵਾ ਨੇ ਲਗਭਗ 50 ਫ਼ੀਸਦੀ ਸ਼ਹਿਰ ਸਕਿੰਟਾਂ ਵਿੱਚ ਹੀ ਰਾਖ ਬਣਾ ਦਿੱਤਾ। ਕਈ ਹਜ਼ਾਰ ਤੋਂ ਜ਼ਿਆਦਾ ਲੋਕ ਜੋ ਬੰਬ ਫਟਣ ਦੇ ਕੇਂਦਰ ਦੇ ਜ਼ਿਆਦਾ ਨਜ਼ਦੀਕ ਸਨ, ਭਾਫ ਬਣ ਕੇ ਉੱਡ ਗਏ । ਬਾਕੀ 70,000 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਹਮਲੇ ਤੋਂ ਬਾਅਦ ਇਨ੍ਹਾਂ ਬੰਬਾਂ ਵਿਚੋਂ ਨਿਕਲਣ ਵਾਲੀ ਰੇਡੀਏਸ਼ਨ ਕਾਰਨ ਅਗਲੇ ਕਈ ਸਾਲਾਂ ਤੱਕ ਲੋਕ ਮਰਦੇ ਰਹੇ ਅਤੇ ਅਪੰਗ ਅਤੇ ਬਿਮਾਰੀਆਂ ਨਾਲ ਗ੍ਰਸਤ ਬੱਚੇ ਜੰਮਦੇ ਰਹੇ । ਵਧ ਰਹੀ ਹਥਿਆਰਾਂ ਦੀ ਦੌੜ ਜੇ ਦੇਖਿਆ ਜਾਵੇ ਤਾਂ ਅਜਿਹੇ ਵੱਡੇ ਦੁਖਾਂਤਾਂ ਤੋਂ ਬਾਅਦ ਵੀ ਦੁਨੀਆਂ ਦੇ ਦੇਸ਼ਾਂ ਵਿੱਚ ਇੱਕ ਦੂਜੇ ਤੋਂ ਵਧ ਚੜ੍ਹ ਕੇ ਮਾਰੂ ਹਥਿਆਰ ਬਣਾ ਕੇ ਪ੍ਰਦਰਸ਼ਨੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਅੱਜ ਪਾਕਿਸਤਾਨ ਅਤੇ ਭਾਰਤ ਸਮੇਤ ਨੌਂ ਦੇਸ਼ਾਂ ਕੋਲ ਅਜਿਹੇ ਮਾਰੂ ਪ੍ਰਮਾਣੂ ਹਥਿਆਰ ਮੌਜੂਦ ਸਨ। ਹਰ ਦੇਸ਼ ਵਲੋਂ ਹਥਿਆਰਾਂ ਦੀ ਦੌੜ ਵਿੱਚ ਮੋਹਰੀ ਹੋਣ ਲਈ ਅੱਜ ਅਜਿਹੇ ਮਾਰੂ ਹਥਿਆਰ ਈਜਾਦ ਕਰ ਲਏ ਹਨ ਜਿਨ੍ਹਾਂ ਦੇ ਅੱਜ ਇੱਕ ਹੀ ਹਮਲੇ ਨਾਲ ਪੂਰੀ ਦੁਨੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਜਿਵੇਂ-ਜਿਵੇਂ ਜ਼ਿਆਦਾ ਮਾਰੂ ਹਥਿਆਰ ਹੋਂਦ ਵਿੱਚ ਆ ਰਹੇ ਹਨ ਉਵੇਂ-ਉਵੇਂ ਹੀ ਹਰ ਇੱਕ ਇਨਸਾਨ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਿਹਾ ਹੈ।

Loading