ਵੀਰ ਲਿਆਇਆ ਨੀ ਚੰਨ ਵਰਗੀ ਭਰਜਾਈ

In ਮੁੱਖ ਲੇਖ
March 13, 2025
ਡਾਕਟਰ ਰਾਜਵੰਤ ਕੌਰ : ਪਿਛਲੇ ਦਿਨੀਂ ਭਣੇਵੇਂ ਦੇ ਵਿਆਹ 'ਤੇ ਬੇਟੀ ਨਾਲ ਗੁਰਦਾਸਪੁਰ ਜਾਣ ਦਾ ਸਬੱਬ ਬਣਿਆ । ਧੀਆਂ ਨਾਲ ਹੁੰਦੀ ਘਰ ਦੀ ਰੌਣਕ ਦਾ ਅਹਿਸਾਸ ਸ਼ਿੱਦਤ ਨਾਲ ਹੋਇਆ | ਵੀਰ, ਭਾਬੋ ਨੂੰ ਵਿਆਹ ਕੇ ਲਿਆਇਆ ਤਾਂ ਡੋਲ਼ੀਓਂ ਉਤਾਰ ਕੇ ਭਾਬੋ ਨੂੰ ਗ੍ਰਹਿ-ਪ੍ਰਵੇਸ਼ ਕਰਵਾਉਣ ਮੌਕੇ ਵੀਰ ਤੋਂ ਬਿਨਾਂ ਮੰਗਿਆਂ ਹੀ ਸ਼ਗਨ ਮਿਲ ਗਿਆ । ਬਾਰ ਰੁਕਾਈ ਵੇਲੇ ਭੈਣ ਵਲੋਂ ਗਾਏ ਗੀਤ 'ਵੀਰ ਲਿਆਇਆ ਨੀ ਚੰਨ ਵਰਗੀ ਭਰਜਾਈ, ਵਿਹੜੇ ਵੜਦੀ ਨੇ ਛਣਮਣ ਛਣਮਣ ਲਾਈ' ਨੇ ਸਭ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ । ਭਾਬੋ ਦੋ ਦਿਨਾਂ ਵਿਚ ਹੀ ਨਣਦ ਨਾਲ ਸਭ ਤੋਂ ਵੱਧ ਸਹਿਜ ਮਹਿਸੂਸ ਕਰਨ ਲੱਗ ਪਈ ਸੀ ।ਭੈਣ ਨੂੰ ਨੂੰਹ-ਪੁੱਤ ਸਮੇਤ ਪਟਿਆਲੇ ਆਉਣ ਦਾ ਨਿਉਤਾ ਦਿੱਤਾ ਤਾਂ ਬਿਲਕੁਲ ਵੀ ਨਾ ਲੱਗਾ ਕਿ ਭੈਣਾਂ-ਭਰਾਵਾਂ 'ਚੋਂ ਨਿੱਖੜ ਕੇ ਆਈ ਕੂੰਜ ਪਹਿਲੀ ਵਾਰ ਮੇਰੇ ਕੋਲ ਆਈ ਹੈ । ਨਣਦ ਨਾਲ ਉਸ ਦੀ ਸਾਂਝ ਚਿਰੋਕਣੀ ਜਾਪੀ । ਮੈਨੂੰ ਪੈਂਤੀ ਸਾਲ ਪਹਿਲਾਂ ਹੋਇਆ ਆਪਣਾ ਵਿਆਹ ਬਾਰ-ਬਾਰ ਯਾਦ ਆ ਰਿਹਾ ਸੀ ।ਮੇਰੇ ਸਹੁਰੇ ਘਰ ਵੱਡਾ ਤੇ ਸੰਯੁਕਤ ਪਰਿਵਾਰ । ਡੋਲੀਉਂ ਉਤਰੀ ਤਾਂ ਰਾਤ ਨੂੰ ਨਣਦਾਂ ਨੇ ਗਿੱਧਾ ਪੁਆਇਆ ।ਵਿਆਹ ਨੂੰ ਦੋ ਦਿਨ ਹੋਏ ਸਨ ਕਿ ਗੀਤਾਂ ਦੀ ਮਜਲਿਸ ਸਜਾ ਲਈ ।ਸਭ ਨੇ ਕੁਝ ਨਾ ਕੁਝ ਸੁਣਾਇਆ ਤੇ ਫੇਰ ਵੀ ਸੁਣਾਉਣ ਲਈ ਆਖ ਦਿੱਤਾ ।ਨਹੀਂ ਪਤਾ ਸੀ ਕਿ ਜਿਹੜੀ ਵੀ ਬੋਲੀ ਜਾਂ ਗੀਤ ਗਾਉਣਾ, ਉਨ੍ਹਾਂ ਨੇ ਆਪਣੇ ਰਿਸ਼ਤੇ ਨਾਲ ਜੋੜ ਲੈਣੈ । ਪਹਿਲੇ ਗੇੜੇ ਆਪਣੀ ਵਾਰੀ ਵੇਲੇ ਮੈਂ ਗੁਰਦਾਸ ਮਾਨ ਵਾਲਾ ਪਸੰਦੀਦਾ ਗੀਤ ਗਾਇਆ, 'ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ .... ।' ਅਤੇ ਦੂਜੇ ਗੇੜੇ ਗੀਤ ਗਾ ਬੈਠੀ, 'ਨੀ ਨਣਾਨੇ ਬੇਈਮਾਨੇ ਅੱਖਾਂ ਫੇਰ ਗਈ ਰਕਾਨੇ...' ਬਸ ਉਦੋਂ ਤੋਂ ਲੈ ਕੇ ਹੁਣ ਤਕ ਜਦੋਂ ਵੀ ਇਕੱਠੇ ਬੈਠੇ ਉਹ ਦਿਨ ਯਾਦ ਕਰਦੇ ਹਾਂ ਤਾਂ ਖ਼ੂਬ ਤਵਾ ਲਗਦਾ ਹੈ । ਹੋਰਨਾਂ ਰਿਸ਼ਤਿਆਂ ਵਾਂਗ ਹੁਣ ਤਕ ਨਣਦ-ਭਰਜਾਈ ਦਾ ਰਿਸ਼ਤਾ ਵੀ ਕਦੇ ਨੋਕ-ਝੋਕ ਕਰਦਾ ਅਤੇ ਕਦੇ ਮਿਠਾਸ ਵੰਡਦਾ ਦਿ੍ਸ਼ਟੀਗੋਚਰ ਹੁੰਦਾ ਆ ਰਿਹਾ ਹੈ । ਬਦਲੇ ਮੰਜ਼ਰ ਵਿਚ ਛੋਟੇ ਪਰਿਵਾਰ ਹਨ ।ਕਿਸੇ ਪਰਿਵਾਰ ਵਿਚ ਇਕ ਭੈਣ-ਭਰਾ, ਕਿਸੇ ਵਿਚ ਦੋ ਵੀਰੇ ਅਤੇ ਕਿਸੇ ਵਿਚ ਇਕਲੌਤਾ ਪੁੱਤ ਜਾਂ ਧੀ ਹੈ | ਏਕਲ ਔਲਾਦ ਦਾ ਤਾਂ ਸਹੀ ਸਮਾਜੀਕਰਨ ਵੀ ਨਹੀਂ ਹੁੰਦਾ ।ਸੋ ਦਿਲ ਕੀਤਾ ਬੀਤੇ ਨੂੰ ਯਾਦ ਕਰਾਂ ਤੇ ਪਾਠਕਾਂ ਨੂੰ ਅਰਪਣ ਕਰਾਂ । ਭੈਣ ਲਈ ਵੀਰ ਦੀ ਵਹੁਟੀ ਯਾਨੀ ਭਰਾ ਦੀ ਪਤਨੀ 'ਭਾਬੀ' ਦਾ ਦਰਜਾ ਅਤੇ ਕਿਸੇ ਔਰਤ ਲਈ ਪਤੀ ਦੀ ਭੈਣ, ਉਸ ਲਈ 'ਨਣਦ' ਦਾ ਸਥਾਨ ਰੱਖਦੀ ਹੈ । ਭਰਜਾਈ ਨੂੰ 'ਭਾਬੀ' ਅਤੇ ਨਣਦ ਨੂੰ 'ਨਣਾਨ' ਅਤੇ ਵੀ ਕਹਿ ਲਿਆ ਜਾਂਦਾ ਹੈ । ਇਉਂ ਇਹ ਰਿਸ਼ਤਾਂ ਦੋ ਔਰਤਾਂ ਦੇ ਦਰਮਿਆਨ ਦਾ ਰਿਸ਼ਤਾ ਹੈ । ਪੰਜਾਬੀ ਸੱਭਿਆਚਾਰ ਵਿਚ ਨਣਦ ਤੇ ਭਰਜਾਈ ਦਾ ਰਿਸ਼ਤਾ ਸੁਖਾਵਾਂ-ਅਸੁਖਾਵਾਂ ਅਤੇ ਜੇ ਹਮ-ਉਮਰ ਹੋਵੇ ਤਾਂ ਹਮਰਾਜ਼ ਵਾਲਾ ਵੀ ਬਣ ਜਾਂਦਾ ਹੈ । ਇਹ ਜ਼ਰੂਰੀ ਨਹੀਂ ਕਿ ਹਰ ਨਣਾਨ ਤੇ ਭਰਜਾਈ ਦੀ ਜ਼ਿੰਦਗੀ ਵਿਚ ਬਣ ਆਵੇ ਤੇ ਜਾਂ ਨਾ ਹੀ ਬਣੇ । ਇਹ ਵੀ ਜ਼ਰੂਰੀ ਨਹੀਂ ਕਿ ਉਨ੍ਹਾਂ ਦਾ ਪਿਆਰ ਹਮੇਸ਼ਾ ਹਮ-ਉਮਰ ਵਾਲਾ ਲਟਬੌਰਾ ਪਿਆਰ ਹੋਵੇ ।ਭਰਜਾਈ ਨਣਾਨ ਤੋਂ ਛੋਟੀ ਹੋਵੇ ਜਾਂ ਵੱਡੀ, ਜਦੋਂ ਦੋਵੇਂ ਸਮਝਦਾਰੀ ਵਰਤਦੀਆਂ ਤਾਂ ਘਰ ਨੂੰ ਸਵਰਗ ਬਣਾ ਲੈਂਦੀਆਂ ਹਨ | ਘਰ ਦਾ ਕੰਮ ਨਿਬੇੜ ਕੇ ਕਦੇ ਨਾਲੇ ਬੁਣਦੀਆਂ ਤੇ ਕਦੇ ਦਰੀਆਂ | ਕਦੇ ਚਾਦਰ ਕੱਢਦੀਆਂ ਅਤੇ ਕਦੇ ਚਰਖਾ ਕੱਤਦੀਆਂ ।ਨਣਾਨ ਦੀ ਸਰਦਾਰੀ ਵਾਲੇ ਘਰ ਬਾਰੇ ਲੋਕ-ਮਨ ਨੇ ਸਿੱਟਾ ਕੱਢਿਆ ਕਿ ਅਜਿਹੇ ਘਰ ਵਸਦੇ ਨਹੀਂ ਹੁੰਦੇ । ਅਖੇ 'ਜਿਥੇ ਨਣਦਾਂ ਦੀ ਸਰਦਾਰੀ, ਉਹ ਘਰ ਨਹੀਂ ਵਸਦੇ । ਉਂਜ ਭਾਬੀ ਨਾਲ ਮੋਹ-ਪਿਆਰ ਦੇ ਗੀਤ ਬਚਪਨ ਤੋਂ ਲੈ ਕੇ ਸਹੁਰੇ ਘਰ ਜਾਣ ਤੇ ਵਸਣ ਤੀਕ ਗਾਏ ਜਾਂਦੇ ਰਹੇ ਹਨ । ਵੀਰ ਦੇ ਵਿਆਹ 'ਤੇ ਭੈਣ ਦੇ ਪੱਬ ਧਰਤੀ 'ਤੇ ਨਹੀਂ ਲਗਦੇ ਭਾਬੋ ਦਾ ਡੋਲ਼ਾ ਘਰ ਦੇ ਦੁਆਰ 'ਤੇ ਪੁੱਜਣ ਸਮੇਂ ਉਹ ਹੇਅਰਿਆਂ ਰਾਹੀਂ ਆਪਣੇ ਪੇਕਿਆਂ ਦੀ ਪ੍ਰਸੰਸਾ ਕਰਦੀ ਨਹੀਂ ਥੱਕਦੀ ।ਭਾਬੋ ਦਾ ਮੁੱਖ ਦੇਖ ਕੇ ਨਣਾਨ ਹੇਅਰਿਆਂ ਰਾਹੀਂ ਉਸ ਨੂੰ ਬੁੱਢ-ਸੁਹਾਗਣ ਹੋਣ ਦੀਆਂ ਅਸੀਸਾਂ ਦਿੰਦੀ ਹੈ ਅਤੇ ਆਪਣਾ ਮਨ ਵੀ ਸੀਤਲ ਕਰਦੀ ਹੈ : ਅੱਖਾਂ ਤਾਂ ਤੇਰੀਆਂ ਮੋਟੀਆਂ ਭਾਬੋ, ਕੋਈ ਮੱਥੇ ਨੀ ਤੇਰੇ ਨੂਰ ਸਾਡਾ ਚਿੱਤ ਦੇਖ ਕੇ ਖਿੜ ਗਿਆ, ਕੋਈ ਉਤਰੀ ਅਰਸ਼ ਦੀ ਓਨੀ ਨਵੀਂਏ ਭਾਬੀਏ ਨੀ ਹੂਰ । ਨਣਦ ਭਾਵੇਂ ਛੋਟੀ ਹੋਵੇ ਜਾਂ ਵੱਡੀ, ਭਰਜਾਈ ਉਸ ਦੁਆਰਾ ਕੀਤੀ ਟੋਕ-ਟੋਕਾਈ ਨੂੰ ਘੱਟ ਹੀ ਬਰਦਾਸ਼ਤ ਕਰਦੀ ਹੈ ।ਜੇ ਨਣਦ ਅਜਿਹੀ ਮਿਲ ਜਾਵੇ ਜਿਹੜੀ ਹਰ ਗੱਲ ਵਿਚ ਨੁਕਤਾਚੀਨੀ ਕਰਦੀ ਹੋਵੇ ਤਾਂ ਉਥੇ ਭਰਜਾਈ ਨੂੰ ਵਸਣਾ ਔਖਾ ਲਗਦਾ ਹੈ ।ਜੇ ਕਦੇ ਕੁਦਰਤੀ ਪਤੀ ਕਿਸੇ ਗੱਲੋਂ ਉਸ ਨੂੰ ਦੋ-ਚਾਰ ਸੁਣਾ ਦਿੰਦਾ ਹੈ ਤਾਂ ਉਹ ਸਮਝਦੀ ਹੈ ਕਿ ਜ਼ਰੂਰ ਨਣਦ ਨੇ ਉਸ ਦੇ ਪਤੀ ਦੇ ਕੰਨ ਭਰੇ ਹੋਣਗੇ, 'ਸਿੱਖਿਆ ਨਣਦਾਂ ਦਾ, ਕਿਉਂ ਗੁੱਤ ਨੂੰ ਮਰੋੜੇ ਚਾੜੇਂ? ਜਿਸ ਘਰ ਵਿਚ ਨਣਦ-ਭਰਜਾਈ ਦਾ ਪਿਆਰ ਗੂੜ੍ਹਾ ਹੁੰਦਾ ਹੈ, ਉਸ ਘਰ ਵਿਚ ਦੋਵੇਂ ਹਰ ਕੰਮ ਇਕੱਠੀਆਂ ਕਰਦੀਆਂ, ਨੱਚਦੀਆਂ-ਟੱਪਦੀਆਂ, ਹੱਸਦੀਆਂ-ਗਾਉਂਦੀਆਂ ਅਤੇ ਦੁੱਖ-ਸੁੱਖ ਸਾਂਝੇ ਕਰਦੀਆਂ ਜੀਵਨ ਬਿਤਾਉਂਦੀਆਂ ਹਨ।