ਵਿਸ਼ਵ ਸ਼ਾਂਤੀ ਦਾ ਸੁਨੇਹਾ

In ਸੰਪਾਦਕੀ
June 25, 2025

ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ, ਇਸ ਗੱਲ ਨੂੰ ਦੁਨੀਆ ਦੇ ਸਾਰੇ ਦੇਸ਼ ਸਮਝਦੇ ਹਨ ਪਰ ਫੇਰ ਵੀ ਗੱਲਬਾਤ ਰਾਹੀਂ ਮਸਲੇ ਸੁਲਝਾਉਣ ਦੀ ਥਾਂ ਅਕਸਰ ਵੱਖ- ਵੱਖ ਦੇਸ਼ਾਂ ਵੱਲੋਂ ‘ਜੰਗ’ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਸਮੇਂ ਵਿਸ਼ਵ ਦੇ ਅਨੇਕਾਂ ਦੇਸ਼ ਪਰਮਾਣੂ ਹਥਿਆਰਾਂ ਨਾਲ ਲੈਸ ਹਨ, ਜਿਸ ਕਾਰਨ ਉਹਨਾਂ ਨੂੰ ਆਪਣੀ ਪਰਮਾਣੂ ਸਮਰਥਾ ਉੱਪਰ ਘੁਮੰਡ ਵਰਗਾ ਮਾਣ ਹੈ। ਉਹ ਅਕਸਰ ਦੂਜੇ ਦੇਸ਼ਾਂ ’ਤੇ ਰੋਹਬ ਪਾਉਣ ਅਤੇ ਦੂਜੇ ਦੇਸ਼ਾਂ ’ਤੇ ਕਬਜ਼ਾ ਕਰਨ ਲਈ ਆਪਣੀ ਪਰਮਾਣੂ ਸਮਰਥਾ ਨੂੰ ਵਰਤਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਹ ਚਾਹੁੰਦੇ ਹਨ ਕਿ ਦੁਨੀਆ ਵਿੱਚ ਸਿਰਫ਼ ਉਹਨਾਂ ਕੋਲ ਹੀ ਪਰਮਾਣੂ ਹਥਿਆਰ ਹੋਣ ਤੇ ਹੋਰ ਕੋਈ ਦੇਸ਼ ਪਰਮਾਣੂ ਹਥਿਆਰਾਂ ਦਾ ਨਿਰਮਾਣ ਨਾ ਕਰ ਸਕੇ। ਇਹੋ ਕਾਰਨ ਹੈ ਕਿ ਜਦੋਂ ਇਰਾਨ ਨੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾਇਆ ਤਾਂ ਪਹਿਲਾਂ ਤੋਂ ਪਰਮਾਣੂ ਹਥਿਆਰ ਬਣਾਈ ਬੈਠੇ ਇਜ਼ਰਾਇਲ ਅਤੇ ਅਮਰੀਕਾ ਨੂੰ ਵੱਡੀ ਚਿੰਤਾ ਹੋਈ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜੇ ਅਮਰੀਕਾ ਅਤੇ ਇਜ਼ਰਾਇਲ ਪਰਮਾਣੂ ਹਥਿਆਰ ਬਣਾ ਸਕਦੇ ਹਨ ਤਾਂ ਇਰਾਨ ਕਿਉਂ ਨਹੀਂ ਬਣਾ ਸਕਦਾ? ਇਰਾਨ ਉੱਪਰ ਪਰਮਾਣੂ ਹਥਿਆਰ ਬਣਾਉਣ ਲਈ ਪਾਬੰਦੀਆਂ ਕਿਉਂ ਲਗਾਈਆਂ ਜਾ ਰਹੀਆਂ ਹਨ?
