ਕੁਲਦੀਪ ਸਿੰਘ ਧਨੌਲਾ
ਸਿੱਖ ਧਰਮ ਦੇ ਵਿਦਵਾਨ, ਖ਼ੋਜੀ ਨੀਤੀਵਾਨ ਅਤੇ ਪੱਤਰਕਾਰ ਗਿਆਨੀ ਗੁਰਦਿੱਤ ਸਿੰਘ ਨੇ 24 ਫਰਵਰੀ, 1923 ਨੂੰ ਪਿੰਡ ਮਿੱਠੇਵਾਲ (ਰਿਆਸਤ ਮਾਲੇਰਕੋਟਲਾ) ਵਿਖੇ ਜਨਮ ਲਿਆ ਸੀ। ਉਨ੍ਹਾਂ ਦਾ ਬਚਪਨ ਆਧੁਨਿਕ ਸਾਧਨਾਂ
ਦੀ ਪਹੁੰਚ ਤੋਂ ਬਹੁਤ ਦੂਰ ਪੰਜਾਬ ਦੇ ਨਰੋਈ ਜਾਨ ਵਾਲੇ ਲੋਕਾਂ ਦੀਆਂ ਜੀਵਨ ਝਲਕੀਆਂ ਵੇਖਦਿਆਂ ਬਤੀਤ ਹੋਇਆ।
ਪਿੰਡਾਂ ਦੀ ਸ਼ਹਿਦ ਵਰਗੇ ਗੀਤਾਂ ਨਾਲ ਨਸ਼ਿਆਈ, ਠੁੱਕਦਾਰ ਬੋਲੀ ਦੀ ਗੁੜ੍ਹਤੀ ਉਨ੍ਹਾਂ ਨੂੰ ਪਿੰਡ ਦੇ ਵੱਡੇ-ਵਡੇਰਿਆਂ ਤੋਂ ਮਿਲੀ। ਉਨ੍ਹਾਂ ਦੇ ਸਿਆਸੀ ਜੀਵਨ ਦੀਆਂ ਪ੍ਰਾਪਤੀਆਂ ਪਦਵੀਆਂ ਨਹੀਂ, ਬਲਕਿ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਸੇਵਾ
ਨਾਲ ਸਬੰਧਿਤ ਹਨ। ਗੁਰੂ ਕਾਂਸ਼ੀ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਸਿੱਖਾਂ ਦੇ 5ਵੇਂ ਤਖ਼ਤ ਮੰਨੇ ਜਾਣਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਹੋਣ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਰੋਲ ਸੀ। ਉਨ੍ਹਾਂ ਦੀਆਂ ਪ੍ਰਾਪਤੀਆਂ
ਦਾ ਰਾਜ਼ ਇੱਕ ਖ਼ੋਜੀ ਹੋਣਾ ਹੈ। ਇਹ ਉਨ੍ਹਾਂ ਦੀ ਪੱਤਰਕਾਰਤਾ ਅਤੇ ਸਭਿਆਚਾਰ, ਧਰਮ ਨਾਲ ਸਬੰਧਿਤ ਲੇਖਣੀ ਵਿੱਚ ਪ੍ਰਤੱਖ ਹੈ।
