ਜੋਗਿੰਦਰ ਕੌਰ ਅਗਨੀਹੋਤਰੀ
ਕਿਰਤ ਹੀ ਮਨੁੱਖ ਦਾ ਕਰਮ ਹੈ। ਪੰਜਾਬੀ ਦੀ ਕਹਾਵਤ ਅਨੁਸਾਰ ਖਾਲੀ ਹੱਥ ਤਾਂ ਮੂੰਹ ਨੂੰ ਵੀ ਨਹੀਂ ਜਾਂਦਾ। ਸੋ ਮਨੁੱਖ ਲਈ ਕੁੱਲੀ, ਗੁੱਲੀ ਅਤੇ ਜੁੱਲੀ ਜ਼ਰੂਰੀ ਹਨ। ਇਸ ਲਈ ਉਸ ਨੂੰ ਇਨ੍ਹਾਂ ਦੀ ਪ੍ਰਾਪਤੀ ਲਈ ਖੇਚਲ ਤਾਂ ਕਰਨੀ ਪਵੇਗੀ ਹੀ। ਯਤਨਾਂ ਨੂੰ ਪੂਰ ਚੜ੍ਹਾਉਣਾ ਹੀ ਕਿਰਤ ਹੈ। ਕਿਰਤ ਦੇ ਘੇਰੇ ਵਿੱਚ ਸਭ ਕੁਝ ਆ ਜਾਂਦਾ ਹੈ। ਇਸ ਵਿੱਚ ਖੇਤੀ, ਵਪਾਰ ਅਤੇ ਨੌਕਰੀ। ਖੇਤੀ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ, ਵਪਾਰ ਨੂੰ ਮੱਧਮ ਤੇ ਨੌਕਰੀ ਨੂੰ ਘਟੀਆ। ਸਮਾਜ ਦੇ ਇਨ੍ਹਾਂ ਮਾਪਦੰਡਾਂ ਅਨੁਸਾਰ ਕਿਰਤ ਦੇ ਇਨ੍ਹਾਂ ਸਾਧਨਾਂ ਦੀ ਵਿਆਖਿਆ ਇੰਝ ਕੀਤੀ ਗਈ ਹੈ;
ਉੱਤਮ ਖੇਤੀ, ਮੱਧਮ ਵਪਾਰ
ਨਿਖਿੱਧ ਚਾਕਰੀ, ਕਰੇ ਗੰਵਾਰ।
ਵਿਦਿਆ ਦਾ ਗਿਆਨ ਹੋਣ ਕਰਕੇ ਜਦੋਂ ਮਨੁੱਖ ਕੋਈ ਨੌਕਰੀ ਕਰਦਾ ਹੈ ਤਾਂ ਉਹ ਵੀ ਕਿਰਤ ਹੈ। ਸਮੇਂ ਦੇ ਬਦਲਣ ਨਾਲ ਨੌਕਰੀ ਦੇ ਅਨੇਕਾਂ ਸਾਧਨ ਪੈਦਾ ਹੋਏ ਹਨ ਕਿਉਂਕਿ ਵੱਖ-ਵੱਖ ਮਹਿਕਮਿਆਂ ਵਿੱਚ ਲੋਕ ਨੌਕਰੀ ਕਰਦੇ ਹਨ। ਪੜ੍ਹ ਲਿਖ ਕੇ ਨੌਕਰੀ ਕਰਨਾ ਨਿਖਿੱਧ ਕਿੱਤਾ ਨਹੀਂ ਹੈ। ਇਹ ਕਿੱਤੇ ਲੋਕਾਂ ਦੀਆਂ ਜ਼ਰੂਰਤਾਂ ਨਾਲ ਜੁੜੇ ਹਨ। ਸੀਮਾ ’ਤੇ ਜਾ ਕੇ ਦੇਸ਼ ਦੀ ਰੱਖਿਆ ਕਰਨਾ ਵੀਰ ਸਿਪਾਹੀਆਂ ਦਾ ਕੰਮ ਹੈ ਅਤੇ ਇਹ ਕਿੱਤਾ ਬਹਾਦਰੀ ਤੇ ਦੇਸ਼ ਲਈ ਕੁਰਬਾਨੀ ਵਾਲਾ ਹੈ ਤੇ ਫ਼ੌਜੀ ਦੀ ਟੌਹਰ ਹੀ ਵੱਖਰੀ ਹੁੰਦੀ ਹੈ। ਲੋਕ ਗੀਤਾਂ ਵਿੱਚ ਫ਼ੌਜ ਦੀ ਨੌਕਰੀ ਕਰਨ ਬਾਰੇ ਵੱਖ ਵੱਖ ਵਿਚਾਰਧਾਰਾ ਅਨੁਸਾਰ ਲੋਕ ਗੀਤ ਵੀ ਵੱਖਰੇ ਵੱਖਰੇ ਹਨ। ਇਸ ਲਈ ਫ਼ੌਜ ਦੀ ਟੌਹਰ ਦੀ ਨੌਕਰੀ ਨੂੰ ਵਰਦੀ ਅਤੇ ਬੂਟਾਂ ਤੋਂ ਪਰਖਿਆ ਜਾਂਦਾ ਹੈ। ਇਸ ਲਈ ਕੁੜੀਆਂ ਉਸ ਦੀ ਇਹ ਟੌਹਰ ਦੇਖ ਕੇ ਉਸ ਉੱਤੇ ਡੁੱਲ੍ਹ ਜਾਂਦੀਆਂ ਹਨ;
ਵੱਸਣਾ ਤਾਂ ਨੌਕਰ ਦੇ
ਭਾਵੇਂ ਸਣੇ ਬੂਟ ਲੱਤ ਮਾਰੇ।
ਇਸ ਤਰ੍ਹਾਂ ਕਈ ਮੁਟਿਆਰਾਂ ਦੇ ਗੱਭਰੂ ਪਤੀ ਜਦੋਂ ਫ਼ੌਜ ਵਿੱਚ ਹੁੰਦੇ ਹਨ ਤਾਂ ਉਹ ਉਨ੍ਹਾਂ ਦੇ ਵਿਯੋਗ ਵਿੱਚ ਬੇਚੈਨ ਹੋ ਕੇ ਉਨ੍ਹਾਂ ਦੀ ਉਡੀਕ ਵਿੱਚ ਔਸੀਆਂ ਪਾਉਂਦੀਆਂ ਹਨ। ਜਦੋਂ ਫ਼ੌਜੀ ਛੁੱਟੀ ਲੈ ਕੇ ਆ ਜਾਂਦਾ ਹੈ ਤਾਂ ਉਹ ਦਿਨ ਬੜੇ ਰੰਗੀਨ ਹੁੰਦੇ ਹਨ। ਜਦੋਂ ਫ਼ੌਜੀ ਵਾਪਸ ਜਾਂਦਾ ਹੈ ਤਾਂ ਉਸ ਦੀ ਘਰਵਾਲੀ ਦੀ ਰੂਹ ਅੰਦਰੋਂ ਅੰਦਰੀ ਕੁਰਲਾਉਂਦੀ ਹੋਈ ਕਹਿੰਦੀ ਹੈ;
ਵੇ ਨੌਕਰ ਨੂੰ ਧੀ ਵਿਆਹੀ ਨਾ ਬਾਬਲਾ
ਹਾਲੀ ਪੁੱਤ ਬਥੇਰੇ
ਵੇ ਨੌਕਰ ਨੇ ਤਾਂ ਬੰਨ੍ਹ ਲਿਆ ਬਿਸਤਰਾ
ਹੋ ਗਿਆ ਗੱਡੀ ਦੇ ਨੇੜੇ
ਮੈਂ ਤੈਨੂੰ ਵਰਜ ਰਹੀ
ਦੇਈਂ ਨਾ ਬਾਬਲਾ ਫੇਰੇ।
ਨੌਕਰ ਨੂੰ ਧੀ ਦੇਈਂ ਨਾ ਬਾਬਲਾ
ਹਾਲੀ ਪੁੱਤ ਬਥੇਰੇ
