ਸਪੇਨ ਵਿੱਚ ਪੰਜਾਬੀਆਂ ਦੀ ਖੁੱਲ੍ਹੀ ਕਿਸਮਤ: 5 ਲੱਖ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਐਲਾਨ

In ਮੁੱਖ ਖ਼ਬਰਾਂ
February 16, 2026

ਯੂਰਪੀ ਦੇਸ਼ ਸਪੇਨ ਨੇ ਇੱਕ ਅਜਿਹਾ ਇਤਿਹਾਸਕ ਕਦਮ ਚੁੱਕਿਆ ਹੈ ਜਿਸ ਨੇ ਦੁਨੀਆ ਭਰ ਦੇ ਪ੍ਰਵਾਸੀਆਂ, ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜਦੋਂ ਇੱਕ ਪਾਸੇ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀਆਂ ਨੀਤੀਆਂ ਬਣਾ ਰਹੇ ਹਨ, ਉੱਥੇ ਹੀ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ 5 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ (ਰੇਜ਼ੀਡੈਂਸੀ) ਦੇਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇਸ ਯੋਜਨਾ ਦਾ ਸਭ ਤੋਂ ਵੱਡਾ ਲਾਭ ਉਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਹੋਣ ਜਾ ਰਿਹਾ ਹੈ ਜੋ ਪਿਛਲੇ ਕਈ ਸਾਲਾਂ ਤੋਂ ‘ਸਖਤ ਮਿਹਨਤ’ ਤੇ ਬਿਨਾਂ ਕਾਗਜ਼ਾਂ ਦੇ ਕੰਮ ਕਰਕੇ ਆਪਣੀ ਹੋਂਦ ਸਪੇਨ ਵਿੱਚ ਸਥਾਪਿਤ ਕਰ ਰਹੇ ਸਨ।
ਸਪੇਨ ਸਰਕਾਰ ਨੇ ਕਿਉਂ ਲਿਆ ਇਹ ਫੈਸਲਾ?
ਸਪੇਨ ਇਸ ਵੇਲੇ ਦੋ ਮੁੱਖ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਬੁੱਢੀ ਹੁੰਦੀ ਆਬਾਦੀ ਅਤੇ ਕਾਮਿਆਂ ਦੀ ਭਾਰੀ ਕਿੱਲਤ ਹੈ। ਪ੍ਰਧਾਨ ਮੰਤਰੀ ਸਾਂਚੇਜ਼ ਦਾ ਮੰਨਣਾ ਹੈ ਕਿ ਦੇਸ਼ ਦੀ ਆਰਥਿਕਤਾ ਨੂੰ ਗਤੀਸ਼ੀਲ ਰੱਖਣ ਲਈ ਹਰ ਸਾਲ ਲੱਖਾਂ ਨਵੇਂ ਕਾਮਿਆਂ ਦੀ ਲੋੜ ਹੈ। ਹੁਣ ਸਪੇਨ ਦੀ ਜੀ.ਡੀ.ਪੀ. ਵਿੱਚ 2.8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਆਰਥਿਕ ਮਾਹਿਰਾਂ ਅਨੁਸਾਰ, ਜੇਕਰ ਇਹ 5 ਲੱਖ ਪ੍ਰਵਾਸੀ ਸਿਸਟਮ ਦਾ ਹਿੱਸਾ ਬਣਦੇ ਹਨ, ਤਾਂ ਉਹ ਟੈਕਸ ਦੇਣਗੇ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਫਾਇਦਾ ਹੋਵੇਗਾ। ਸਪੇਨ ਵਿੱਚ ਬੇਰੁਜ਼ਗਾਰੀ ਦਰ 10 ਫੀਸਦੀ ਤੋਂ ਹੇਠਾਂ ਆ ਗਈ ਹੈ, ਜਿਸਦਾ ਮਤਲਬ ਹੈ ਕਿ ਸਥਾਨਕ ਲੋਕਾਂ ਕੋਲ ਕੰਮ ਹੈ, ਪਰ ਕਈ ਅਜਿਹੇ ਸੈਕਟਰ ਹਨ ਜਿੱਥੇ ਕੰਮ ਕਰਨ ਵਾਲੇ ਬੰਦੇ ਨਹੀਂ ਮਿਲ ਰਹੇ।
ਕਿਹੜੇ ਖੇਤਰਾਂ ਵਿੱਚ ਹੈ ਪੰਜਾਬੀਆਂ ਦੀ ਸਭ ਤੋਂ ਵੱਧ ਲੋੜ?
ਪੰਜਾਬੀ ਆਪਣੀ ਸਖ਼ਤ ਮਿਹਨਤ ਲਈ ਜਾਣੇ ਜਾਂਦੇ ਹਨ। ਸਪੇਨ ਵਿੱਚ ਹੇਠ ਲਿਖੇ ਖੇਤਰਾਂ ਵਿੱਚ ਪੰਜਾਬੀਆਂ ਦੀ ਮੰਗ ਸਭ ਤੋਂ ਜ਼ਿਆਦਾ ਹੈ:
ਕੰਸਟ੍ਰਕਸ਼ਨ (ਉਸਾਰੀ) ਸੈਕਟਰ: ਇਕੱਲੇ ਇਸ ਖੇਤਰ ਵਿੱਚ ਹੀ 7 ਲੱਖ ਤੋਂ ਵੱਧ ਕਾਮਿਆਂ ਦੀ ਲੋੜ ਹੈ। ਪੰਜਾਬੀ ਗੱਭਰੂ ਇਸ ਖੇਤਰ ਵਿੱਚ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਕੰਮ ਕਰ ਰਹੇ ਹਨ।
ਸਪੇਨ ਨੂੰ ਯੂਰਪ ਦਾ ‘ਬਗੀਚਾ’ ਕਿਹਾ ਜਾਂਦਾ ਹੈ। ਜੈਤੂਨ, ਅੰਗੂਰ ਅਤੇ ਸਬਜ਼ੀਆਂ ਦੀ ਖੇਤੀ ਵਿੱਚ ਪੰਜਾਬੀ ਮਾਹਿਰ ਮੰਨੇ ਜਾਂਦੇ ਹਨ।
ਸਪੇਨ ਵਿੱਚ ਭਾਰੀ ਵਾਹਨਾਂ ਦੇ ਡਰਾਈਵਰਾਂ ਦੀ ਵੱਡੀ ਘਾਟ ਹੈ। ਪੱਕੇ ਹੋਣ ਤੋਂ ਬਾਅਦ ਪੰਜਾਬੀ ਨੌਜਵਾਨ ਲਾਇਸੈਂਸ ਬਣਵਾ ਕੇ ਇਸ ਖੇਤਰ ਵਿੱਚ ਮੋਟੀ ਕਮਾਈ ਕਰ ਸਕਦੇ ਹਨ।
ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਮਦਦਗਾਰ ਹੱਥਾਂ ਦੀ ਲੋੜ ਹੈ।
ਪੰਜਾਬੀਆਂ ਦੀ ਸਪੇਨ ਵਿੱਚ ਸਥਿਤੀ: ਇੱਕ ਵਿਸ਼ਲੇਸ਼ਣ
ਸਪੇਨ ਵਿੱਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਨ੍ਹਾਂ ਵਿੱਚੋਂ ਬਹੁਗਿਣਤੀ ਪੰਜਾਬੀਆਂ ਦੀ ਹੈ। ਅੰਦਾਜ਼ਨ ਸਪੇਨ ਵਿੱਚ 1 ਲੱਖ ਤੋਂ ਵੱਧ ਪੰਜਾਬੀ ਰਹਿ ਰਹੇ ਹਨ, ਜੋ ਮੁੱਖ ਤੌਰ ’ਤੇ ਬਾਰਸੀਲੋਨਾ, ਵੈਲੈਂਸੀਆ, ਮੈਡਰਿਡ ਅਤੇ ਮੈਲੋਰਕਾ ਵਰਗੇ ਸ਼ਹਿਰਾਂ ਵਿੱਚ ਵਸੇ ਹੋਏ ਹਨ।
?ਪੰਜਾਬੀ ਭਾਈਚਾਰਾ ਸਪੇਨ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਬਣ ਰਿਹਾ ਹੈ। ਸ਼ੁਰੂਆਤੀ ਦੌਰ ਵਿੱਚ ਨੌਜਵਾਨ ਖੇਤਾਂ ਜਾਂ ਦਿਹਾੜੀ ’ਤੇ ਕੰਮ ਕਰਦੇ ਹਨ, ਪਰ ਸਮਾਂ ਬੀਤਣ ਨਾਲ ਉਹ ਆਪਣੇ ਕਾਰੋਬਾਰ ਜਿਵੇਂ ਕਿ ਕਰਿਆਨਾ ਸਟੋਰ, ਰੈਸਟੋਰੈਂਟ ਅਤੇ ਮੋਬਾਈਲ ਰਿਪੇਅਰ ਦੀਆਂ ਦੁਕਾਨਾਂ ਖੋਲ੍ਹ ਲੈਂਦੇ ਹਨ। ਬਾਰਸੀਲੋਨਾ ਦੇ ਕਈ ਇਲਾਕੇ ਤਾਂ ਅਜਿਹੇ ਹਨ ਜਿੱਥੇ ਤੁਹਾਨੂੰ ਲੱਗੇਗਾ ਕਿ ਤੁਸੀਂ ਪੰਜਾਬ ਦੇ ਕਿਸੇ ਬਾਜ਼ਾਰ ਵਿੱਚ ਹੋ।
ਪੰਜਾਬੀ ਸਪੇਨੀ ਸਮਾਜ ਵਿੱਚ ਚੰਗੀ ਤਰ੍ਹਾਂ ਘੁਲ-ਮਿਲ ਗਏ ਹਨ। ਸਪੇਨ ਦੇ ਲੋਕ ਮਿਲਣਸਾਰ ਹਨ, ਜਿਸ ਕਾਰਨ ਪੰਜਾਬੀਆਂ ਨੂੰ ਉੱਥੇ ਨਸਲਵਾਦ ਦਾ ਸਾਹਮਣਾ ਘੱਟ ਕਰਨਾ ਪੈਂਦਾ ਹੈ। ਗੁਰਦੁਆਰਾ ਸਾਹਿਬਾਨ ਦੀ ਵੱਡੀ ਗਿਣਤੀ ਅਤੇ ਉੱਥੇ ਲੱਗਣ ਵਾਲੇ ਲੰਗਰਾਂ ਨੇ ਸਥਾਨਕ ਲੋਕਾਂ ਦੇ ਦਿਲਾਂ ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਲਈ ਇੱਕ ਸਤਿਕਾਰਤ ਥਾਂ ਬਣਾਈ ਹੈ।
?ਹਾਲਾਂਕਿ ਹਾਲੇ ਵੀ ਪੰਜਾਬੀਆਂ ਦੀ ਸਿੱਧੀ ਰਾਜਨੀਤਕ ਸ਼ਮੂਲੀਅਤ ਘੱਟ ਹੈ, ਪਰ ਵੋਟ ਬੈਂਕ ਵਜੋਂ ਉਨ੍ਹਾਂ ਦੀ ਅਹਿਮੀਅਤ ਵਧ ਰਹੀ ਹੈ। ਪੱਕੇ ਹੋਣ ਵਾਲੇ 5 ਲੱਖ ਲੋਕਾਂ ਵਿੱਚੋਂ 15,000 ਪੰਜਾਬੀ ਜਦੋਂ ਵੋਟ ਪਾਉਣ ਦੇ ਯੋਗ ਹੋਣਗੇ, ਤਾਂ ਸਥਾਨਕ ਸਰਕਾਰਾਂ ਵਿੱਚ ਉਨ੍ਹਾਂ ਦੀ ਆਵਾਜ਼ ਹੋਰ ਬੁਲੰਦ ਹੋਵੇਗੀ।
ਪੱਕਾ ਹੋਣ ਲਈ ਜ਼ਰੂਰੀ ਸ਼ਰਤਾਂ
ਸਪੇਨ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਰੱਖਣ ਲਈ ਕੁਝ ਸਖ਼ਤ ਪਰ ਵਾਜਬ ਸ਼ਰਤਾਂ ਰੱਖੀਆਂ ਹਨ:
