ਜਿਉਂ ਜਿਉਂ ਮਨੁੱਖ ਨੇ ਵਿਕਾਸ ਕੀਤਾ, ਤਿਉਂ-ਤਿਉਂ ਆਪਣੀਆਂ ਖੋਜਾਂ ਸਦਕਾ, ਉਸਨੇ ਆਪਣੇ ਰਹਿਣ ਸਹਿਣ ਲਈ ਵੱਖ-ਵੱਖ ਤਰ੍ਹਾਂ ਦੀਆਂ ਉਸਾਰੀਆਂ ਕੀਤੀਆਂ। ਕੁੱਲੀਆਂ ਅਤੇ ਛੱਪਰਾਂ ਤੋਂ ਬਾਅਦ ਮਨੁੱਖ ਨੇ ਆਪਣੀ ਹੈਸੀਅਤ ਮੁਤਾਬਿਕ ਕੱਚੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਪਹਿਲ ਉਸ ਨੇ ਕੱਚੀਆਂ ਸੁਭਾਤਾਂ ਪਾਈਆਂ ਅਤੇ ਨਾਲ ਹੀ ਉਸਦੇ ਅੱਗੇ ਕੱਚੇ ਬਰਾਂਡਿਆਂ ਦੀ ਉਸਾਰੀ ਕੀਤੀ। ਰੋਟੀ ਟੁੱਕ ਪਕਾਉਣ ਲਈ, ਚੁੱਲ੍ਹੇ ਨੂੰ ਢੱਕਣ ਲਈ, ਜੋ ਛੱਪਰ ਪਾਇਆ ਉਸ ਨੂੰ ਝਲਾਨੀ ਦਾ ਨਾਂ ਦਿੱਤਾ। ਝਲਾਨੀ ਸ਼ਬਦ ਚੁਲ੍ਹਿਆਨੀ ਦਾ ਵਿਗੜਿਆ ਹੋਇਆ ਰੂਪ ਹੈ।
ਇਸ ਖੁੱਲ੍ਹੀ ਛੱਤ ਹੇਠ ਡੰਡੇ ਗੱਡ ਕੇ ਭਾਂਡੇ ਸਾਂਭਣ ਵਾਸਤੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਰੱਖਣ ਵਾਸਤੇ ਕਾਰਨਸ ਬਣਾਏ ਜਾਂਦੇ ਸਨ ਜਿੰਨ੍ਹਾਂ ਨੂੰ ਪੇਂਡੂ ਭਾਸ਼ਾ ਵਿਚ ਟਾਂਡ ਕਿਹਾ ਜਾਂਦਾ ਸੀ। ਸਾਡੇ ਸੱਭਿਆਚਾਰ ਵਿੱਚ ਮਹਿਮਾਨ ਨਿਵਾਜ਼ੀ ਇੱਕ ਮਹੱਤਵਪੂਰਨ ਰਿਵਾਜ ਹੈ, ਜਿਸ ਨੂੰ ਸਾਰੇ ਹੀ ਬੜੇ ਖੁਸ਼ੀ ਨਾਲ ਨਿਭਾਉਂਦੇ ਹਨ। ਘਰ ਵਿੱਚ ਰਿਸ਼ਤੇਦਾਰਾਂ ਤੋਂ ਇਲਾਵਾ ਜਦੋਂ ਕੋਈ ਰਾਹਗੀਰ ਨੂੰ ਰਾਤ ਕੱਟਣ ਦਾ ਮੌਕਾ ਮਿਲਦਾ ਤਾਂ ਉਸ ਦੀ ਵੀ ਪਰਿਵਾਰ ਵੱਲੋਂ ,ਆਪਣੀ ਹੈਸੀਅਤ ਮੁਤਾਬਿਕ ਖ਼ਾਤਰਦਾਰੀ ਕੀਤੀ ਜਾਂਦੀ। ਘਰਾਂ ਵਿੱਚ ਦੁੱਧ ਘਿਓ ਦੀ ਕੋਈ ਤੋਟ ਨਾ ਹੋਣ ਕਾਰਨ, ਘਰ ਆਏ ਹੋਏ ਪ੍ਰਾਹੁਣੇ ਨੂੰ ਦੁੱਧ ਤਾਂ ਪੀਣ ਲਈ ਦਿੱਤਾ ਹੀ ਜਾਂਦਾ ਤੇ ਕਈ ਵਾਰ ਮਿੱਠੀਆਂ ਸੇਵੀਆਂ (ਦੁੱਧ ਵਾਲੀਆਂ) ਵੀ ਖਾਣ ਲਈ ਬਣਾਈਆਂ ਜਾਂਦੀਆਂ ਕਿਉਂਕਿ ਉਸ ਸਮੇਂ ਬਾਜ਼ਾਰ ਦੇ ਚਟਪਟੇ ਖਾਣੇ ਲਿਆਉਣ ਦਾ ਰਿਵਾਜ ਨਹੀਂ ਸੀ। ਅਜਿਹੇ ਹਾਲਾਤ ਵੀ ਬਣ ਜਾਂਦੇ ਹਨ ਜਦੋਂ ਮਨੁੱਖ ਨੂੰ ਆਪਣਾ ਘਰ ਬਾਰ ਛੱਡ ਕੇ ਬਾਹਰ ਦੀ ਨੌਕਰੀ ਵੀ ਕਰਨੀ ਪੈਂਦੀ ਹੈ।
ਦੇਸ਼ ਦੀ ਸੀਮਾ ’ਤੇ ਸੇਵਾ ਕਰਨ ਵਾਲੇ ਫ਼ੌਜੀ ਨੂੰ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਆਪਣੀ ਸੇਵਾ ਨਿਭਾਉਣੀ ਪੈਂਦੀ ਹੈ। ਕਈ ਵਾਰ ਲੰਮਾ ਸਮਾਂ ਵੀ ਬਾਹਰ ਰਹਿਣਾ ਪੈਂਦਾ ਹੈ। ਜਦੋਂ ਵੀ ਕੋਈ ਫ਼ੌਜੀ ਛੁੱਟੀ ਆਉਂਦਾ ਹੈ ਤਾਂ ਉਸਦੀ ਘਰਵਾਲੀ ਦੇ ਅੰਦਰ ਉਮੰਗਾਂ ਹੁਲਾਰੇ ਲੈਂਦੀਆਂ ਹਨ । ਆਪਣੀ ਪਤਨੀ ਦੇ ਸਾਰੇ ਚਾਅ ਪੂਰੇ ਕਰਨ ਲਈ ਉਹ ਚੰਗਾ ਮਕਾਨ ਬਣਾਉਂਦਾ ਹੈ ਪ੍ਰੰਤੂ ਉਸ ਦੀ ਪਤਨੀ ਨੂੰ ਆਪਣੀ ਪਤੀ ਤੋਂ ਬਿਨਾਂ, ਇਹ ਸਭ ਸੁੱਖ ਓਪਰੇ ਲੱਗਦੇ ਹਨ। ਜਿਸ ਦਾ ਲੋਕ ਗੀਤਾਂ ਵਿੱਚ ਇੰਝ ਜ਼ਿਕਰ ਕੀਤਾ ਜਾਂਦਾ ਹੈ।
“ਕਾਂਹੇ ਨੂੰ ਪਾਈਆਂ ਬੈਠਕਾਂ,
ਕਾਂਹੇ ਰੱਖਿਆ ਵੇ, ਵਿਹੜਾ?
ਵੇ ਨੌਕਰਾ, ਕਾਂਹੇ ਰੱਖਿਆ ਵੇ ਵਿਹੜਾ?”
ਫ਼ੌਜੀ ਨੇ ਆਪਣੇ ਘਰ ਦੀ ਸ਼ਾਨ ਬਣਾਉਣ ਲਈ ਬੈਠਕ ਵੀ ਪਾਈ ਪ੍ਰੰਤੂ ਉਸ ਦੀ ਪਤਨੀ ਉਸ ਨੂੰ ਛੁੱਟੀ ਕੱਟ ਕੇ ਜਾਣ ਤੋਂ ਪਹਿਲਾਂ ਨਿਹੋਰਾ ਦਿੰਦੀ ਹੈ ਤਾਂ ਉਹ ਉਸਦੀ ਤਸੱਲੀ ਕਰਵਾਉਣ ਲਈ ਉਸਨੂੰ ਦਿਲਾਸਾ ਦਿੰਦਾ ਇੰਝ ਕਹਿੰਦਾ ਹੈ-
“ਵਸਣੇ ਨੂੰ ਪਾਈਆਂ ਬੈਠਕਾਂ
ਨੀ ਤੇਰੇ ਕੱਤਣੇ ਨੂੰ ਵਿਹੜਾ।
ਫ਼ੌਜੀ ਦੇ ਇੰਨਾ ਕਹਿਣ ’ਤੇ ਫੌਜਣ ਦੇ ਦਿਲ ਦਾ ਬੈਰਾਗ ਰੋਹ ਵਿੱਚ ਬਦਲ ਜਾਂਦਾ ਹੈ। ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਤਾਂ ਉਸਨੂੰ ਕਹਿੰਦੀ ਹੈ ਕਿ ਉਸ ਨੂੰ ਉਸਦੇ ਬਿਨਾਂ ਕਿਸੇ ਸੁੱਖ-ਸੁਵਿਧਾ ਦੀ ਲੋੜ ਨਹੀਂ ਉਸਨੂੰ ਤਾਂ ਸਿਰਫ ਫ਼ੌਜੀ ਦੀ ਹੀ ਲੋੜ ਹੈ-
“ਤੂੰ ਤੁਰ ਚੱਲਿਆ ਨੌਕਰੀ
ਇੱਥੇ ਵਸੂਗਾ ਵੇ ਕਿਹੜਾ?
ਵੇ ਨੌਕਰਾ, ਏਥੇ ਵਸੂਗਾ ਵੇ ਕਿਹੜਾ?”
ਫ਼ੌਜੀ ਨੂੰ ਚਾਵਾਂ ਨਾਲ ਪਾਈ ਹੋਈ ਬੈਠਕ ਵੀ ਨਿਰਾਸ਼ ਕਰਦੀ ਹੈ ਤੇ ਉਹ ਪਤਨੀ ਨੂੰ ਸਮਝਾਉਂਦਾ ਹੈ ਕਿ ਇੱਥੇ ਉਸਦਾ ਬਾਲਕ ਹੈ ਭਾਵ ਪੁੱਤਰ ਹੈ ਅਤੇ ਉਸਦਾ ਛੋਟਾ ਭਰਾ ਹੈ । ਉਹ ,ਉਸ ਕੋਲ ਰਹਿਣਗੇ ਪ੍ਰੰਤੂ ਫੌਜਣ ਨੂੰ ਉਸ ਦੇ ਵਿਚਾਰ ਚੰਗੇ ਨਹੀਂ ਲੱਗਦੇ।
ਫ਼ੌਜੀ ਆਪਣੇ ਮਨ ਦੇ ਭਾਵਾਂ ਨੂੰ ਇਸ ਤਰ੍ਹਾਂ ਪ੍ਰਗਟਾਉਂਦਾ ਹੈ-
“ਬਚੜਾ ਮੇਰਾ ਤੇਰੇ ਕੋਲ ਹੈ,
ਨਾਲੇ ਵੀਰ ਨੀ ਮੇਰਾ।
ਪਰ ਫੌਜਣ ਤੇ ਉਸਦੇ ਇਨ੍ਹਾਂ ਸ਼ਬਦਾਂ ਦਾ ਕੋਈ ਅਸਰ ਨਹੀਂ ਹੁੰਦਾ ਸਗੋਂ ਉਹ ਹੋਰ ਵੀ ਗੁੱਸੇ ਵਿਚ ਕਹਿੰਦੀ ਹੈ-
“ਵੀਰਨ ਤੇਰਾ ਸ਼ਰੀਕ ਹੈ ਮੇਰਾ,
ਨੌਕਰਾਂ ਵੇ, ਉਹ ਕੀ ਲੱਗਦਾ ਏ ਮੇਰਾ?”
ਫ਼ੌਜੀ ਵਿਚਾਰਾ ਕਿੱਧਰ ਜਾਵੇ। ਚਾਵਾਂ ਨਾਲ ਪਾਈ ਬੈਠਕ, ਉਸਨੂੰ ਆਪਣੇ ਸਾਹਮਣੇ ਢਹਿੰਦੀ ਹੋਈ ਪ੍ਰਤੀਤ ਹੁੰਦੀ ਹੈ। ਉਸ ਦੇ ਮਨ ਦੀ ਖੁਸ਼ੀ, ਨਿਰਾਸ਼ਾ ਵਿੱਚ ਬਦਲ ਜਾਂਦੀ ਹੈ, ਜਦੋਂ ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਸਦੀ ਪਤਨੀ ਉਸਦੇ ਜਾਣ ਤੋਂ ਬਾਅਦ ਆਪਣੇ ਪੇਕੇ ਚਲੀ ਜਾਵੇਗੀ ਤਾਂ ਉਸ ਨੂੰ ਪੇਕੇ ਜਾਣ ਤੋਂ ਰੋਕਣ ਲਈ ਕਹਿੰਦਾ ਹੈ ਕਿ ਮੇਰਾ ਬੱਚਾ ਤੇਰੇ ਪੇਕੇ ਜਾ ਕੇ ਰੁਲ ਜਾਵੇਗਾ-
ਜੇ ਤੂੰ ਤੁਰ ਗਈ ਪੇਕੜੇ,
ਬਾਲਕ ਰੁਲ ਜੂਗਾ ਨੀਂ ਮੇਰਾ।
ਨੀ ਗੋਰੀਏ, ਬਾਲਕ ਰੁਲ ਜੂ ਨੀ ਮੇਰਾ ।
ਭਾਵੇਂ ਇਸ ਗੱਲ ਦਾ ਅਹਿਸਾਸ ਫੌਜਣ ਨੂੰ ਹੋ ਜਾਂਦਾ ਹੈ ਪਰ ਫਿਰ ਵੀ ਉਹ ਆਪਣੀ ਹਉਮੈ ਕਾਰਨ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦੀ ਹੈ ਅਤੇ ਕਹਿੰਦੀ ਹੈ-
ਭਤੀਜੇ ਨੂੰ ਚੱਕ ਲੂੰ ਗੋਦੜੀ,
ਉਂਗਲੀ ਲਾ ਲੂੰਗੀ ਵੇ ਤੇਰਾ ।
ਵੇ ਨੌਕਰਾ, ਉਂਗਲੀ ਲਾ ਲੂੰਗੀ ਵੇ ਤੇਰਾ।
ਸੋ ਇਸ ਤਰ੍ਹਾਂ ਦੇ ਲੋਕ ਗੀਤਾਂ ਵਿੱਚ ਸਮਾਜ ਦੇ ਹਾਲਤ ਨੂੰ ਯਥਾਰਥ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਦਾਰਥ ਨਾਲ ਮੋਹ ਭਾਵੇਂ ਜ਼ਰੂਰੀ ਹੈ ਪਰ ਪਦਾਰਥ ਤੋਂ ਉੱਪਰ ਉੱਠ ਕੇ ਅੰਦਰੂਨੀ ਮੁਹੱਬਤ ਵੀ ਬਹੁਤ ਮਾਅਨੇ ਰੱਖਦੀ ਹੈ। ੍ਹ
-ਜੋਗਿੰਦਰ ਕੌਰ ਅਗਨੀਹੋਤਰੀ