
ਜੰਮੂ/ਏ.ਟੀ.ਨਿਊਜ਼: ਜੰਮੂ ਖੇਤਰ ਦੇ ਜੰਮੂ, ਡੋਡਾ ਤੇ ਰਿਆਸੀ ਜ਼ਿਲ੍ਹਿਆਂ ’ਚ ਅੱਜ ਪਏ ਮੋਹਲੇਧਾਰ ਮੀਂਹ ਕਾਰਨ ਕਈ ਮੌਤਾਂ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਨ੍ਹਾਂ ਘਟਨਾਵਾਂ ’ਚ ਕਈ ਵਿਅਕਤੀ ਜ਼ਖ਼ਮੀ ਵੀ ਹੋਏ ਹਨ।
ਤਾਜ਼ਾ ਰਿਪੋਰਟ ਅਨੁਸਾਰ ਸ਼ਰਧਾਲੂਆਂ ਦੇ ਰਸਤੇ ਵੈਸ਼ਨੋ ਦੇਵੀ ਮੰਦਰ ਦੇ ਨੇੜੇ ਢਿੱਗਾਂ ਡਿੱਗਣ ਕਾਰਨ ਘੱਟੋ-ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਜੰਮੂ ਵਿੱਚ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਹੁਕਮ ਵੀ ਦਿੱਤੇ, ਜਿਸ ਬਾਰੇ ਮੌਸਮ ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ 368 ਮਿਲੀਮੀਟਰ (14.5 ਇੰਚ) ਮੀਂਹ ਨਾਲ ਹੜ੍ਹ ਆਇਆ।
ਭਾਰੀ ਮੀਂਹ ਕਾਰਨ ਜੰਮੂ ’ਚ ਸਾਰੇ ਜਲ ਸਰੋਤ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਹਨ ਜਿਸ ਕਾਰਨ 24 ਤੋਂ ਵੱਧ ਪੁਲ ਤੇ ਘਰ ਨੁਕਸਾਨੇ ਗਏ ਹਨ ਅਤੇ ਸ਼ਹਿਰ ਤੇ ਹੋਰਨਾਂ ਥਾਵਾਂ ’ਚ ਪਾਣੀ ਭਰ ਗਿਆ ਹੈ। ਭਾਰੀ ਮੀਂਹ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਜੰਮੂ ਡਿਵੀਜ਼ਨ ’ਚ ਸਾਰੇ ਸਕੂਲ 27 ਤੱਕ ਬੰਦ ਕਰ ਦਿੱਤੇ ਗਏ ਹਨ।
ਮਾਤਾ ਵੈਸ਼ਨੋ ਦੇਵੀ ਯਾਤਰਾ ਵੀ ਮੁਲਤਵੀ ਕਰ ਦਿੱਤੀ ਗਈ।
ਅਰਧਕੁਆਰੀ ਸਥਿਤ ਇੰਦਰਪ੍ਰਸਥ ਭੋਜਨਾਲਿਆ ਨੇੜੇ ਬਚਾਅ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਹਾੜੀ ’ਤੇ ਸਥਿਤ ਮੰਦਰ ਤੱਕ ਜਾਣ ਵਾਲੇ 12 ਕਿਲੋਮੀਟਰ ਲੰਮੇ ਰਾਹ ਦੇ ਤਕਰੀਬਨ ਅੱਧੇ ਰਸਤੇ ’ਤੇ ਇਹ ਘਟਨਾ ਵਾਪਰੀ ਹੈ। ਪੰਜਾਬ ਦੇ ਮੁਹਾਲੀ ਦੀ ਰਹਿਣ ਵਾਲੀ ਕਿਰਨ ਵੀ ਉਨ੍ਹਾਂ ਵਿਅਕਤੀਆਂ ’ਚ ਸ਼ਾਮਲ ਸੀ ਜੋ ਡਿੱਗਦੇ ਪੱਥਰਾਂ, ਦਰੱਖਤਾਂ ਤੇ ਚੱਟਾਨਾਂ ਵਿਚਾਲੇ ਘਿਰ ਗਈ ਸੀ। ਹਾਦਸੇ ’ਚ ਵਾਲ-ਵਾਲ ਬਚੀ ਕਿਰਨ ਨੇ ਦੱਸਿਆ ਕਿ ਉਨ੍ਹਾਂ ਦਾ ਪੰਜ ਵਿਅਕਤੀਆਂ ਦਾ ਗਰੁੱਪ ਸੀ ਜਿਨ੍ਹਾਂ ’ਚੋਂ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ। ਇਸੇ ਵਿਚਾਲੇ ਡੋਡਾ ਜ਼ਿਲ੍ਹੇ ’ਚ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਦੋ ਮੌਤਾਂ ਗੰਡੋਹ ’ਚ ਜਦਕਿ ਦੋ ਹੋਰ ਡੋਡਾ ਦੇ ਠਾਠਰੀ ਤੇ ਭੱਦਰਵਾਹ ਇਲਾਕਿਆਂ ’ਚ ਹੋਈਆਂ। ਜਾਣਕਾਰੀ ਅਨੁਸਾਰ ਦੋ ਵਿਅਕਤੀ ਦੀ ਮੌਤ ਘਰ ਡਿੱਗਣ ਕਾਰਨ ਜਦਕਿ ਦੋ ਹੋਰਾਂ ਦੀ ਮੌਤ ਅਚਾਨਕ ਆਏ ਹੜ੍ਹ ਕਾਰਨ ਹੋਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਜੰਮੂ-ਸ੍ਰੀਨਗਰ ਤੇ ਕਿਸ਼ਤਵਾੜ-ਡੋਡਾ ਕੌਮੀ ਰਾਜਮਾਰਗਾਂ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ ਜਦਕਿ ਕਈ ਪਹਾੜੀ ਸੜਕਾਂ ਢਿੱਗਾਂ ਡਿੱਗਣ ਜਾਂ ਅਚਾਨਕ ਆਏ ਹੜ੍ਹ ਕਾਰਨ ਬੰਦ ਹੋ ਗਈਆਂ ਹਨ ਜਾਂ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਕਈ ਘਰ ਤੇ ਪੁਲ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸ਼ਤਵਾੜ, ਰਿਆਸੀ, ਰਾਜੌਰੀ, ਰਾਮਬਨ ਤੇ ਪੁਣਛ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਤੋਂ ਵੀ ਜਨਤਕ ਤੇ ਨਿੱਜੀ ਜਾਇਦਾਦਾਂ ਨੂੰ ਨੁਕਸਾਨ ਪੁੱਜਣ ਦੀ ਸੂਚਨਾ ਮਿਲੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਧੋਪੁਰ ਬੈਰਾਜ ਇੱਕ ਲੱਖ ਕਿਊਸਿਕ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਅਤੇ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਕਠੂਆ ਜ਼ਿਲ੍ਹੇ ਵਿੱਚ ਰਾਵੀ ਨਦੀ ਦੇ ਨਾਲ-ਨਾਲ ਕਈ ਨੀਵੇਂ ਇਲਾਕਿਆਂ ਵਿੱਚ ਭਾਰੀ ਹੜ੍ਹ ਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੱਖ ਵੱਖ ਸੁਰੱਖਿਆ ਏਜੰਸੀਆਂ ’ਚ ਸਿਪਾਹੀਆਂ ਦੀ ਭਰਤੀ ਮੁਹਿੰਮ ਵੀ ਮੁਅੱਤਲ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਤਰਾਨਾ ਨਦੀ, ਉਝ ਦਰਿਆ, ਮੱਗਰ ਖੱਡ, ਸਾਹਰ ਖੱਡ, ਰਾਵੀ ਦਰਿਆ ਅਤੇ ਕਠੂਆ ਵਿੱਚ ਉਨ੍ਹਾਂ ਦੀਆਂ ਸਹਾਇਕ ਨਦੀਆਂ ਵਿੱਚ ਪਾਣੀ ਦਾ ਪੱਧਰ ਇੱਕੋ ਸਮੇਂ ਵਧ ਰਿਹਾ ਹੈ ਅਤੇ ਖ਼ਤਰੇ ਦੇ ਨਿਸ਼ਾਨ ਨੇੜੇ ਹੈ। ਅਧਿਕਾਰੀਆਂ ਨੇ ਕਿਹਾ ਕਿ ਤਵੀ ਨਦੀ ਊਧਮਪੁਰ ਜ਼ਿਲ੍ਹੇ ਵਿੱਚ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਹੈ। ਜੰਮੂ ਵਿੱਚ ਚਨਾਬ ਵੀ ਚੇਤਾਵਨੀ ਦੇ ਪੱਧਰ ਨੇੜੇ ਵਗ ਰਿਹਾ ਹੈ ਜਦਕਿ ਸਾਂਬਾ ਵਿੱਚ ਬਸੰਤਰ ਨਦੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ।