ਵਿਹੜੇ ਦੀ ਰੌਣਕ

ਗੁਰਮੀਤ ਸਿੰਘ : “ਕਿਵੇਂ ਜਾ ਕੇ ਜੱਫਾ ਪਾ ਲਿਆ ਜਿਵੇਂ ਮੈਂ ਹੁਣੇ ਪੁੱਟ ਕੇ ਸੁੱਟ ਦਿਆਂਗੀ। ਜਨਾਬ ਦਰੱਖਤ ਆ ਕੋਈ ਮੂਲੀ ਨਹੀਂ।” ਪਤਨੀ ਅਚਾਨਕ ਮੇਰੇ ਉੱਠ ਕੇ ਧਰੇਕ ਨੂੰ ਜੱਫਾ ਪਾ ਲੈਣ ’ਤੇ ਹੈਰਾਨ ਹੋ ਗਈ ਸੀ। ਮੈਂ ਉਸ ਨੂੰ ਕਿਵੇਂ ਦੱਸਾਂ ਕਿ ਮੇਰੇ ਮਨ ਵਿੱਚ ਕੀ ਹੈ। ਮੈਂ ਤਾਂ ਪਹਿਲਾਂ ਹੀ ਮਨ ’ਤੇ ਬੋਝ ਲਈ ਫਿਰਦਾ ਹਾਂ, ਹੁਣ ਇਸ ਧਰੇਕ ਪੁਟਵਾਉਣ ਨੂੰ ਕਿਵੇਂ ਬਰਦਾਸ਼ਤ ਕਰਾਂਗਾ। ਵਿਹੜੇ ਵਿਚਲੀ ਧਰੇਕ ਜਦੋਂ ਫੁੱਲਾਂ ਨਾਲ ਭਰ ਜਾਂਦੀ ਹੈ ਤਾਂ ਮੈਂ ਅਕਸਰ ਹੀ ਸਾਹਮਣੇ ਬੈਠ ਨਿਹਾਰਦਾ ਰਹਿੰਦਾ ਹਾਂ। ਇਸ ਨਾਲ ਮੇਰੇ ਮਨ ਨੂੰ ਸਕੂਨ ਮਿਲਦਾ ਹੈ। ਅੱਜ ਵੀ ਮੈਂ ਫੁੱਲਾਂ ਨੂੰ ਵੇਖਦਾ ਹੋਇਆ ਆਪਣੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਸੀ। ਮੇਰੀ ਪਤਨੀ ਨੇ ਆਉਂਦਿਆਂ ਹੀ ਧਰੇਕ ਥੱਲੇ ਖਿਲਰੇ ਫੁੱਲ-ਪੱਤਿਆਂ ਨੂੰ ਵੇਖ ਕੇ ਕਿਹਾ ਕਿ ਵਿਹੜੇ ਵਿੱਚ ਬਹੁਤ ਗੰਦ ਪੈਂਦਾ ਹੈ, ਜੀਅ ਕਰਦਾ ਇਸ ਨੂੰ ਕਟਵਾ ਦਿਆਂ। ਉਸ ਦੇ ਬੋਲਾਂ ਨੇ ਜਿਵੇਂ ਮੈਨੂੰ ਡਰਾ ਦਿੱਤਾ ਹੋਵੇ ਤੇ ਮੈਂ ਆਪਣੇ ਆਪ ’ਤੇ ਕਾਬੂ ਨਾ ਰੱਖ ਸਕਿਆ। ਦੂਸਰੇ ਨੂੰ ਦਿਲ ਦੀ ਪੀੜ ਥੋੜ੍ਹਾ ਦਿਸਦੀ ਹੈ। ਗੱਲ ਉਦੋਂ ਦੀ ਹੈ ਜਦੋਂ ਮੇਰੀ ਧੀ ਅਜੇ ਨੌਂ ਦਸ ਸਾਲ ਦੀ ਅਤੇ ਇਹ ਧਰੇਕ ਵੀ ਛੋਟੀ ਜਿਹੀ ਸੀ। ਉਸ ਸਮੇਂ ਵੀ ਇਸ ਨੂੰ ਫੁੱਲ ਪਏ ਹੋਏ ਸਨ। ਧੀ ਨੂੰ ਜਮਾਤ ਵਿੱਚ ਗੁਲਦਸਤਾ ਬਣਾਉਣਾ ਤੇ ਸਜਾਉਣਾ ਸਿਖਾਇਆ ਗਿਆ। ਉਹ ਕਾਗਜ਼ ਦੀ ਕੁੱਪੀ ਜਿਹੀ ਬਣਾ ਵਿੱਚ ਧਰੇਕ ਦੇ ਫੁੱਲ ਭਰ ਲੈਂਦੀ ਅਤੇ ਜਦੋਂ ਮੈਂ ਸ਼ਾਮ ਨੂੰ ਘਰ ਆਉਂਦਾ ਤਾਂ ‘ਵੈਲਕਮ ਪਾਪਾ’ ਕਹਿ ਮੈਨੂੰ ਭੇਟ ਕਰਦੀ। ਕਦੇ ਕਦੇ ਕਾਗਜ਼ ਉੱਪਰ ਰੰਗਾਂ ਨਾਲ ਕੁਝ ਲਿਖਿਆ ਵੀ ਹੁੰਦਾ। ਉਸ ਦੀ ਕੋਸ਼ਿਸ਼ ਹੁੰਦੀ ਕਿ ਹਰ ਦਿਨ ਨਵਾਂ ਕਰਾਂ। ਮੈਂ ਵੀ ਉਚੇਚਾ ਚੌਕਲੇਟ ਜਾਂ ਕੁਝ ਹੋਰ ਲੈ ਕੇ ਆਉਂਦਾ। ਉਸ ਦੀ ਮਾਂ ਗੁੱਸੇ ਹੁੰਦੀ ਕਿ ਪੜ੍ਹਾਈ ਦਾ ਸਮਾਂ ਖਰਾਬ ਕਰਦੀ ਹੈ ਪਰ ਮੈਂ ਉਸ ਨੂੰ ਚੁੱਪ ਕਰਾ ਦਿੰਦਾ। ਆਖ਼ਰ ਫੁੱਲਾਂ ਦਾ ਸਮਾਂ ਲੰਘ ਗਿਆ। ਧੀ ਨੇ ਮੇਰਾ ਲਿਆਂਦਾ ਬੂਟਾ, ਜੋ ਕਿ ਕਾਫ਼ੀ ਮਹਿੰਗਾ ਸੀ ਅਤੇ ਉਸ ਨੂੰ ਫੁੱਲ ਵੀ ਕਾਫ਼ੀ ਵੱਡੇ ਲੱਗਦੇ ਸਨ, ਦਾ ਫੁੱਲ ਤੋੜ ਕੇ ਮੇਰੇ ਲਈ ਗੁਲਦਸਤਾ ਬਣਾ ਲਿਆ। ਮੈਂ ਘਰ ਆਇਆ ਤਾਂ ਹੱਸਦਿਆਂ ਹੋਇਆਂ ਮੈਨੂੰ ਭੇਟ ਕੀਤਾ। ਮੈਨੂੰ ਤਾਂ ਜਿਵੇਂ ਸੱਤੀਂ ਕੱਪੜੀਂ ਅੱਗ ਲੱਗ ਗਈ। ਗੁੱਸੇ ਵਿੱਚ ਅਵਾ ਤਵਾ ਬੋਲਦਿਆਂ ਉਸ ਦੇ ਥੱਪੜ ਮਾਰਿਆ ਤੇ ਗੁਲਦਸਤਾ ਚਲਾ ਕੇ ਪਰ੍ਹਾਂ ਸੁੱਟ ਦਿੱਤਾ। ਅੱਖਾਂ ਵਿੱਚ ਹੰਝੂ ਲਈ ਉਹ ਅੰਦਰ ਚਲੀ ਗਈ। ਮਾਂ ਦੇ ਘਰੇ ਨਾ ਹੋਣ ਕਰਕੇ ਉਸ ਨੂੰ ਰੋਣ ਲਈ ਬੁੱਕਲ ਵੀ ਨਾ ਮਿਲੀ। ਖ਼ੈਰ, ਉਸ ਨੇ ਸਬਰ ਕਰ ਲਿਆ। ਉਸ ਦਿਨ ਤੋਂ ਗੁਲਦਸਤਾ ਬਣਾਉਣਾ ਤਾਂ ਦੂਰ, ਉਹ ਮੇਰੇ ਮੱਥੇ ਲੱਗਣ ਤੋਂ ਵੀ ਝਿਜਕਣ ਲੱਗੀ। ਸਮਾਂ ਪਾ ਸਭ ਕੁਝ ਆਮ ਵਾਂਗ ਹੋ ਗਿਆ ਦਿਸਦਾ ਪਰ ਸਭ ਕੁਝ ਆਮ ਵਾਂਗ ਨਹੀਂ ਸੀ। ਤਿੰਨ ਸਾਲ ਪਹਿਲਾਂ ਉਹ ਵਿਆਹ ਉਪਰੰਤ ਆਪਣੇ ਘਰ ਚਲੀ ਗਈ। ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੀ ਵਾਰ ਮੈਨੂੰ ਗੁਲਦਸਤੇ ਮਿਲੇ ਹੋਣਗੇ ਪਰ ਉਹ ਪਿਆਰ ਤੇ ਚਾਅ ਕਦੇ ਨਸੀਬ ਨਹੀਂ ਹੋਇਆ। ਹੁਣ ਜਦੋਂ ਧਰੇਕ ਨੂੰ ਫੁੱਲ ਪੈਂਦੇ ਹਨ ਤਾਂ ਕਿੰਨਾ ਕਿੰਨਾ ਚਿਰ ਉਨ੍ਹਾਂ ਨੂੰ ਵੇਖਦਾ ਰਹਿੰਦਾ ਹਾਂ। ਮੇਰਾ ਮਨ ਮੈਨੂੰ ਵਾਪਸ ਉਨ੍ਹਾਂ ਦਿਨਾਂ ਵਿੱਚ ਲੈ ਜਾਂਦਾ ਹੈ। ਅੱਜ ਪਤਨੀ ਨੇ ਧਰੇਕ ਨੂੰ ਪੁੱਟਣ ਦੀ ਗੱਲ ਕੀਤੀ ਤਾਂ ਮੇਰਾ ਆਪਣੇ ਆਪ ’ਤੇ ਕਾਬੂ ਨਾ ਰਿਹਾ। ਪਤਾ ਹੀ ਨਾ ਲੱਗਿਆ ਮੈਂ ਕਦੋਂ ਜਾ ਕੇ ਧਰੇਕ ਨੂੰ ਜੱਫ਼ੀ ਪਾ ਲਈ ਤੇ ਮੇਰੇ ਮੂੰਹੋਂ ਨਿਕਲਿਆ, ‘‘ਮੇਰੇ ਜਿਉਂਦੇ ਜੀਅ ਇਸ ਨੂੰ ਕੋਈ ਨਹੀਂ ਪੁੱਟ ਸਕਦਾ। ਧੀ ਤਾਂ ਪਰਾਈ ਹੋ ਗਈ, ਹੁਣ ਧਰੇਕ ਤਾਂ ਰਹਿਣ ਦਿਓ। ਧੀਆਂ ਅਤੇ ਧਰੇਕਾਂ ਤਾਂ ਘਰ ਦੀ ਰੌਣਕ ਹੁੰਦੀਆਂ ਨੇ।” ਅੱਖਾਂ ਵਿਚਲੇ ਹੰਝੂ ਮੇਰੇ ਚਿਹਰੇ ਨੂੰ ਭਿਉਂ ਰਹੇ ਸਨ।

Loading