ਵੱਡੀ ਭਰਜਾਈ, ਨਣਦ ਨੂੰ ਮਾਂ ਜਿਹਾ ਪਿਆਰ ਦਿੰਦੀ ਹੈ ਅਤੇ ਉਸ ਨੂੰ ਘਰ ਦਾ ਕੰਮ-ਕਾਜ ਸਿਖਾਉਂਦੀ ਹੈ ।ਜੇ ਨਣਦ ਚੰਗਾ ਕੰਮ ਕਰਦੀ ਹੋਵੇ ਤਾਂ ਉਸ ਨੂੰ ਲਾਡ-ਪਿਆਰ ਅਤੇ ਸ਼ਾਬਾਸ਼ ਮਿਲਦੀ ਹੈ ਪਰੰਤੂ ਜੇ ਉਹ ਕੰਮ ਸਾਫ਼-ਸੁਥਰਾ ਨਾ ਕਰੇ ਤਾਂ ਉਸ ਨੂੰ ਝਿੜਕ ਕੇ ਜਾਂ ਸਮਝਾ ਕੇ ਸਹੀ ਕੰਮ ਕਰਨ ਦੀ ਪ੍ਰੇਰਨਾ ਵੀ ਭਰਜਾਈ ਹੀ ਦਿੰਦੀ ਹੈ : ਛੋਟੀਆਂ ਨਣਦਾਂ ਨੂੰ , ਨਿੱਤ ਝਿੜਕਣ ਭਰਜਾਈਆਂ । ਜੇ ਪਤੀ ਖੇਤ ਗਿਆ ਹੁੰਦਾ ਤਾਂ ਭਰਜਾਈ, ਛੋਟੀ ਨਣਦ ਦੇ ਹੱਥ ਰੋਟੀ ਭੇਜਦੀ ਰਹੀ ਹੈ । ਇਸ ਤਰ੍ਹਾਂ ਉਹ ਆਪਣੀ ਇੱਕ ਜ਼ੁੰਮੇਵਾਰੀ ਘਟੀ ਮਹਿਸੂਸ ਕਰਦਿਆਂ ਖ਼ੁਸ਼ੀ ਵਿਚ ਗੀਤ ਗਾਉਂਦੀ ਫਿਰਦੀ: ਰੋਟੀ ਲੈ ਕੇ ਖੇਤ ਨਾ ਜਾਵਾਂ, ਮੌਜ ਨਣਾਨਾਂ ਦੀ । ਪਰੰਤੂ ਜੇ ਕਦੇ ਉਹ ਆਪ ਵੀ ਰੋਟੀ-ਟੁੱਕ ਕਰਕੇ ਘਰ ਦੇ ਹੋਰ ਕੰਮਾਂ-ਕਾਰਾਂ ਤੋਂ ਸੁਰਖ਼ਰੂ ਹੋ ਜਾਂਦੀ ਹੈ ਤਾਂ ਨਣਦ ਦੇ ਨਾਲ ਖੇਤ ਨੂੰ ਚਲੀ ਜਾਂਦੀ ਹੈ । ਜਦੋਂ ਭਰਜਾਈ ਨਾਲ ਨਣਦ ਖ਼ੁਸ਼ੀ-ਖ਼ੁਸ਼ੀ ਖੇਤ ਦੀਆਂ ਵੱਟਾਂ 'ਤੇ ਅੱਗੇ-ਅੱਗੇ ਝੂਮਦੀ ਜਾਂਦੀ ਹੈ ਤਾਂ ਲੋਕ-ਜਜ਼ਬਾਤ ਸ਼ਬਦਾਂ ਰਾਹੀਂ ਆਪ ਮੁਹਾਰੇ ਗੀਤਾਂ ਦਾ ਬਾਣਾ ਪਹਿਨ ਲੈਂਦੇ ਹਨ : ਅੱਗੇ ਨਣਦ ਪਿੱਛੇ ਭਰਜਾਈ ਵੱਟੋ-ਵੱਟ ਜਾਣ ਤੁਰੀਆਂ । ਖੇਤ ਰੋਟੀ ਭੇਜਣ ਤੋਂ ਬਿਨਾਂ ਭਰਜਾਈ, ਨਣਦ ਦੀ ਸਹਾਇਤਾ ਨਾਲ ਹੋਰ ਵੀ ਕਈ ਨਿੱਕੇ-ਮੋਟੇ ਕੰਮ ਕਰਦੀ ਰਹਿੰਦੀ ਹੈ ।ਵੱਡੀ ਭੈਣ ਗੰਗਾਨਗਰ ਵਿਆਹ ਕੇ ਗਈ ਤਾਂ ਉਥੇ ਘਰਾਂ ਵਿਚ ਨਲਕੇ ਨਹੀਂ ਸਨ ਲੱਗੇ ਹੁੰਦੇ । ਖੂਹ ਤੋਂ ਪਾਣੀ ਭਰ ਕੇ ਲਿਆਉਣ ਵੇਲੇ ਅਕਸਰ ਦੀਦੀ ਨੂੰ ਵੀ ਉਨ੍ਹਾਂ ਦੀ ਨਣਦ ਨੇ ਆਪਣੇ ਨਾਲ ਲੈ ਜਾਣਾ ।