ਸਥਾਪਨਾ ਆਨੰਦਪੁਰ ਸਾਹਿਬ – 19 ਜੂਨ 1665

In ਮੁੱਖ ਲੇਖ
June 17, 2025

ਪ੍ਰਮਿੰਦਰ ਸਿੰਘ ਪ੍ਰਵਾਨਾ :
ਸਿੱਖ ਧਰਮ ਦੇ ਗੁਰੂ ਕਾਲ ਵਿੱਚ ਗੁਰਾਂ ਨੇ ਮਨੁੱਖਤਾ ਨੂੰ ਵਹਿਮਾਂ ਭਰਮਾਂ, ਝੂਠੇ ਕਰਮਕਾਡਾਂ ਵਿਚੋਂ ਕੱਢਕੇ ਸਾਂਵੀਂ ਪੱਧਰੀ ਜੀਵਨ ਜਾਚ ਸਿਖਾਈ। ਸਿੱਖ ਲਹਿਰ ਦਾ ਨਿਸ਼ਾਨਾ ਮਨੁੱਖ ਦੀ ਪੂਰਨ ਆਜ਼ਾਦੀ ਰਿਹਾ। ਮਨੁੱਖ ਨੂੰ ਸਵੈ ਮਾਣ ਅਤੇ ਸਵੈ ਰੱਖਿਆ ਦੇ ਯੋਗ ਬਣਾਇਆ। ਮਨੁੱਖੀ ਜੀਵਨ ਹਰ ਖੇਤਰ ਵਿੱਚ ਪ੍ਰਪੱਕ ਤੇ ਖੁਸ਼ਹਾਲ ਹੋਵੇ। ਆਪਣੀ ਲੋਕ ਬੋਲੀ ਵਿੱਚ ਬਾਣੀ ਰਚ ਕੇ ਇਸ ਯੋਗ ਬਣਾਇਆ ਕਿ ਹਰ ਕੋਈ ਬਿਨਾ ਕਿਸੇ ਵਿਚੋਲੇ ਦੇ ਆਪ ਗਿਆਨ ਪ੍ਰਾਪਤ ਕਰਕੇ ਰੱਬ ਨਾਲ ਸਿੱਧਾ ਰਾਬਤਾ ਕਾਇਮ ਕਰੇ। ਹਰ ਮਨੁੱਖ ਧਾਰਮਿਕ, ਸਮਾਜਿਕ, ਵਿਦਿਅਕ, ਆਰਥਿਕ ਵਿਹਾਰਕ ਤੌਰ ’ਤੇ ਸੰਪੂਰਨ ਖੁਸ਼ਹਾਲ ਹੋਵੇ। ਗੁਰਧਾਮਾਂ ਨਾਲ ਸੰਗਤ ਨੂੰ ਜੋੜਿਆ। ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਉਨਤੀ ਲਈ ਸੰਗਤਾਂ ਦੇ ਵਸੇਬੇ ਲਈ ਕਸਬੇ ਅਤੇ ਸ਼ਹਿਰਾਂ ਦਾ ਨਿਰਮਾਣ ਕੀਤਾ। ਵੱਖ- ਵੱਖ ਕਿੱਤਿਆਂ ਦੇ ਮਾਹਿਰ ਕਾਰੀਗਰਾਂ ਨੂੰ ਵਸਾਇਆ। ਵਪਾਰ ਵਿੱਚ ਲਾਇਆ। ਹਰ ਕੋਈ ਅਧਿਆਤਮਿਕਤਾ ਨਾਲ ਜੁੜ ਕੇ ਕਿਰਤ ਕਰੇ, ਨਾਮ ਜਪੇ, ਵੰਡ ਛੱਕੇ।
ਹੋਂਦ ਵਿੱਚ ਆਉਂਦੇ ਨਗਰਾਂ ਦੀ ਸ਼ਾਂਤੀ ਨੂੰ ਗੁਰ ਚਰਨਾਂ ਦੀ ਛੋਹ ਪ੍ਰਾਪਤ ਹੋਈ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਪਾਕਿਸਤਾਨ, ਕਰਤਾਰਪੁਰ ਪਾਕਿਸਤਾਨ, ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਗੋਂਦਵਾਲ, ਗੁਰੂ ਕਾ ਚੱਕ ਜਾਂ ਰਾਮਦਾਸਪੁਰ ਜੋ ਅੰਮ੍ਰਿਤਸਰ ਵਜੋਂ ਪ੍ਰਸਿੱਧ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ, ਛੇਹਰਟਾ, ਹਰਿਗੋਬਿੰਦਪੁਰਾ, ਕਰਤਾਰਪੁਰ ਜਲੰਧਰ , ਕੀਰਤਪੁਰ ਸਾਹਿਬ ਪੰਜੋਖਰਾ, ਬੰਗਲਾ ਸਾਹਿਬ ਦਿੱਲੀ ਆਦਿ।
ਸਥਾਪਨਾ ਆਨੰਦਪੁਰ ਸਾਹਿਬ : ਪਹਿਲਾਂ ਨਾਉਂ ‘ਚੱਕ ਨਾਨਕੀ’ ਦੀ ਸਥਾਪਨਾ ਗੁਰੂ ਤੇਗ ਬਹਾਦਰ ਜੀ ਵੱਲੋਂ ਕੀਤੀ ਗਈ। ਪਹਿਲਾਂ ਉਹ ਬਾਬਾ ਬਕਾਲਾ ਰਹਿੰਦੇ ਸਨ। ਅਪ੍ਰੈਲ 1665 ਵਿੱਚ ਕੀਰਤਪੁਰ ਦਾ ਦੌਰਾ ਕੀਤਾ। ਜਦ ਬਿਲਾਸਪੁਰ ਪਹੁੰਚੇ ਤਾਂ ਉਹਨਾਂ ਖਿਆਲ ਕੀਤਾ ਕਿ ਮੁਗਲ ਹਾਕਮਾਂ ਦੇ ਜ਼ੁਲਮ ਵਧਦੇ ਜਾ ਰਹੇ ਹਨ। ਇਸ ਲਈ ਰਣਨੀਤਿਕ ਤੌਰ ’ਤੇ ਸੁਰੱਖਿਅਤ ਜਗ੍ਹਾ ਦੀ ਖੋਜ ਹੋਣੀ ਚਾਹੀਦੀ ਹੈ। ਤਦ ਉਹਨਾਂ ਮਾਖੋਵਾਲ ਦੇ ਗਿਰਦ ਖੰਡਰਾਂ ਨੇੜੇ ਰਾਜਾ ਤਾਰਾ ਚੰਦ ਤੋਂ ਜਗ੍ਹਾ ਖਰੀਦ ਲਈ। ਇਹ ਆਨੰਦਮਈ ਰਮਣੀਕ ਜਗ੍ਹਾ ਰਣਨੀਤਿਕ ਤੌਰ ’ਤੇ ਸੁਰਖਿਅਤ ਸੀ। ਇਸ ਦੇ ਦੁਆਲੇ ਸਤਲੁਜ ਨਦੀ ਦੇ ਨਾਲ ਪਹਾੜੀ ਅਤੇ ਜੰਗਲ ਸਨ। ਮਾਖੋਵਾਲ ਦੇ ਦੋਵੇਂ ਪਾਸੇ ਚਰਨ ਗੰਗਾ ਧਾਰਾ, ਤੀਜੇ ਪਾਸੇ ਸਤਲੁਜ ਦਰਿਆ। ਪਹਾੜ ਵਾਲੇ ਪਾਸੇ ਸੰਘਣਾ ਜੰਗਲ। ਇੱਥੇ ਕਈ ਤਰ੍ਹਾਂ ਦੇ ਜਾਨਵਰ ਅਤੇ ਹਾਥੀਆਂ ਦੇ ਝੁੰਡ ਸਨ। ਇਸ ਨੂੰ ਹਥੌਟ ਹਾਥੀਆਂ ਦਾ ਘਰ ਕਿਹਾ ਜਾਂਦਾ ਸੀ। ਇਹ ਰਮਣੀਕ ਅਤੇ ਉਪਜਾਊ ਜਗ੍ਹਾ ਸੀ। ਇਸ ਖੇਤਰ ਦਾ ਨੀਂਹ ਪੱਥਰ ਭਾਈ ਗੁਰਦਿੱਤਾ ਜੀ ਨੇ 19 ਜੂਨ 1665 ਨੂੰ ਰੱਖਿਆ। ਗੁਰੂ ਜੀ ਨੇ ਇਸ ਕਸਬੇ ਦਾ ਨਾਮ ਆਪਣੀ ਮਾਤਾ ਜੀ ਦੇ ਨਾਮ ’ਤੇ ‘ਚੱਕ ਨਾਨਕੀ’ ਰੱਖਿਆ। ਗੁਰੂ ਜੀ ਤਿੰਨ ਕੁ ਮਹੀਨੇ ਠਹਿਰੇ। ਸੰਗਤਾਂ ਵੀ ਆਉਣ ਲੱਗ ਪਈਆਂ। ਗੁਰੂ ਜੀ ਨੇ ਆਪਣੇ ਸੇਵਕਾਂ ਨੂੰ ਇੱਥੇ ਵੱਸਣ ਲਈ ਪ੍ਰੇਰਿਆ। ਰਿਹਾਇਸ਼ ਬਨਾਉਣ ਲਈ ਸਹੂਲਤਾਂ ਵੀ ਦਿੱਤੀਆਂ। ਮਾਖੋਵਾਲ-‘ਚੱਕ ਨਾਨਕੀ’ ਦੀ ਧਰਤੀ ’ਤੇ ਸੇਵਾ ਸਿਮਰਨ ਸੰਗਤੀ ਵਾਤਾਵਰਨ ਬਣ ਗਿਆ। ਸਿੱਖ ਧ+ਮ ਦੇ ਵਿਰਸੇ ਦਾ ਵਿਸਥਾਰ ਹੋਣ ਲੱਗਿਆ। ਸਮਾਜਿਕ ਏਕਤਾ ਬਰਾਬਰਤਾ ਸਥਾਪਤ ਹੋਈ। ਮਾਖੋਵਾਲ-‘ਚੱਕ ਨਾਨਕੀ’ ਦੀ ਧਰਤੀ ਪਵਿੱਤਰ ਹੋ ਗਈ। ਗੁਰ ਉਪਦੇਸ਼ ਨਾਲ ਸੰਗਤਾਂ ਨੂੰ ਅਧਿਆਤਮਕ ਪ੍ਰੇਰਨਾ ਮਿਲਦੀ। ਲੋਕਾਂ ਵਿੱਚ ਅਮਨ ਚੈਨ ਆਇਆ।
ਸੰਨ 1666 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ। ਪਰਿਵਾਰ ਵਿੱਚ ਅਤਿਅੰਤ ਖੁਸ਼ੀ ਆਈ। ਬਾਲ ਗੁਰੂ ਗੋਬਿੰਦ ਸਿੰਘ 6 ਸਾਲ ਦੀ ਉਮਰ ਤੱਕ ਪਟਨਾ ਸਾਹਿਬ ਹੀ ਰਹੇ। ਸੰਨ 1666-72 ਤੱਕ ਗੁਰੂ ਤੇਗ ਬਹਾਦਰ ਜੀ ਪ੍ਰਚਾਰਕ ਦੌਰਿਆਂ ’ਤੇ ਰਹੇ ਜਿਵੇਂ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਬੰਗਾਲ ਆਦਿ। ਮੁਗਲਾਂ ਦੀ ਜ਼ੁਲਮੀ ਨੀਤੀ ਹੇਠ ਔਰੰਗਜ਼ੇਬ ਦੇ ਤਸ਼ੱਦਦ ਵਧਦੇ ਵੇਖ ਕੇ ਗੁਰੂ ਜੀ ਨੇ ਆਪਣਾ ਪਰਿਵਾਰ ਮਾਖੋਵਾਲ ‘ਚੱਕ ਨਾਨਕੀ’ ਲੈ ਆਂਦਾ। ਸੰਨ 1672 ਦੇ ਇਸ ਗੁਰੂ ਅਤੇ ਸਪੁੱਤਰ ਦੇ ਮਿਲਾਪ ਨਾਲ ਇਲਾਕੇ ਵਿੱਚ ਆਨੰਦ ਆ ਗਿਆ ਤੇ ਮਾਖੋਵਾਲ ‘ਚੱਕੀ ਨਾਨਕੀ’ ਦਾ ਨਾਮ ‘ਆਨੰਦਪੁਰ’ ਹੋ ਗਿਆ।
