ਸਮੇਂ ਅਨੁਸਾਰ ਬਦਲਦੇ ਰਹੇ ਅਕਾਲੀ ਸਿਆਸਤ ਦੇ ਰੰਗ

In ਪੰਜਾਬ
April 12, 2025
ਬਲਕਾਰ ਸਿੰਘ (ਪ੍ਰੋਫ਼ੈਸਰ): ਵਰਤਮਾਨ ਅਕਾਲੀ ਸਿਆਸਤ ਦੇ ਸੰਕਟ ਦੀ ਜੜ੍ਹ ਵਿੱਚ ਸਦਾ ਵਾਂਗ ਅਕਾਲੀ ਸਿਆਸਤ ਦੇ ਰੰਗ ਹੀ ਹਨ। ਆਪਣਿਆਂ ਹੱਥੋਂ ਆਪ ਮਰਨ ਦੀ ਸਿਆਸਤ ਇਸੇ ਦਾ ਹਾਸਲ ਹੈ। ਪਹਿਲਾਂ ਇਹ ਰੰਗ ਅੰਦਰੋਂ ਉਘੜਦੇ ਰਹਿੰਦੇ ਸਨ ਅਤੇ ਇਸ ਵੇਲੇ ਇਹ ਬਾਹਰੋਂ ਉਘੜਨ ਦੀ ਬੇਤਰਤੀਬੀ ਕਾਰਨ ਬਹੁਤੇ ਹੀ ਖਿੱਲਰੇ-ਖਿੱਲਰੇੇ ਲੱਗਣ ਲੱਗ ਪਏ ਹਨ। ਸੌ ਸਾਲ ਪੁਰਾਣੇ ਅਕਾਲੀ ਦਲ ਦੇ ਸ਼ੁਰੂਆਤੀ ਦੌਰ ਵਿੱਚ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਵਿਚਕਾਰ ਸਿਆਸੀ ਮਤਭੇਦ ਵਾਂਗ ਸਾਹਮਣੇ ਆਏ ਸਨ। ਇਵੇਂ ਹੀ ਪਹੁੰਚ ਮਤਭੇਦ ਵਾਂਗ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਵਿਚਕਾਰ ਨਜ਼ਰ ਆਉਂਦੇ ਰਹੇ। ਇਹੀ ਰੰਗ ਮਾਸਟਰ ਤਾਰਾ ਸਿੰਘ ਅਤੇ ਸੰਤ ਫ਼ਤਹਿ ਸਿੰਘ ਵਿਚਕਾਰ ਕਾਇਮ ਰਿਹਾ ਸੀ। ਇਸੇ ਦੀ ਲਗਾਤਾਰਤਾ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਦੇ ਪਹੁੰਚ ਮਤਭੇਦਾਂ ਦੇ ਬਾਵਜੂਦ ਇਹ ਦੋਵੇਂ ਸਿਆਸੀ ਸ਼ਰੀਕਾਂ ਅਤੇ ਪੰਥਕ ਸਹਿਯੋਗੀਆਂ ਵਾਂਗ ਨਿਭਦੇ ਰਹੇ। ਇਨ੍ਹਾਂ ਬਾਰੇ ਪੰਜਾਬੀ ਚੇਤਨਾ ਦੀ ਇਹ ਧਾਰਨਾ ਨਜ਼ਰ ਆਉਂਦੀ ਰਹੀ ਹੈ ਕਿ ਹਰ ਅਕਾਲੀ ਦੇ ਅੰਦਰ ਬਾਦਲ ਅਤੇ ਟੌਹੜਾ ਦੋਵੇਂ ਗੁੱਥਮ-ਗੁੱਥਾ ਨਜ਼ਰ ਆ ਜਾਂਦੇ ਹਨ। ਇਨ੍ਹਾਂ ਦੋਹਾਂ ਨਾਲੋਂ ਵੱਖਰੀ ਸਿਆਸਤ ਕਰਨ ਦੇ ਇੱਛੁਕਾਂ ਦੀਆਂ ਸਿਆਸੀ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਉਨ੍ਹਾਂ ਦੇ ਸਹਿਯੋਗੀ ਸੁਰ ਵਿਚ ਹੁੰਦਿਆਂ ਨਹੀਂ ਪਿਆ ਸੀ। ਸੰਤ ਜਰਨੈਲ ਸਿੰਘ ਦੀ ਆਮਦ ਨਾਲ ਪੈਦਾ ਹੋਏ ਹਾਲਾਤ ਵਿੱਚ ਪੈਦਾ ਹੋਈ ਖਾੜਕੂ ਲਹਿਰ ਨਾਲ ਅਕਾਲੀ ਮੁੱਖਧਾਰਾ ਨਾਲੋਂ ਨਿਖੜ ਕੇ ਸਿਆਸਤ ਕਰਨ ਦੀਆਂ ਸੰਭਾਵਨਾਵਾਂ ਸਾਹਮਣੇ ਆਉਣ ਲੱਗ ਪਈਆਂ ਸਨ। ਇਸੇ ਸਪੇਸ ਵਿੱਚ ਅਕਾਲੀ ਧੜਿਆਂ ਦੀ ਸ਼ੁਰੂ ਹੋਈ ਸਿਆਸਤ, ਇਸ ਵੇਲੇ ਆਪਣੀ ਸਿਖਰ ’ਤੇ ਇਸ ਤਰ੍ਹਾਂ ਪਹੁੰਚ ਚੁੱਕੀ ਹੈ, ਜਿਵੇਂ ਕੋਈ ਵੀ ਕਿਸੇ ਦੇ ਨਾਲ ਨਾ ਹੋਵੇ। ਆਪਾ-ਧਾਪੀ ਸਿਆਸਤ ਵਾਲੀ ਅਜਿਹੀ ਹਾਲਤ ਵਿੱਚ ਅਕਾਲੀ ਧੜਿਆਂ ਨੇ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਭਾਈ ਮਨਜੀਤ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਸਾਰਿਆਂ ਨੂੰ ਇਕੱਠੇ ਕਰ ਕੇ ਇੱਕ ਅਕਾਲੀ ਦਲ ਬਣਾ ਸਕਣ ਦੀਆਂ ਸੰਭਾਵਨਾਵਾਂ ਸਾਹਮਣੇ ਲਿਆਂਦੀਆਂ ਜਾਣ। ਇਸੇ ਦੇ ਨਤੀਜੇ ਵਾਸਤੇ ‘ਅੰਮ੍ਰਿਤਸਰ ਐਲਾਨਨਾਮਾ’ ਤਿਆਰ ਕੀਤਾ ਗਿਆ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਅਕਾਲੀ ਰੰਗ ਦੇ ਸਾਰੇ ਧੜਿਆਂ ਨੂੰ ਸਾਰੇ ਧੜਾ ਮੁਖੀਆਂ ਦੀ ਸਹਿਮਤੀ ਨਾਲ 1994 ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਣਾ ਦਿੱਤਾ ਗਿਆ ਸੀ। ਇਸ ਨਵੇਂ ਬਣੇ ਅਕਾਲੀ ਦਲ ਦੀ ਪਹਿਲੀ ਕਾਨਫ਼ਰੰਸ ਸੁਨਾਮ (ਸੰਗਰੂਰ) ਵਿੱਚ ਸੁਰਜੀਤ ਸਿੰਘ ਦੀ ਅਗਵਾਈ ਵਿੱਚ ਬੁਲਾਈ ਗਈ ਸੀ। ਇਸ ਤੋਂ ਪਹਿਲਾਂ ਹੀ ਅਕਾਲੀ ਨੇਤਾਵਾਂ ਵਿਚਕਾਰ ਐਲਾਨਨਾਮੇ ਵਿਚਲੇ ਲਫ਼ਜ਼ ‘ਕਨਫ਼ੈਡਰਲ’ ਬਾਰੇ ਸਮਝਣ ਸਮਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ। ਸਾਰੇ ਲੀਡਰਾਂ ਨੇ ਆਪਣੇ ਭਾਸ਼ਣਾਂ ਵਿੱਚ ਇਸ ਲਫ਼ਜ਼ ਦੀ ਵਿਧਾਨਕ ਪ੍ਰਸੰਗਕਤਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਅਕਾਲੀ ਸਿਆਸਤ ਨੂੰ ਲੋਕਤੰਤਰੀ ਸੁਰ ਵਿੱਚ ਉਸਾਰੇ ਜਾਣ ਦੀ ਪੈਰਵਾਈ ਕੀਤੀ ਸੀ ਪਰ ਜਦੋਂ ਸਿਮਰਨਜੀਤ ਸਿੰਘ ਮਾਨ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਇਸੇ ਲਫ਼ਜ਼ ਦੁਆਲੇ ਆਪਣਾ ਸਿਆਸੀ ਏਜੰਡਾ ਸਾਰਿਆਂ ਦੇ ਸਾਹਮਣੇ ਲਲਕਾਰਵੀਂ ਸੁਰ ਵਿੱਚ ਰੱਖ ਦਿੱਤਾ ਸੀ। ਇਸ ਨਾਲ ਕਿਸੇ ਵੀ ਲੀਡਰ ਦੀ ਸਹਿਮਤੀ ਨਾ ਹੋਣ ਕਰ ਕੇ ਨਵੇਂ ਬਣੇ ਅਕਾਲੀ ਦਲ ਦੀ ਅਗਵਾਈ ਫ਼ਿਰ ਇੱਕ ਧੜੇ ਵਾਲੇ ਰੰਗ ਦੇ ਮੁਦਈ ਅਕਾਲੀ ਦਲ ਮਾਨ ਦੇ ਹੱਥ ਆ ਗਈ ਸੀ। ਬਾਦਲਕਿਆਂ ਨੇ ਇਸ ਅਵਸਰ ਨੂੰ ਵਰਤ ਕੇ ਬਹੁਤੇ ਅਕਾਲੀ ਰੰਗਾਂ ਨੂੰ ਆਪਣੀ ਛਤਰੀ ਹੇਠ ਬੇਸ਼ੱਕ ਲੈ ਆਂਦਾ ਸੀ ਪਰ ਸਾਰੇ ਅਕਾਲੀ ਰੰਗ ਆਪੋ-ਆਪਣੇ ਰੰਗ ਵਿੱੱਚ ਸਿਆਸਤ ਅੰਦਰੋਂ ਵੀ ਅਤੇ ਬਾਹਰੋਂ ਵੀ ਕਰਦੇ ਰਹੇ ਸਨ। ਬਾਦਲਕਿਆਂ ਦੇ ਇਸੇ ਰੰਗ ਨਾਲ ‘ਪਿਦਰਮ ਸੁਲਤਾਨ ਬੂਦ’ ਦੀ ਭਾਵਨਾ ਵਿੱਚ ਨਿਭਣ ਦੀਆਂ ਕੋਸ਼ਿਸ਼ਾਂ ਅਕਾਲੀ ਦਲ ’ਤੇ ਕਾਬਜ਼ ਧੜੇ ਵੱਲੋਂ ਹੋ ਰਹੀਆਂ ਹਨ ਹਾਲਾਂਕਿ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਰਾਹੀਂ ਦਾਗ਼ੀਆਂ ਅਤੇ ਬਾਗ਼ੀਆਂ ਦੀ ