ਨਵੀਂ ਦਿੱਲੀ/ਏ.ਟੀ.ਨਿਊਜ਼: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫ਼ਿਰ ਚੋਣ ਕਮਿਸ਼ਨ ਨੂੰ ਚਿਤਾਵਨੀ ਦਿੱਤੀ ਸੀ ਕਿ ਚੋਣ ਕਮਿਸ਼ਨ ਵੋਟਾਂ ਦੀ ਚੋਰੀ ਕਰਾ ਰਿਹਾ ਹੈ। ਸਾਡੇ ਕੋਲ ਐਟਮ ਬੰਬ ਹੈ। ਜਦੋਂ ਇਹ ਫ਼ਟੇਗਾ ਤਾਂ ਚੋਣ ਕਮਿਸ਼ਨ ਬਚੇਗਾ ਨਹੀਂ। ਰਾਹੁਲ ਨੇ ਚੋਣ ਕਮਿਸ਼ਨ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਮੈਂ ਇਹ ਹਲਕੇ ਵਿੱਚ ਨਹੀਂ, ਸਗੋਂ ਸੌ ਫ਼ੀਸਦੀ ਸਬੂਤਾਂ ਨਾਲ ਕਹਿ ਰਿਹਾ ਹਾਂ। ਜਿਵੇਂ ਹੀ ਅਸੀਂ ਇਸ ਨੂੰ ਜਾਰੀ ਕਰਾਂਗੇ, ਪੂਰੇ ਦੇਸ਼ ਨੂੰ ਪਤਾ ਲੱਗ ਜਾਵੇਗਾ ਕਿ ਚੋਣ ਕਮਿਸ਼ਨ ਭਾਜਪਾ ਲਈ ਵੋਟਾਂ ਚੋਰੀ ਕਰਨ ਦਾ ਕੰਮ ਕਰ ਰਿਹਾ ਹੈ।ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਮੱਧ ਪ੍ਰਦੇਸ਼ ਚੋਣਾਂ, ਲੋਕ ਸਭਾ ਚੋਣਾਂ ਵਿੱਚ ਸ਼ੱਕ ਸੀ, ਮਹਾਰਾਸ਼ਟਰ ਚੋਣਾਂ ਦੌਰਾਨ ਸਾਡਾ ਸ਼ੱਕ ਹੋਰ ਵਧ ਗਿਆ। ਰਾਹੁਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਕਰਨਾਟਕ ਦੀ ਇੱਕ ਸੀਟ ’ਤੇ ਧੋਖਾਧੜੀ ਕਰਵਾਈ ਸੀ। ਸਾਡੇ ਕੋਲ ਇਸ ਦੇ ਸੌ ਫ਼ੀਸਦੀ ਸਬੂਤ ਹਨ। ਇੱਕੋ ਚੋਣ ਖੇਤਰ ਵਿੱਚ 50, 60 ਅਤੇ 65 ਸਾਲ ਦੇ ਹਜ਼ਾਰਾਂ ਨਵੇਂ ਵੋਟਰਾਂ ਨੂੰ ਸੂਚੀ ਵਿੱਚ ਜੋੜਿਆ ਗਿਆ ਹੈ ਅਤੇ 18 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਸੂਚੀ ਤੋਂ ਹਟਾ ਦਿੱਤਾ ਗਿਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਤੁਸੀਂ ਹਿੰਦੁਸਤਾਨ ਦੇ ਖ਼ਿਲਾਫ਼ ਕੰਮ ਕਰ ਰਹੇ ਹੋ, ਜੋ ਦੇਸ਼ਧ੍ਰੋਹ ਹੈ। ਤੁਸੀਂ ਕਿਤੇ ਵੀ ਹੋਵੋ, ਭਾਵੇਂ ਤੁਸੀਂ ਸੇਵਾਮੁਕਤ ਵੀ ਹੋ ਜਾਓ, ਅਸੀਂ ਤੁਹਾਨੂੰ ਲੱਭ ਲਵਾਂਗੇ। ਬਾਅਦ ਵਿੱਚ, ਚੋਣ ਕਮਿਸ਼ਨ ਨੇ ਇਸ ’ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਅਜਿਹੇ ਬੇਬੁਨਿਆਦ ਅਤੇ ਗੈਰ-ਜ਼ਿੰਮੇਵਾਰਾਨਾ ਦੋਸ਼ਾਂ ’ਤੇ ਉਨ੍ਹਾਂ ਨੂੰ ਕੁਝ ਨਹੀਂ ਕਹਿਣਾ।