
ਕਿਰਨਜੋਤ ਕੌਰ:ਮੈਂਬਰ ਸ੍ਰੋਮਣੀ ਕਮੇਟੀ:
ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਪੰਥ ਨੂੰ ਵੀ ਗੁਰਿਆਈ ਬਖ਼ਸ਼ੀ। ਗੁਰੂ ਪੰਥ ਉਹ ਖ਼ਾਲਸਾ ਪੰਥ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸਾਜਿਆ ਅਤੇ ਉਸ ਵਿਚ ਅਭੇਦ ਹੋ ਗਏ। ਭਾਈ ਪ੍ਰਹਿਲਾਦ ਸਿੰਘ ਦੀ ਰਹਿਤਨਾਮੇ ਵਿਚ ਇਸ ਨੂੰ ਇੰਜ ਸਮਝਾਇਆ ਗਿਆ ਹੈ। “ਗੁਰੂ ਖਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ, ਜੋ ਸਿੱਖ ਮੋ ਮਿਲਬੋ ਚਹਹਿ, ਖੋਜ ਇਨਹੁ ਮਹਿ ਲੇਹੁ।”
ਭਾਵ ਗੁਰੂ ਦੀ ਰੂਹ ਗੁਰੂ ਗ੍ਰੰਥ ਸਾਹਿਬ ਵਿਚ ਹੈ ਤੇ ਦੇਹ ਖ਼ਾਲਸਾ ਪੰਥ ਵਿਚ। ਖ਼ਾਲਸਾ ਪੰਥ ਇਕ ਜਥੇਬੰਦੀ ਹੈ ਜਿਸ ਨੂੰ ਇਕ ਸੂਤ ਵਿਚ ਪਰੋਏ ਰੱਖਣ ਲਈ ਖ਼ਾਲਸਾ ਧਰਮ ਦੇ ਨਿਯਮਾਂ ਅਨੁਸਾਰ ਰਹਿਣਾ ਪੈਂਦਾ ਹੈ। ਜੇ ਰਹਿਤ ਵਿਚ ਕੋਈ ਭੁੱਲ ਹੋ ਜਾਵੇ ਤਾਂ ਖ਼ਾਲਸੇ ਦੇ ਦੀਵਾਨ ਵਿਚ ਹਾਜ਼ਰ ਹੋ ਕੇ ਬੇਨਤੀ ਕਰ ਕੇ ਤਨਖ਼ਾਹ ਬਖ਼ਸ਼ਾਉਣੀ ਸ਼ਾਮਲ ਹੈ। ਸਿੱਖ ਰਹਿਤ-ਮਰਿਆਦਾ ਵਿਚ ਤਨਖ਼ਾਹੀਏ ਇਹ ਹਨ- ਮੀਣੇ, ਮਸੰਦ, ਧੀਰ ਮਲੀਏ, ਰਾਮਰਾਈਏ ਆਦਿ ਪੰਥ ਵਿਰੋਧੀਆਂ ਜਾਂ ਨੜੀ-ਮਾਰ, ਕੁੜੀ ਮਾਰ, ਸਿਰਗੁੰਮ ਨਾਲ ਵਰਤਣ ਵਾਲਾ ਤਨਖ਼ਾਹੀਆ ਹੋ ਜਾਂਦਾ ਹੈ। ਇੱਥੇ “ਵਰਤਣ” ਦਾ ਮਤਲਬ ਰੋਟੀ-ਬੇਟੀ ਦੀ ਸਾਂਝ ਹੈ। ਹੋਰ ਵੀ ਕਈ ਅਮਲਾਂ ਨਾਲ ਸਿੱਖ ਤਨਖ਼ਾਹੀਆ ਹੋ ਜਾਂਦਾ ਹੈ। ਪਰ ਚਾਰ ਬੱਜਰ ਕੁਰਹਿਤਾਂ ’ਚੋਂ ਕੋਈ ਵੀ ਇਕ ਕਰਨ ਵਾਲਾ ਭਾਵ ਕੇਸਾਂ ਦੀ ਬੇਅਦਬੀ, ਕੁਠਾ (ਮੁਸਲਮਾਨੀ ਤਰੀਕੇ ਨਾਲ ਬਣਿਆ) ਮਾਸ ਖਾਣਾ, ਪਰ ਇਸਤਰੀ/ਮਰਦ ਗਮਨ ਜਾਂ ਤੰਬਾਕੂ ਦੀ ਵਰਤੋਂ, ਪਤਿਤ ਹੋ ਜਾਂਦਾ ਹੈ ਅਤੇ ਆਪਣੇ-ਆਪ ਸਿੱਖੀ ਤੋਂ ਬਾਹਰ ਹੋ ਜਾਂਦਾ ਹੈ।
ਤਨਖ਼ਾਹੀਏ ਕੋਲ ਮਾਫ਼ੀ ਦਾ ਮੌਕਾ ਹੁੰਦਾ ਹੈ ਪਰ ਤਨਖ਼ਾਹੀਏ ਹੱਥੋਂ ਕੋਈ ਪਾਣੀ ਨਹੀਂ ਪੀਂਦਾ, ਫਤਹਿ ਨਹੀਂ ਬੁਲਾਉਂਦਾ ਤੇ ਗੁਰਦੁਆਰੇ ਵਿਚ ਉਸ ਦੀ ਦੇਗ ਪ੍ਰਵਾਨ ਨਹੀਂ ਹੁੰਦੀ। ਤਨਖ਼ਾਹੀਏ ਦੀ ਅਰਦਾਸ ਨਹੀਂ ਹੋ ਸਕਦੀ ਤੇ ਪੰਜਾਂ ਤਖ਼ਤਾਂ ’ਤੇ ਉਸ ਦਾ ਜਾਣਾ ਵਿਵਰਜਤ ਹੈ। ਅਸਲ ਵਿਚ ਤਨਖ਼ਾਹੀਆ ਸ਼ਬਦ ਦਾ ਮੂਲ ਇਹ ਹੈ ਕਿ ਜਦੋਂ ਪੰਜਾਬ ਦੇ ਮੁਸਲਮਾਨ ਹਾਕਮਾਂ ਨੇ ਅਮਨ ਕਾਇਮ ਕਰਨ ਲਈ ਸਿੱਖਾਂ ਨਾਲ ਜ਼ਾਹਿਰਾ ਤੌਰ ’ਤੇ ਮੇਲ ਕਰ ਲਿਆ ਤਾਂ ਕਈ ਸਿੱਖਾਂ ਨੂੰ ਮੁਨਾਸਬ ਤਨਖ਼ਾਹ ’ਤੇ ਮੁਲਾਜ਼ਮ ਰੱਖ ਲਿਆ। ਅਣਖੀ ਸਿੱਖ ਇਨ੍ਹਾਂ ਸਿੱਖਾਂ ਦਾ ਕਰਮ ਘ੍ਰਿਣਾਯੋਗ ਜਾਣ ਕੇ, ਨੌਕਰ ਸਿੱਖਾਂ ਦੀ ਅੱਲ ‘ਤਨਖ਼ਾਹੀਏ’ ਪਾ ਦਿੱਤੀ। ਕੁਝ ਸਮਾਂ ਪਾ ਕੇ ਧਰਮ ਅਤੇ ਮਰਿਆਦਾ ਵਿਰੁੱਧ ਕਰਮ ਕਰਨ ਵਾਲੇ ਅਤੇ ਧਰਮ ਦੰਡ ਦੇ ਅਧਿਕਾਰੀ ਦਾ ਨਾਂ ‘ਤਨਖ਼ਾਹੀਆ’ ਪੱਕ ਗਿਆ। ਸੁਖਬੀਰ ਸਿੰਘ ਬਾਦਲ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਖ਼ਤ ਸ਼ਬਦਾਂ ਵਿਚ ਤਨਖ਼ਾਹੀਆ ਐਲਾਨਿਆ ਜਾਣਾ ਕੋਈ ਛੋਟੀ ਘਟਨਾ ਨਹੀਂ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਖ਼ਤ ਸ਼ਬਦ ਵਰਤੇ ਗਏ ਹਨ।
‘ਸੁਖਬੀਰ ਸਿੰਘ ਬਾਦਲ ਨੇ ਬਤੌਰ ਡਿਪਟੀ ਮੁੱਖ ਮੰਤਰੀ ਪੰਜਾਬ ਸਰਕਾਰ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁੰਦਿਆਂ ਹੋਇਆਂ ਕੁਝ ਅਜਿਹੇ ਫ਼ੈਸਲੇ ਲਏ ਜਿਸ ਨਾਲ ਪੰਥਕ ਸਰੂਪ ਦੇ ਅਕਸ ਨੂੰ ਭਾਰੀ ਢਾਹ ਲੱਗੀ, ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ, ਸਿੱਖ ਹਿੱਤਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ’। ਪਰ ਇਸ ਨੂੰ 2007 ਤੋਂ 2017 ਤੱਕ ਦੇ ਸਮੇਂ ਵਿਚ ਸੀਮਤ ਕਰ ਦਿੱਤਾ ਗਿਆ ਹੈ। ਇਸ ਸਮੇਂ ਵਿਚ ਰਹੇ ਸਿੱਖ ਮੰਤਰੀਆਂ ਨੂੰ ਵੀ ਸਪਸ਼ਟੀਕਰਨ ਦੇਣ ਲਈ ਕਿਹਾ। ਸੁਖਬੀਰ ਸਿੰਘ ਬਾਦਲ ਨੇ ਬਿਨਾਂ ਕਿਸੇ ਦੇਰੀ ਅਗਲੇ ਹੀ ਦਿਨ ਨਿੱਜੀ ਤੌਰ ’ਤੇ ਪੇਸ਼ ਹੋ ਕੇ ‘ਹੁਕਮਨਾਮੇ ਅਨੁਸਾਰ ਗੁਰੂ ਪੰਥ ਪਾਸੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਤੇ ਹਲੀਮੀ ਨਾਲ ਖਿਮਾ ਜਾਚਨਾ ਕੀਤੀ’। ਇਸ ਸਾਰੇ ਵਰਤਾਰੇ ’ਚ ਇਹ ਨਹੀਂ ਦੱਸਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਦੇ ਕਿਹੜੇ ਫ਼ੈਸਲੇ ਵਿਚਾਰ ਅਧੀਨ ਹਨ।
ਨਾ ਹੀ ਇਹ ਦੱਸਿਆ ਗਿਆ ਕਿ ਕਾਹਦੀ ਖਿਮਾ ਜਾਚਨਾ ਕੀਤੀ ਜਾ ਰਹੀ ਹੈ। ਇਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਕੁਝ ਲੀਡਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਜੋ 2007 ਤੋਂ 2017 ਵਿਚ ਚਾਰ ਗ਼ਲਤੀਆਂ ਦੇ ਮੂਕ ਗਵਾਹ ਹੋਣ ਦੀ ਗ਼ਲਤੀ ਮੰਨੀ ਹੈ, ਉਨ੍ਹਾਂ ਹੀ ਗ਼ਲਤੀਆਂ ਦੇ ਆਧਾਰ ’ਤੇ ਕਾਰਵਾਈ ਹੋ ਰਹੀ ਹੈ। ਪਹਿਲੀ ਬੱਜਰ ਗ਼ਲਤੀ ਸਿਰਸਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਰਚਾਏ ਸਵਾਂਗ ਦਾ ਦਰਜ ਕੀਤਾ ਪੁਲਿਸ ਕੇਸ ਵਾਪਸ ਲੈਣਾ ਸੀ।
ਸੰਨ 2007 ਵਿਚ ਸਾਧ ਵੱਲੋਂ ਸਵਾਂਗ ਰਚਾਉਣ ਉਪਰੰਤ ਪੰਥ ਵਿਚ ਅਜਿਹੀ ਰੋਸ ਦੀ ਲਹਿਰ ਦੌੜੀ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸਾਧ ਤੇ ਉਸ ਦੇ ਚੇਲਿਆਂ ਨਾਲ ਸਮਾਜਿਕ ਤੇ ਸਿਆਸੀ ਨਾਤਾ ਤੋੜਨ ਦਾ ਹੁਕਮ ਹੋਇਆ ਸੀ। ਡੇਰਾ ਪ੍ਰੇਮੀਆਂ ਨਾਲ ਥਾਂ-ਥਾਂ ਸਿੱਖਾਂ ਦੀ ਤਕਰਾਰ ਹੋਈ। ਅਚਾਨਕ ਬਠਿੰਡਾ ਪੁਲਿਸ ਨੇ 2012 ਦੀ ਚੋਣ ਤੋਂ ਤਿੰਨ ਦਿਨ ਪਹਿਲਾਂ ਚੁੱਪ-ਚੁਪੀਤੇ ਕੇਸ ਵਾਪਸ ਲੈ ਲਿਆ ਪਰ ਸਿਰਸਾ ਸਾਧ ਵਿਰੁੱਧ ਹੋਇਆ ਹੁਕਮਨਾਮਾ ਵਾਪਸ ਨਹੀਂ ਹੋਇਆ, ਇਸ ਲਈ ਡੇਰਾ ਪ੍ਰੇਮੀਆਂ ਨੂੰ ਮਿਲਣਾ ਵੀ ਹੁਕਮਨਾਮੇ ਦੀ ਹੁਕਮ-ਅਦੂਲੀ ਸੀ। ਸੁਖਬੀਰ ਸਿੰਘ ਬਾਦਲ ਨੇ ਡੇਰਾ ਪ੍ਰੇਮੀਆਂ ਨਾਲ ਮਿਲਵਰਤਣ ਰੱਖਿਆ ਤੇ ਉਹ ਉਨ੍ਹਾਂ ਦੇ ਘਰ ਬੇਖ਼ੌਫ਼ ਆਉਂਦੇ-ਜਾਂਦੇ ਰਹੇ।
ਸਿਰਸਾ ਸਾਧ ਨੂੰ ਮਾਫ਼ੀ ਦਿਵਾਉਣ ਲਈ ਤਖ਼ਤਾਂ ਦੇ ਜਥੇਦਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਬੁਲਾ ਕੇ ਵਿਓਂਤ ਬਣਾਈ ਗਈ। ਇਹ ਸਭ ਗੱਲਾਂ ਲੋਕਾਂ ਨੂੰ ਪਤਾ ਹਨ। ਇੱਥੇ ਧਾਰਮਿਕ ਪੱਖੋਂ ਇਹ ਅਹਿਮ ਨੁਕਤਾ ਹੈ ਕਿ ਆਪਣੇ ਰੁਤਬੇ ਦੀ ਹਉਮੈ ਵਿਚ ਤਖ਼ਤਾਂ ਦੇ ਜਥੇਦਾਰਾਂ ਨੂੰ ਸੁਖਬੀਰ ਸਿੰਘ ਨੇ ਆਪਣੀ ਮਨਮਰਜ਼ੀ ਨਾਲ ਵਰਤਿਆ। ਜਿਸ ਤਖ਼ਤ ’ਤੇ ਸਿੱਖਾਂ ਦੀ ਸਿਰ ਨਿਵਾ ਕੇ ਆਤਮਿਕ ਸ਼ੁੱਧੀ ਲਈ ਜਾਣ ਦੀ ਪਰੰਪਰਾ ਹੈ, ਉੱਥੇ ਦੇ ਜਥੇਦਾਰਾਂ ਤੋਂ ਪੰਥਕ ਮਰਿਆਦਾ ਛਿੱਕੇ ਟੰਗ ਕੇ ਪੰਥ ਵਿਰੋਧੀ ਫ਼ੈਸਲਾ ਕਰਵਾਉਣ ਦੇ ਜਿੰਨੇ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ, ਉਤਨੇ ਹੀ ਉਹ ਸਿੰਘ ਸਾਹਿਬਾਨ ਵੀ ਮਰਿਆਦਾ ਉੱਤੇ ਪਹਿਰਾ ਨਾ ਦੇਣ ਦੇ ਜ਼ਿੰਮੇਵਾਰ ਹਨ। ਇਕ ਛੇੜਛਾੜ ਵਾਲੀ (ਸੋਧੀ ਹੋਈ) ਚਿੱਠੀ ਦੇ ਆਧਾਰ ’ਤੇ ਸਿਰਸਾ ਸਾਧ ਨੂੰ ਮਾਫ਼ ਕਰ ਦਿੱਤਾ ਗਿਆ।
ਜਦਕਿ ਮਰਿਆਦਾ ਇਹ ਹੈ ਕਿ ਗ਼ਲਤੀ ਕਰਨ ਵਾਲੇ ਸੱਜਣ ਦੇ ਖ਼ੁਦ ਹਾਜ਼ਰ ਹੋਣ ’ਤੇ ਹੀ ਉਸ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ। ਬਤੌਰ ਪ੍ਰਧਾਨ ਅਕਾਲੀ ਦਲ ਅਤੇ ਡਿਪਟੀ ਮੁੱਖ ਮੰਤਰੀ ਪੰਜਾਬ ਜਿੰਨੇ ਸੁਖਬੀਰ ਸਿੰਘ ਬਾਦਲ ਦੋਸ਼ੀ ਹਨ, ਉਨ੍ਹਾਂ ਦਾ ਹੁਕਮ ਮੰਨਣ ਵਾਲੇ ਜਥੇਦਾਰ ਵੀ ਉਤਨੇ ਹੀ ਦੋਸ਼ੀ ਹਨ। ਅਫ਼ਸੋਸ, ਮਾਫ਼ੀਨਾਮਾ ਸਿਰਸਾ ਸਾਧ ਦੀ ਪੰਜਾਬ ਵਿਚ ਫਿਲਮ ਚਲਾਉਣ ਲਈ ਕੀਤਾ ਗਿਆ ਸੀ। ਪੰਜਾਬ ਵਿਚ ਫਿਲਮ ਚਲਾਉਣ ਲਈ ਅਕਾਲੀ ਸਰਕਾਰ ਨੇ ਨਾ ਕੇਵਲ ਪੁਲਿਸ ਪਹਿਰਾ ਲਵਾਇਆ, ਅਕਾਲੀ ਵਰਕਰਾਂ ਨੂੰ ਫਿਲਮ ਵੇਖਣ ਲਈ ਉਤਸ਼ਾਹਤ ਕਰਨ ਦੀ ਚਰਚਾ ਹੈ।
ਸਿੱਖ ਪੰਥ ਦੇ ਵਿਰੋਧ ਅੱਗੇ ਜਥੇਦਾਰਾਂ ਨੂੰ ਝੁਕਣਾ ਪਿਆ ਅਤੇ ਹੁਕਮਨਾਮਾ ਵਾਪਸ ਲੈਣਾ ਪਿਆ। ਹੁਕਮਨਾਮਾ ਵਾਪਸ ਲੈਣ ਦੀ ਸਿੱਖ ਇਤਿਹਾਸ ’ਚ ਪਰੰਪਰਾ ਨਹੀਂ ਹੈ। ਇੱਥੇ ਵੀ ਪਰੰਪਰਾ ਤੇ ਸਿਧਾਂਤ ਦਾ ਘਾਣ ਹੋਇਆ ਹੈ। ਇਕ ਜੂਨ 2015 ਨੂੰ ਬੁਰਜ ਜਵਾਹਰ ਸਿੰਘ ਦੇ ਗੁਰਦੁਆਰੇ ਤੋਂ ਚੋਰੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ ’ਤੇ ਅਕਾਲੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਗੁਰਦੁਆਰੇ ਦੀ ਕੰਧ ’ਤੇ ਸਿੱਖਾਂ ਨੂੰ ਚੁਣੌਤੀ ਦੇਣ ਤੇ ਚਿੜਾਉਣ ਵਾਲੇ ਪੋਸਟਰ ਦਾ ਸੰਜੀਦਾ ਨੋਟਿਸ ਨਹੀਂ ਲਿਆ ਗਿਆ। ਜਦੋਂ ਲਲਕਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਬੇਅਦਬੀ ਹੋਈ ਤੇ ਸਿੱਖ ਰੋਹ ’ਚ ਸੜਕਾਂ ’ਤੇ ਆ ਗਏ, ਉਸ ਪੰਥਕ ਜਜ਼ਬੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਹੋਈ ਜਾਪਦੀ। ਪੁਲਿਸ ਦੀ ਸ਼ਕਤੀ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ। ਬਾਣੀ ਦਾ ਜਾਪ ਕਰ ਰਹੇ ਨਿਹੱਥੇ ਸਿੰਘਾਂ ’ਤੇ ਪੁਲਿਸ ਵੱਲੋਂ ਗੋਲ਼ੀ ਚਲਾਈ ਗਈ। ਫਿਰ ਆਪਣੀ ਗੱਡੀ ਆਪੇ ਹੀ ਗੋਲ਼ੀਆਂ ਨਾਲ ਵਿੰਨ੍ਹ ਕੇ ਸਿੰਘਾਂ ’ਤੇ ਹਮਲਾਵਰ ਹੋਣ ਦਾ ਦੋਸ਼ ਲਗਾਇਆ ਗਿਆ। ਪੰਥ ਨੂੰ ਸਰਕਾਰੀ ਸ਼ਕਤੀ ਦੇ ਰੋਹਬ ਥੱਲੇ ਮਧੋਲਣ ਦੀ ਕੋਸ਼ਿਸ਼ ਕੀਤੀ ਗਈ।
