ਵੱਖ- ਵੱਖ ਮੁਲਕਾਂ ਵਿਚਾਲੇ ਭਾਈਚਾਰਕ ਸਾਂਝ ਪੈਦਾ ਕਰਦੀਆਂ ਨੇ ਖੇਡਾਂ

In ਸੰਪਾਦਕੀ
March 18, 2025
ਭਾਰਤ ਵੱਲੋਂ ਚੈਂਪੀਅਨਜ਼ ਟਰਾਫ਼ੀ ਜਿੱਤਣ ਤੋਂ ਬਾਅਦ ਕ੍ਰਿਕਟ ਦੇ ਖੇਤਰ ਵਿੱਚ ਭਾਰਤ ਦੀ ਤੂਤੀ ਬੋਲਣ ਲੱਗ ਪਈ ਹੈ। ਕ੍ਰਿਕਟ ਵਿੱਚ ਇਸ ਤੋਂ ਪਹਿਲਾਂ ਵੀ ਭਾਰਤ ਅਹਿਮ ਪ੍ਰਾਪਤੀਆਂ ਕਰ ਚੁੱਕਿਆ ਹੈ। ਜਦੋਂਕਿ ਉਲੰਪਿਕ ਖੇਡਾਂ ਦੌਰਾਨ ਹਾਕੀ ਸਮੇਤ ਵੱਖ- ਵੱਖ ਖੇਡ ਮੁਕਾਬਲਿਆਂ ਵਿੱਚ ਵੀ ਭਾਰਤ ਅਨੇਕਾਂ ਮੈਡਲ ਜਿੱਤ ਚੁੱਕਿਆ ਹੈ। ਭਾਰਤ ਦੀਆਂ ਖੇਡ ਪ੍ਰਾਪਤੀਆਂ ਦੁਨੀਆਂ ਦੇ ਖੇਡ ਖੇਤਰ ਵਿੱਚ ਅਹਿਮ ਸਥਾਨ ਰੱਖਦੀਆਂ ਹਨ। ਖੇਡਾਂ ਜਿਥੇ ਖਿਡਾਰੀਆਂ ਵਿੱਚ ਆਪਸੀ ਮੇਲਜੋਲ ਅਤੇ ਮੁਕਾਬਲੇ ਦੀ ਭਾਵਨਾ ਵਧਾਉਂਦੀਆਂ ਹਨ, ਉਥੇ ਖੇਡਾਂ ਵੱਖ- ਵੱਖ ਮੁਲਕਾਂ ਵਿੱਚ ਭਾਈਚਾਰਕ ਸਾਂਝ ਵੀ ਵਧਾਉਂਦੀਆਂ ਹਨ। ਕਈ ਵਾਰ ਦੁਸ਼ਮਣ ਦੇਸ਼ਾਂ ਵਿਚਾਲੇ ਵੀ ਖੇਡਾਂ ਕਾਰਨ ਸ਼ਾਂਤੀ ਦੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਅਕਸਰ ਤਨਾਓ ਪੂਰਨ ਰਹਿੰਦੇ ਹਨ ਪਰ ਲੰਬਾ ਸਮਾਂ ਖੇਡਾਂ ’ਤੇ ਇਹਨਾਂ ਸਬੰਧਾਂ ਦਾ ਪਰਛਾਵਾਂ ਨਹੀਂ ਸੀ ਪਿਆ ਪਰ ਇਸ ਵਾਰ ਕ੍ਰਿਕਟ ਦੇ ਵੱਡੇ ਮੁਕਾਬਲੇ ‘ਚੈਂਪੀਅਨਜ਼ ਟਰਾਫ਼ੀ’ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਅਸੁਖਾਂਵੇਂ ਹੋਣ ਦਾ ਪਰਛਾਵਾਂ ਸਪਸ਼ਟ ਨਜ਼ਰ ਆਇਆ, ਕਿਉਂਕਿ ਇਸ ਟਰਾਫ਼ੀ ਮੁਕਾਬਲੇ ਦੌਰਾਨ ਭਾਰਤ ਦੀ ਕ੍ਰਿਕਟ ਟੀਮ ਨੇ ਕੋਈ ਵੀ ਮੈੇਚ ਪਾਕਿਸਤਾਨ ਦੀ ਧਰਤੀ ’ਤੇ ਨਹੀਂ ਖੇਡਿਆ, ਜਦੋਂਕਿ ਹੋਰਨਾਂ ਮੁਲਕਾਂ ਦੀਆਂ ਟੀਮਾਂ ਪਾਕਿਸਤਾਨ ਅਤੇ ਦੁਬਈ ਵਿਚਾਲੇ ਗੇੜੇ ਕੱਢਦੀਆਂ ਰਹੀਆਂ। ਭਾਰਤ ਦੀ ਕ੍ਰਿਕਟ ਟੀਮ ਨੇ ਆਪਣੇ ਸਾਰੇ ਮੈਚ ਦੁਬਈ ਦੀ ਜ਼ਮੀਨ ’ਤੇ ਹੀ ਖੇਡੇ। ਅਜਿਹਾ ਇਸ ਕਰਕੇ ਹੋਇਆ ਕਿਉਂਕਿ ਸੁਰੱਖਿਆ ਕਾਰਨਾਂ ਕਰਕੇ ਭਾਰਤ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦੀ ਧਰਤੀ ’ਤੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਰਕੇ ਭਾਰਤ ਦੀ ਟੀਮ ਦੇ ਸਾਰੇ ਮੈੇਚ ਦੁਬਈ ਵਿਖੇ ਹੀ ਕਰਵਾਏ ਗਏ। ਚੈਂਪੀਅਨਜ਼ ਟਰਾਫ਼ੀ ਦਾ ਇਸ ਵਾਰ ਮੇਜ਼ਬਾਨ ਪਾਕਿਸਤਾਨ ਸੀ, ਪਰ ਪਾਕਿਸਤਾਨ ਨੂੰ ਇਹ ਮਾਣ ਸਨਮਾਨ ਨਹੀਂ ਮਿਲਿਆ ਕਿ ਉਹ ਇਸ ਵਕਾਰੀ ਮੁਕਾਬਲੇ ਦੇ ਫਾਈਨਲ ਮੁਕਾਬਲੇ ਦੀ ਮੇਜ਼ਬਾਨੀ ਕਰ ਸਕੇ। ਜੇ ਇਹ ਫਾਈਨਲ ਮੈਚ ਪਾਕਿਸਤਾਨ ਵਿੱਚ ਖੇਡਿਆ ਗਿਆ ਹੁੰਦਾ ਤਾਂ ਮੈਦਾਨਾਂ ਵਿੱਚ ਦਰਸ਼ਕਾਂ ਦੀ ਗਿਣਤੀ ਹੋਰ ਵੀ ਵਧੇਰੇ ਹੋਣ ਦੀ ਸੰਭਾਵਨਾ ਸੀ, ਕਿਉਂਕਿ ਪਾਕਿਸਤਾਨ ਵਿੱਚ ਜਿਥੇ ਕ੍ਰਿਕਟ ਦੇ ਵੱਡੀ ਗਿਣਤੀ ਪ੍ਰਸ਼ੰਸਕ ਹਨ, ਉਥੇ ਪਾਕਿਸਤਾਨ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ੰਸਕ ਵੀ ਹਨ। ਪਾਕਿਸਤਾਨ 2023 ਵਿੱਚ ਸਰਹੱਦ ਪਾਰ ਕਰ ਕੇ ਇੱਕ ਰੋਜ਼ਾ ਵਿਸ਼ਵ ਕੱਪ ’ਚ ਹਿੱਸਾ ਲੈਣ ਭਾਰਤ ਆਇਆ ਸੀ, ਪਰ ਭਾਰਤ ਨੇ ਬਦਲੇ ’ਚ ਅਜਿਹਾ ਨਹੀਂ ਕੀਤਾ। ਇਸ ਤਰ੍ਹਾਂ ਦੁਵੱਲੇ ਰਿਸ਼ਤਿਆਂ ’ਚ ਖੜੋਤ ਤੋੜਨ ਦਾ ਮੌਕਾ ਗੁਆਚ ਗਿਆ ਪਰ ਭੁੱਲ ਸੁਧਾਰਨ ਅਤੇ ਰਿਸ਼ਤੇ ਜੋੜਨ ’ਚ ਦੇਰ ਹੋਣ ਦਾ ਕਦੇ ਸਵਾਲ ਨਹੀਂ ਹੁੰਦਾ। ਇੱਕ-ਦੂਜੇ ਦੇ ਮੁਲਕ ਜਾ ਕੇ ਭਾਰਤ-ਪਾਕਿ ਦੀ ਬੇਮਿਸਾਲ ਮੁਕਾਬਲੇਬਾਜ਼ੀ ਨੂੰ ਦੁਬਾਰਾ ਜਿਊਂਦਾ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ, ਇਹ ਸਰਹੱਦੀ ਤਣਾਅ ਨੂੰ ਘਟਾਉਣ ’ਚ ਮਦਦਗਾਰ ਹੋ ਸਕਦਾ ਹੈ। ਕ੍ਰਿਕਟ ਦੇ ਬਹਾਨੇ ਭਾਰਤ ਤੇ ਪਾਕਿਸਤਾਨ ਇੱਕ ਦੂਜੇ ਨਾਲ ਗੱਲਬਾਤ ਸ਼ੁਰੂ ਕਰ ਸਕਦੇ ਹਨ ਅਤੇ ਖੇਡ ਮੈਦਾਨਾਂ ਤੋਂ ਹੁੰਦੀ ਹੋਈ ਇਹ ਗੱਲਬਾਤ ਸਰਹੱਦੀ ਤਨਾਓ ਘਟਾਉਣ ਤੱਕ ਪਹੁੰਚ ਸਕਦੀ ਹੈ। ਇਥੇ ਉਲੰਪਿਕ ਖੇਡਾਂ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਜਦੋਂ ਪੁਰਾਤਨ ਉਲੰਪਿਕ ਖੇਡਾਂ ਯੂਨਾਨ ਦੇ ਏਥਨਜ਼ ਵਿੱਚ ਸ਼ੁਰੂ ਹੋਈਆਂ ਤਾਂ ਉਸ ਸਮੇਂ ਛੋਟੇ ਛੋਟੇ ਯੂਨਾਨੀ ਰਾਜ ਮੌਜੂਦ ਸਨ, ਜੋ ਕਿ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ ਪਰ ਉਲੰਪਿਕ ਖੇਡਾਂ ਦੇ ਮੌਕੇ ਇਕੱਠੇ ਹੋ ਜਾਂਦੇ ਸਨ। ਉਥੇ ਉਲੰਪਿਕ ਖੇਡਾਂ ਏਨੀਆਂ ਪ੍ਰਸਿੱਧ ਹੋ ਗਈਆਂ ਕਿ ਯੂਨਾਨੀ ਰਾਜਾਂ ਨੇ ਆਪਣੀ ਤਾਕਤ ਲੜਾਈਆਂ ਤੇ ਜੰਗਾਂ ਦੀ ਥਾਂ ਉਲੰਪਿਕ ਖੇਡਾਂ ਵਿੱਚ ਦਿਖਾਉਣੀ ਸ਼ੁਰੂ ਕਰ ਦਿਤੀ ਸੀ। ਇਸ ਤਰ੍ਹਾਂ ਪੁਰਾਤਨ ਸਮੇਂ ਤੋਂ ਹੀ ਖੇਡਾਂ ਜੰਗਾਂ ਅਤੇ ਲੜਾਈਆਂ ਖਤਮ ਕਰਕੇ ਆਪਣੀ ਪ੍ਰੇਮ ਪਿਆਰ ਵਧਾਉਣ ਦਾ ਵੱਡਾ ਕਾਰਜ ਕਰਦੀਆਂ ਆ ਰਹੀਆਂ ਹਨ। ਹੁਣ ਆਧੁਨਿਕ ਉਲੰਪਿਕ ਖੇਡਾਂ ਦੌਰਾਨ ਵੀ ਇਹ ਗੱਲ ਵੇਖਣ ਵਿੱਚ ਆਉਂਦੀ ਹੈ ਕਿ ਇਹਨਾਂ ਉਲੰਪਿਕ ਖੇਡਾਂ ਵਿੱਚ ਕਈ ਅਜਿਹੇ ਦੇਸ਼ ਵੀ ਹਿੱਸਾ ਲੈਂਦੇ ਹਨ, ਜਿਹਨਾਂ ਵਿਚਾਲੇ ਦੁਸ਼ਮਣੀ ਹੈ ਜਾਂ ਆਪਸੀ ਵਪਾਰ ਅਤੇ ਗੱਲਬਾਤ ਬੰਦ ਹੈ ਪਰ ਉਹ ਜੰਗ ਲੜਨ ਦੀ ਥਾਂ ਉਲੰਪਿਕ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੀ ਤਾਕਤ ਦਾ ਪ੍ਰਗਟਾਵਾ ਕਰਦੇ ਹਨ ਅਤੇ ਖੇਡਾਂ ਵਿੱਚ ਜਿੱਤਾਂ ਹਾਸਲ ਕਰਕੇ ਮਾਣ ਮਹਿਸੂਸ ਕਰਦੇ ਹਨ। ਉਲੰਪਿਕ ਖੇਡਾਂ ਵਿੱਚ ਵੱਖ- ਵੱਖ ਦੇਸ਼ਾਂ ਦੇ ਖਿਡਾਰੀ ਇੱਕ ਦੂਜੇ ਨਾਲ ਪ੍ਰੇਮ ਮੁਹਬੱਤ ਨਾਲ ਪੇਸ਼ ਆਉਂਦੇ ਹਨ, ਜਿਸ ਕਾਰਨ ਇਹਨਾਂ ਖਿਡਾਰੀਆਂ ਦੇ ਰਾਹੀਂ ਸਾਰੇ ਦੇਸ਼ਾਂ ਨੂੰ ਸ਼ਾਂਤੀ ਦਾ ਸੰਦੇਸ਼ ਜਾਂਦਾ ਹੈ। ਜਿਥੋਂ ਤੱਕ ਭਾਰਤ ਅਤੇ ਪਾਕਿਸਤਾਨ ਦਾ ਸਵਾਲ ਹੈ ਤਾਂ ਸਰਹੱਦੀ ਤਨਾਓ ਹੋਣ ਦੇ ਬਾਵਜੂਦ ਅਨੇਕਾਂ ਵਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਅਤੇ ਹਾਕੀ ਮੁਕਾਬਲੇ ਹੋ ਚੁੱਕੇ ਹਨ। ਜਦੋਂ ਵੀ ਵਿਸ਼ਵ ਕੱਪ ਜਾਂ ਹੋਰ ਅਹਿਮ ਮੁਕਾਬਲੇ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਜਾਂ ਹਾਕੀ ਟੀਮਾਂ ਵਿਚਾਲੇ ਮੈਚ ਹੁੰਦੇ ਹਨ ਤਾਂ ਭਾਰਤ ਅਤੇ ਪਾਕਿਸਤਾਨ ਦੇ ਕਰੀਬ ਪੂਰੇ ਲੋਕ ਹੀ ਸਾਹ ਰੋਕ ਕੇ ਇਹ ਮੈਚ ਵੇਖਦੇ ਹਨ। ਇਸ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਰਵਾਇਤੀ ਵਿਰੋਧੀ ਹਨ ਅਤੇ ਦੋਵਾਂ ਵਿਚਾਲੇ ਖੇਡ ਮੁਕਾਬਲੇ ਦਿਲਚਸਪ ਹੁੰਦੇ ਹਨ। ਇਹ ਖੇਡ ਮੁਕਾਬਲੇ ਉਦੋਂ ਹੋਰ ਵੀ ਰੌਚਿਕ ਹੋ ਜਾਂਦੇ ਹਨ ਜਦੋਂ ਇਹ ਮੁਕਾਬਲੇ ਭਾਰਤ ਜਾਂ ਪਾਕਿਸਤਾਨ ਦੀ ਜ਼ਮੀਨ ’ਤੇ ਖੇਡੇ ਜਾਂਦੇ ਹਨ। ਇਹਨਾਂ ਖੇਡ ਮੁਕਾਬਲਿਆਂ ਕਾਰਨ ਹੀ ਭਾਰਤ- ਪਾਕਿਸਤਾਨ ਵਿਚਾਲੇ ਤਨਾਓ ਘੱਟ ਹੋਣ ਦੇ ਆਸਾਰ ਬਣ ਸਕਦੇ ਹਨ ਪਰ ਇਸ ਵਾਰ ਚੈਂਪੀਅਨ ਟਰਾਫ਼ੀ ਦੌਰਾਨ ਭਾਰਤੀ ਟੀਮ ਵੱਲੋਂ ਪਾਕਿਸਤਾਨ ਵਿੱਚ ਮੈਚ ਨਾ ਖੇਡ ਕੇ ਭਾਈਚਾਰਕ ਸਾਂਝ ਵਧਾਉਣ ਅਤੇ ਆਪਸੀ ਤਨਾਓ ਘੱਟ ਕਰਨ ਦਾ ਇੱਕ ਵੱਡਾ ਮੌਕਾ ਗੁਆ ਲਿਆ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਚੈਂਪੀਅਨਜ਼ ਟਰਾਫ਼ੀ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਜਿਥੇ ਭਾਰਤ ਦੇ ਕਈ ਇਲਾਕਿਆਂ ਵਿੱਚ ਹਿੰਸਾ ਹੋਈ ਹੈ, ਉਥੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਰਹਿੰਦੇ ਮੁਸਲਮਾਨਾਂ ਨੇ ਵੀ ਭਾਰਤ ਦੀ ਜਿੱਤ ਦੀ ਖੁਸ਼ੀ ਮਨਾਈ ਹੈ। ਚਾਹੀਦਾ ਤਾਂ ਇਹ ਹੈ ਕਿ ਖੇਡਾਂ ਰਾਹੀਂ ਭਾਰਤ ਅਤੇ ਪਾਕਿਸਤਾਨ ਆਪਣੇ ਦੁਵੱਲੇ ਸਬੰਧਾਂ ਨੂੰ ਮਜਬੂਤ ਕਰਨ ਅਤੇ ਖੇਡਾਂ ਦੇ ਮਾਧਿਅਮ ਰਾਹੀਂ ਸਰਹੱਦੀ ਤਨਾਓ ਨੂੰ ਵੀ ਘੱਟ ਕਰਨ ਦਾ ਯਤਨ ਕੀਤਾ ਜਾਵੇ।

Loading