ਵੇ ਨੌਕਰ ਨੇ ਤਾਂ ਘਰ ਨਹੀਂ ਰਹਿਣਾ
ਵਿੱਚ ਪਰਦੇਸਾਂ ਡੇਰੇ
ਮੈਂ ਤੈਨੂੰ ਵਰਜ ਰਹੀ
ਦੇਈਂ ਨਾ ਬਾਬਲਾ ਫੇਰੇ।
ਸਮਾਜ ਦੀ ਬਾਜ਼ ਅੱਖ ਹਰ ਵਿਅਕਤੀ ’ਤੇ ਹੁੰਦੀ ਹੈ, ਉਸ ਦੀ ਚਾਲ ਢਾਲ ਤਾਂ ਦੇਖੀ ਹੀ ਜਾਂਦੀ ਹੈ ਬਲਕਿ ਉਸ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ। ਹਰ ਅਹੁਦੇ ਮੁਤਾਬਕ ਉਸ ਦਾ ਮੁਲਾਂਕਣ ਕੀਤਾ ਜਾਂਦਾ ਹੈ। ਜਿਸ ਕਰਮਚਾਰੀ ਤੱਕ ਲੋਕਾਂ ਦੀ ਪਹੁੰਚ ਕਠਿਨ ਹੋਵੇ ਜਾਂ ਜਿਸ ਨਾਲ ਦਿਨ ਰਾਤ ਵਾਹ ਪੈਂਦਾ ਹੋਵੇ, ਉਸ ਬਾਰੇ ਸਮਾਜ ਦਾ ਪ੍ਰਤੀਕਰਮ ਵੀ ਉਸੇ ਤਰ੍ਹਾਂ ਦਾ ਹੀ ਹੋ ਜਾਂਦਾ ਹੈ ਜਿਸ ਤਰ੍ਹਾਂ ਦਾ ਉਹ ਕਰਮਚਾਰੀ ਹੋਵੇ। ਆਪਣਾ ਕੰਮ ਕਢਵਾਉਣ ਵਾਸਤੇ ਜਦੋਂ ਰਿਸ਼ਵਤ ਦੇਣੀ ਪੈਂਦੀ ਹੈ ਤਾਂ ਉਸ ਕਰਮਚਾਰੀ ਬਾਰੇ ਵੀ ਲੋਕਾਂ ਦੇ ਵਿਚਾਰ ਉਹੋ ਜਿਹੇ ਹੀ ਬਣ ਜਾਂਦੇ ਹਨ। ਆਵਾਜਾਈ ਦੇ ਸਾਧਨ ਤੋਂ ਵੀ ਕਰਮਚਾਰੀ ਦਾ ਮੁਲਾਂਕਣ ਕੀਤਾ ਜਾਂਦਾ ਹੈ। ਜੇਕਰ ਕਿਸੇ ਦੀ ਆਰਥਿਕ ਹਾਲਤ ਮੁਤਾਬਕ ਉਸ ਕੋਲ ਚੰਗੇ ਪੈਸਿਆਂ ਵਾਲਾ ਸਾਧਨ ਹੈ ਤਾਂ ਉਸ ਨੂੰ ਵੀ ਲੋਕ ਸਮਝ ਜਾਂਦੇ ਹਨ ਤੇ ਫਿਰ ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਕੀਤਾ ਜਾਂਦਾ ਹੈ;
ਵੇ ਪੜ੍ਹੇ ਲਿਖੇ ਨੂੰ ਧੀ ਦੇਈਂ ਨਾ ਬਾਬਲਾ
ਹਾਲੀ ਪੁੱਤ ਬਥੇਰੇ
ਪੜਿ੍ਹਆ ਲਿਖਿਆ ਤਾਂ ਚੱਕ ਕੇ ਸਕੂਟਰ
ਦਿੰਦਾ ਫਿਰਦਾ ਗੇੜੇ
ਇੱਕ ਦਿਨ ਵੱਢੀ ਲੈਂਦਾ ਫੜ ਲਿਆ
ਪੁਲਿਸ ਲੈ ਗਈ ਉਹਨੂੰ ਫੜ ਕੇ
ਵੇ ਥਾਣੇ ਦੇ ਵਿੱਚ ਬੈਠਾ ਰੋਵੇ
ਬੈਠਾ ਕਾਲਜਾ ਫੜ ਕੇ
ਨੀਂ ਛੁੜਾ ਲੈ ਭਾਗਮਾਨੇ
ਸਕੂਟਰ ਗਹਿਣੇ ਧਰ ਕੇ
ਕੋਈ ਸਮਾਂ ਇਹ ਵੀ ਸੀ ਜਦੋਂ ਅਨਪੜ੍ਹ ਲੜਕੀਆਂ ਦਾ ਰਿਸ਼ਤਾ ਪੜ੍ਹੇ ਲਿਖੇ ਨੂੰ ਹੋ ਜਾਂਦਾ ਸੀ, ਉਸ ਸਮੇਂ ਔਰਤ ਦਾ ਰਿਸ਼ਤਾ ਵੀ ਆਦਮੀ ਦੇ ਅਹੁਦੇ ਨਾਲ ਜੁੜ ਜਾਂਦਾ ਸੀ ਜਿਵੇਂ ਪਟਵਾਰੀ ਨੂੰ ਵਿਆਹੀ ਪਟਵਾਰਨ, ਮਾਸਟਰ ਨੂੰ ਵਿਆਹੀ ਮਾਸਟਰਨੀ, ਤਹਿਸੀਲਦਾਰ ਨੂੰ ਵਿਆਹੀ ਹੋਈ ਤਹਿਸੀਲਦਾਰਨੀ। ਔਰਤਾਂ ਨੂੰ ਅਜਿਹੇ ਅਹੁਦਿਆਂ ਨਾਲ ਨਿਵਾਜਣਾ ਵੀ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਾਉਣਾ ਸੀ। ਅਜਿਹੀ ਔਰਤ ਅਨਪੜ੍ਹ ਹੁੰਦੀ ਹੋਈ ਵੀ ਬਣ ਠਣ ਕੇ ਰਹਿਣਾ ਆਪਣਾ ਹੱਕ ਸਮਝਦੀ ਸੀ। ਅੱਜ ਤੋਂ ਸੱਤਰ ਪਝੱਤਰ ਸਾਲ ਪਹਿਲਾਂ ਆਵਾਜਾਈ ਦੇ ਸਾਧਨ ਘੱਟ ਹੋਣ ਕਾਰਨ ਕਰਮਚਾਰੀ ਆਪਣੀ ਰਿਹਾਇਸ਼ ਉੱਥੇ ਹੀ ਰੱਖਦੇ ਸਨ, ਜਿੱਥੇ ਉਨ੍ਹਾਂ ਦੀ ਨਿਯੁਕਤੀ ਹੁੰਦੀ ਸੀ। ਅਜਿਹੀਆਂ ਔਰਤਾਂ ਸਮਰੱਥਾ ਅਨੁਸਾਰ ਸਮਾਜਿਕ ਪੱਧਰ ਦੇ ਅਨੁਸਾਰ ਕੰਮ ਕਰਦੀਆਂ ਸਨ। ਰੋਟੀ ਪਕਾਉਣ ਲਈ ਚੁੱਲ੍ਹੇ ਦੀ ਵਰਤੋਂ ਹੀ ਕੀਤੀ ਜਾਂਦੀ ਸੀ, ਗੈਸ ਸਟੋਵ ਆਮ ਘਰਾਂ ਵਿੱਚ ਨਹੀਂ ਸਨ। ਸੋ ਚੁੱਲ੍ਹੇ ’ਤੇ ਰੋਟੀ ਪਕਾਉਣ ਲਈ ਲੱਕੜਾਂ ਗੋਹਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਕਪਾਹ ਦੀਆਂ ਜਾਂ ਨਰਮੇ ਦੀਆਂ ਛਟੀਆਂ ਵੀ ਬਾਲਣ ਦੇ ਕੰਮ ਆਉਂਦੀਆਂ ਸਨ, ਪਰ ਤਾਜ਼ੀਆਂ ਪੁੱਟੀਆਂ ਛਟੀਆਂ ਅੱਲੀਆਂ ਹੋਣ ਕਰਕੇ ਉਨ੍ਹਾਂ ਨੂੰ ਛੇਤੀ ਛੇਤੀ ਅੱਗ ਨਹੀਂ ਸੀ ਲੱਗਦੀ। ਇਸ ਲਈ ਅੱਗ ਮਚਾਉਣ ਲਈ ਮੁਸ਼ਕਿਲ ਪੇਸ਼ ਆਉਂਦੀ ਸੀ। ਕਿਸੇ ਪੱਖ ਤੋਂ ਊਣਾ ਵਿਅਕਤੀ ਗੁਣਵਾਨ ਹੁੰਦੇ ਹੋਏ ਵੀ ਸਮਾਜ ਵਿੱਚ ਮਖੌਲ ਦਾ ਪਾਤਰ ਬਣ ਜਾਂਦਾ ਹੈ। ਇਸ ਤਰ੍ਹਾਂ ਅਣਵਿਆਹਿਆ ਜਾਂ ਛੜਾ ਵਿਅਕਤੀ ਦਾੜ੍ਹੀ ਮੁੱਛਾਂ ਨੂੰ ਤੇਲ ਲਾ ਕੇ ਸੰਵਾਰ ਕੇ ਰੱਖਦਾ ਹੈ ਅਤੇ ਚੰਗੇ ਕੱਪੜੇ ਪਾ ਲਵੇ, ਫਿਰ ਵੀ ਸਮਾਜ ਉਸ ਨੂੰ ਕਲੀਨ ਚਿੱਟ ਨਹੀਂ ਦਿੰਦਾ ਬਲਕਿ ਉਸ ਦੀ ਟੌਹਰ ਦਾ ਵੀ ਮਖੌਲ ਉਡਾਇਆ ਜਾਂਦਾ ਹੈ। ਇਸ ਵਿੱਚ ਔਰਤਾਂ ਵੀ ਪਿੱਛੇ ਨਹੀਂ ਰਹਿੰਦੀਆਂ। ਲੋਕ ਗੀਤਾਂ ਵਿੱਚ ਅੱਗ ਬਾਲਣ ਲਈ ਛੜੇ ਦੀ ਮੁੱਛ ਵੱਲ ਇਸ਼ਾਰਾ ਕੀਤਾ ਜਾਂਦਾ ਹੈ। ਸੋ ਇਸ ਤਰ੍ਹਾਂ ਆਪਣੇ ਪਤੀ ਦੀ ਰੋਟੀ ਦੀ ਖਾਤਰਦਾਰੀ ਲਈ ਔਰਤ ਆਪਣੇ ਮਨ ਦੇ ਭਾਵਾਂ ਨੂੰ ਇਸ ਤਰ੍ਹਾਂ ਪ੍ਰਗਟ ਕਰਦੀ ਹੈ;
ਆਲੂ ਗੋਭੀ ਮੈਂ ਬਣਾਉਣੀ
ਤਾਜ਼ੇ ਫੁਲਕੇ ਪਕਾਉਣੇ
ਨਾਲੇ ਲਾਉਣੇ ਨੇ ਦਾਲ ਨੂੰ ਤੜਕੇ
ਛਟੀਆਂ ਦੀ ਅੱਗ ਨਾ ਬਲੇ
ਇੱਥੋਂ ਲਿਆਈਂ ਵੇ ਛੜੇ ਦੀ ਮੁੱਛ ਫੜ ਕੇ
ਨੌਕਰੀਸ਼ੁਦਾ ਵਿਅਕਤੀ ਨੂੰ ਘਰੋਂ ਤਿਆਰ ਹੋ ਕੇ ਜਾਣਾ ਪੈਂਦਾ ਹੈ, ਇਸ ਲਈ ਉਸ ਦੇ ਕੱਪੜੇ ਸਾਫ਼ ਸੁਥਰੇ ਅਤੇ ਟਿਫ਼ਨ ਦੀ ਜ਼ਿੰਮੇਵਾਰੀ ਔਰਤ ਦੀ ਹੁੰਦੀ ਹੈ। ਘਰ ਵਿੱਚ ਔਰਤ ਇਹ ਸਭ ਕੁਝ ਦੇਖਦੀ ਹੈ ਤੇ ਨਾਲੇ ਖ਼ਰਚ ਨੂੰ ਵੀ ਵਧਦਾ ਦੇਖਦੀ ਹੈ, ਭਾਵੇਂ ਤਨਖਾਹ ਆਉਂਦੀ ਹੈ, ਪਰ ਘਰ ਵਿੱਚ ਖ਼ਰਚ ਵੀ ਵਧ ਜਾਂਦਾ ਹੈ। ਗ੍ਰਹਿਣੀ ਨੂੰ ਵਾਧੂ ਖ਼ਰਚੇ ਚੁਭਦੇ ਹਨ। ਉਸ ਨੂੰ ਸਬਜ਼ੀ ਮੁੱਲ ਲਿਆਉਣਾ ਵੀ ਚੁਭਦਾ ਹੈ, ਪਰ ਮਰਦ ਨੂੰ ਇਹ ਖ਼ਰਚੇ ਕਰਨੇ ਪੈਂਦੇ ਹਨ। ਇਸ ਲਈ ਗ੍ਰਹਿਣੀ ਦੇ ਮਨ ਦੇ ਭਾਵ ਇਸ ਤਰ੍ਹਾਂ ਗੀਤ ਦਾ ਰੂਪ ਲੈਂਦੇ ਹਨ;
ਸਬਜ਼ੀ ਨਾਲੋਂ ਧਨੀਆ ਮਹਿੰਗਾ
ਧਨੀਏ ਨਾਲੋਂ ਪੁਦੀਨਾ
ਤੈਂ ਘਰ ਪੱਟਤਾ ਵੇ
ਸਰਵਿਸ ਮੈਨ ਸ਼ੌਕੀਨਾ
ਹਰ ਮਹੀਨੇ ਬੱਧੀ ਰੁੱਧੀ ਕਮਾਈ ਆਉਣ ਦਾ ਸਭ ਨੂੰ ਚਾਅ ਹੁੰਦਾ ਹੈ। ਨੌਕਰੀ ਭਾਵੇਂ ਵੱਡੀ ਹੋਵੇ ਭਾਵੇਂ ਛੋਟੀ, ਪਰ ਆਪਣੀ ਹੈਸੀਅਤ ਮੁਤਾਬਿਕ ਘਰ ਦੀ ਕਬੀਲਦਾਰੀ ਨੂੰ ਤੋਰਨਾ ਸੌਖਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਨੌਕਰੀ ਰੋਹਬ ਦਾਬ ਵਾਲੀ ਹੋਵੇ ਤਾਂ ਮਨੁੱਖ ਦੇ ਸਵੈਮਾਨ ਨੂੰ ਤਾਂ ਵਧਾਉਂਦੀ ਹੈ, ਨਾਲ ਬਾਕੀ ਪਰਿਵਾਰ ਵਿੱਚ ਘਮੰਡ ਵੀ ਆ ਜਾਂਦਾ। ਇਸ ਦਾ ਲਾਭ ਕਈ ਵਾਰ ਰਿਸ਼ਤੇਦਾਰ ਵੀ ਉਠਾ ਜਾਂਦੇ ਹਨ। ਪੁਲੀਸ ਮਹਿਕਮੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਬਾਬਤ ਲੋਕ ਗੀਤ ਇਸ ਤਰ੍ਹਾਂ ਬਿਆਨ ਕਰਦੇ ਹਨ;
