ਵਿਸਾਖੀ ਦਮਦਮਾ ਸਾਹਿਬ ਦੀ

In ਮੁੱਖ ਲੇਖ
April 09, 2026

ਤਲਵਿੰਦਰ ਸਿੰਘ
ਸਿੱਖ ਇਤਿਹਾਸ ’ਚ ਸ੍ਰੀ ਅਨੰਦਪੁਰ ਸਾਹਿਬ ਦੀ ਵਿਸਾਖੀ ਤੋਂ ਬਿਨਾਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਵਿਸਾਖੀ ਦਾ ਵੀ ਵੱਡਾ ਮਹੱਤਵ ਹੈ। ਇਤਿਹਾਸਕ ਨਗਰ ਤਲਵੰਡੀ ਸਾਬੋ, ਮਾਲਵੇ ਦੇ ਬਠਿੰਡਾ ਜ਼ਿਲ੍ਹਾ ਮੁਕਾਮ ਤੋਂ ਦੱਖਣੀ ਦਿਸ਼ਾ ’ਚ 28 ਕਿਲੋਮੀਟਰ ਦੂਰ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਸਿੱਖਾਂ ਦਾ ਪੰਜਵਾਂ ਤਖ਼ਤ ਹੋਣ ਦਾ ਮਾਣ ਹਾਸਿਲ ਹੈ।
ਪੁਰਾਤਨ ਸਾਖੀ ਪੋਥੀ ਅਨੁਸਾਰ ਵੈਦਿਕ ਕਾਲ ਸਮੇਂ ਤਲਵੰਡੀ ਸਾਬੋ ਵਾਲੀ ਥਾਂ ’ਤੇ ਸਰਸਵਤੀ ਨਦੀ ਵਹਿੰਦੀ ਸੀ, ਜਿਸ ਦੇ ਕੰਢੇ ’ਤੇ ਰਿਸ਼ੀ ਮਾਰਕੰਡਾ, ਵਿਆਸ, ਪਰਾਸ਼ਰ, ਵੈਸਪਾਈਨ, ਅਗਰਵੈਸ ਅਤੇ ਪੀਲੀ ਜੀ ਰਹਿੰਦੇ ਸਨ। ਇੱਥੇ ‘ਉੱਤਰ ਕਾਸ਼ੀ’ ਨਾਂਅ ਦਾ ਵਿੱਦਿਆ ਕੇਂਦਰ ਹੁੰਦਾ ਸੀ। ਇੱਕ ਪ੍ਰਚੱਲਿਤ ਮੌਖਿਕ ਧਾਰਨਾ ਅਨੁਸਾਰ ਪਹਿਲਾਂ ਇਹ ਲੱਖੀ ਜੰਗਲ ਦਾ ਇਲਾਕਾ ਮੁਗ਼ਲ ਬਾਦਸ਼ਾਹ ਸਮਸ਼ਉਲਦੀਨ ਅਲਤਮਸ਼ ਵੇਲੇ ਹਿੰਦੂ ਗੁੱਜਰਾਂ ਦੇ ਕਬਜ਼ੇ ’ਚ ਸੀ। ਗੁੱਜਰਾਂ ਦੇ ਮੁਖੀ ਚੌਧਰੀ ਦੇ ਕੋਈ ਪੁੱਤਰ ਨਾ ਹੋਣ ਕਰਕੇ ਉਸ ਤੋਂ ਬਾਅਦ ਤਲਵੰਡੀ ਦੀ ਚੌਧਰ ਦਾ ਕੰਮ ਉਸ ਦੀ ਧੀ ਸਾਹਬੋ ਨੇ ਸੰਭਾਲਿਆ ਸੀ। ਚੌਧਰੀ ਨੇ ਤਲਵੰਡੀ ਸਮੇਤ 40 ਦੇ ਕਰੀਬ ਪਿੰਡ ਆਪਣੀ ਧੀ ਸਾਹਬੋ ਨੂੰ ਦਾਜ ’ਚ ਦਿੱਤੇ, ਜਿਸ ਕਰਕੇ ਇਸ ਦਾ ਨਾਂਅ ‘ਸਾਹਬੋ ਕੀ ਤਲਵੰਡੀ’ ਜਾਂ ‘ਤਲਵੰਡੀ ਸਾਬੋ’ ਪੈ ਗਿਆ।
