ਵੀਰ ਬਾਲ ਦਿਵਸ ਨੂੰ ਲੈ ਕੇ ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਪੰਥਕ ਜਥੇਬੰਦੀਆਂ ਵੱਲੋਂ ਵਿਰੋਧ ਹੋਇਆ। ਸ਼ਹੀਦੀ ਹਫਤਾ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ, ਪਰ ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਇਸ ਬਾਰੇ ਭਾਜਪਾ ਨੇ ਵਿਵਾਦ ਵਧਾਇਆ ਹੈ ਬਾਲ ਦਿਵਸ ਦਾ ਨਾਮ ਦੇਕੇ। ਸ਼੍ਰੋਮਣੀ ਅਕਾਲੀ ਦਲ (ਐੱਸਏਡੀ), ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਮ ਆਦਮੀ ਪਾਰਟੀ (ਆਪ) ਨੇ ਇੱਕ-ਦੂਜੇ ਉੱਤੇ ਗੰਭੀਰ ਇਲਜ਼ਾਮ ਲਾਏ ਹਨ। ਅਕਾਲੀ ਦਲ ਅਤੇ ‘ਆਪ’ ਨੇ ਭਾਜਪਾ ਨੂੰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਹੈ, ਜਦਕਿ ਭਾਜਪਾ ਨੇ ਇਹ ਕਹਿ ਕੇ ਬਚਾਅ ਕੀਤਾ ਹੈ ਕਿ ਇਹ ਨਾਂਅ ਅਕਾਲੀ ਦਲ ਨੇ ਹੀ ਸੁਝਾਇਆ ਸੀ। ਸਿੱਖ ਬੁੱਧੀਜੀਵੀ ਅਤੇ ਪੰਥਕ ਜਥੇਬੰਦੀਆਂ ਵੀ ਬਾਲ ਦਿਵਸ ਦੇ ਵਿਰੋਧ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ‘ਬਾਲ’ ਕਹਿਣ ਨੂੰ ਗਲਤ ਦੱਸਿਆ ਸੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਇਸ ਨੂੰ ਬਦਲਣ ਦੀ ਮੰਗ ਕੀਤੀ ਸੀ।
ਵੀਰ ਬਾਲ ਦਿਵਸ ਦਾ ਪਿਛੋਕੜ: ਕੀ ਹੈ ਇਹ ਦਿਨ ਅਤੇ ਵਿਵਾਦ ਕਿਉਂ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀਰ ਬਾਲ ਦਿਵਸ ਦੀ ਘੋਸ਼ਣਾ ਕੀਤੀ ਸੀ। ਇਸ ਨੂੰ ਰਾਸ਼ਟਰੀ ਪੱਧਰ ਉੱਤੇ ਮਨਾਉਣ ਲਈ ਸਕੂਲਾਂ ਵਿੱਚ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਵੀਰਤਾ ਅਤੇ ਬਲੀਦਾਨ ਬਾਰੇ ਦੱਸਿਆ ਜਾਂਦਾ ਹੈ।
ਪਰ ਵਿਵਾਦ ਇਸ ਨਾਂਅ ਨੂੰ ਲੈ ਕੇ ਸ਼ੁਰੂ ਹੋਇਆ ਹੈ। ਸਿੱਖ ਭਾਈਚਾਰੇ ਵਿੱਚ ਇਹ ਨਾਂ ‘ਵੀਰ ਬਾਲ ਦਿਵਸ’ ਨੂੰ ਗਲਤ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਾਹਿਬਜ਼ਾਦਿਆਂ ਨੂੰ ਸਿਰਫ਼ ‘ਬੱਚੇ’ ਵਜੋਂ ਵੇਖਦਾ ਹੈ। ਸਿੱਖ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਨੂੰ ‘ਬਾਬਾ ਸਾਹਿਬਜ਼ਾਦੇ’ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ‘ਸਾਹਿਬਜ਼ਾਦੇ ਸ਼ਹੀਦੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਹ ਨਾਂ ਬਦਲਣ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ, ਪਰ ਕੇਂਦਰ ਸਰਕਾਰ ਨੇ ਇਸ ਨੂੰ ਨਹੀਂ ਬਦਲਿਆ, ਆਪਣੀ ਜਿਦ ਉਪਰ ਅੜੀ ਰਹੀ। 2025 ਵਿੱਚ ਇਹ ਵਿਵਾਦ ਹੋਰ ਵਧ ਗਿਆ ਜਦੋਂ ਭਾਜਪਾ ਨੇ ਇਸ ਨੂੰ ਵੱਡੇ ਪੱਧਰ ਉੱਤੇ ਮਨਾਉਣ ਦੀ ਯੋਜਨਾ ਬਣਾਈ ਅਤੇ ਪੋਸਟਰ ਜਾਰੀ ਕੀਤੇ, ਜਿਨ੍ਹਾਂ ਵਿੱਚ ਸਾਹਿਬਜ਼ਾਦਿਆਂ ਨੂੰ ‘ਨੰਨ੍ਹੇ ਸੁਪਨੇ’ ਵਜੋਂ ਦਿਖਾਇਆ ਗਿਆ। ਇਸ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਅਤੇ ਰਾਜਨੀਤੀ ਨੂੰ ਗਰਮਾ ਦਿੱਤਾ।
ਦਲ ਖ਼ਾਲਸਾ ਦੇ ਸੀਨੀਅਰ ਨੇਤਾ ਕੰਵਰਪਾਲ ਸਿੰਘ ਨੇ ਇਸ ਨੂੰ ਭਾਜਪਾ ਦੀ ਸਿੱਖ ਵਿਰੋਧੀ ਨੀਤੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਿੱਖ ਆਗੂਆਂ ਨੂੰ ਵਰਤ ਕੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵਿੱਚ ਮਨਜਿੰਦਰ ਸਿੰਘ ਸਿਰਸਾ ਵਰਗੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਸਿੱਖ ਚਿਹਰੇ ਵਜੋਂ ਕੰਮ ਕੀਤਾ ਹੈ।
ਰਾਜਨੀਤਿਕ ਪਾਰਟੀਆਂ ਵਿਚਕਾਰ ਬਹਿਸ
ਇਸ ਵਿਵਾਦ ਨੇ ਪੰਜਾਬ ਦੀਆਂ ਮੁੱਖ ਪਾਰਟੀਆਂ ਨੂੰ ਆਹਮੋ-ਸਾਹਮਣੇ ਖੜ੍ਹਾ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਉੱਤੇ ਸਿੱਖ ਇਤਿਹਾਸ ਨੂੰ ਤੋੜਨ-ਮਰੋੜਨ ਦਾ ਇਲਜ਼ਾਮ ਲਾਇਆ ਹੈ। ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਕੇਂਦਰ ਸਰਕਾਰ ਨੇ ਸਿੱਖ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਨਾਂਅ ਨਾਲ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿੱਖ ਸਿਧਾਂਤਾਂ ਉੱਤੇ ਹਮਲਾ ਹੈ ਅਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ। ਬਾਦਲ ਨੇ ਭਾਜਪਾ ਨੂੰ ਚੇਤਾਵਨੀ ਦਿੱਤੀ ਕਿ ਇਹ ਸਿੱਖ ਭਾਈਚਾਰੇ ਨੂੰ ਠੇਸ ਪਹੁੰਚਾਉਂਦਾ ਹੈ ਅਤੇ ਰਾਜਨੀਤਿਕ ਫਾਇਦੇ ਲਈ ਵਰਤਿਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਨੇ ਵੀ ਭਾਜਪਾ ਨੂੰ ਨਿਸ਼ਾਨੇ ਉੱਤੇ ਲਿਆ ਹੈ। ਆਪ ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਨੂੰ ਦਰਸਾਉਂਦਾ ਕਾਰਟੂਨ ਪੋਸਟ ਕੀਤਾ ਹੈ, ਜੋ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਜਪਾ ਦੀ ਸਿੱਖ ਭਾਈਚਾਰੇ ਪ੍ਰਤੀ ਨਫ਼ਰਤ ਨੂੰ ਦਿਖਾਉਂਦਾ ਹੈ। ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਵੀ ਵੀਰ ਬਾਲ ਦਿਵਸ ਦਾ ਨਾਂ ਬਦਲਣ ਦੀ ਮੰਗ ਕੀਤੀ ਅਤੇ ਅਕਾਲੀ ਦਲ ਨੂੰ ਯੂ-ਟਰਨ ਲੈਣ ਵਾਲਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਇਸ ਨੂੰ ਸਮਰਥਨ ਦਿੱਤਾ ਸੀ, ਪਰ ਹੁਣ ਵਿਰੋਧ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਕਾਲੀ ਦਲ ਨੂੰ ਯੂ-ਟਰਨ ਵਾਲਾ ਦੱਸਿਆ ਅਤੇ ਕਿਹਾ ਕਿ ਉਹ ਪਹਿਲਾਂ ਕੇਂਦਰ ਨੂੰ ਸਮਰਥਨ ਦਿੰਦੇ ਸਨ।ਹੁਣ ਵਿਰੋਧ ਵਿਚ ਹਨ।
ਭਾਜਪਾ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਇਹ ਨਾਂਅ ਅਕਾਲੀ ਦਲ ਨੇ ਹੀ ਸੁਝਾਇਆ ਸੀ। ਭਾਜਪਾ ਆਗੂ ਬਿਕਰਮ ਸਿੰਘ ਚੀਮਾ, ਦਿਆਲ ਸਿੰਘ ਸੋਢੀ ਅਤੇ ਮਨਜੀਤ ਸਿੰਘ ਰਾਏ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਭਾਜਪਾ ਨੇ ਕੋਈ ਅਜਿਹਾ ਪੋਸਟਰ ਜਾਂ ਕਾਰਟੂਨ ਜਾਰੀ ਨਹੀਂ ਕੀਤਾ ਜੋ ਸਿੱਖ ਧਰਮ ਨੂੰ ਠੇਸ ਪਹੁੰਚਾਏ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਦੀ ਸ਼ਰਾਰਤ ਹੋ ਸਕਦੀ ਹੈ ਅਤੇ ਭਾਜਪਾ ਵੀਰ ਬਾਲ ਦਿਵਸ ਨੂੰ ਵੱਡੇ ਪੱਧਰ ਉੱਤੇ ਮਨਾਏਗੀ। ਭਾਜਪਾ ਨੇ ਅਕਾਲੀ ਆਗੂ ਸੁਖਬੀਰ ਬਾਦਲ ਨੂੰ ਨਿਸ਼ਾਨੇ ਉੱਤੇ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਹਿਲਾਂ ‘ਬਾਲ ਦਿਵਸ’ ਨਾਂਅ ਨੂੰ ਸਮਰਥਨ ਦਿੱਤਾ ਸੀ। ਪੰਜਾਬ ਭਾਜਪਾ ਨੇ ਹਰਸਿਮਰਤ ਬਾਦਲ ਦੇ ਬਿਆਨ ਨੂੰ ਰੱਦ ਕੀਤਾ ਅਤੇ ਕਿਹਾ ਕਿ ਅਕਾਲੀ ਦਲ ਨੇ ਨਾਂਅ ਸੁਝਾਇਆ ਸੀ।
ਭਾਜਪਾ ਤੋਂ ਸਿੱਖ ਪੰਥ ਨਰਾਜ਼ ਕਿਉਂ?
ਸਿੱਖ ਭਾਈਚਾਰੇ ਵਿੱਚ ਭਾਜਪਾ ਤੋਂ ਨਾਰਾਜ਼ਗੀ ਦੇ ਕਈ ਕਾਰਨ ਹਨ। ਪਹਿਲਾਂ ਤੋਂ ਹੀ ਭਾਜਪਾ ਨੂੰ ਸਿੱਖ ਵਿਰੋਧੀ ਨੀਤੀਆਂ ਵਾਲੀ ਪਾਰਟੀ ਮੰਨਿਆ ਜਾਂਦਾ ਹੈ, ਜਿਵੇਂ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨ ਵਿੱਚ ਭਾਜਪਾ ਨੇ ਸਿੱਖ ਕਿਸਾਨਾਂ ਨੂੰ ‘ਖਾਲਿਸਤਾਨੀ’ ਕਹਿ ਕੇ ਬਦਨਾਮ ਕੀਤਾ ਸੀ। ਵੀਰ ਬਾਲ ਦਿਵਸ ਨੂੰ ਲੈ ਕੇ ਨਾਰਾਜ਼ਗੀ ਹੈ ਕਿ ਇਹ ਸਿੱਖ ਇਤਿਹਾਸ ਨੂੰ ਰਾਸ਼ਟਰੀ ਪੱਧਰ ਉੱਤੇ ਬਦਲ ਰਹੀ ਹੈ। ਸਿੱਖਾਂ ਨੂੰ ਲੱਗਦਾ ਹੈ ਕਿ ‘ਵੀਰ ਬਾਲ’ ਨਾਂਅ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਘੱਟ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਆਮ ਬੱਚਿਆਂ ਦੀ ਵੀਰਤਾ ਵਾਲਾ ਦਿਨ ਬਣਾਇਆ ਜਾ ਰਿਹਾ ਹੈ।
ਦਲ ਖਾਲਸਾ ਇਸ ਮਾਮਲੇ ੳੁੱਪਰ ਭਾਜਪਾ ਦਾ ਵਿਰੋਧ ਕਰ ਚੁਕਾ ਹੈ।
ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਨੇ ਵੀ ਵਿਰੋਧ ਕੀਤਾ ਹੈ, ਜਿਸ ਨੇ ਸਿੱਖਾਂ ਨੂੰ ਭਾਜਪਾ ਵਿਰੁੱਧ ਇੱਕਜੁੱਟ ਕੀਤਾ ਹੈ। ਬਹੁਤੇ ਸਿੱਖ ਮੰਨਦੇ ਹਨ ਕਿ ਭਾਜਪਾ ਸਿੱਖਾਂ ਨੂੰ ਵੋਟ ਬੈਂਕ ਵਜੋਂ ਵਰਤ ਰਹੀ ਹੈ ਪਰ ਉਨ੍ਹਾਂ ਦੇ ਮਸਲੇ ਹੱਲ ਨਹੀਂ ਕਰ ਰਹੀ, ਜਿਵੇਂ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ 1984 ਦੇ ਕਤਲੇਆਮ ਦਾ ਇਨਸਾਫ਼।
ਸਿੱਖ ਬੁੱਧੀਜੀਵੀ ਕੀ ਕਹਿੰਦੇ ਹਨ?
ਸਿੱਖ ਬੁੱਧੀਜੀਵੀ ਮੰਨਦੇ ਹਨ ਕਿ ਸਾਹਿਬਜ਼ਾਦਿਆਂ ਨੂੰ ‘ਬਾਲ’ ਕਹਿਣਾ ਗਲਤ ਹੈ ਕਿਉਂਕਿ ਇਹ ਸਾਹਿਬਜ਼ਾਦਿਆਂ ਦੀ ਰੂਹਾਨੀ ਅਤੇ ਜੁਝਾਰੂ ਸ਼ਖਸੀਅਤ ਨੂੰ ਘੱਟ ਕਰਦਾ ਹੈ। ਪ੍ਰੋਫੈਸਰ ਸੁਖਦਿਆਲ ਸਿੰਘ ਵਰਗੇ ਵਿਦਵਾਨ ਕਹਿੰਦੇ ਹਨ ਕਿ ਸਿੱਖ ਧਰਮ ਵਿੱਚ ਸਾਹਿਬਜ਼ਾਦਿਆਂ ਨੂੰ ਬੱਚੇ ਨਹੀਂ, ਸਗੋਂ ਮਹਾਨ ਸ਼ਹੀਦ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਸ਼ਹਾਦਤ ਧਰਮ ਅਤੇ ਸੱਚ ਲਈ ਸੀ।
ਪ੍ਰੋਫੈਸਰ ਜਗਮੋਹਨ ਸਿੰਘ ਵਰਗੇ ਸਿੱਖ ਬੁੱਧੀਜੀਵੀ ਕਹਿੰਦੇ ਹਨ ਕਿ ਭਾਜਪਾ ਸਿੱਖ ਇਤਿਹਾਸ ਨੂੰ ਰਾਸ਼ਟਰੀ ਨੈਰੇਟਿਵ ਵਿੱਚ ਫਿੱਟ ਕਰ ਰਹੀ ਹੈ, ਜਿਸ ਨਾਲ ਸਿੱਖ ਪਛਾਣ ਖਤਰੇ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ‘ਵੀਰ ਬਾਲ’ ਨਾਂਅ ਹਿੰਦੂ ਵਿਚਾਰਧਾਰਾ ਨਾਲ ਜੁੜਿਆ ਹੈ ਅਤੇ ਸਿੱਖਾਂ ਨੂੰ ਹਿੰਦੂ ਵਜੋਂ ਦਿਖਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਹਿਬਜ਼ਾਦੇ ਬੱਚੇ ਨਹੀਂ ਸਨ, ਉਹ ਖਾਲਸਾ ਪੰਥ ਦੇ ਨੁਮਾਇੰਦੇ ਸਨ ਜਿਨ੍ਹਾਂ ਨੇ ਮੁਗਲਾਂ ਨੂੰ ਚੁਣੌਤੀ ਦਿੱਤੀ ਸੀ।
ਬਹੁਤੇ ਬੁੱਧੀਜੀਵੀ ਮੰਨਦੇ ਹਨ ਕਿ ‘ਬਾਲ’ ਨਾਂਅ ਗਲਤ ਹੈ ਕਿਉਂਕਿ ਇਹ ਸਾਹਿਬਜ਼ਾਦਿਆਂ ਨੂੰ ਆਮ ਬੱਚੇ ਬਣਾ ਦਿੰਦਾ ਹੈ, ਜਦਕਿ ਉਨ੍ਹਾਂ ਦੀ ਉਮਰ ਛੋਟੀ ਹੋਣ ਦੇ ਬਾਵਜੂਦ ਉਹ ਮਹਾਨ ਵੀਰ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਨਾਂਅ ਨੂੰ ‘ਸਾਹਿਬਜ਼ਾਦੇ ਸ਼ਹੀਦੀ ਦਿਵਸ’ ਬਣਾਇਆ ਜਾਵੇ ਤਾਂ ਜੋ ਸਿੱਖ ਇਤਿਹਾਸ ਨੂੰ ਸਹੀ ਰੂਪ ਵਿੱਚ ਯਾਦ ਰੱਖਿਆ ਜਾਵੇ।
ਪੰਥਕ ਵਿਦਵਾਨ ਕਹਿੰਦੇ ਹਨ ਕਿ ਇਹ ਨਾਂਅ ਹਿੰਦੂ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ ਅਤੇ ਸਿੱਖ ਪਛਾਣ ਨੂੰ ਮਿਟਾਉਂਦਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸਾਹਿਬਜ਼ਾਦੇ ਮਹਾਨ ਸਨ ਅਤੇ ਉਨ੍ਹਾਂ ਨੂੰ ਬੱਚੇ ਕਹਿਣਾ ਠੀਕ ਨਹੀਂ। ਬਹੁਤੇ ਸਿੱਖ ਮੰਨਦੇ ਹਨ ਕਿ ਇਹ ਗਲਤ ਹੈ ਅਤੇ ਨਾਂਅ ਬਦਲਿਆ ਜਾਵੇ।
![]()