ਰਿਹਾਇਸ਼ ਦਾ ਸਬੂਤ: ਬਿਨੈਕਾਰ 31 ਦਸੰਬਰ 2025 ਤੋਂ ਪਹਿਲਾਂ ਲਗਾਤਾਰ ਪੰਜ ਮਹੀਨੇ ਸਪੇਨ ਵਿੱਚ ਰਿਹਾ ਹੋਵੇ।
ਸਾਫ਼ ਰਿਕਾਰਡ: ਕਿਸੇ ਵੀ ਤਰ੍ਹਾਂ ਦਾ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ।
ਅਰਜ਼ੀਆਂ ਦੀ ਪ੍ਰਕਿਰਿਆ ਅਪ੍ਰੈਲ 2026 ਵਿੱਚ ਸ਼ੁਰੂ ਹੋਵੇਗੀ ਅਤੇ 30 ਜੂਨ 2026 ਤੱਕ ਚੱਲੇਗੀ।
ਪੰਜਾਬੀਆਂ ਦਾ ਵਿਰੋਧ ਕੌਣ ਕਰ ਰਿਹਾ?
ਜਿੱਥੇ ਪੰਜਾਬੀਆਂ ਵਿੱਚ ਖੁਸ਼ੀ ਹੈ, ਉੱਥੇ ਹੀ ਸਪੇਨ ਦੀ ਵਿਰੋਧੀ ਧਿਰ ਇਸ ਫੈਸਲੇ ਦੀ ਆਲੋਚਨਾ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪੱਕਾ ਕਰਨ ਨਾਲ ਸਿਹਤ ਸੇਵਾਵਾਂ ਅਤੇ ਸਕੂਲਾਂ ’ਤੇ ਬੋਝ ਵਧੇਗਾ। ਦੂਜੇ ਪਾਸੇ, ਇੰਮੀਗ੍ਰੇਸ਼ਨ ਵਕੀਲਾਂ ਨੇ ਚਿਤਾਵਨੀ ਦਿੱਤੀ ਹੈ ਕਿ ਫਾਈਲਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪੇਪਰ ਮਿਲਣ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ।
ਸਪੇਨ ਦਾ ਇਹ ਫੈਸਲਾ ਪੰਜਾਬੀ ਮਾਵਾਂ ਦੇ ਉਨ੍ਹਾਂ ਪੁੱਤਾਂ ਲਈ ਇੱਕ ਨਵੀਂ ਜ਼ਿੰਦਗੀ ਵਾਂਗ ਹੈ ਜੋ ਸਾਲਾਂ ਤੋਂ ‘ਲੁਕ-ਛਿਪ’ ਕੇ ਰਹਿ ਰਹੇ ਸਨ। ਹੁਣ ਉਹ ਨਾ ਸਿਰਫ਼ ਖੁੱਲ੍ਹ ਕੇ ਕੰਮ ਕਰ ਸਕਣਗੇ, ਸਗੋਂ ਆਪਣੇ ਪਰਿਵਾਰਾਂ ਨੂੰ ਵੀ ਯੂਰਪ ਸੱਦਣ ਦੇ ਯੋਗ ਹੋਣਗੇ। ਬਾਰਸੀਲੋਨਾ ਦੇ ਕੌਂਸਲੇਟ ਬਾਹਰ ਲੱਗੀਆਂ ਲੰਬੀਆਂ ਕਤਾਰਾਂ ਇਸ ਗੱਲ ਦਾ ਸਬੂਤ ਹਨ ਕਿ ਪੰਜਾਬੀ ਹੁਣ ਸਪੇਨ ਦੀ ਧਰਤੀ ’ਤੇ ਆਪਣੀਆਂ ਜੜ੍ਹਾਂ ਹੋਰ ਮਜ਼ਬੂਤ ਕਰਨ ਲਈ ਤਿਆਰ ਹਨ।

Loading