ਇੱਕ ਹੋਰ ਧਾਰਨਾ ਅਨੁਸਾਰ ਤਲਵੰਡੀ ਦੇ ਸਰਦਾਰਾਂ ਦੀ ਬੰਸਾਵਲੀ ’ਚ ਛੇਵੇਂ ਸਥਾਨ ’ਤੇ ਸਾਬੋ ਨਾਂਅ ਦਾ ਇੱਕ ਸਰਦਾਰ ਹੋਇਆ। ਸੰਨ 1576 ਈਸਵੀ ’ਚ ਸਾਬੋ ਨੇ ਪਾਣੀਪਤ ਦੀ ਪਹਿਲੀ ਲੜਾਈ ’ਚ ਬਾਬਰ ਦੀ ਸਹਾਇਤਾ ਕੀਤੀ, ਜਿਸ ਕਰਕੇ ਲੱਖੀ ਜੰਗਲ ਬਠਿੰਡਾ ਦੀ ਚੌਧਰ ਸਿੱਧੂ ਬਰਾੜਾਂ ਨੂੰ ਬਾਬਰ ਕੋਲੋਂ ਹਾਸਲ ਹੋਈ। ਸਾਬੋ ਨੇ ਤਲਵੰਡੀ ਨੂੰ ਆਪਣੀਆਂ ਸਰਗਰਮੀਆਂ ਦਾ ਗੜ੍ਹ ਬਣਾਇਆ। ਇਹ ਵੀ ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਸਮੇਂ ਬਠਿੰਡਾ ਤੋਂ ਸਿਰਸਾ ਵੱਲ ਜਾਂਦੇ ਸਮੇਂ ਇੱਥੇ ਕੁਝ ਸਮੇਂ ਲਈ ਠਹਿਰੇ ਸਨ।
ਇਤਿਹਾਸਕ ਹਵਾਲਿਆਂ ਅਨੁਸਾਰ 1675 ਈਸਵੀ ’ਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਸਥਾਨ ’ਤੇ ਬਿਰਾਜੇ ਅਤੇ ਕੁਝ ਦਿਨ ਠਹਿਰੇ ਸਨ। ਉਨ੍ਹਾਂ ਇੱਥੇ ਇੱਕ ਤਲਾਬ ਪੁੱਟਣ ਦੀ ਸ਼ੁਰੂਆਤ ਵੀ ਕੀਤੀ ਸੀ, ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨ ਕਰਵਾਇਆ ਤੇ ਇਸ ਦਾ ਨਾਂਅ ‘ਗੁਰੂਸਰ ਸਰੋਵਰ’ ਪੈ ਗਿਆ।
ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਖਿਦਰਾਣੇ ਦੀ ਢਾਬ ਦੀ ਆਖ਼ਰੀ ਲੜਾਈ ਤੋਂ ਮਗਰੋਂ ਲੱਖੀ ਜੰਗਲ ਅਤੇ ਪੱਕਾ ਕਲਾਂ ਹੁੰਦੇ ਹੋਏ 1705 ਈਸਵੀ ’ਚ ਤਲਵੰਡੀ ਸਾਬੋ ਪਹੁੰਚੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਉੱਚੇ ਟਿੱਬੇ ’ਤੇ ਚੜ੍ਹ ਕੇ ਆਪਣਾ ਜੰਗੀ ਕਮਰਕੱਸਾ ਖੋਲ੍ਹ ਕੇ ਉਚਾਰਿਆ ਸੀ : ‘ਇਹ ਤਾਂ ਸਾਡਾ ਅਨੰਦਪੁਰ ਵਾਲਾ ਦਮਦਮਾ (ਲੰਬੇ ਸਫ਼ਰ ਦੌਰਾਨ ਰਸਤੇ ’ਚ ਰੁਕਣ ਦਾ ਪੜਾਅ) ਹੈ’, ਉੱਥੇ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ। ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਨੇ ਇੱਥੇ 9 ਮਹੀਨੇ 9 ਦਿਨ ਦਾ ਠਹਿਰਾਓ ਕੀਤਾ ਅਤੇ ਇੱਥੇ ਹੀ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬੀੜ ਦੀ ਲਿਖਾਈ ਕਰਵਾਈ, ਜਿਸ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਿਲ ਕੀਤੀ ਗਈ। ਬੀੜ ਸੰਪੂਰਨ ਹੋਣ ਉਪਰੰਤ ਬਚੀ ਸਿਆਹੀ ਅਤੇ ਕਲਮਾਂ ਨੇੜੇ ਹੀ ਇੱਕ ਕੱਚੀ ਛੱਪੜੀ, ਜਿਸ ਦਾ ਨਾਂਅ ਬਾਅਦ ’ਚ ‘ਲਿਖਣਸਰ ਸਰੋਵਰ’ ਪੈ ਗਿਆ, ’ਚ ਪਾਉਂਦਿਆਂ ਇਸ ਅਸਥਾਨ ਨੂੰ ਵਿੱਦਿਆ ਦਾ ਕੇਂਦਰ ‘ਗੁਰੂ ਕੀ ਕਾਸ਼ੀ’ ਦਾ ਵਰਦਾਨ ਦਿੱਤਾ।
1706 ਈਸਵੀ ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਦੀ ਧਰਤੀ ਤੋਂ ਦੂਰ-ਦੁਰਾਡੇ ਦੀਆਂ ਸਿੱਖ ਸੰਗਤਾਂ ਨੂੰ ਆਪਣੀ ਮੋਹਰ ਛਾਪ ਹੇਠਾਂ ਹੁਕਮਨਾਮੇ ਭੇਜ ਕੇ ਵੱਡਾ ਇਕੱਠ ਬੁਲਾਇਆ। ਅੰਗਰੇਜ਼ ਇਤਿਹਾਸਕਾਰ ਟਰਿੱਪ ਅਨੁਸਾਰ ਖ਼ਾਲਸੇ ਦੀ ਸਾਜਨਾ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀਹ ਹਜ਼ਾਰ ਲੋਕਾਂ ਨੇ ਅੰਮ੍ਰਿਤਪਾਨ ਕੀਤਾ, ਜਦਕਿ ਦਮਦਮਾ ਸਾਹਿਬ ਦੀ ਵਿਸਾਖੀ ਮੌਕੇ ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ ਸਵਾ ਲੱਖ ਤੋਂ ਉਪਰ ਸੀ।