ਜਿਨ੍ਹਾਂ ਪੁਲਿਸ ਵਾਲਿਆਂ ਨੇ ਸਿੱਖਾਂ ’ਤੇ ਫਾਇਰਿੰਗ ਦੇ ਹੁਕਮ ਦਿੱਤੇ, ਉਨ੍ਹਾਂ ਦਾ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨ ਸਿੱਖਾਂ ਨੂੰ ਕਤਲ ਕਰਨ ਦਾ ਪੁਰਾਣਾ ਰਿਕਾਰਡ ਹੈ।
ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਡੀਜੀਪੀ ਲਾਉਣ ਵੇਲੇ ਕਿਸ ਨੂੰ ਪਤਾ ਨਹੀਂ ਸੀ ਕਿ ਉਸ ਦਾ ਪਿਛੋਕੜ ਕੀ ਹੈ? ਅੱਸੀਵਿਆਂ ਵਿਚ ਪੁਲਿਸ ਕੈਟਾਂ ਦੀ ਆਲਮ ਸੈਨਾ ਬਣਾਉਣ ਵਾਲੇ ਇਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਜਦੋਂ ਇਜ਼ਹਾਰ ਆਲਮ ਬਾਰੇ ਮੈਂ ਇਕ ਸੀਨੀਅਰ ਅਕਾਲੀ ਮੰਤਰੀ ਨਾਲ ਗੱਲ ਕੀਤੀ ਤਾਂ ਉਸ ਦਾ ਜਵਾਬ ਸੀ ਕਿ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਆਲਮ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਮੈਂ ਆਖਿਆ ਕਿ ਮੈਂ ਖ਼ੁਦ ਗਵਾਹ ਹਾਂ ਕਿਉਂਕਿ ਇਜ਼ਹਾਰ ਆਲਮ ਉਸ ਵਕਤ ਅੰਮ੍ਰਿਤਸਰ ਦਾ ਐੱਸਐੱਸਪੀ ਸੀ ਅਤੇ ਅਸੀਂ ਉਨ੍ਹਾਂ ਹਾਲਾਤ ਵਿੱਚੋਂ ਗੁਜ਼ਰੇ ਹਾਂ। ਅੱਗੋਂ ਹੱਸ ਕੇ ਕਹਿੰਦੇ, “ਤੁਹਾਡਾ ਪੰਥਕ ਜਜ਼ਬਾ ਬੋਲਦਾ ਹੈ”।
ਭਾਵ ਪੰਥਕ ਜਜ਼ਬਾ ਬੇਲੋੜਾ ਸੀ! ਸੁਖਬੀਰ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਦੀ ਹੈਸੀਅਤ ਵਿਚ ਪੰਥ ਦੋਖੀ ਪੁਲਿਸ ਅਫ਼ਸਰਾਂ ਦੀ ਪੁਸ਼ਤ-ਪਨਾਹੀ ਕੀਤੀ। ਸਿੱਖਾਂ ਦੇ ਧਾਰਮਿਕ ਜਜ਼ਬਾਤ ਨੂੰ ਪੁਲਿਸ ਜਬਰ ਅਤੇ ਗੋਲ਼ੀ ਦੇ ਭੈਅ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ। ਸੱਤਾ ਦੇ ਨਸ਼ੇ ਵਿਚ ਧਰਮ ਦਾ ਬੁਰਕਾ ਵੀ ਲਾਹ ਦਿੱਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਲਿਆ ‘ਫ਼ਖਰ-ਏ-ਕੌਮ ਪੰਥ ਰਤਨ’ ਦਾ ਐਵਾਰਡ ਵਾਪਸ ਲੈਣ ਲਈ ਵੀ ਪੁਨਰ-ਵਿਚਾਰ ਹੋਣੀ ਚਾਹੀਦੀ ਹੈ।