ਡਾ. ਪ੍ਰਿਤਪਾਲ ਸਿੰਘ ਮਹਿਰੋਕ:
ਭਾਰਤੀ ਸਮਾਜ ਦੀਆਂ ਜੜ੍ਹਾਂ ਉਸ ਸਮਾਜ ਵਿੱਚ ਹਨ ਜਿਥੇ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਗ਼ੁਲਾਮਾਂ ਵਰਗੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਸੀ। ਉਸ ਨੂੰ ਜਨਮ ਸਮੇਂ ਸਰਾਪ, ਵਿਆਹ ਸਮੇਂ ਭਾਰ ਅਤੇ ਵਿਆਹ ਤੋਂ ਬਾਅਦ ਬੋਝਲ ਤੇ ਅਨੇਕ ਪ੍ਰਕਾਰ ਦੇ ਦਬਾਵਾਂ ਹੇਠ ਜਿਊਣਾ ਪੈਂਦਾ ਸੀ। ਔਰਤ ਸਮੇਂ ਸਮੇਂ ਹਿੰਸਾ, ਸ਼ੋਸ਼ਣ ਤੇ ਅਪਰਾਧ ਦੀ ਸ਼ਿਕਾਰ ਹੁੰਦੀ ਰਹੀ ਹੈ। ਇੱਕੀਵੀਂ ਸਦੀ ਤੱਕ ਪਹੁੰਚ ਕੇ ਔਰਤ ਅਬਲਾ ਨਹੀਂ ਸੀ ਰਹਿਣੀ ਚਾਹੀਦੀ ਪਰ ਭਾਰਤ ਵਰਗੇ ਦੇਸ਼ ਵਿੱਚ ਔਰਤ ਅਜੇ ਵੀ ਬਹੁਤੀਆਂ ਹਾਲਤਾਂ ਵਿੱਚ ਗੁਰਬਤ, ਜਹਾਲਤ, ਅਨਪੜ੍ਹਤਾ, ਅਗਿਆਨਤਾ, ਗ਼ੁਲਾਮੀ ਆਦਿ ਦੀ ਅਵਸਥਾ ਵਿੱਚ ਵਿਚਰ ਰਹੀ ਹੈ। ਕੋਈ ਸਮਾਂ ਸੀ ਜਦੋਂ ਧੀ ਦੇ ਜਨਮ ਲੈਣ ਨਾਲ ਪੁਰਸ਼ ਸਮਾਜ ਆਪਣੇ ਮਾਣ-ਸਨਮਾਨ ਨੂੰ ਢਾਹ ਲੱਗਣ ਬਾਰੇ ਸੋਚਦਾ ਸੀ। ਧੀਆਂ ਨੂੰ ਜਨਮ ਸਾਰ ਮਾਰ ਦਿੱਤਾ ਜਾਂਦਾ ਸੀ। ਉਸ ਨੂੰ ਪਰਾਇਆ ਧਨ ਦੀ ਸੰਗਿਆ ਦਿੱਤੀ ਜਾਂਦੀ ਹੈ। ਧੀਆਂ ਵੱਲ ਅਜਿਹਾ ਰਵੱਈਆ ਸਮਾਜ ਦੀ ਵਿਡੰਬਨਾ ਰਹੀ ਹੈ। ਅਜਿਹੇ ਸਮਾਜਿਕ ਆਰਥਿਕ ਪਿਛੋਕੜ ਵਾਲੇ ਸਮਾਜ ਵਿੱਚ ਮਾਪੇ ਆਪਣੇ ਘਰ ਪੁੱਤਰ ਦੇ ਜਨਮ ਲੈਣ ਦੀਆਂ ਅਰਜੋਈਆਂ ਕਰਦੇ ਹਨ। ਹਕੀਕਤ ਇਹ ਸਮਝਣੀ ਚਾਹੀਦੀ ਹੈ ਕਿ ਧੀਆਂ ਘਰ ਵਾਸਤੇ ਦਾਤ ਹੁੰਦੀਆਂ ਹਨ। ਧੀਆਂ ਨਾਲ ਘਰ ਵਿੱਚ ਬਰਕਤਾਂ ਦਾ ਵਾਧਾ ਹੁੰਦਾ ਹੈ। ਫਿਰ ਵੀ ਦੇਖਣ ਵਿੱਚ ਆਉਾਂਦਾਹੈ ਕਿ ਸਮਾਜ ਵਿੱਚ ਉਸ ਨੂੰ ਅਧੀਨ/ਨਿਮਨ ਸਥਿਤੀ ਵਿੱਚ ਰੱਖ ਕੇ ਦੇਖਣ ਦੀ ਮਾਨਸਿਕਤਾ ਅਜੇ ਵੀ ਕਾਇਮ ਹੈ। ਅਜਿਹੇ ਸਮਾਜਿਕ ਆਰਥਿਕ ਪਿਛੋਕੜ ਵਾਲੇ ਸਮਾਜ ਵਿੱਚ ਸਰਕਾਰੀ ਪੱਧਰ ’ਤੇ ਅਤੇ ਗੈਰ-ਸਰਕਾਰੀ ਸਮਾਜਿਕ ਸੰਸਥਾਵਾਂ ਵੱਲੋਂ ਕਦੇ ਬਾਲੜੀ ਦਿਵਸ, ਕਦੇ ਧੀ ਦਿਵਸ, ਕਦੇ ਕੌਮਾਂਤਰੀ ਮਹਿਲਾ ਦਿਵਸ, ਕਦੇ ਮਾਂ ਦਿਵਸ ਮਨਾਏ ਜਾਂਦੇ ਹਨ। ਸਿਰਫ਼ ਕਾਰਵਾਈ ਪਾਉਣ ਵਾਸਤੇ ਅਜਿਹੇ ਦਿਵਸ ਮਨਾਉਣ ਦਾ ਓਨਾ ਚਿਰ ਤੱਕ ਕੋਈ ਫਾਇਦਾ ਨਹੀਂ ਜਿੰਨਾ ਚਿਰ ਔਰਤ ਦੀ ਭਲਾਈ ਹਿਤ ਵਾਲੀਆਂ ਸਕੀਮਾਂ ਔਰਤਾਂ ਦੇ ਅਸਲ ਲੋੜਵੰਦ ਵਰਗ ਤੱਕ ਨਹੀਂ ਪਹੁੰਚਦੀਆਂ ਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਨਹੀਂ ਹੁੰਦਾ।
ਔਰਤ ਹੁਣ ਪੜ੍ਹ ਲਿਖ ਕੇ, ਨੌਕਰੀ ਕਰ ਕੇ, ਉੱਚੀਆਂ ਪਦਵੀਆਂ ਹਾਸਲ ਕਰ ਕੇ ਆਤਮ-ਨਿਰਭਰ ਹੋ ਰਹੀ ਹੈ ਤੇ ਸਮਾਜ ਵਿੱਚ ਆਪਣਾ ਮਾਣ-ਸਨਮਾਨ ਵਧਾ ਰਹੀ ਹੈ। ਇਸ ਪਿੱਛੇ ਉਸ ਦੀ ਮਿਹਨਤ ਕੰਮ ਕਰਦੀ ਨਜ਼ਰ ਆਉਂਦੀ ਹੈ। ਕੁਝ ਕਰ ਦਿਖਾਉਣ ਦਾ ਇਰਾਦਾ ਉਸ ਨੂੰ ਪੁਰਸ਼ ਦੇ ਬਰਾਬਰ ਲਿਆ ਰਿਹਾ ਹੈ। ਉੱਚੇ ਅਹੁਦਿਆਂ ’ਤੇ ਪਹੁੰਚ ਕੇ, ਨਾਮਣਾ ਖੱਟਣ ਵਾਲੀਆਂ ਵੱਡੇ ਨਾਵਾਂ ਵਾਲੀਆਂ ਔਰਤਾਂ, ਔਰਤ ਦੇ ਆਤਮ-ਸਨਮਾਨ ਤੇ ਗੌਰਵ ਦਾ ਬਿੰਬ ਬਣ ਗਈਆਂ ਹਨ।
ਔਰਤ ਨੂੰ ਸਮਾਜ ਵਿੱਚ ਉਸ ਦੇ ਹਿੱਸੇ ਦਾ ਮਾਣ-ਸਨਮਾਨ ਜ਼ਰੂਰੀ ਹੈ। ਅਜਿਹੇ ਮੁਕਾਮ ਤੱਕ ਪਹੁੰਚਣ ਲਈ ਉਸ ਨੂੰ ਸਮਾਜਿਕ ਆਰਥਿਕ ਆਜ਼ਾਦੀ ਹਾਸਲ ਕਰਨ ਦੀ ਲੋੜ ਹੈ। ਔਰਤ ਨੂੰ ਮਿਲਣ ਵਾਲੇ ਸਮਾਜਿਕ ਆਰਥਿਕ ਅਧਿਕਾਰਾਂ ਦੇ ਸਬੰਧ ਵਿੱਚ ਬਹੁਤੇ ਕਾਨੂੰਨ ਹੁਣ ਉਸ ਦੇ ਹੱਕ ਵਿੱਚ ਭੁਗਤਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਸਮਾਜ ਨੂੰ ਔਰਤ ਵੱਲ ਆਪਣੀ ਸੋਚ, ਨਜ਼ਰੀਆ ਅਤੇ ਵਿਹਾਰ ਬਦਲਣ ਦੀ ਲੋੜ ਹੈ।