ਹੁਣ ਤਲਵੰਡੀ ਸਾਬ੍ਹੋ ’ਚ ਗੁਰਦੁਆਰਾ ਮੰਜੀ ਸਾਹਿਬ ਪਾਤਿਸ਼ਾਹੀ ਨੌਵੀਂ, ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ, ਗੁਰਦੁਆਰਾ ਮੰਜੀ ਸਾਹਿਬ ਪਾਤਿਸ਼ਾਹੀ ਨੌਵੀਂ ਅਤੇ ਦਸਵੀਂ, ਗੁਰਦੁਆਰਾ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ, ਗੁਰਦੁਆਰਾ ਜੰਡਸਰ ਸਾਹਿਬ, ਗੁਰਦੁਆਰਾ ਮਹੱਲਸਰ ਸਾਹਿਬ, ਗੁਰਦੁਆਰਾ ਬਾਬਾ ਬੀਰ ਸਿੰਘ ਜੀ, ਬਾਬਾ ਧੀਰ ਸਿੰਘ ਜੀ, ਬੁਰਜ ਬਾਬਾ ਦੀਪ ਸਿੰਘ ਜੀ, ਗੁਰਦੁਆਰਾ ਭੋਰਾ ਬਾਬਾ ਦੀਪ ਸਿੰਘ ਅਤੇ ਗੁਰਦੁਆਰਾ ਬੇਰ ਸਾਹਿਬ ਸੁਸ਼ੋਭਿਤ ਹਨ।
ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਜੋੜ-ਮੇਲਾ ਲਗਭਗ ਪੌਣੇ ਦੋ ਸੌ ਸਾਲ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮਹੰਤ ਗਿਆਨੀ ਭਗਵਾਨ ਸਿੰਘ ਨੇ ਆਰੰਭ ਕਰਵਾਇਆ ਸੀ। ਦੱਸਿਆ ਜਾਂਦਾ ਹੈ ਕਿ ਉਸ ਵੇਲੇ ਇਹ ਸਾਰਾ ਇਲਾਕਾ ਮਾਰੂਥਲ ਹੁੰਦਾ ਸੀ। ਆਵਾਜਾਈ ਦੇ ਸਾਧਨ ਅਤੇ ਸੜਕਾਂ ਨਾ ਹੋਣ ਦੇ ਬਾਵਜੂਦ ਸੰਗਤਾਂ ਬੜੇ ਉਤਸ਼ਾਹ ਨਾਲ ਕੰਡੇਦਾਰ ਝਾੜੀਆਂ, ਰੇਤ ਦੇ ਤਪਦੇ ਟਿੱਬਿਆਂ ’ਚ ਦੀ ਦਮਦਮੇ ਪੁੱਜਦੀਆਂ ਸਨ। ਸ਼ੁਰੂਆਤ ਦੌਰਾਨ ਦਮਦਮਾ ਸਾਹਿਬ ਦੀ ਵਿਸਾਖੀ ’ਤੇ ਸੰਗਤਾਂ ਦਾ ਬਹੁਤਾ ਇਕੱਠ ਨਹੀਂ ਹੁੰਦਾ ਸੀ। ਪਰ ਹੌਲੀ-ਹੌਲੀ ਦੂਰ-ਦੁਰਾਡੇ ਦੀਆਂ ਸੰਗਤਾਂ ਵੀ ਦਮਦਮਾ ਸਾਹਿਬ ਦੀ ਵਿਸਾਖੀ ਦੇਖਣ ਲਈ ਪਹੁੰਚਣ ਲੱਗੀਆਂ। ਵਿਸਾਖੀ ਵਾਲੇ ਦਿਨ ਇੱਥੇ ਯਾਤਰੂ ਵੱਡੀ ਗਿਣਤੀ ’ਚ ਇਸ਼ਨਾਨ ਕਰਦੇ ਸਨ। ਤਖ਼ਤ ਸਾਹਿਬ ’ਤੇ ਦੀਵਾਨ ਸਜਦਾ ਸੀ, ਰਾਗੀ ਕੀਰਤਨ ਕਰਦੇ ਸਨ।