ਥਾਣੇਦਾਰ ਦੇ ਬਰੋਬਰ ਡਹਿੰਦੀ
ਕੁਰਸੀ ਮੇਰੇ ਵੀਰ ਦੀ
ਘਰਾਂ ਵਿੱਚ ਲੜਾਈ ਝਗੜੇ ਤਾਂ ਹੁੰਦੇ ਹੀ ਹਨ, ਫਿਰ ਇਨ੍ਹਾਂ ਅਹੁਦੇਦਾਰਾਂ ਦੇ ਅਹੁਦੇ ਨੂੰ ਵੀ ਵਰਤਿਆ ਜਾਂਦਾ ਹੈ ਤੇ ਦੂਜੇ ਨੂੰ ਇਸ ਤਰ੍ਹਾਂ ਧਮਕੀ ਦਿੱਤੀ ਜਾਂਦੀ ਹੈ;
ਬਾਰੀਂ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਥਾਲੀ
ਕੈਦ ਕਰਾ ਦੂੰਗੀ
ਮੈਂ ਡਿਪਟੀ ਦੀ ਸਾਲੀ
ਔਖ ਸੌਖ ਹੁੰਦੇ ਹੋਏ ਵੀ ਪੜ੍ਹਾਈ ਦਾ ਮਹੱਤਵ ਬਹੁਤ ਹੈ। ਪੜ੍ਹੇ ਲਿਖੇ ਵਿਅਕਤੀ ਦੀ ਸ਼ਖ਼ਸੀਅਤ ਦੂਜਿਆਂ ਨਾਲੋਂ ਵੱਖਰੀ ਹੁੰਦੀ ਹੈ। ਸਮਾਜ ਵਿੱਚ ਪੜ੍ਹੇ ਲਿਖੇ ਦੀ ਕਦਰ ਹੈ ਕਿਉਂਕਿ ਪੜ੍ਹੇ ਲਿਖੇ ਨੂੰ ਨੌਕਰੀ ਮਿਲਣ ਦੀ ਉਮੀਦ ਹੁੰਦੀ ਹੈ। ਇਸ ਤਰ੍ਹਾਂ ਔਰਤ ਚਾਹੇ ਭੈਣ ਦੇ ਰੂਪ ਵਿੱਚ ਹੋਵੇ ਚਾਹੇ ਮਾਂ ਦੇ ਰੂਪ ਵਿੱਚ ਚਾਹੇ ਪਤਨੀ ਦੇ ਰੂਪ ਵਿੱਚ ਤਾਂ ਉਹ ਪੜ੍ਹੇ ਲਿਖੇ ਬਾਰੇ ਆਪਣੇ ਵਿਚਾਰਾਂ ਨੂੰ ਗੀਤਾਂ ਦਾ ਰੂਪ ਦੇ ਕੇ ਇਸ ਤਰ੍ਹਾਂ ਕਹਿੰਦੀ ਹੈ;
ਹੋਰਾਂ ਦੇ ਮਾਹੀਏ ਤਾਂ ਖੁੰਢਾਂ ਉੱਤੇ ਬਹਿੰਦੇ
ਮੇਰਾ ਮਾਹੀਆ ਸੱਥ ਵਿੱਚ ਨੀਂ
ਜਿਹਦੇ ਕਲਮ ਦਵਾਤ ਹੱਥ ਵਿੱਚ ਨੀਂ
![]()