ਦੀਦੀ ਨੇ ਦੋ ਘੜੇ ਚੁੱਕਣੇ ਤੇ ਨਣਦ ਨੂੰ ਵੀ ਦੋ ਘੜੇ ਚੁੱਕਣ ਦਾ ਗੁਰ ਸਿਖਾਉਂਦਿਆਂ ਆਖਣਾ : ਘੜਾ ਚੁੱਕ ਕੇ ਢਾਕ 'ਤੇ ਰੱਖ ਲੈ, ਨਣਦੇ ਚੋਬਰੀਏ । ਜਵਾਨੀ ਦੀ ਦਹਿਲੀਜ਼ 'ਤੇ ਕਦਮ ਰੱਖ ਰਹੀ ਨਣਦ ਜੇ ਜ਼ਿਆਦਾ ਨੱਚਦੀ-ਟੱਪਦੀ ਜਾਂ ਕੋਠੇ ਉਤੇ ਚੜ੍ਹ ਕੇ ਕਿਸੇ ਨਾਲ ਉੱਚੀ-ਉੱਚੀ ਗੱਲਾਂ ਕਰਦੀ ਤਾਂ ਉਸ ਨੂੰ ਭਰਜਾਈ ਅਜਿਹਾ ਕਰਨ ਤੋਂ ਹੋੜਦੀ ਰਹੀ ਹੈ : ਨਾ ਚੜ੍ਹ ਕੇ ਚੁਬਾਰੇ ਉਤੇ ਕੂਕ, ਨੀ ਨਣਦੇ ਮੋਰਨੀਏ । ਜੇ ਕਦੇ ਭਰਜਾਈ ਨੂੰ ਨਣਾਨ ਦੇ ਆਚਰਨ 'ਤੇ ਸ਼ੱਕ ਪੈ ਜਾਵੇ ਤਾਂ ਉਹ ਨਣਦ ਨੂੰ ਸਿੱਧੇ ਰਸਤੇ ਪਾਉਣ ਤੋਂ ਕਤਰਾਉਂਦੀ ਨਹੀਂ | ਜੇ ਨਣਦ ਨੂੰ ਸਵੈ-ਵਿਸ਼ਵਾਸ ਹੋਵੇ ਕਿ ਉਹ ਕੋਈ ਅਜਿਹਾ ਕਦਮ ਨਹੀਂ ਪੁੱਟ ਰਹੀ, ਜਿਸ ਨਾਲ ਉਸ ਦੇ ਪੇਕਿਆਂ ਦੀ ਇੱਜ਼ਤ ਮਿੱਟੀ ਵਿਚ ਮਿਲ ਸਕਦੀ ਹੈ ਤਾਂ ਉਹ ਭਰਜਾਈ ਨੂੰ ਦਿਲੋਂ ਭਰਮ ਕੱਢਣ ਲਈ ਆਖਦੀ ਹੈ : ਕਿਉਂ ਭਰਮ ਕਰੇ ਭਰਜਾਈਏ, ਨਣਾਨ ਤੇਰੀ ਸਤਵੰਤੀ । ਭਰਜਾਈ ਪੂਰੀ ਕੋਸ਼ਿਸ਼ ਕਰਦੀ ਹੈ ਕਿ ਨਣਦ ਲਈ ਸੁਹਣੇ-ਸੁਨੱਖੇ ਵਰ ਦੀ ਚੋਣ ਕੀਤੀ ਜਾਵੇ । ਉਸ ਵਲੋਂ ਪਾਈ ਦੱਸ 'ਤੇ ਸਹੁਰੇ, ਨਣਦ ਲਈ ਮੁੰਡਾ ਵੇਖ ਆਉਂਦੇ ਹਨ । ਇਕ ਦਿਨ ਨਣਦ ਝਕਦੀ-ਝਕਦੀ ਭਰਜਾਈ ਨੂੰ ਪੁੱਛ ਹੀ ਬੈਠਦੀ ਹੈ ਕਿ ਜਿਹੜਾ ਉਸ ਲਈ ਮੁੰਡਾ ਪਸੰਦ ਕੀਤਾ ਗਿਆ ਹੈ, ਉਹ ਕਿਹੋ ਜਿਹਾ ਹੈ? ਨਣਦ ਦੇ ਸ਼ੰਕਿਆਂ ਦੀ ਨਵਿਰਤੀ ਕਰਦੀ ਭਰਜਾਈ ਇੰਜ ਜਵਾਬ ਦਿੰਦੀ ਹੈ : ਮੁੰਡਾ ਟੋਲ਼ਿਆ ਕਬੂਤਰ ਵਰਗਾ ਨੀ ਨਣਦੇ ਗੋਲ ਗੱਪੀਏ | ਭਰਜਾਈ, ਨਣਦ ਦੇ ਵਿਆਹ ਦੀ ਪੂਰੇ ਜ਼ੋਰ-ਸ਼ੋਰ ਨਾਲ ਤਿਆਰੀ ਕਰਦੀ ਹੈ ।ਸਾਊ ਭਰਜਾਈ ਦਾਜ ਵਿਚ ਲਿਆਂਦੀਆਂ ਵਧੀਆ ਵਸਤਾਂ ਨਣਦ ਨੂੰ ਸੁਗਾਤ ਵਜੋਂ ਦੇ ਕੇ 'ਜੱਗ ਜਿਉਂਦੀ ਰਹਿ' ਦੀ ਅਸੀਸ ਲੈਂਦੀ ਹੈ, 'ਵੀਰ ਮੇਰੇ ਨੇ ਕੁੜਤੀ ਦਿੱਤੀ ਭਾਬੋ ਨੇ ਫੁਲਕਾਰੀ, ਨੀ ਜੱਗ ਜੀ ਭਾਬੋ ਲੱਗੇ ਜਾਣ ਤੋਂ ਪਿਆਰੀ ।' ਕਈ ਵਾਰ ਭਰਜਾਈ ਦੇ ਦਾਜ ਵਿਚ ਆਈ ਚੰਗੀ ਚੀਜ਼-ਵਸਤ ਨਣਦ ਜ਼ੋਰ ਪਾ ਕੇ ਵੀ ਆਪਣੇ ਦਾਜ ਵਿਚ ਰੱਖਣ ਲਈ ਲੈ ਲੈਂਦੀ ਸੀ ਪਰੰਤੂ ਜੇ ਭਰਜਾਈ ਅਜਿਹੇ ਵੇਲੇ ਆਨਾ-ਕਾਨੀ ਕਰਨ ਲਗਦੀ ਹੈ ਤਾਂ ਨਣਦ ਉਸ ਨੂੰ ਪੁਰਾਣੀਆਂ ਗੱਲਾਂ ਯਾਦ ਕਰਾਉਂਦੀ ਆਖਦੀ ਹੈ ਕਿ ਪਹਿਲਾਂ ਤਾਂ ਉਹ ਉਸ ਨੂੰ ਦਾਜ ਦੇਣ ਬਾਰੇ ਵੱਡੇ-ਵੱਡੇ ਦਾਈਏ ਬੰਨ੍ਹਦੀ ਰਹਿੰਦੀ ਸੀ ਤੇ ਹੁਣ, 'ਅੱਖੀਆਂ ਹੋਰ ਹੋ ਗਈਆਂ, ਜਦੋਂ ਦਾਜ ਨਣਦ ਨੇ ਮੰਗਿਆ ।' ਉਂਝ ਵੀ ਹੋਵੇ ਸਹੁਰੇ ਘਰ ਪਹੁੰਚ ਕੇ ਨਣਦ ਨੂੰ ਭਰਜਾਈ ਦੀ ਬਹੁਤ ਯਾਦ ਆਉਂਦੀ ਹੈ ।ਹਰ ਤਿੱਥ-ਤਿਉਹਾਰ 'ਤੇ ਉਹ ਭਰਾ-ਭਰਜਾਈ ਦੀ ਉਡੀਕ ਕਰਦੀ ਹੈ । ਜੇ ਨਣਾਨ ਸੁਭਾਅ ਦੀ ਚੰਗੀ ਨਾ ਹੁੰਦੀ ਤਾਂ ਭਰਜਾਈ ਉਸ ਦੀ ਨਿੰਦਾ ਕਰਨ ਵੇਲੇ ਜਾਂ ਇਸ ਅਖਾਣ ਦੀ ਜ਼ਬਾਨੀ ਆਪਣੇ ਦਿਲ ਦੀ ਭੜਾਸ ਕੱਢਦੀ ਤੇ ਜਾਂ ਇਸ ਲੋਕ-ਬੋਲੀ ਦੀ ਵਰਤੋਂ ਕਰਦੀ ਰਹੀ ਹੈ : ਨਣਾਨੇ ਨੀ ਨਣਾਨੇ, ਤੇਰੇ ਭੇਡ ਜਿੰਨੇ ਆਨੇ, ਨੀ ਬਘਿਆੜ ਜਿੱਡਾ ਮੂੰਹ, ਨੀ ਤੂੰ ਕਿਸ ਚੰਦਰੇ ਦੀ ਨੂੰਹ। ਉੱਚੇ ਟਿੱਬੇ ਮੈਂ ਤਾਣਾ ਤਣਦੀ, ਧਾਗੇ ਟੁੱਟ ਗਏ ਚਾਰ । ਇੱਕ ਮੇਰੀ ਨਣਦ ਬੁਰੀ, ਨਣਦੋਈਆ ਠਾਣੇਦਾਰ । ਜੇ ਪੇਕੇ ਆਈ ਵੱਡੀ ਨਣਦ ਨੂੰ ਪਤਾ ਲੱਗ ਜਾਂਦਾ ਕਿ ਭਾਬੀ ਦੇ ਪੈਰ ਭਾਰੀ ਹਨ ਤਾਂ ਉਹ ਉਸ ਨਾਲ ਕੌਲ-ਕਰਾਰ ਕਰ ਲੈਂਦੀ ਸੀ ।ਭਾਬੀ ਵਾਇਦਾ ਕਰਦੀ ਕਿ ਜੇ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਤਾਂ ਉਹ ਉਸ ਨੂੰ ਫੁੱਲ-ਝੜੀਆਂ ਬਣਵਾ ਕੇ ਦੇਵੇਗੀ, 'ਨਣਦ ਤੇ ਭਾਬੋ ਰਲ ਬੈਠੀਆਂ ਤੇ ਕੀਤੇ ਕੌਲ ਕਰਾਰ, ਜੇ ਘਰ ਜੰਮੇਗਾ ਗੀਗੜਾ ਨੀ ਬੀਬੀ ਦੇਵਾਂਗੀ ਫੁੱਲ-ਝੜੀਆਂ ।' ਇੱਕ ਦਿਨ ਉਸ ਨੂੰ ਵੀਰ ਘਰ ਪੁੱਤ ਦੇ ਜਨਮ ਦੀ ਖ਼ਬਰ ਮਿਲਦੀ ਹੈ, 'ਅੱਧੀ ਅੱਧੀ ਰਾਤੀਂ ਤੇ ਪਿਛਲਾ ਈ ਪਹਿਰਾ, ਮੇਰੀ ਭਾਬੋ ਨੇ ਗੀਗੜਾ ਜੰਮਿਆ ।ਲੈ ਨੀ ਭਾਬੋ ਦੇ ਫੁੱਲ-ਝੜੀਆਂ, ਅੜੀਏ ਪੂਰਾ ਤੇ ਹੋਇਆ ਇਕਰਾਰ ।' ਭਤੀਜੇ ਦੀ ਪੈਦਾਇਸ਼ ਦੀ ਖ਼ਬਰ ਸੁਣ ਕੇ ਉਹ ਖ਼ੁਸ਼ੀ ਵਿਚ ਫੁੱਲਿਆਂ ਨਹੀਂ ਸਮਾਉਂਦੀ : ਚੰਨ ਚੜਿ੍ਹਆ ਬਾਪ ਦੇ ਵਿਹੜੇ ਕਿ ਵੀਰ ਘਰ ਪੁੱਤ ਜੰਮਿਆ | ਉਹ ਖ਼ੁਸ਼ੀ-ਖ਼ੁਸ਼ੀ ਭਤੀਜਾ ਵੇਖਣ ਜਾਂਦੀ ਹੈ ਤਾਂ ਉਸ ਨੂੰ ਭਰਜਾਈ ਵੀ ਦਿਲ ਖੋਲ੍ਹ ਕੇ ਆਖਦੀ ਹੈ : ਮੂੰਹੋਂ ਮੰਗ ਲੈ ਨਣਾਨੇ ਮੇਰੀਏ, ਵੀਰ ਘਰ ਪੁੱਤ ਜੰਮਿਆ । ਉਹ ਭਾਬੀ ਨੂੰ ਕੀਤਾ ਇਕਰਾਰ ਯਾਦ ਕਰਾਉਂਦੀ ਹੈ ਪਰੰਤੂ ਭਾਬੀ ਤਰਕ ਦਿੰਦੀ ਹੈ ਕਿ ਉਸ ਦੇ ਬਾਪ ਤੇ ਵੱਡੇ ਵੀਰ ਨੇ ਫੁੱਲ-ਝੜੀਆਂ ਘੜਾ ਕੇ ਹੀ ਨਹੀਂ ਦਿੱਤੀਆਂ ਕਿਉਂਕਿ ਫੁੱਲ-ਝੜੀਆਂ ਤਾਂ ਬਾਦਸ਼ਾਹਾਂ ਦੇ ਵਿਹੜੇ ਹੁੰਦੀਆਂ ਨੇ । ਇਸ ਲਈ ਉਹ ਫੁੱਲ-ਝੜੀਆਂ ਦੀ ਜਗ੍ਹਾ ਵੀਰ ਰਾਹੀਂ ਕਦੇ ਉਸ ਨੂੰ ਤੇਵਰ, ਕਦੇ ਗਹਿਣਾ 'ਆਰਸੀ' ਅਤੇ ਕਦੇ ਬੂਰੀ ਮੱਝ ਲੈ ਲੈਣ ਦਾ ਸੁਝਾਅ ਦਿੰਦੀ ਹੈ । ਭਾਬੀ ਨੂੰ ਕੌਲ ਪੂਰਾ ਕਰਨ ਤੋਂ ਟਲਦਿਆਂ ਵੇਖ ਕੇ ਉਹ ਰੁੱਸ ਕੇ ਸਹੁਰੇ ਘਰ ਮੁੜ ਜਾਂਦੀ ਹੈ । ਦਰਾਣੀਆਂ-ਜਠਾਣੀਆਂ ਵਲੋਂ ਵਧਾਈ ਵਿਚ ਲਿਆਂਦੀਆਂ ਵਸਤਾਂ ਬਾਰੇ ਪੁੱਛਣ 'ਤੇ ਉਹ ਆਖਦੀ ਹੈ ਕਿ ਉਸ ਦਾ ਵੀਰ ਤਾਂ ਰਾਜੇ ਦਾ ਨੌਕਰ ਹੈ ਤੇ ਭਾਬੋ ਨੇ ਧੀ ਨੂੰ ਜਨਮ ਦਿੱਤਾ ਹੈ । ਪ੍ਰਦੇਸੋਂ ਵਪਾਰ ਕਰਨ ਉਪਰੰਤ ਬਾਰਾਂ ਸਾਲਾਂ ਬਾਅਦ ਵੀਰ ਘਰ ਆਉਂਦਾ ਹੈ ਤਾਂ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੀ ਭੈਣ ਅਜੇ ਵੀ ਉਨ੍ਹਾਂ ਨਾਲ ਰੁੱਸੀ ਹੋਈ ਹੈ ।ਉਹ ਆਪਣੀ ਪਤਨੀ ਵਲੋਂ ਕੀਤਾ ਕਰਾਰ ਪੂਰਾ ਕਰਦਿਆਂ ਸੁੱਚੇ ਮੋਤੀਆਂ ਨਾਲ ਭਰੇ ਥਾਲ ਸਮੇਤ ਫੁੱਲ-ਝੜੀਆਂ ਭੇਟ ਕਰਕੇ ਆਪਣੀ ਭੈਣ ਕੋਲੋਂ ਆਪਣੇ ਪੂਰੇ ਪਰਿਵਾਰ ਲਈ ਦੁਆਵਾਂ ਲੈਂਦਾ ਹੈ : ਭਾਈ ਭਤੀਜਾ ਮੇਰਾ ਜੁਗ ਜੁਗ ਜੀਵੇ, ਮੇਰੀ ਭਾਬੋ ਦਾ ਅਟੱਲ ਸੁਹਾਗ । ਹਾਲੇ ਕਿ ਨਣਦ ਭਰਜਾਈ ਦਾ ਜੋੜ ਥੋੜ੍ਹ-ਚਿਰਾ ਹੁੰਦਾ ਹੈ ਕਿਉਂਕਿ ਨਣਦ ਨੇ ਤਾਂ ਆਪਣੇ ਸਹੁਰੇ ਘਰ ਚਲੇ ਹੀ ਜਾਣਾ ਹੁੰਦਾ ਹੈ ।