ਵਿਸਾਖੀ ਤੋਂ ਦੂਸਰੇ ਦਿਨ ਮਹੱਲਾ (ਨਗਰ ਕੀਰਤਨ) ਨਿਕਲਦਾ ਸੀ। ਸਾਰੇ ਬੁੰਗਿਆਂ ਦੇ ਸੰਤ, ਮਹੰਤ ਆਪਣੇ-ਆਪਣੇ ਨਿਸ਼ਾਨ ਦੀ ਹਾਜ਼ਰੀ ’ਚ ਮਹੱਲੇ ’ਚ ਸ਼ਾਮਿਲ ਹੁੰਦੇ ਸਨ ਅਤੇ ਬਠਿੰਡਾ ਮਾਰਗ ’ਤੇ ਕੋਈ 1 ਕਿਲੋਮੀਟਰ ਦੀ ਵਿੱਥ ’ਤੇ ਮਹੱਲਸਰ (ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਕਰਵਾਉਂਦੇ ਸਨ) ਪੁੱਜਦੇ ਸਨ। ਜਦੋਂ ਜਲੂਸ ਮਹੱਲਸਰ ਤੋਂ 200 ਕਦਮ ਰਹਿ ਜਾਂਦਾ ਸੀ ਤਾਂ ਲਕੀਰ ਖਿੱਚ ਕੇ ਨਿਸ਼ਾਨਾਂ ਵਾਲੇ ਸਿੰਘਾਂ ਨੂੰ ਬਰਾਬਰ ਖੜ੍ਹਾ ਕਰ ਕੇ ਇਕੋ ਸਮੇਂ ਭਜਾਇਆ ਜਾਂਦਾ ਸੀ। ਜਿਹੜਾ ਸਿੰਘ ਸਭ ਤੋਂ ਪਹਿਲਾਂ ਮਹੱਲਸਰ ਦੀ ਟਿੱਬੀ ’ਤੇ ਜਾ ਕੇ ਨਿਸ਼ਾਨ ਗੱਡਦਾ, ਉਸ ਨੂੰ ਸਵਾ ਰੁਪਿਆ ਇਨਾਮ ਦਿੱਤਾ ਜਾਂਦਾ ਸੀ। ਮਹੱਲਸਰ ਤੋਂ ਜਲੂਸ ਵਾਪਸ ਜੰਡਸਰ ਆਉਂਦਾ ਸੀ। ਨਿਸ਼ਾਨਾਂ ਵਾਲੇ ਸਿੰਘ ਅੱਗੇ ਹੁੰਦੇ ਸਨ। ਗੁਰਦੁਆਰਾ ਜੰਡਸਰ ਦੀ ਪਰਿਕਰਮਾ ਕਰਕੇ ਸਭ ਜਲ ਛਕਦੇ ਸਨ।
ਵੀਹਵੀਂ ਸਦੀ ਦੇ ਆਰੰਭ ’ਚ ਸੰਤ ਮੰਗਲਦਾਸ ਕੋਟ ਦੁੱਲੇ ਵਾਲੇ ਵੱਡੇ ਖੂਹ ’ਤੇ ਪਿਆਓ ਲਾਇਆ ਕਰਦੇ ਸਨ। ਜਲੂਸ ਸਮੇਂ ਜੰਡਸਰ ਪਹੁੰਚ ਕੇ ਮਿੱਠੇ ਜਲ ਦੇ ਕੜਾਹੇ ਭਰ ਕੇ ਤਿਆਰ ਰੱਖਦੇ ਸਨ ਜੋ ਜਲੂਸ ’ਚੋਂ ਆਈ ਸੰਗਤ ਨੂੰ ਛਕਾਇਆ ਜਾਂਦਾ ਸੀ। ਫ਼ਿਰ ਜਲੂਸ ਤਖ਼ਤ ਸਾਹਿਬ ਪੁੱਜਦਾ ਸੀ। ਇੱਥੇ ਸੋਦਰੁ, ਆਰਤੀ, ਆਰਤੇ ਦਾ ਪਾਠ ਹੁੰਦਾ। ਬੁੰਗਿਆਂ ਦੇ ਸੰਤ, ਮਹੰਤ ਅਤੇ ਹੋਰ ਗੁਣੀ-ਗਿਆਨੀ ਦਸਮ ਬਾਣੀ ’ਚੋਂ ਕਬਿੱਤ, ਸਵੈਯਾਂ ਦਾ ਵਿਸ਼ੇਸ਼ ਸ਼ੈਲੀ ਤੇ ਉੱਚੀ ਸੁਰ ਨਾਲ ਪਾਠ ਕਰਦੇ। ਦਸ ਵਜੇ ਤੱਕ ਦੀਵਾਨ ਸਜਦਾ। ਤਖ਼ਤ ਸਾਹਿਬ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਪਾਵਨ ਬੀੜਾਂ ਦਾ ਪ੍ਰਕਾਸ਼ ਹੁੰਦਾ ਸੀ, ਇੱਕ ਹੱਥਲਿਖਤ ਅਤੇ ਇੱਕ ਛਾਪੇ ਵਾਲੀ ਬੀੜ। ਇੱਕ ਦਸਮ ਗ੍ਰੰਥ ਹੁੰਦਾ ਸੀ। ਤਿੰਨਾਂ ’ਚੋਂ ਕ੍ਰਮਵਾਰ ਗ੍ਰੰਥੀ ਖੜੋਤੇ ਹੋਏ ਹੁਕਮਨਾਮਾ ਲੈਂਦੇ ਸਨ ਅਤੇ ਖੜ੍ਹੋਤੇ ਹੋਏ ਹੀ ਚਵਰ ਕਰਦੇ ਸਨ। ਅਰਦਾਸ ਤੋਂ ਬਾਅਦ ਦੇਗ਼ ਵਰਤਦੀ ਸੀ ਅਤੇ ਵਿਸਾਖੀ ਦਾ ਮੇਲਾ ਸਮਾਪਤ ਹੋ ਜਾਂਦਾ ਸੀ।
ਵੀਹਵੀਂ ਸਦੀ ’ਚ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਦਮਦਮਾ ਸਾਹਿਬ ਦੀ ਜੰਗੀ ਪੱਧਰ ’ਤੇ ਸੇਵਾ ਕੀਤੀ। ਉਨ੍ਹਾਂ ਨੇ ਗੁਰੂਸਰ ਸਰੋਵਰ ਪੱਕਾ ਕਰਵਾਇਆ, ਖੁੱਲ੍ਹੀ ਪਰਿਕਰਮਾ ਬਣਾ ਕੇ ਛਾਂਦਾਰ ਦਰੱਖ਼ਤ ਲਗਾਏ। ਲੱਖਾਂ ਰੁਪਏ ਖ਼ਰਚ ਕੇ ਸੁੰਦਰ ਬੁੰਗੇ ਤਿਆਰ ਕੀਤੇ। ਪ੍ਰਕਾਸ਼ ਸਥਾਨ ਦਾ ਵਿਸ਼ਾਲ ਹਾਲ ਅਤੇ ਖੁੱਲ੍ਹਾ ਲੰਗਰ ਹਾਲ ਬਣਾਇਆ ਗਿਆ। ਸੁੰਦਰ ਪਰਿਕਰਮਾ ਹੋਣ ਕਰਕੇ ਸਾਧੂਆਂ ਦੀਆਂ ਮੰਡਲੀਆਂ ਆ ਕੇ ਇੱਥੇ ਉੱਤਰਦੀਆਂ ਸਨ। ਕਥਾ-ਕੀਰਤਨ, ਗਿਆਨ ਚਰਚਾ ਹੁੰਦੀ। ਰਾਗੀਆਂ-ਢਾਡੀਆਂ ਦੇ ਸਮਾਗਮ, ਕਵੀ ਦਰਬਾਰ, ਰਾਗ ਸਭਾਵਾਂ ਅਤੇ ਗਿਆਨ-ਗੋਸ਼ਟੀਆਂ ਦੇ ਸਮਾਗਮ ਬੜੇ ਰੌਚਕ ਹੋਣ ਲੱਗੇ।