ਉਹ ਪੰਜਾਬ ਵਿਧਾਨ ਪ੍ਰੀਸ਼ਦ ਦੇ 1956 ਤੋਂ 1962 ਤੱਕ ਮੈਂਬਰ ਰਹੇ। ਉਨ੍ਹਾਂ ਸ਼ਾਹਕਾਰ ‘ਮੇਰਾ ਪਿੰਡ’ ਕਿਤਾਬ ਤੋਂ ਬਿਨਾਂ ਚਾਰ ਅੰਕਾਂ ਵਿੱਚ ਪੰਜਾਬ ਦੀਆਂ ਲੋਕ ਕਹਾਣੀਆਂ ਲਿਖੀਆਂ।
ਉਨ੍ਹਾਂ ਰੋਜ਼ਾਨਾ ਪ੍ਰਕਾਸ਼ (1947-1961), ਸਪਤਾਹਿਕ ਪ੍ਰਕਾਸ਼; (1962-1978) ਅਤੇ ਮਾਸਿਕ ਜੀਵਨ ਸੰਦੇਸ਼ ਦੀ ਸੰਪਾਦਨਾ ਕੀਤੀ। ਇਨ੍ਹਾਂ ਪੱਤਰਾਂ ਦੇ ਮਾਲਕ ਅਤੇ ਪ੍ਰਕਾਸ਼ਕ ਵੀ ਉਹ ਆਪ ਹੀ ਸਨ। ਸਿੰਘ ਸਭਾ ਲਹਿਰ ਦੀ ਸ਼ਤਾਬਦੀ ਮਨਾਉਣ ਲਈ ਕੇਂਦਰੀ ਸਿੰਘ ਸਭਾ ਬਣਾਈ ਗਈ ਤਾਂ ਗਿਆਨੀ ਜੀ ਨੂੰ ਇਸ ਦਾ ਪਹਿਲਾ ਜਨਰਲ ਸਕੱਤਰ ਅਤੇ ਫਿਰ ਪ੍ਰਧਾਨ ਬਣਾਇਆ ਗਿਆ। ਗਿਆਨੀ ਜੀ ਨੇ ਕੇਂਦਰੀ ਸਿੰਘ ਸਭਾ ਵੱਲੋਂ ਪ੍ਰਕਾਸ਼ਿਤ ‘ਸਿੰਘ ਸਭਾ ਪੱਤ੍ਰਿਕਾ’ ਦੀ 15 ਸਾਲ ਸੰਪਾਦਨਾ ਕੀਤੀ। ਉਨ੍ਹਾਂ ਨੇ ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ (ਭਗਤ ਬਾਣੀ) ਅਤੇ ਮੁੰਦਾਵਣੀ ਵਰਗੀਆਂ ਖੋਜ ਭਰੀਆਂ ਪੁਸਤਕਾਂ ਵੀ ਲਿਖੀਆਂ।
ਗਿਆਨੀ ਗੁਰਦਿੱਤ ਸਿੰਘ ਜੀ ਦੇ ਜੀਵਨ ਬਾਰੇ ਤਾਂ ਕਾਫ਼ੀ ਜਾਣਕਾਰੀ ਹੈ। ਆਓ ਆਪਾਂ ਪੜ੍ਹੀਏ ਕਿ ਗਿਆਨੀ ਜੀ ਦੇ ਉੱਘੇ ਸਮਕਾਲੀਆਂ ਨੇ ਉਨ੍ਹਾਂ ਬਾਰੇ ਕੀ ਲਿਖਿਆ:-
ਪੰਜਾਬ ਦੇ ਚਰਚਿਤ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਲਿਖਿਆ ਸੀ, ਦੋ ਵਰ੍ਹੇ ਹੋਣ ਲੱਗੇ ਹਨ ਮੈਂ ਗਿਆਨੀ ਗੁਰਦਿੱਤ ਸਿੰਘ ਨਾਲ ਉਸ ਦੇ ਪਿੰਡ ਗਿਆ ਸੀ। ਰਸਤੇ ਵਿੱਚ ਇਸ ਕਿਤਾਬ ਦੇ ਅਧ-ਛਪੇ ਜਿਹੇ ਖਰੜੇ ਦੇ ਤਿੰਨ-ਚਾਰ ਲੇਖ
