ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ : ਅਮਰੀਕੀ ਸਫ਼ਾਰਤਖ਼ਾਨਾ

In ਮੁੱਖ ਖ਼ਬਰਾਂ
July 15, 2025

ਨਵੀਂ ਦਿੱਲੀ/ਏ.ਟੀ.ਨਿਊਜ਼:
ਭਾਰਤ ਵਿੱਚ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਨੇ ਅਮਰੀਕੀ ਵੀਜ਼ਾ ਧਾਰਕ ਭਾਰਤੀਆਂ ਨੂੰ ਤੈਅ ਇਮੀਗ੍ਰੇਸ਼ਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਚਿਤਾਵਨੀ ਵਿੱਚ ਸਾਫ਼ ਕਿਹਾ ਗਿਆ ਹੈ ਕਿ ਅਜਿਹਾ ਕਰਨ ਵਿੱਚ ਨਾਕਾਮ ਰਹਿਣ ’ਤੇ ਵੀਜ਼ਾ ਰੱਦ ਕਰ ਕੇ ਸਬੰਧਿਤ ਵਿਅਕਤੀ ਨੂੰ ਅਮਰੀਕਾ ਵਿਚੋਂ ਡਿਪੋਰਟ ਕੀਤਾ ਜਾ ਸਕਦਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ਵਿੱਚ ਦੂਤਾਵਾਸ ਨੇ ਕਿਹਾ, “‘ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ। ਅਸੀਂ ਇਹ ਯਕੀਨੀ ਬਣਾਉਣ ਲਈ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਹਾਂ ਕਿ ਉਹ ਸਾਰੇ ਅਮਰੀਕੀ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਦੇ ਵੀਜ਼ੇ ਰੱਦ ਕਰ ਦੇਵਾਂਗੇ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ (ਡਿਪੋਰਟ) ਦੇ ਦੇਵਾਂਗੇ’।”
ਗ਼ੌਰਤਲਬ ਹੈ ਕਿ ਪਹਿਲਾਂ ਅਮਰੀਕਾ ਨੇ ਇੱਕ ਸਲਾਹ ਜਾਰੀ ਕੀਤੀ ਸੀ ਜਿਸ ਵਿੱਚ ਵੀਜ਼ਾ ਬਿਨੈਕਾਰਾਂ ਲਈ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਵੇਰਵੇ ਮੁਹੱਈਆ ਕਰਾਉਣੇ ਜ਼ਰੂਰੀ ਕੀਤੇ ਗਏ ਸਨ। ਇਸ ਦਾ ਮਕਸਦ ਇਨ੍ਹਾਂ ਵੀਜ਼ਾ ਖ਼ਾਤਿਆਂ ਦੀ ਅਮਰੀਕੀ ਕਾਨੂੰਨਾਂ ਦੇ ਉਲਟ ਕਿਸੇ ਵੀ ਸਮੱਗਰੀ ਜਾਂ ਵਿਚਾਰਾਂ ਲਈ ਇਨ੍ਹਾਂ ਦੀ ਪੜਤਾਲ ਕਰਨਾ ਹੈ।

Loading