ਸਮਾਜਿਕ ਸਰੋਕਾਰਾਂ ਨਾਲ ਜੁੜੇ ਚਿੰਤਕਾਂ ਤੇ ਸਮਾਜ ਵਿਗਿਆਨੀਆਂ ਨੇ ਭਾਰਤੀ ਮਹਿਲਾਵਾਂ ਦੀ ਪ੍ਰਤਿਭਾ, ਸ਼ਕਤੀ ਤੇ ਸਮਰੱਥਾ ਨੂੰ ਦੇਖਦਿਆਂ ਉਨ੍ਹਾਂ ਨੂੰ ਦੇਸ਼ ਵਿੱਚੋਂ ਗ਼ਰੀਬੀ ਘਟਾਉਣ ਲਈ ਉੱਤਮ, ਪ੍ਰਭਾਵਸ਼ਾਲੀ ਅਤੇ ਕਾਰਗਰ ਹਥਿਆਰ ਮੰਨਿਆ ਹੈ। ਸਮਾਜਿਕ ਆਰਥਿਕ ਤੌਰ ’ਤੇ ਆਜ਼ਾਦ ਹੋ ਕੇ ਹੀ ਭਾਰਤੀ ਔਰਤ ਅੰਦਰ ਸਵੈ-ਮਾਣ, ਸਵੈ-ਭਰੋਸਗੀ ਤੇ ਸ਼ਕਤੀਸ਼ਾਲੀ ਹੋਣ ਦਾ ਅਹਿਸਾਸ ਪਨਪ ਸਕਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤ ਨੇ ਆਪਣੀ ਸੂਝ, ਮਿਹਨਤ, ਸਵੈ-ਵਿਸ਼ਵਾਸ, ਦ੍ਰਿੜ ਇਰਾਦੇ, ਹਿੰਮਤ, ਸਿਦਕ ਨਾਲ ਅਨੇਕ ਮੱਲਾਂ ਮਾਰੀਆਂ ਹਨ। ਉਸ ਨੇ ਆਪਣੀ ਹੀ ਨਹੀਂ, ਘਰ ਪਰਿਵਾਰ ਅਤੇ ਦੇਸ਼ ਦੀ ਆਰਥਿਕਤਾ ਵਿੱਚ ਵੀ ਸੁਧਾਰ ਲਿਆਂਦਾ ਹੈ ਪਰ ਅੱਜ ਵੀ ਬਹੁਤ ਸਾਰੇ ਪ੍ਰਸ਼ਨਾਂ ਮੂੰਹ ਅੱਡੀ ਖੜ੍ਹੇ ਹਨ। ਉਪਰਲੀ ਚਰਚਾ ਦੇ ਆਧਾਰ ’ਤੇ ਔਰਤ ਦੀ ਹਾਲਤ ਦਾ ਇੱਕ ਪਾਸਾ ਧੁੰਦਲਾ ਨਜ਼ਰ ਆਉਂਦਾ ਹੈ, ਦੂਜਾ ਰੌਸ਼ਨ। ਜੇ ਧੁੰਦਲੇ ਪਾਸੇ ਵਾਲੀ ਔਰਤ ਰੌਸ਼ਨ ਪਾਸੇ ਵਾਲੀ ਔਰਤ ਦੇ ਹਾਸਲਾਂ ਨੂੰ ਸਮਝ ਕੇ, ਉਸ ਨੂੰ ਆਪਣਾ ਆਦਰਸ਼ ਮੰਨ ਕੇ ਮਿਹਨਤ ਦਾ ਲੜ ਫੜ ਲਵੇ ਤਾਂ ਉਹ ਵੀ ਸਮਾਜਿਕ, ਆਰਥਿਕ ਆਜ਼ਾਦੀ ਹਾਸਲ ਕਰ ਕੇ ਸ਼ਕਤੀਸ਼ਾਲੀ ਬਣ ਸਕਦੀ ਹੈ। ਅਜਿਹੀ ਹਾਲਤ ਵਿੱਚ ਮਹਿਲਾ ਸ਼ਕਤੀਕਰਨ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ।