
ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਅਜੀਬੋ-ਗਰੀਬ ਪੋਸਟ ਨੇ ਸਮਾਜਿਕ ਸਮੱਸਿਆਵਾਂ ਦੀਆਂ ਡੂੰਘੀਆਂ ਪਰਤਾਂ ਨੂੰ ਚਰਚਾ ਦਾ ਵਿਸ਼ਾ ਬਣਾਇਆ। ਇੱਕ ਹਿੰਦੀ ਅਖ਼ਬਾਰ ਵਿੱਚ ਛਪੇ ਇਸ਼ਤਿਹਾਰ ਦੀ ਕਾਪੀ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਇੱਕ ਨੌਜਵਾਨ ਲੜਕੇ ਨੇ ਐਲਾਨ ਕੀਤਾ ਸੀ ਕਿ ਉਹ ਇਕ ਖ਼ਾਸ ਲੜਕੀ (ਜਿਸ ਦਾ ਨਾਂ ਅਤੇ ਪਤਾ ਵੀ ਇਸ਼ਤਿਹਾਰ ਵਿੱਚ ਸੀ) ਨਾਲ ਵਿਆਹ ਕਰਨ ਜਾ ਰਿਹਾ ਹੈ। ਇਸ਼ਤਿਹਾਰ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਉਸ ਲੜਕੀ ਦਾ ਕੋਈ ਪ੍ਰੇਮੀ ਹੈ, ਤਾਂ ਉਹ ਵਿਆਹ ਤੋਂ ਪਹਿਲਾਂ ਸੰਪਰਕ ਕਰ ਸਕਦਾ ਹੈ। ਇਹ ਇਸ਼ਤਿਹਾਰ, ਭਾਵੇਂ ਇੱਕ ਚੁਟਕਲਾ ਹੀ ਕਿਉਂ ਨਾ ਹੋਵੇ, ਸਾਡੇ ਸਮਾਜ ਦੀਆਂ ਕੁਝ ਗੰਭੀਰ ਸਮੱਸਿਆਵਾਂ ਨੂੰ ਉਜਾਗਰ ਕਰਦਾ ਹੈ। ਸੋਸ਼ਲ ਮੀਡੀਆ ’ਤੇ ਇਸ ਨੂੰ ਲੈ ਕੇ ਹਾਸੋ-ਹੀਣੀਆਂ ਟਿੱਪਣੀਆਂ ਤਾਂ ਆਈਆਂ, ਪਰ ਇਸ ਨੇ ਸਾਡੇ ਸਮਾਜਿਕ ਢਾਂਚੇ ਦੀਆਂ ਕਮਜ਼ੋਰੀਆਂ ਅਤੇ ਮਨੁੱਖੀ ਸੁਭਾਅ ਦੇ ਟਕਰਾਅ ਨੂੰ ਵੀ ਸਾਹਮਣੇ ਲਿਆਂਦਾ।
ਇਹ ਇਸ਼ਤਿਹਾਰ ਸਿਰਫ਼ ਇੱਕ ਮਜ਼ਾਕ ਨਹੀਂ, ਸਗੋਂ ਸਮਾਜਿਕ ਨਿਯਮਾਂ ਅਤੇ ਮਨੁੱਖੀ ਕੁਦਰਤ ਦੇ ਵਿਚਕਾਰ ਚੱਲ ਰਹੇ ਟਕਰਾਅ ਦਾ ਪ੍ਰਤੀਕ ਹੈ। ਮਨੁੱਖ ਇੱਕ ਕੁਦਰਤੀ ਜੀਵ ਹੈ, ਜਿਸ ਦੀਆਂ ਇੱਛਾਵਾਂ ਤੇ ਜਜ਼ਬਾਤ ਕੁਦਰਤੀ ਹੁੰਦੇ ਹਨ। ਪਰ ਸਮਾਜਿਕ ਢਾਂਚਾ, ਜੋ ਵਿਆਹ, ਪਰਿਵਾਰ ਅਤੇ ਸਮਾਜਿਕ ਨੈਤਿਕਤਾ ਦੇ ਨਿਯਮਾਂ ’ਤੇ ਅਧਾਰਿਤ ਹੈ, ਇਨ੍ਹਾਂ ਕੁਦਰਤੀ ਇੱਛਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਟਕਰਾਅ ਕਈ ਵਾਰ ਤਬਾਹਕੁੰਨ ਸਾਬਤ ਹੁੰਦਾ ਹੈ। ਅੱਜ-ਕੱਲ੍ਹ ਖ਼ਬਰਾਂ ਵਿੱਚ ਅਕਸਰ ਅਜਿਹੀਆਂ ਘਟਨਾਵਾਂ ਸੁਰਖ਼ੀਆਂ ਬਣਦੀਆਂ ਹਨ, ਜਿੱਥੇ ਜੀਵਨਸਾਥੀ ਨੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਇਕ-ਦੂਜੇ ਦਾ ਕਤਲ ਕਰ ਦਿੱਤਾ। ਅਣਖ, ਸਮਾਜਿਕ ਦਬਾਅ ਅਤੇ ਵਿਅਕਤੀਗਤ ਇੱਛਾਵਾਂ ਦਾ ਅਸੰਤੁਲਨ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੰਦਾ ਹੈ।
ਭਰਮ ਪੈਦਾ ਕਰਦੀ ਇੰਟਰਨੈੱਟ ਦੀ ਦੁਨੀਆ
ਅਸਲ ਵਿੱਚ, ਕੁਦਰਤ ਅਤੇ ਸੱਭਿਆਚਾਰ ਦੇ ਖ਼ੂਨੀ ਟਕਰਾਅ ’ਚ ਵੱਡਾ ਕਾਰਨ ਵਰਚੁਅਲ ਸੰਸਾਰ ਬਣ ਰਿਹਾ ਹੈ। ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੀ ਦੁਨੀਆ ਵਿਅਕਤੀ ਨੂੰ ਆਜ਼ਾਦੀ ਦਾ ਭਰਮ ਪ੍ਰਦਾਨ ਕਰਦੀ ਹੈ, ਜਿੱਥੇ ਉਹ ਆਪਣੀਆਂ ਇੱਛਾਵਾਂ, ਸੰਬੰਧਾਂ ਅਤੇ ਜਜ਼ਬਾਤ ਨੂੰ ਬਿਨਾਂ ਕਿਸੇ ਸਮਾਜਿਕ ਪਾਬੰਦੀ ਦੇ ਪ੍ਰਗਟ ਕਰ ਸਕਦਾ ਹੈ। ਪਰ ਇਹ ਵਰਚੁਅਲ ਆਜ਼ਾਦੀ ਅਕਸਰ ਜ਼ਮੀਨੀ ਹਕੀਕਤਾਂ ਨਾਲ ਟਕਰਾਉਂਦੀ ਹੈ, ਜਿਸ ਨਾਲ ਸੰਘਰਸ਼ ਅਤੇ ਹਿੰਸਾ ਪੈਦਾ ਹੁੰਦੀ ਹੈ। ਵਰਚੁਅਲ ਸੰਸਾਰ ਵਿਚ ਬਣੇ ਸੰਬੰਧ ਜਾਂ ਇੱਛਾਵਾਂ, ਜਦੋਂ ਸਮਾਜਿਕ ਨਿਯਮਾਂ ਅਤੇ ਵਿਆਹੁਤਾ ਜੀਵਨ ਦੀਆਂ ਜ਼ੰਜ਼ੀਰਾਂ ਨਾਲ ਟਕਰਾਉਾਂਦੀਆਂਹਨ, ਤਾਂ ਅਕਸਰ ਕਤਲੇਆਮ ਦਾ ਕਾਰਨ ਬਣਦੀਆਂ ਹਨ। ਇਹ ਵਰਚੁਅਲ ਅਤੇ ਅਸਲ ਜੀਵਨ ਦਾ ਅੰਤਰ ਸਮਾਜਿਕ ਸੰਘਰਸ਼ ਨੂੰ ਹੋਰ ਗੰਭੀਰ ਬਣਾਉਂਦਾ ਹੈ। ਫਰਾਂਸੀਸੀ ਫ਼ਿਲਾਸਫਰ ਰੂਸੋ ਨੇ ਆਪਣੀਆਂ ਰਚਨਾਵਾਂ ਵਿੱਚ ਮਨੁੱਖੀ ਸੁਤੰਤਰਤਾ ਅਤੇ ਸਮਾਜਿਕ ਗ਼ੁਲਾਮੀ ’ਤੇ ਡੂੰਘੀ ਚਰਚਾ ਕੀਤੀ। ਉਸ ਦਾ ਮਸ਼ਹੂਰ ਵਾਕ, “ਮਨੁੱਖ ਪੈਦਾ ਆਜ਼ਾਦ ਹੁੰਦਾ ਹੈ, ਪਰ ਹਰ ਥਾਂ ਜ਼ੰਜ਼ੀਰਾਂ ਵਿੱਚ ਜਕੜਿਆ ਹੋਇਆ ਹੈ।” ਸਮਾਜਿਕ ਢਾਂਚੇ ਦੀਆਂ ਜ਼ੰਜ਼ੀਰਾਂ ਨੂੰ ਉਜਾਗਰ ਕਰਦਾ ਹੈ। ਰੂਸੋ ਮੁਤਾਬਕ, ਮਨੁੱਖ ਕੁਦਰਤੀ ਅਵਸਥਾ ਵਿੱਚ ਪੂਰੀ ਤਰ੍ਹਾਂ ਆਜ਼ਾਦ ਹੁੰਦਾ ਹੈ, ਪਰ ਸਮਾਜਿਕ ਸੰਧੀ, ਜਾਇਦਾਦ ਦੀ ਵੰਡ ਅਤੇ ਅਸਮਾਨਤਾ ਉਸ ਨੂੰ ਜ਼ੰਜ਼ੀਰਾਂ ’ਚ ਜਕੜ ਦਿੰਦੇ ਹਨ। ਜੇਕਰ ਸਮਾਜਿਕ ਸੰਧੀ ਸਮਾਨਤਾ ਅਤੇ ਸਾਂਝੀ ਇੱਛਾ ’ਤੇ ਅਧਾਰਿਤ ਨਾ ਹੋਵੇ, ਤਾਂ ਇਹ ਮਨੁੱਖ ਨੂੰ ਸੁਤੰਤਰਤਾ ਦੀ ਬਜਾਏ ਗ਼ੁਲਾਮੀ ਵੱਲ ਧੱਕਦੀ ਹੈ। ਇਹ ਜ਼ੰਜ਼ੀਰਾਂ ਸਿਰਫ਼ ਆਰਥਿਕ ਜਾਂ ਸਮਾਜਕ ਅਸਮਾਨਤਾ ਤੱਕ ਸੀਮਤ ਨਹੀਂ, ਸਗੋਂ ਨੈਤਿਕਤਾ, ਵਿਆਹ ਅਤੇ ਪਰਿਵਾਰਕ ਨਿਯਮਾਂ ਦੇ ਰੂਪ ਵਿਚ ਵੀ ਸਾਹਮਣੇ ਆਉਾਂਦੀਆਂਹਨ। ਇਹ ਨਿਯਮ ਕਈ ਵਾਰ ਮਨੁੱਖੀ ਇੱਛਾਵਾਂ ਨੂੰ ਦਬਾਉਂਦੇ ਹਨ, ਜਿਸ ਨਾਲ ਅੰਦਰੂਨੀ ਅਸੰਤੁਸ਼ਟੀ ਅਤੇ ਟਕਰਾਅ ਪੈਦਾ ਹੁੰਦਾ ਹੈ। ਜਦੋਂ ਇਹ ਟਕਰਾਅ ਸਹਿਣਯੋਗ ਸੀਮਾ ਤੋਂ ਬਾਹਰ ਨਿਕਲ ਜਾਂਦਾ ਹੈ, ਤਾਂ ਇਹ ਹਿੰਸਕ ਰੂਪ ਵੀ ਲੈ ਸਕਦਾ ਹੈ, ਜਿਵੇਂ ਕਿ ਅਣਖ ਦੇ ਨਾਂ ’ਤੇ ਹੋਣ ਵਾਲੇ ਕਤਲ ।
ਸਮਾਜਿਕ ਜ਼ੰਜ਼ੀਰਾਂ ਨੂੰ ਤੋੜਨ ਦੇ ਦੋ ਤਰੀਕੇ