ਆਨੰਦਪੁਰ ਦੀ ਸਿਰਜਣਾ ਦਾ ਉਦੇਸ਼ ਸੀ ਕਿ ਗੁਰ ਸਿੱਖਾਂ ਨੂੰ ਕਦੇ ਨਾ ਮੁੱਕਣ ਵਾਲੀ ਪ੍ਰਸੰਨਤਾ ਅਤੇ ਆਤਮਿਕ ਬੱਲ ਮਿਲਦਾ ਰਹੇ। ਖ਼ਾਲਸਾ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੇ। ਇਸੇ ਆਤਮਕ ਬਲ ’ਤੇ ਬਾਲ ਗੋਬਿੰਦ ਨੇ 9 ਸਾਲ ਦੀ ਉਮਰ ਵਿੱਚ ਧਰਮ ਦੀ ਰੱਖਿਆ ਲਈ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਲਈ ਤੋਰਿਆ। ਗੁਰੂ ਤੇਗ ਬਹਾਦਰ ਜੀ ਨੇ 11 ਨਵੰਬਰ, 1675 ਵਿੱਚ ਧਰਮ ਦੀ ਰੱਖਿਆ ਲਈ ਸ਼ਹਾਦਤ ਪ੍ਰਾਪਤ ਕੀਤੀ। ਬਾਲ ਗੋਬਿੰਦ ਸਿੱਖਾਂ ਦੇ ਦਸਵੇਂ ਗੁਰੂ ਬਣੇ। ਗੁਰੂ ਜੀ ਨੇ ਸਿੱਖਾਂ ਨੂੰ ਬਲਵਾਨ ਬਣ ਕੇ ਜਿਉਣ ਦਾ ਵਰਦਾਨ ਦਿੱਤਾ। ਜਿਸ ਦੀ ਮਿਸਾਲ ਹੈ ਕਿ ਬਾਲ ਗੋਬਿੰਦ ਜੀ ਨੇ ਗੁਰ ਪਿਤਾ ਦਾ ਸੀਸ ਝੋਲੀ ਵਿੱਚ ਪੁਆ ਕੇ ਚੜ੍ਹਦੀ ਕਾਲਾ ਦੀ ਪ੍ਰਚੰਡ ਭਾਵਨਾ ਵਿਖਾਈ।
ਇਸ ਵਰਦਾਨ ਹੇਠ 1699 ਈ. ਵਿੱਚ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਪੰਜ ਗੁਰ ਸਿੱਖਾਂ ਨੇ ਗੁਰੂ ਨੂੰ ਆਪਣੇ ਸੀਸ ਭੇਂਟ ਕੀਤੇ। ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕੀਤੀ। ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ‘ਪਿਆਰਾ’ ਬਣਾ ਦਿੱਤਾ ਤੇ ਆਪ ਉਹਨਾਂ ਕੋਲੋਂ ਅੰਮ੍ਰਿਤ ਛੱਕ ਲਿਆ ਤੇ ਗੋਬਿੰਦ ਸਿੰਘ ਅਖਵਾਇਆ। ਖ਼ਾਲਸੇ ਨੂੰ ਸਵੈ ਰੱਖਿਆ ਸਵੈ ਮਾਣ ਦਾ ਬਲ ਮਿਲਿਆ। ਗੁਰੂ ਜੀ ਨੇ ਖ਼ਾਲਸੇ ਨੂੰ ਅੰਮ੍ਰਿਤ ਛਕਾ ਕੇ ਮੌਤ ਤੋਂ ਅਜਿੱਤ ਬਣਾ ਦਿੱਤਾ। ਖ਼ਾਲਸਾ ਅਕਾਲ ਪੁਰਖ ਦੀ ਫ਼ੌਜ ਬਣਿਆ। ਜਿਸ ਨਾਲ ਆਨੰਦਪੁਰ ਦੀ ਧਰਤੀ ਨੂੰ ਖ਼ਾਲਸਾ ਸਿਰਜਣ ਅਤੇ ਖ਼ਾਲਸੇ ਦੀ ਜਨਮ ਭੂਮੀ ਹੋਣ ਦਾ ਮਾਣ ਪ੍ਰਾਪਤ ਹੋਇਆ, ਜਿਸ ਨਾਲ ਆਨੰਦਪੁਰ ਸਾਹਿਬ ਦੀ ਮਾਨਤਾ ਵੱਧ ਗਈ।
ਜਦੋਂ ਪਹਾੜੀ ਰਾਜੇ ਔਰੰਗਜ਼ੇਬ ਦਾ ਸਾਥ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਦੁਸ਼ਮਣੀ ਦੀਆਂ ਚਾਲਾਂ ਚੱਲ ਰਹੇ ਸਨ। ਗੁਰੂ ਜੀ 1685-1689 ਤਕ ਪਾਉਂਟਾ ਸਾਹਿਬ ਦੀ ਧਰਤੀ ’ਤੇ ਕਾਵਿ ਗੋਸ਼ਟੀਆਂ ਕਰਵਾ ਰਹੇ ਸਨ। ਗੁਰੂ ਜੀ ਨੂੰ ਆਪ ਸ਼ਾਇਰੀ ਦਾ ਬੜਾ ਸ਼ੌਕ ਸੀ। ਆਪ ਜੀ ਦੇ ਅਨੂਪਮ ਇਲਾਹੀ ਦਰਬਾਰ ਵਿੱਚ 52 ਦਰਬਾਰੀ ਰਤਨ ਕਵੀ ਸਨ। ਗੁਰੂ ਜੀ ਕਵੀਆਂ ਦਾ ਸਨਮਾਨ ਕਰਦੇ ਸਨ। ਗੁਰੂ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਪਾਉਂਟਾ ਸਾਹਿਬ ਦੀ ਧਰਤੀ ’ਤੇ ਹੀ ਕੀਤੀ। ਭਾਵੇਂ ਪਹਾੜੀ ਰਾਜਿਆਂ ਦੇ ਹਮਲੇ ਵਿੱਚ ਭੰਗਾਣੀ ਅਤੇ ਨੰਦੋਣ ਦੀਆਂ ਜੰਗਾਂ ਵਿੱਚ ਨਿਡਰਤਾ ਨਾਲ ਜੂਝ ਪਏ। ਸੂੁਰਬੀਰਤਾ ਦਾ ਵਿਹਾਰ ਚੜ੍ਹਦੀਕਲਾ ਦੀ ਬ੍ਰਿਤੀ ਨਾਲ ਹਰ ਮੈਦਾਨ ਫ਼ਤਹਿ ਦਾ ਜਜ਼ਬਾ ਰੱਖਿਆ। ਗੁਰੂ ਜੀ ਨੇ ਆਪਣੇ ਅਜਿੱਤ ਜਜ਼ਬੇ ਵਿੱਚ ਆਨੰਦਪੁਰ ਦੀ ਕਿਲਾ ਉਸਾਰੀ ਇਸ ਢੰਗ ਨਾਲ ਕੀਤੀ ਕਿ ਵੱਡਾ ਮਾਰੂ ਹਮਲਾ ਵੀ ਨੁਕਸਾਨ ਨਾ ਕਰ ਸਕੇ। ਆਪ ਜੀ ਨੇ 5 ਕਿਲੇ ਬਣਵਾਏ-ਕਿਲਾ ਅਨੰਦਗੜ੍ਹ ਸਾਹਿਬ, ਕਿਲਾ ਹੋਲਗੜ੍ਹ, ਕਿਲਾ ਲੋਹਗੜ੍ਹ, ਕਿਲਾ ਫ਼ਤਹਿਗੜ੍ਹ ਸਾਹਿਬ, ਕਿਲਾ ਤਾਰਾਗੜ੍ਹ। ਇੱਥੋਂ ਹੀ ਆਨੰਦਪੁਰ ਸਾਹਿਬ ਦੀ ਧਰਤੀ ਖ਼ਾਲਸਾ ਕੌਮ ਦੀ ਆਤਮਕ ਤ੍ਰਿਪਤੀ ਨਿਡਰ ਤੇ ਅਜਿੱਤ ਸ਼ਕਤੀ ਦਾ ਸੰਗਠਨਾਤਮਕ ਪ੍ਰਤੀਕ ਹੈ। ਇਹ ਧਰਤੀ ਧਰਮ ਯੁੱਧ ਦੀ ਧਰਤੀ ਹੈ। ਜਿਥੋਂ ਦੁਸ਼ਟਾਂ ਦੋਖੀਆਂ ਨੂੰ ਪਛਾੜਨਾ ਸੀ। ਗੁਰੂ ਜੀ ਨੇ ਇਸੇ ਧਰਤੀ ਤੋਂ ਪਹਾੜੀ ਰਾਜਿਆਂ ਅਤੇ ਮੁਗਲਾਂ ਵਿਰੁੱਧ ਜੰਗ ਲੜੇ। ਸਾਰੇ ਜੰਗ ਮਨੁੱਖਤਾ ਦੀ ਆਜ਼ਾਦੀ ਲਈ ਸਨ। ਕੋਈ ਵੀ ਜੰਗ ਕਬਜ਼ਾ ਕਰਨ ਦੀ ਭਾਵਨਾ ਨਾਲ ਨਹੀਂ ਲੜੀ ਸਗੋਂ ਮਨੁੱਖਤਾ ਦੀ ਭਲਾਈ ਅਤੇ ਰੱਖਿਆ ਲਈ ਲੜੀ। ਅਜਿਹੀ ਜੋਸ਼ ਦੀ ਭਾਵਨਾ ਭਰੀ ਕਿ ਮੁੱਠੀ ਭਰ ਸਿੰਘਾਂ ਨੇ ਲੱਖਾਂ ਦੀਆਂ ਫ਼ੌਜਾਂ ਦਾ ਟਾਕਰਾ ਕੀਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਕੌਮ ਲਈ ਵਾਰ ਦਿੱਤਾ। ਅਨੇਕ ਸਿੰਘਾਂ ਦੀ ਸ਼ਹੀਦੀ ਨੇ ਕੌਮ ਵਿੱਚ ਜੂਝ ਕੇ ਲੜਨ ਦੀ ਭਾਵਨਾ ਭਰੀ। ਵਿਰਸੇ ਅਤੇ ਅਧਿਆਤਮਕ ਉਨਤੀ ਲਈ ਗੁਰਦੁਆਰਿਆਂ ਦੀ ਉਸਾਰੀ ਨੇ ਆਨੰਦਪੁਰ ਦੀ ਧਰਤੀ ਨੂੰ ਅਮਰ ਕਰ ਦਿੱਤਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸਗੰਜ ਆਨੰਦਪੁਰ ਸਾਹਿਬ, ਗੁਰਦੁਆਰਾ ਭੌਰਾ ਸਾਹਿਬ, ਗੁਰਦੁਆਰਾ ਥੜ੍ਹਾ ਸਾਹਿਬ, ਗੁਰਦੁਆਰਾ ਅਕਾਲ ਬੁੰਗਾ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਦੁਮਾਲਗੜ੍ਹ ਸਾਹਿਬ, ਗੁਰਦੁਆਰਾ ਸ਼ਹੀਦੀ ਬਾਗ, ਗੁਰਦੁਆਰਾ ਮਾਤਾ ਜੀਤ ਕੌਰ, ਗੁਰਦੁਆਰਾ ਗੁਰੂ ਕਾ ਮਹਿਲਾ ਆਦਿ।
ਹੋਲਾ ਮਹੱਲਾ ਅਨੰਦਪੁਰ ਦੀ ਧਰਤੀ ਦਾ ਸ਼ਾਨਮੱਤਾ ਗੌਰਵਮਈ ਵਿਲੱਖਣ ਵਿਰਸੇ ਸ਼ਕਤੀ ਅਤੇ ਅਣਖ ਦਾ ਪ੍ਰਤੀਕ ਹੈ। ਜੋ ਬੀਰ ਰਸੀ ਰਵਾਇਤਾਂ ਅਤੇ ਜੰਗੀ ਹੁਨਰ ਦੀ ਯਾਦ ਦਿਵਾਉਂਦਾ ਹੈ। ਖ਼ਾਲਸਾਈ ਜਾਹੋ ਜਹਾਲ ਦਾ ਪ੍ਰਤੀਕ ਹੈ। ਜਿਸ ਵਿੱਚ ਸ਼ਸਤਰਾਂ ਦਾ ਸਤਿਕਾਰ ਅਤੇ ਉਪਯੋਗ ਕਰਨ ’ਤੇ ਜੋਰ ਦਿੱਤਾ ਗਿਆ ਹੈ। ਜੋ ਸਿੱਖ ਗੁਰੂ ਸਾਹਿਬਾਨ ਦੇ ਸੰਕਲਪ ਧਰਮ ਵਿੱਚ ਸਮਾਜ ਨੂੰ ਸਾਰਥਿਕ ਅਤੇ ਉਸਾਰੂ ਸੇਧ ਦਿੰਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਜੰਗਾਂ ਦਾ ਇਤਿਹਾਸ ਦਰਸਾਉਂਦਾ ਅਜਾਇਬ ਘਰ ਹੈ ਜੋ ਇਸ ਨਗਰ ਦੀ ਗੌਰਵਮਈ ਵਿਰਾਸਤ ਦੁਨੀਆਂ ਵਿੱਚ ਇੱਕ ਅਜੂਬਾ ਹੈ।
ਅੰਤਿਕਾ: ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰਾਂ ਅਤੇ ਅਨੇਕ ਸ਼ਹੀਦਾਂ ਦੀ ਉਹ ਪਵਿੱਤਰ ਰਮਣੀਕ ਧਰਤੀ ਹੈ ਅਨੰਦਪੁਰ ਦੀ। ਜਿਥੇ ਧਰਮ ਦਾ ਲੋਕਰਾਜੀ ਪੱਖ ਉਜਾਗਰ ਹੋਇਆ। ਜਿੱਥੇ ਪੰਜ ਸਿੰਘਾਂ ਨੇ ਮੌਤ ਦੇ ਭੈਅ ਨੂੰ ਖਤਮ ਕਰਕੇ , ਗੁਰੂ ਜੀ ਨੂੰ ਆਪਣੇ ਸੀਸ ਭੇਂਟ ਕੀਤੇ। ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਨ ਖ਼ਾਲਸਾ ਸਾਜਿਆ। ਜੋ ਅਣਖ ਅਤੇ ਆਜ਼ਾਦੀ ਲਈ ਯੋਧਿਆਂ ਵਾਂਗ ਜੀਵਿਆ ਅਤੇ ਕੁਰਬਾਨ ਹੋਇਆ। ਮਨੁੱਖਤਾ ਦੀ ਭਲਾਈ ਲਈ ਜੂਝ ਕੇ ਸ਼ਹੀਦ ਹੋਣ ਤੱਕ ਦਾ ਨਿਸ਼ਾਨਾ ਬਣਿਆ। ਸੱਚ, ਸਿਮਰਨ, ਸੇਵਾ ਅਤੇ ਅਨੰਦ ਵਿੱਚ ਰਹਿੰਦਾ ਹੈ ਖ਼ਾਲਸਾ/ਸੰਤ ਸਿਪਾਹੀ ਬਣਿਆ। ਸੰਤ ਰਸ ਦੇ ਨਾਲ ਨਾਲ ਵੀਰ ਰਸ ਮਿਲਿਆ। ਅਨੰਦਪੁਰ ਸਾਹਿਬ ਜਿਥੇ ਅਧਿਆਤਮਕ ਰੁਚੀਆਂ ਦਾ ਸਿਖਰ ਹੈ, ਉਥੇ ਸਿੱਖ ਕੌਮ ਵਾਸਤੇ ਇੱਕ ਤਖ਼ਤ ਦਾ ਮਾਣ ਸਤਿਕਾਰ ਪ੍ਰਾਪਤ ਹੈ। ਕਿਸੇ ਵੀ ਤਖ਼ਤ ਦਾ ਹੁਕਮ ਸਮੁੱਚੇ ਪੰਥ ਨੂੰ ਪ੍ਰਮਾਣਿਤ ਹੈ। ਅਨੰਦਪੁਰ ਦੀ ਪਵਿੱਤਰ ਗੁਰ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਨੂੰ ਕੌਮ ਦਾ ਪ੍ਰਣਾਮ ਹੈ- ‘‘ਝੂਲਤੇ ਨਿਸ਼ਾਨ ਰਹੇਂ, ਗੁਰੂ ਮਹਾਰਾਜ ਕੇ॥’’

Loading