ਵਿਸ਼ਵ ਬੈਂਕ ਵੱਲੋਂ ਅਗਲੇ ਦੋ ਸਾਲਾਂ ਲਈ ਭਾਰਤ ਦੀ ਵਿਕਾਸ ਦਰ 6.7 ਫੀਸਦੀ ਰਹਿਣ ਦਾ ਅਨੁਮਾਨ

In ਮੁੱਖ ਖ਼ਬਰਾਂ
January 17, 2025
ਵਾਸ਼ਿੰਗਟਨ, 17 ਜਨਵਰੀ : ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਦੇ ਨਵੇਂ ਵਾਧੇ ਅਨੁਮਾਨਾਂ ਮੁਤਾਬਕ ਅਪਰੈਲ 2025 ਤੋਂ ਆਗਾਮੀ ਦੋ ਵਿੱਤੀ ਵਰ੍ਹਿਆਂ ਲਈ ਭਾਰਤ ਦੀ ਆਰਥਿਕ ਵਿਕਾਸ ਦਰ 6.7 ਫੀਸਦ ਪ੍ਰਤੀ ਸਾਲ ’ਤੇ ਸਥਿਰ ਰਹਿਣ ਦਾ ਅਨੁਮਾਨ ਹੈ। ਵਿਸ਼ਵ ਬੈਂਕ ਨੇ ਅੱਜ ਕਿਹਾ ਕਿ ਵਿੱਤੀ ਵਰ੍ਹੇ 2025-26 ਵਿੱਚ ਦੱਖਣੀ ਏਸ਼ੀਆ ਵਿੱਚ ਵਿਕਾਸ ਦਰ ਵਧ ਕੇ 6.2 ਹੋਣ ਦੀ ਆਸ ਹੈ। ਇਸ ਵਿੱਚ ਭਾਰਤ ’ਚ ਮਜ਼ਬੂਤ ਵਾਧਾ ਹੋਣਾ ਸ਼ਾਮਲ ਹੈ। ਇਸ ਵਿੱਚ ਕਿਹਾ ਗਿਆ, ‘‘ਭਾਰਤ ਵਿੱਚ ਅਪਰੈਲ 2025 ਤੋਂ ਆਗਾਮੀ ਦੋ ਵਿੱਤੀ ਵਰ੍ਹਿਆਂ ਵਿੱਚ ਵਿਕਾਸ ਦਰ 6.7 ਫੀਸਦ ਹਰੇਕ ਸਾਲ ’ਤੇ ਸਥਿਰ ਰਹਿਣ ਦਾ ਅਨੁਮਾਨ ਹੈ।’’ ਬੈਂਕ ਨੇ ਕਿਹਾ, ‘‘ਸੇਵਾ ਖੇਤਰ ਵਿੱਚ ਲਗਾਤਾਰ ਵਿਸਤਾਰ ਹੋਣ ਦੀ ਆਸ ਹੈ। ਉਤਪਾਦਨ ਗਤੀਵਿਧੀਆਂ ਮਜ਼ਬੂਤ ਹੋਣਗੀਆਂ ਜਿਸ ਨਾਲ ਕਾਰੋਬਾਰੀ ਮਾਹੌਲ ਵਿੱਚ ਸੁਧਾਰ ਲਈ ਸਰਕਾਰ ਦੀਆਂ ਪਹਿਲਾਂ ਦਾ ਸਮਰਥਨ ਪ੍ਰਾਪਤ ਹੋਵੇਗਾ। ਨਿਵੇਸ਼ ਵਾਧਾ ਸਥਿਰ ਰਹਿਣ ਦਾ ਅਨੁਮਾਨ ਹੈ ਅਤੇ ਨਿੱਜੀ ਨਿਵੇਸ਼ ’ਚ ਵਾਧੇ ਨਾਲ ਜਨਤਕ ਨਿਵੇਸ਼ ਵਿੱਚ ਨਰਮੀ ਦੀ ਭਰਪਾਈ ਹੋਵੇਗੀ।’’ ਵਿੱਤੀ ਵਰ੍ਹੇ 2024-25 ਵਿੱਚ ਭਾਰਤ ਦੀ ਵਿਕਾਸ ਦਰ ਘੱਟ ਕੇ 6.5 ਰਹਿਣ ਦਾ ਅਨੁਮਾਨ ਹੈ ਜੋ ਨਿਵੇਸ਼ ਵਿੱਚ ਮੰਦੀ ਤੇ ਉਤਪਾਦਨ ਖੇਤਰ ਦੇ ਕਮਜ਼ੋਰ ਵਾਧੇ ਨੂੰ ਦਰਸਾਉਂਦਾ ਹੈ। ਭਾਰਤ ਤੋਂ ਇਲਾਵਾ ਇਸ ਖੇਤਰ ਵਿੱਚ 2024 ’ਚ ਵਿਕਾਸ ਦਰ ਵਧ ਕੇ 3.9 ਫੀਸਦ ਹੋਣ ਦਾ ਅਨੁਮਾਨ ਹੈ। ਇਹ ਮੁੱਖ ਤੌਰ ’ਤੇ ਪਾਕਿਸਤਾਨ ਤੇ ਸ੍ਰੀਲੰਕਾ ਵਿੱਚ ਸੁਧਾਰ ਨੂੰ ਦਰਸਾਉਂਦਾਹੈ ਜੋ ਆਰਥਿਕ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਅਪਣਾਈ ਗਈ ਬਿਹਤਰ ਵਿਆਪਕ ਆਰਥਿਕ ਨੀਤੀਆਂ ਦਾ ਨਤੀਜਾ ਹੈ।

Loading