ਇਸ ਤੋਂ ਮਗਰੋਂ ਪਰਿਕਰਮਾ ’ਚ ਕਈ ਧਾਰਮਿਕ ਦੀਵਾਨ ਅਤੇ ਰਾਜਨੀਤਕ ਕਾਨਫਰੰਸਾਂ ਵੀ ਹੋਣ ਲੱਗੀਆਂ। ਸੰਗਤਾਂ ਕੱਚੇ ਰਾਹਾਂ ’ਚੋਂ ਦੀ ਦੋ-ਦੋ ਦਿਨ ਤੁਰ ਕੇ ਪੁੱਜਦੀਆਂ। ਸੰਨ 1957 ’ਚ ਬਠਿੰਡੇ ਤੋਂ ਤਲਵੰਡੀ ਸਾਬੋ ਤੱਕ ਪੱਕੀ ਸੜਕ ਬਣਨ ਨਾਲ ਸੰਗਤਾਂ ਦੀ ਆਵਾਜਾਈ ਸੁਖਾਲੀ ਹੋ ਗਈ। ਇਸ ਤਰ੍ਹਾਂ ਹੌਲੀ-ਹੌਲੀ ਦਮਦਮਾ ਸਾਹਿਬ ਦੀ ਵਿਸਾਖੀ ਦੂਰ-ਦੁਰਾਡੇ ਤੱਕ ਮਸ਼ਹੂਰ ਹੋ ਗਈ। ਹੁਣ ਵਿਸਾਖੀ ਸਮੇਂ ਦਮਦਮਾ ਸਾਹਿਬ ’ਚ ਲੱਖਾਂ ਦੀ ਗਿਣਤੀ ’ਚ ਸੰਗਤਾਂ ਦਾ ਇਕੱਠ ਹੁੰਦਾ ਹੈ। ਮੇਲੇ ’ਤੇ ਦੂਰ-ਦੂਰ ਦੇ ਮਹਾਂਪੁਰਖ ਆ ਕੇ ਲੰਗਰ ਲਗਾਉਂਦੇ ਹਨ ਪਰ ਵੱਡਾ ਲੰਗਰ ਬੁੰਗਾ ਮਸਤੂਆਣਾ ’ਚ ਹੁੰਦਾ ਹੈ। ਨਿਹੰਗ ਸਿੰਘ ਸੰਪਰਦਾਵਾਂ ਵੀ ਆਪਣੇ ਰਵਾਇਤੀ ਸ਼ਸਤਰਾਂ, ਬਸਤਰਾਂ ’ਚ ਸਜ ਕੇ ਘੋੜਿਆਂ, ਨਗਾਰਿਆਂ ਸਮੇਤ ਦਮਦਮਾ ਸਾਹਿਬ ਦੀ ਵਿਸਾਖੀ ’ਚ ਸ਼ਾਮਿਲ ਹੋਣ ਲਈ ਕਈ ਦਿਨ ਪਹਿਲਾਂ ਹੀ ਪਹੁੰਚ ਜਾਂਦੀਆਂ ਹਨ। ਵੱਡਾ ਮੇਲਾ ਹੋਣ ਕਰਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਵਿਸਾਖੀ ਮੌਕੇ ਦਮਦਮਾ ਸਾਹਿਬ ’ਚ ਸੂਬਾ ਪੱਧਰੀ ਕਾਨਫ਼ਰੰਸਾਂ ਕੀਤੀਆਂ ਜਾਂਦੀਆਂ ਹਨ। ਭਾਵੇਂ ਕਿ ਪੰਜਾਬ ’ਚ ਸ੍ਰੀ ਅਨੰਦਪੁਰ ਸਾਹਿਬ, ਅੰਮ੍ਰਿਤਸਰ ਅਤੇ ਤਲਵੰਡੀ ਸਾਬੋ ’ਚ ਵਿਸਾਖੀ ਮੌਕੇ ਵੱਡੇ ਮੇਲੇ ਹੁੰਦੇ ਹਨ ਪਰ ਤਿੰਨਾਂ ’ਚੋਂ ਇਕੱਠ ਸਭ ਤੋਂ ਵੱਧ ਤਲਵੰਡੀ ਸਾਬੋ ਦੀ ਵਿਸਾਖੀ ’ਤੇ ਹੀ ਹੁੰਦਾ ਹੈ।

Loading