ਸਮਾਜਿਕ ਜ਼ੰਜ਼ੀਰਾਂ ਨੂੰ ਤੋੜਨ ਦੇ ਦੋ ਤਰੀਕੇ ਹੁੰਦੇ ਹਨ: ਸੱਭਿਅਕ ਅਤੇ ਅਸੱਭਿਅਕ। ਸੱਭਿਅਕ ਮਨੁੱਖ ਇਨ੍ਹਾਂ ਜ਼ੰਜ਼ੀਰਾਂ ਨੂੰ ਸੰਵਾਦ, ਸਮਝ, ਅਤੇ ਸੁਧਾਰ ਰਾਹੀਂ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਉਹ ਸਮਾਜਿਕ ਨਿਯਮਾਂ ਨੂੰ ਸਵੀਕਾਰ ਕਰਦੇ ਹੋਏ ਵੀ ਆਪਣੀ ਸੁਤੰਤਰਤਾ ਦੀ ਭਾਲ ਕਰਦੇ ਹਨ। ਪਰ ਅਸੱਭਿਅਕ ਮਨੁੱਖ, ਜੋ ਸਮਾਜਿਕ ਦਬਾਅ ਤੇ ਅੰਦਰੂਨੀ ਟਕਰਾਅ ਨੂੰ ਸਹਿਣ ਨਹੀਂ ਕਰ ਪਾਉਾਂਦੇ,ਅਕਸਰ ਹਿੰਸਕ ਜਾਂ ਵਿਨਾਸ਼ਕਾਰੀ ਰਾਹ ਅਪਣਾਉਂਦੇ ਹਨ।
ਅਜਿਹੇ ਮਾਮਲਿਆਂ ਵਿੱਚ, ਜੀਵਨਸਾਥੀ ਦਾ ਕਤਲ ਜਾਂ ਪ੍ਰੇਮ ਸੰਬੰਧਾਂ ਨਾਲ ਜੁੜੀ ਹਿੰਸਾ ਸਮਾਜਿਕ ਨਿਯਮਾਂ ਦੇ ਵਿਰੁੱਧ ਬਗ਼ਾਵਤ ਦਾ ਇਕ ਅਸੱਭਿਅਕ ਰੂਪ ਹੈ। ਹਾਲਾਂਕਿ ਇਹ ‘ਸੱਭਿਅਕ’ ਤੇ ‘ਅਸੱਭਿਅਕ’ ਤਰੀਕੇ ਵੱਖਰੀ ਚਰਚਾ ਦੀ ਮੰਗ ਕਰਦੇ ਹਨ ਕਿਉਂਕਿ ਅੰਗਰੇਜ਼ ਸਾਨੂੰ ਸੱਭਿਅਕ ਬਣਾਉਣ ਆਏ ਸੀ, ਕੰਗਾਲ ਕਰਕੇ ਤੁਰਗੇ। ਇਨ੍ਹਾਂ ਸਮਾਜਿਕ ਜ਼ੰਜ਼ੀਰਾਂ ਦਾ ਸਭ ਤੋਂ ਵੱਡਾ ਪ੍ਰਭਾਵ ਔਰਤਾਂ ’ਤੇ ਪੈਂਦਾ ਹੈ। ਸੁਰਜੀਤ ਪਾਤਰ ਦੀਆਂ ਇਹ ਪੰਕਤੀਆਂ ਇਸ ਸੱਚਾਈ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕਰਦੀਆਂ ਹਨ:
ਇੱਕ ਕੈਦ ’ਚੋਂ ਦੂਜੀ ਕੈਦ ’ਚ ਪਹੁੰਚ ਗਈ ਏਂ
ਕੀ ਖੱਟਿਆ ਮਹਿੰਦੀ ਲਾ ਕੇ ਤੇ ਵਟਣਾ ਮਲ ਕੇ।
ਮੱਧ-ਵਰਗ ਤੇ ਨਿਮਨ-ਵਰਗ ਹੁੰਦੈ ਪ੍ਰਭਾਵਿਤ
ਕੁਦਰਤ ਅਤੇ ਸੱਭਿਆਚਾਰ ਦਾ ਖ਼ੂਨੀ ਟਕਰਾਅ ਸਭ ਤੋਂ ਵਧੇਰੇ ਮੱਧ-ਵਰਗ ਅਤੇ ਨਿਮਨ-ਵਰਗ ਵਿੱਚ ਵਾਪਰਦਾ ਹੈ, ਕਿਉਂਕਿ ਇਨ੍ਹਾਂ ਵਰਗਾਂ ਨੇ ਹੀ ਸੱਭਿਆਚਾਰ ਨੂੰ ਘੁੱਟ ਕੇ ਕਰਿੰਗੜੀ ਪਾਈ ਹੁੰਦੀ ਹੈ। ਇਹ ਵਰਗ ਆਪਣੇ ਆਪ ਨੂੰ ਸੱਭਿਆਚਾਰ ਅਤੇ ਨੈਤਿਕਤਾ ਦੇ ਰਖਵਾਲੇ ਸਮਝਦੇ ਹਨ, ਜਿਸ ਕਾਰਨ ਉਹ ਸਮਾਜਿਕ ਨਿਯਮਾਂ ਨੂੰ ਸਖ਼ਤੀ ਨਾਲ ਅਪਣਾਉਾਂਦੇਹਨ। ਇਸ ਸਖ਼ਤੀ ਨਾਲ ਉਹ ਆਪਣੀਆਂ ਕੁਦਰਤੀ ਇੱਛਾਵਾਂ ਨੂੰ ਦਬਾਉਂਦੇ ਹਨ, ਜੋ ਅੰਦਰੂਨੀ ਸੰਘਰਸ਼ ਅਤੇ ਹਿੰਸਕ ਪ੍ਰਤੀਕਰਮ ਦਾ ਕਾਰਨ ਬਣਦੀ ਹੈ।
ਦੂਜੇ ਪਾਸੇ, ਉੱਚ-ਵਰਗ ਨੇ ਆਪਣੇ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ, ਚੋਰ-ਮੋਰੀਆਂ, ਜਾਂ ਸਮਝੌਤੇ ਬਣਾ ਰੱਖੇ ਹਨ। ਉਹ ਸਮਾਜਿਕ ਨਿਯਮਾਂ ਦੀ ਸਖਤੀ ਨੂੰ ਬਾਈਪਾਸ ਕਰ ਕੇ ਸਮਝੌਤਿਆਂ ਨੂੰ ਪਹਿਲ ਦਿੰਦੇ ਹਨ, ਜਿਸ ਨਾਲ ਉਨ੍ਹਾਂ ਵਿਚ ਖ਼ੂਨੀ ਟਕਰਾਅ ਦੀ ਸੰਭਾਵਨਾ ਘੱਟ ਹੁੰਦੀ ਹੈ। ਇਹ ਇਸ਼ਤਿਹਾਰ, ਭਾਵੇਂ ਮਜ਼ਾਕ ਦੇ ਰੂਪ ਵਿੱਚ ਸਾਹਮਣੇ ਆਇਆ ਹੋਵੇ, ਸਾਨੂੰ ਸਮਾਜਿਕ ਸੁਧਾਰ ਦੀ ਲੋੜ ਵੱਲ ਇਸ਼ਾਰਾ ਕਰਦਾ ਹੈ। ਸਮਾਜਕ ਨਿਯਮਾਂ ਅਤੇ ਕੁਦਰਤੀ ਇੱਛਾਵਾਂ ਵਿਚਕਾਰ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ। ਸਮਾਜਿਕ ਸੰਧੀ, ਜਿਸ ਦੀ ਗੱਲ ਰੂਸੋ ਨੇ ਕੀਤੀ, ਨੂੰ ਸਮਾਨਤਾ ਅਤੇ ਸਾਂਝੀ ਇੱਛਾ ’ਤੇ ਅਧਾਰਿਤ ਹੋਣਾ ਚਾਹੀਦਾ ਹੈ। ਔਰਤਾਂ ਅਤੇ ਮਰਦਾਂ ਨੂੰ ਬਰਾਬਰ ਦੇ ਅਧਿਕਾਰ ਅਤੇ ਸੁਤੰਤਰਤਾ ਮਿਲਣੀ ਚਾਹੀਦੀ ਹੈ, ਤਾਂ ਜੋ ਵਿਅਕਤੀਗਤ ਇੱਛਾਵਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਵਿਚਕਾਰ ਸੰਘਰਸ਼ ਨੂੰ ਘਟਾਇਆ ਜਾ ਸਕੇ।
ਇਸ ਤੋਂ ਇਲਾਵਾ, ਸਮਾਜ ਨੂੰ ਅਜਿਹੇ ਨਿਯਮਾਂ ਅਤੇ ਰੀਤੀ-ਰਿਵਾਜਾਂ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ, ਜੋ ਵਿਅਕਤੀ ਦੀ ਸੁਤੰਤਰਤਾ ਨੂੰ ਦਬਾਉਂਦੇ ਹਨ। ਸੰਵਾਦ, ਸਿੱਖਿਆ ਅਤੇ ਸਮਾਜਿਕ ਜਾਗਰੂਕਤਾ ਰਾਹੀਂ ਅਸੀਂ ਅਜਿਹੇ ਟਕਰਾਅ ਨੂੰ ਘਟਾ ਸਕਦੇ ਹਾਂ, ਜੋ ਹਿੰਸਕ ਅਤੇ ਵਿਨਾਸ਼ਕਾਰੀ ਰੂਪ ਲੈਂਦੇ ਹਨ। ਇਹ ਵਿਅੰਗਮਈ ਇਸ਼ਤਿਹਾਰ ਸਾਡੇ ਸਮਾਜ ਦੀਆਂ ਡੂੰਘੀਆਂ ਸਮੱਸਿਆਵਾਂ ਦਾ ਇਕ ਅਜਿਹਾ ਅਕਸ ਹੈ, ਜੋ ਹਾਸੇ ਦੇ ਪਿੱਛੇ ਕੌੜਾ ਸੱਚ ਲੁਕਾਉਂਦਾ ਹੈ। ਸਮਾਜਿਕ ਜ਼ੰਜ਼ੀਰਾਂ ਅਤੇ ਕੁਦਰਤੀ ਸੁਤੰਤਰਤਾ ਵਿਚਕਾਰ ਦਾ ਸੰਘਰਸ਼ ਸਦੀਆਂ ਤੋਂ ਚੱਲ ਰਿਹਾ ਹੈ, ਅਤੇ ਇਸ ਦਾ ਹੱਲ ਸਿਰਫ਼ ਸਮਾਜਿਕ ਸੁਧਾਰ ਅਤੇ ਸਮਾਨਤਾ ’ਤੇ ਅਧਾਰਿਤ ਸੰਧੀ ਵਿੱਚ ਹੀ ਸੰਭਵ ਹੈ। ਜਦੋਂ ਤੱਕ ਅਸੀਂ ਇਨ੍ਹਾਂ ਜ਼ੰਜ਼ੀਰਾਂ ਨੂੰ ‘ਸੱਭਿਅਕ ਢੰਗ’ ਨਾਲ ਤੋੜਨ ਦੀ ਕੋਸ਼ਿਸ਼ ਨਹੀਂ ਕਰਦੇ, ‘ਅਸੱਭਿਅਕ ਰਾਹ’ ਅਪਣਾਏ ਜਾਣ ਦਾ ਖ਼ਤਰਾ ਬਣਿਆ ਰਹੇਗਾ।
ਸਮਾਜਿਕ ਜ਼ਿੰਮੇਵਾਰੀ ’ਚ ਘਿਰੀ ਔਰਤ
ਔਰਤ ਦੀ ਜ਼ਿੰਦਗੀ ਅਕਸਰ ਇੱਕ ਕੈਦ ਤੋਂ ਦੂਜੀ ਕੈਦ ਵੱਲ ਦੀ ਯਾਤਰਾ ਬਣ ਜਾਂਦੀ ਹੈ। ਮਾਪਿਆਂ ਦੇ ਘਰ ਦੀਆਂ ਪਾਬੰਦੀਆਂ ਤੋਂ ਲੈ ਕੇ ਵਿਆਹ ਤੋਂ ਬਾਅਦ ਸਹੁਰੇ-ਘਰ ਦੀਆਂ ਜ਼ਿੰਮੇਵਾਰੀਆਂ ਅਤੇ ਸਮਾਜਿਕ ਨਿਯਮਾਂ ਦੀਆਂ ਬੇੜੀਆਂ ਤੱਕ, ਔਰਤ ਨੂੰ ਆਪਣੀ ਸੁਤੰਤਰਤਾ ਦੀ ਭਾਲ ਵਿੱਚ ਅਕਸਰ ਸੰਘਰਸ਼ ਕਰਨਾ ਪੈਂਦਾ ਹੈ। ਵਿਆਹ, ਜੋ ਸਮਾਜਿਕ ਢਾਂਚੇ ਦਾ ਅਹਿਮ ਹਿੱਸਾ ਹੈ, ਕਈ ਵਾਰ ਔਰਤ ਲਈ ਸੁਤੰਤਰਤਾ ਦੀ ਬਜਾਏ ਇੱਕ ਨਵੀਂ ਜ਼ੰਜ਼ੀਰ ਬਣ ਜਾਂਦਾ ਹੈ। ਇਹ ਸਮਾਜਿਕ ਦਬਾਅ ਅਤੇ ਰਵਾਇਤੀ ਰੀਤੀ-ਰਿਵਾਜ਼ ਔਰਤ ਦੀਆਂ ਵਿਅਕਤੀਗਤ ਇੱਛਾਵਾਂ ਨੂੰ ਦਬਾਉਾਂਦੇਹਨ, ਜਿਸ ਨਾਲ ਅੰਦਰੂਨੀ ਅਸੰਤੁਸ਼ਟੀ ਅਤੇ ਮਾਨਸਿਕ ਤਣਾਅ ਪੈਦਾ ਹੁੰਦਾ ਹੈ।
੍ਹ ਡਾ. ਪਰਮਜੀਤ ਸਿੰਘ ਕੱਟੂ