ਆਪ ਪੜ੍ਹੇ ਤੇ ਕੁਝ ਗੁਰਦਿੱਤ ਸਿੰਘ ਪਾਸੋਂ ਸੁਣੇ। ਪੜ੍ਹ, ਸੁਣ ਕੇ ਜੋ ਸੁਆਦ ਆਇਆ, ਉਹ ਮੇਰੇ ਮਨ ਵਿੱਚ ਡੂੰਘਾ ਬੈਠ ਗਿਆ। ਮੈਨੂੰ ਯਾਦ ਹੈ ਉਸ ਦਿਨ ਗਿਆਨੀ ਗੁਰਦਿੱਤ ਸਿੰਘ ਨੇ ਪਬਲਿਕ ਇਕੱਠ ਵਿੱਚ ਆਪਣੀ ਸਪੀਚ ਵੀ ਇਸੇ ਰੰਗ ਵਿੱਚ ਕੀਤੀ ਸੀ। ਮੈਂ ਫ਼ੈਸਲਾ ਕੀਤਾ ਕਿ ਇਸ ਗੁਣਵਾਨ ਆਦਮੀ ਦੀ ਇਹ ਕਲਾ ਐਵੇਂ ਹੀ ਨਹੀਂ ਜਾਣ ਦੇਣੀ। ਉਸ ਪਿੱਛੋਂ ਜਦੋਂ ਵੀ ਗੁਰਦਿੱਤ ਸਿੰਘ ਨਾਲ ਮੇਰਾ ਮੇਲ ਹੁੰਦਾ ਰਿਹਾ ਤਾਂ ਮੈਨੂੰ ਇਸ ਦੀ ਕਲਾ ਨੂੰ ਪ੍ਰੇਰਨ ਤੇ ਟੁੰਬਣ ਵਾਲੀ ਗੱਲ ਝੱਟ ਯਾਦ ਆਉਂਦੀ ਰਹੀ ਤੇ ਮੈਂ ਮੁੜ-ਮੁੜ ਇਸ ਲੇਖਕ ਉੱਪਰ ਜ਼ੋਰ ਪਾਉਂਦਾ ਰਿਹਾ ਕਿ ਇਸ ਅੰਦਰ ਜੋ ਇਸ ਵੇਲੇ ਇਹ ਰਸੀਲੀ ਰੌਂਅ ਆਈ ਹੋਈ ਹੈ, ਹੋਰ ਕੰਮਾਂ ਤੋਂ ਪਹਿਲਾਂ ਇਸ ਨੂੰ ਸੰਭਾਲੇ ਤੇ ਆਪਣੀ ਕਿਤਾਬ ਨੂੰ ਇਸੇ ਰਸ ਵਿੱਚ ਪੂਰੀ ਕਰ ਕੇ ਮੈਨੂੰ ਛੇਤੀ ਹੀ ਦਿਖਾਵੇ। ਮੇਰੀ ਦਿੱਤੀ ਹੱਲਾਸ਼ੇਰੀ ਦਾ ਨਤੀਜਾ ‘ਮੇਰਾ ਪਿੰਡ’ ਕਿਤਾਬ, ਨੀਝਾਂ ਨਾਲ ਲਿਖੀ ਤੇ ਰੀਝਾਂ ਨਾਲ ਛਾਪੀ, ਹੁਣ ਮੇਰੇ ਹੱਥਾਂ ਵਿੱਚ ਹੈ।
ਡਾ. ਮਹਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ: ਮੇਰਾ ਪਿੰਡ ਦੀ ਬੋਲੀ ਕਿਸੇ ਸ਼ਕਤੀਵਰ ਤੇ ਆਪਣੇ ਜ਼ੋਰ ਨਾਲ ਵਧ-ਫੁੱਲ ਰਹੀ ਬੋਲੀ ਦੀ ਪ੍ਰਤੀਨਿਧ ਹੈ। ਕੁਦਰਤੀ ਸ਼ੈਲੀ ਨਿਭਾਉਂਦਿਆਂ ਪੰਜਾਬ ਦੇ ਅਸਲੀ ਪੇਂਡੂ ਜੀਵਨ ਵਿੱਚ ਆਪਣਾ ਆਪ ਸਮੋ ਕੇ ਉਸ ਨੂੰ ਇਸ ਤਰ੍ਹਾਂ ਸਾਹਮਣੇ ਲਿਆਂਦਾ ਹੈ, ਜਿਵੇਂ ਕੋਈ ਡਬੋਲੀਆ ਖੂਹ ਵਿਚੋਂ ਕਈ ਚੀਜ਼ਾਂ ਕੱਢ ਲਿਆਉਂਦਾ ਹੈ, ਆਪ ਪ੍ਰਗਟ ਨਹੀਂ ਹੁੰਦਾ। ਗਿਆਨੀ ਜੀ ਨੇ ਨਾ ਸਿਰਫ਼ ਕਲਾਮਈ ਢੰਗ ਨਾਲ ਪਿੰਡਾਂ ਦੀ ਬਾਹਰਲੀ ਸੂਰਤ ਦਾ ਨਕਸ਼ਾ ਹੀ ਨਹੀਂ ਖਿੱਚਿਆ ਬਲਕਿ ਪੇਂਡੂ ਲੋਕਾਂ ਦੇ ਦਿਮਾਗਾਂ, ਰੂਹਾਂ ਤੇ ਜਜ਼ਬਿਆਂ ਦੀ ਝਾਤੀ ਵੀ ਵਿਖਾਈ ਹੈ। ਪੇਂਡੂਆਂ ਦੇ ਇਸ਼ਟ ਗੁਰੂ ਪੀਰ, ਦੇਵਤੇ ਤੇ ਸਾਧ ਸੰਤ ਕਈ ਤਰ੍ਹਾਂ ਦੇ ਰੂਪਾਂ ਵਿੱਚ ਸਾਡੇ ਸਾਹਮਣੇ ਆਉਂਦੇ ਹਨ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਇਸ ਰਚਨਾ ਨੂੰ ਵਡਿਆਉਂਦਿਆਂ ਕਿਹਾ ਸੀ, ੱੱਪੰਜਾਬ ਦੀ ਰੂਹ ਦੇ ਦਰਸ਼ਨ ਮੈਨੂੰ ਗਿਆਨੀ ਜੀ ਨੇ ਘਰ ਬੈਠਿਆਂ ਹੀ ਕਰਾ ਦਿੱਤੇ ਹਨ। ਕਹਾਣੀ ਭਾਵੇਂ ਉਨ੍ਹਾਂ ਆਪਣੇ ਪਿੰਡ ਦੀ ਲਿਖੀ ਹੈ, ਪਰ ਚਿੱਤਰ ਮੇਰੇ ਪ੍ਰਿਯ
ਪੰਜਾਬ ਦਾ ਖਿੱਚ ਧਰਿਆ ਹੈ। ਨਾਵਲਕਾਰ ਨਾਨਕ ਸਿੰਘ ਨੇ ਲਿਖਿਆ ਕਿ ਭਾਵੇਂ ਛੋਟੀ ਉਮਰੇ ਹੀ ਪ੍ਰਸਥਿਤੀਆਂ ਨੇ ਮੈਨੂੰ ਆਪਣੇ ਪਿੰਡਾਂ ’ਚੋਂ ਘਸੀਟ ਕੇ ਸ਼ਹਿਰੀ
ਵਾਤਾਵਰਣ ਵਿੱਚ ਲਿਆ ਸੁੱਟਿਆ, ਪਰ ਉਨ੍ਹਾਂ ਗਲੀਆਂ ਵਿੱਚ ਮਾਣੀ ਹੋਈ ਬਾਲ ਬਰੇਸ ਦੇ ਸੁਪਨੇ ਹਾਲੀਂ ਤਕ ਵੀ ਕਈ ਵੇਰਾਂ ਰਾਤੀਂ ਸੁੱਤਿਆਂ ਆਉਂਦੇ ਨੇ। …ਗਿਆਨੀ ਜੀ ਨੇ ਜਿੰਨੀ ਡੂੰਘਾਈ ਨਾਲ ਪੰਜਾਬ ਦੇ ਪੇਂਡੂ ਜ਼ਿੰਦਗੀ ਨੂੰ ਖ਼ੁਦ ਤੱਕਿਆ ਹੈ, ਓਨੀ ਹੀ ਡੂੰਘਾਈ ਤੇ ਵਿਸਥਾਰ ਨਾਲ ਉਨ੍ਹਾਂ ਨੇ ਆਪਣੇ ਪਾਠਕਾਂ ਨੂੰ ਦਿਖਾਉਣ ਦਾ ਸਫ਼ਲ ਯਤਨ ਕੀਤਾ ਹੈ।
ਹਰਿਭਜਨ ਸਿੰਘ (ਐਮ.ਏ., ਪੀਐਚ. ਡੀ.) ਨੇ ਲਿਖਿਆ ਹੈ ਕਿ ਗਿਆਨੀ ਜੀ ਦੀ ਸਮਰੱਥ ਕਲਪਨਾ ਦੇ ਸੰਜੋਗ ਨਾਲ ਕੱਚਿਆਂ ਕੋਠਿਆਂ ਦਾ ਪਿੰਡ ਮਿੱਟੀ ਗਾਰੇ ਦਾ ਨਹੀਂ, ਨਿਰੀ ਮਹਿਕ ਦਾ ਬਣਿਆ ਪ੍ਰਤੀਤ ਹੁੰਦਾ ਹੈ। ਤੁਸੀਂ ਮਿੱਠੇਵਾਲ ਜਾਓ, ਤੁਹਾਨੂੰ ਉਹ ਸਭ ਕੁਝ ਮਿਲੇਗਾ, ਜਿਸ ਦਾ ਜ਼ਿਕਰ ਇਸ ਪੁਸਤਕ ਵਿੱਚ ਹੈ, ਪਰ ਇਸ ਪੁਸਤਕ ਦੀ ਮਹਿਕ, ਉਸ ਦੀ ਮਿੱਠੀ ਨਿਝੱਕ ਮਾਨਵਤਾ, ਉਸ ਦੀ ਕਰੁਣ, ਕੋਮਲ ਕਲਾਕਾਰੀ ਉਸ ਪਿੰਡ ਵਿੱਚ ਨਹੀਂ ਮਿਲੇਗੀ। ਮਿੱਠੇਵਾਲ ਦਾ ਸਹਾਰਾ ਲੈ ਕੇ ਲੇਖਕ ਨੇ ਆਪਣੀ ਹੀ ਮਲੂਕ ਸ਼ਖ਼ਸੀਅਤ ਦਾ ਪ੍ਰਗਟਾਓ ਕੀਤਾ ਹੈ।
ਸ਼ਾਮ ਸਿੰਘ (ਅੰਗ ਸੰਗ) ਵੱਲੋਂ ਕੀਤੀ ਮੁਲਾਕਾਤ ਵਿੱਚ ਗਿਆਨੀ ਜੀ ਨੇ ਦੱਸਿਆ ਸੀ, ਉੱਘੇ ਵਿਦਵਾਨ ਜੈ ਚੰਦ ਵਿਦਿਆਲੰਕਾਰ ਨੇ ਕਿਹਾ ਸੀ ਕਿ ‘ਮੇਰਾ ਪਿੰਡ’ ਪੁਸਤਕ ਪੰਜਾਬ ਦਾ ਇਤਿਹਾਸ ਹੈ। ਜਿਉਂ-ਜਿਉਂ ਸਮਾਂ ਬੀਤਦਾ ਜਾਏਗਾ ਪੁਸਤਕ ਦੀ ਕੀਮਤ ਵਧਦੀ ਜਾਏਗੀ। ਵਿਦਵਾਨਾਂ ਨੇ ਕੁਝ ਚਿਰ ਪਹਿਲਾਂ ਅਹਿਸਾਸ ਕਰਵਾ ਦਿੱਤਾ ਸੀ ਕਿ ਪੁਸਤਕ ਦੀ ਸਮੱਗਰੀ ਚਿਰੰਜੀਵੀ ਹੈ। ਮੇਰਾ ਸ਼ਹਿਰ ਬਾਰੇ ਲਿਖਣ ਉੱਤੇ ਉਨ੍ਹਾਂ ਜਵਾਬ ਵਿੱਚ ਕਿਹਾ ਸੀ ਕਿ ਪਹਿਲਾਂ ਪਟਿਆਲਾ ਵਿੱਚ ਰਹਿ ਕੇ ਪ੍ਰਕਾਸ਼ ਨਾਂਅ ਦਾ ਰੋਜ਼ਾਨਾ ਅਖ਼ਬਾਰ ਕੱਢਿਆ। ਫੇਰ ਇਸੇ ਨਾਂ ’ਤੇ ਚੰਡੀਗੜ੍ਹ ਤੋਂ। ਪਰ ਕਦੇ ਸ਼ਹਿਰਾਂ ਨੇ ਮੈਨੂੰ ਮੋਹਿਆ ਨਹੀਂ। ਇਨ੍ਹਾਂ ਦਾ ਕੋਈ ਸਭਿਆਚਾਰ ਨਹੀਂ ਬਣਿਆ। ਇਥੋਂ ਦੇ ਸ਼ਹਿਰ ਤਾਂ ਵਲੈਤ ਦੀ ਪੂਛ ਲਗਦੇ ਨੇ। ਮੇਰਾ ਸ਼ਹਿਰ ਲਿਖਣ ਬਾਰੇ ਕਦੀ ਨਹੀਂ ਸੋਚਿਆ। ਫੇਰ ਵੀ ਜੇ ਕਿਤੇ ਮਨ ਬਣਿਆ ਤਾਂ ਮੈਂ ਸ਼ਹਿਰ ਦੇ ਜੀਵਨ ਬਾਰੇ ਲਿਖ ਸਕਦਾ ਹਾਂ। ਪ੍ਰੋ. ਪ੍ਰੀਤਮ ਸਿੰਘ ‘ਸੱਚ ਪੁਰਾਣਾ ਨਾ ਥੀਏ’ ਲੇਖ ਵਿੱਚ ਲਿਖਦੇ ਹਨ ਕਿ ਕਪਾਹ ਚੁਗਦੀਆਂ ਮੁਟਿਆਰਾਂ ਵਾਂਗ ਗਿਆਨੀ ਜੀ ਨੇ ਪਿੰਡ ਦੇ ਸਾਰੇ ਖੇੜੇ ਇੱਕੋ ਥਾਂ ਇਕੱਤਰ ਕਰ ਦਿੱਤੇ ਹਨ। ਕਥਨੀ ਜਾਂ ਕਰਨੀ ਦਾ ਕੋਈ ਵੀ ਗੁੱਝਾ ਜਾਂ ਪ੍ਰਗਟ ਲੱਛਣ, ਜਿਸ ਵਿੱਚ ਰੱਤੀ ਭਰ ਵੀ ਮੜ੍ਹਾਸ ਮੌਜੂਦ ਸੀ, ਉਸ ਦੀ ਸੂਖਮ ਸੂਝ ਤੋਂ ਬਚ ਨਹੀਂ ਸਕਿਆ। ਖੁੱਲ੍ਹੇ ਖ਼ੁਲਾਸੇ, ਨਿਸ਼ੰਗ, ਨਿਝੱਕ, ਅਠਲ੍ਹ ਲੋਕ ਦਰਸਾਉਣ ਲਈ ਜਿਹੋ ਜਿਹੀ ਛਣਕਦੀ, ਚੁਲਬੁਲੀ, ਬੁੜ੍ਹਕਦੀ ਸ਼ੈਲੀ ਦੀ ਲੋੜ ਸੀ, ਓਹੋ ਜਿਹੀ ਹੀ ਇਸ ਵਿੱਚ ਵਰਤੀ ਗਈ ਹੈ। ਜਿੱਥੇ ਸਾਧਾਂ, ਸੰਤਾਂ ਦੀ ਸ਼ਰਧਾ ਵਾਲੇ ਲੇਖ ਦਾ ਸ਼ੀਰਸ਼ਕ ਹੀ ‘ਕੀਹਦੇ ਕਹੀਦੇ ਪੈਰੀਂ ਹੱਥ ਲਾਈਏ ਸੰਤਾਂ ਦੇ ਵੱਗ ਫਿਰਦੇ’ ਹੋਵੇ ਉਸ ਦੇ ਚਟਖਾਰਿਆਂ ਦਾ ਅਨੁਮਾਨ ਸਹਿਜੇ ਹੀ ਲਗ ਸਕਦਾ ਹੈ। ਇਹ ਟੋਟਕੇ ‘ਮੇਰਾ ਪਿੰਡ’ ਤੋਂ ਬਿਨਾਂ ਹੋਰ ਕਿੱਥੋਂ ਲੱਭਣਗੇ?
![]()