ਓਦੂੰ ਬਾਅਦ ਤਾਂ ਉਸ ਦੀ ਜੋਗੀਆਂ ਵਾਲੀ ਫੇਰੀ ਪੈਣੀ ਹੁੰਦੀ ਹੈ ।ਅਖੇ 'ਘਰ ਬਾਰ ਭਾਬੀਆਂ ਦਾ, ਜੋਗੀ ਵਾਲੀ ਨਣਦਾਂ ਦੀ ਫੇਰੀ ।' ਬਹੁਤ ਸਾਰੇ ਮਾਪਿਆਂ ਨਾਲ ਇਸ ਵਿਸ਼ੇ 'ਤੇ ਗੱਲ ਕੀਤੀ ਤਾਂ ਦੁੱਖ ਹੋਇਆ ਕਿ ਹੁਣ ਤਾਂ ਮਾਪਿਆਂ ਦੀ ਸੋਚ ਹੀ ਬਦਲ ਗਈ ਹੈ ਕਿ ਧੀ ਨੂੰ ਉਸ ਘਰ ਵਿਆਹੀਏ ਜਿਥੇ ਉਸ ਦੀ ਕੋਈ ਨਣਦ ਨਾ ਹੋਵੇ ।ਕਈ ਮੁਟਿਆਰਾਂ ਨਾਲ ਗੱਲ ਕੀਤੀ ਤਾਂ ਬਹੁ-ਗਿਣਤੀ ਨੇ ਮਾਪਿਆਂ ਵਲੋਂ ਮਿਲੇ ਸੰਸਕਾਰਾਂ ਤੇ ਵਿਚਾਰਾਂ ਦੀ ਹੀ ਤਾਈਦ ਕੀਤੀ | ਬਹੁਤ ਘੱਟ ਲੜਕੀਆਂ ਅਜਿਹੀਆਂ ਮਿਲੀਆਂ ਜਿਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੀ ਕੋਈ ਨਣਾਨ ਜ਼ਰੂਰ ਹੋਣੀ ਚਾਹੀਦੀ ਹੈ ।ਧੀਆਂ ਦੇ ਕੁੱਖਾਂ ਵਿਚ ਕਤਲ ਕਰਨ ਵਾਲੇ ਕੀ ਜਾਣਨ ਰਿਸ਼ਤਿਆਂ ਦੀ ਸਾਰਥਕਤਾ? ਕੀ ਜਾਣਨ ਰਿਸ਼ਤਿਆਂ ਦਾ ਮੋਹ ਤੇ ਨਿੱਘ ।ਧੀ ਦੇ ਕਾਤਲ ਬਣ ਕੇ ਉਹ ਵਿਆਹ ਦੀ ਸੰਸਥਾ ਰਾਹੀਂ ਹੋਂਦ ਵਿਚ ਆਉਣ ਵਾਲੇ ਸਾਰੇ ਰਿਸ਼ਤਿਆਂ ਨੂੰ ਮਿੱਟੀ ਵਿਚ ਮਿਲਾ ਰਹੇ ਹਨ । ਲੋੜ ਹੈ ਅੱਜ ਦਿਲ ਦੀਆਂ ਰਮਜ਼ਾਂ ਸਾਂਝੀਆਂ ਕਰਨ ਵਾਲੇ ਨਣਦ-ਭਰਜਾਈ ਦੇ ਰਿਸ਼ਤੇ ਦੀ ਅਹਿਮੀਅਤ ਸਮਝਣ ਦੀ ।ਭਵਿੱਖ ਦੇ ਰਿਸ਼ਤਿਆਂ ਦੀਆਂ ਸਿਰਜਣਹਾਰੀਆਂ ਯਾਨੀ ਧੀਆਂ ਨੂੰ ਜਨਮ ਨਹੀਂ ਦੇਵਾਂਗੇ ਤਾਂ ਭੈਣ-ਭਰਾ, ਮਾਂ-ਧੀ, ਪਿਉ-ਧੀ, ਪਤੀ-ਪਤਨੀ, ਸੱਸ-ਨੂੰਹ, ਨਣਦ-ਭਰਜਾਈ ਸਭ ਰਿਸ਼ਤਿਆਂ ਦਾ ਸੁੱਖ-ਆਨੰਦ ਮਾਣਨ ਤੋਂ ਵਾਂਝੀ ਰਹਿ ਜਾਏਗੀ ਸਾਡੀ ਅਗਲੀ ਪੀੜ੍ਹੀ । ਇਸ ਤਰ੍ਹਾਂ ਕਰਕੇ ਅਸੀਂ ਮਨੁੱਖਤਾ ਦਾ ਬੀਜ ਵੀ ਨਾਸ ਕਰ ਰਹੇ ਹੋਵਾਂਗੇ । -ਅਸਿਸਟੈਂਟ ਪ੍ਰੋਫ਼ੈਸਰ ਅਤੇ ਸਟੇਟ ਐਵਾਰਡੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |

Loading