ਵਿਸ਼ਵ ’ਚ ਪੱਛਮੀ ਏਸ਼ੀਆ ਅਤੇ ਮੱਧ ਪੂਰਬ ਦਾ ਇਲਾਕਾ ਵੱਡੀ ਮਹੱਤਤਾ ਰੱਖਦਾ ਹੈ, ਪਰ ਇਹ ਖੇਤਰ ਪਿਛਲੇ ਕੁਝ ਦਹਾਕਿਆਂ ਤੋਂ ਸਿਆਸੀ, ਫ਼ੌਜੀ ਅਤੇ ਧਾਰਮਿਕ ਤਨਾਓ ਦਾ ਮੁੱਖ ਕੇਂਦਰ ਬਣਦਾ ਰਿਹਾ ਹੈ। ਇਸ ਸਮੇਂ ਵੀ ਇਰਾਨ, ਇਜ਼ਰਾਇਲ ਜੰਗ ਦੌਰਾਨ ਅਮਰੀਕਾ ਦੇ ਇਸ ਜੰਗ ਵਿੱਚ ਸ਼ਾਮਲ ਹੋਣ ਨਾਲ ਇਹ ਖੇਤਰ ਵੱਡੇ ਤਨਾਓ ਦਾ ਕੇਂਦਰ ਬਣ ਗਿਆ ਹੈ। ਹੁਣ ਭਾਵੇਂ ਅਮਰੀਕਾ ਦੀ ਪਹਿਲ ’ਤੇ ਇਰਾਨ ਅਤੇ ਇਜ਼ਰਾਇਲ ਵਿਚਾਲੇ ਜੰਗਬੰਦੀ ਹੋ ਗਈ ਹੈ ਪਰ ਇਸ ਜੰਗਬੰਦੀ ’ਤੇ ਹੀ ਸਵਾਲ ਉਠ ਰਹੇ ਹਨ ਕਿਉਂਕਿ ਦੋਵੇਂ ਦੇਸ਼ ਹੀ ਇੱਕ ਦੂਜੇ ’ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾ ਰਹੇ ਹਨ।
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਆਪਣੇ ਆਪ ਨੂੰ ਦੁਨੀਆ ਦਾ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਅਤੇ ਸ਼ਾਂਤੀ ਦਾ ਮਸੀਹਾ ਸਮਝਿਆ ਜਾ ਰਿਹਾ ਹੈ। ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਤੁਰੰਤ ਹੀ ਰੂਸ ਅਤੇ ਯੂਕ੍ਰੇਨ ਵਿਚਾਲੇ ਹੋ ਰਹੀ ਜੰਗ ਬੰਦ ਕਰਵਾ ਦੇਣਗੇ। ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਵੱਲੋਂ ਆਪਣਾ ਇਹ ਵਾਅਦਾ ਪੂਰਾ ਕਰਨ ਦੇ ਬਹੁਤ ਯਤਨ ਕੀਤੇ ਗਏ ਪਰ ਉਹਨਾਂ ਨੂੰ ਅਜੇ ਤੱਕ ਸਫ਼ਲਤਾ ਨਹੀਂ ਮਿਲੀ। ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੀ ਇਜ਼ਰਾਇਲ ਅਤੇ ਇਰਾਨ ਵਿਚਾਲੇ ਜੰਗ ਸ਼ੁਰੂ ਹੋ ਗਈ, ਜਿਸ ਵਿੱਚ ਅਮਰੀਕਾ ਨੇ ਵੀ ਸ਼ਾਮਲ ਹੋ ਕੇ ਇਰਾਨ ਉੱਪਰ ਹਵਾਈ ਹਮਲੇ ਕੀਤੇ। ਅਮਰੀਕਾ ਵੱਲੋਂ ਇਰਾਨ ਉੱਪਰ ਹਵਾਈ ਹਮਲਿਆਂ ਲਈ ਬਹਾਨਾ ਇਹ ਲਗਾਇਆ ਗਿਆ ਕਿ ਉਸ ਵੱਲੋਂ ਸਿਰਫ਼ ਇਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਬੰਬ ਸੁੱਟੇ ਗਏ ਹਨ ਅਤੇ ਇਰਾਨ ਦੇ ਰਿਹਾਇਸ਼ੀ ਖੇਤਰਾਂ ’ਤੇ ਬੰਬਾਰੀ ਨਹੀਂ ਕੀਤੀ ਗਈ। ਇਸ ਦੇ ਬਾਵਜੂਦ ਇਰਾਨ ਵਿੱਚ ਇਸ ਬੰਬਾਰੀ ਕਾਰਨ ਵੱਡੀ ਗਿਣਤੀ ਲੋਕ ਮਾਰੇ ਗਏ ਅਤੇ ਇਰਾਨ ਦੇ ਅਨੇਕਾਂ ਪਰਮਾਣੂ ਵਿਗਿਆਨੀ ਵੀ ਮਾਰੇ ਗਏ। ਇਰਾਨ ਵੱਲੋਂ ਵੀ ਇਸ ਦਾ ਬਦਲਾ ਲੈਣ ਲਈ ਜਵਾਬੀ ਹਮਲੇ ਕੀਤੇ ਗਏ। ਹੁਣ ਯੂ.ਐਨ.ਓ. ਵੱਲੋਂ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਤੋਂ ਬਾਅਦ ਅਮਰੀਕਾ ਦੀ ਪਹਿਲ ’ਤੇ ਇਜ਼ਰਾਇਲ ਅਤੇ ਇਰਾਨ ਵਿਚਾਲੇ ਜੰਗਬੰਦੀ ਹੋਈ ਹੈ।
ਪਿਛਲੇ ਕੁਝ ਸਮੇਂ ਤੋਂ ਵਿਸ਼ਵ ਵਿੱਚ ਪਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਹੋ ਗਈ ਹੈ, ਜੋ ਕਿ ਵਿਸ਼ਵ ਸ਼ਾਂਤੀ ਲਈ ਵੱਡਾ ਖਤਰਾ ਹੈ। ਹਰ ਦੇਸ਼ ਹੀ ਪਰਮਾਣੂ ਹਥਿਆਰ ਬਣਾਉਣ ਲਈ ਤਰਲੋਮੱਛੀ ਹੋ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਵੀ ਪਰਮਾਣੂ ਹਥਿਆਰਾਂ ਨਾਲ ਸੰਪੰਨ ਦੇਸ਼ ਹਨ। ਭਾਰਤ ਨੂੰ ਤਾਂ ਜ਼ਿੰਮੇਵਾਰ ਮੁਲਕ ਸਮਝਿਆ ਜਾਂਦਾ ਹੈ ਅਤੇ ਭਾਰਤ ਵੱਲੋਂ ਕਈ ਵਾਰ ਦੁਹਰਾਇਆ ਵੀ ਗਿਆ ਹੈ ਕਿ ਉਸ ਵੱਲੋਂ ਪਰਮਾਣੂੁ ਹਥਿਆਰਾਂ ਦੀ ਵਰਤੋ ’ਚ ਪਹਿਲ ਨਹੀਂ ਕੀਤੀ ਜਾਵੇਗੀ ਅਤੇ ਇਹਨਾਂ ਦੀ ਵਰਤੋ ਵਿਸ਼ਵ ਭਲਾਈ ਲਈ ਹੀ ਕੀਤੀ ਜਾਵੇਗੀ। ਇਰਾਨ ਦੀ ਪਰਮਾਣੂ ਯੋਜਨਾ ਬਾਰੇ ਸਾਰੇ ਵਿਸ਼ਵ ਨੂੰ ਪਤਾ ਹੈ, ਉਸ ਵੱਲੋਂ ਪਹਾੜਾਂ ਉਹਲੇ ਪਰਮਾਣੂ ਪਲਾਂਟ ਲਗਾਏ ਹੋਏ ਹਨ। ਕਿਹਾ ਜਾਂਦਾ ਹੈ ਕਿ ਇਹ ਪਰਮਾਣੂ ਪਲਾਂਟ ਏਨੇ ਮਜ਼ਬੂਤ ਹਨ ਕਿ ਇਜ਼ਰਾਇਲ ਦੇ ਜਹਾਜ਼ ਵੀ ਇਹਨਾਂ ਨੂੰ ਭੇਦ ਨਹੀਂ ਸਕਦੇ। ਸਿਰਫ਼ ਅਮਰੀਕਾ ਕੋਲ ਹੀ ਅਜਿਹੇ ਸ਼ਕਤੀਸ਼ਾਲੀ ਜਹਾਜ਼ ਅਤੇ ਬੰਬ ਹਨ ਜੋ ਕਿ ਇਰਾਨ ਦੇ ਪਰਮਾਣੂ ਹਥਿਆਰਾਂ ਦੀ ਮਜ਼ਬੂਤੀ ਨੂੰ ਭੇਦ ਸਕਦੇ ਹਨ। ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਪਹਿਲਾਂ ਅਮਰੀਕਾ ਅਤੇ ਇਰਾਨ ਵਿਚਾਲੇ ਇੱਕ ਸਮਝੌਤਾ ਵੀ ਹੋਇਆ ਸੀ ਪਰ ਬਾਅਦ ਵਿੱਚ ਇਹ ਸਮਝੌਤਾ ਟੁੱਟ ਗਿਆ, ਜਿਸ ਦਾ ਨਤੀਜਾ ਮੌਜੂਦਾ ਇਰਾਨ, ਇਜ਼ਰਾਇਲ ਅਤੇ ਅਮਰੀਕਾ ਵਿਚਾਲੇ ਜੰਗ ਦੇ ਰੂਪ ਵਿੱਚ ਵੇਖਣ ਨੂੰ ਮਿਲਿਆ।
ਇਸ ਸਮੇਂ ਇਰਾਨ, ਇਜ਼ਰਾਇਲ ਅਤੇ ਅਮਰੀਕਾ ਵਿਚਾਲੇ ਜੋ ਜੰਗਬੰਦੀ ਹੋਈ ਹੈ, ਉਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਭਾਵੇਂ ਕਿ ਹੁਣ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਇਹ ਜੰਗਬੰਦੀ ਕਿੰਨਾ ਸਮਾਂ ਕਾਇਮ ਰਹਿੰਦੀ ਹੈ। ਇਸ ਜੰਗਬੰਦੀ ਨੂੰ ਲੰਬਾ ਸਮਾਂ ਕਾਇਮ ਰੱਖਣ ਲਈ ਸਾਰੀਆਂ ਧਿਰਾਂ ਨੂੰ ਸੰਜਮ ਵਰਤ ਕੇ ਆਪਸੀ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਦਾ ਰਾਹ ਅਪਨਾਉਣਾ ਚਾਹੀਦਾ ਹੈ ਅਤੇ ਪੂਰੀ ਦੁਨੀਆ ਵਿੱਚ ‘ਵਿਸ਼ਵ ਸ਼ਾਂਤੀ’ ਲਈ ਯਤਨ ਕਰਨੇ ਚਾਹੀਦੇ ਹਨ। ਯੂ.ਐਨ.ਓ. ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਨੂੰ ‘ਵਿਸ਼ਵ ਨੂੰ ਜੰਗ ਦਾ ਅਖਾੜਾ’ ਬਣਨ ਤੋਂ ਰੋਕਣ ਲਈ ਆਪਣੇ ਯਤਨ ਤੇਜ਼ ਕਰਨੇ ਚਾਹੀਦੇ ਹਨ ਤਾਂਕਿ ਦੁਨੀਆ ਭਰ ਦੇ ਲੋਕ ਸੁੱਖ ਸ਼ਾਂਤੀ ਨਾਲ ਰਹਿ ਸਕਣ।

Loading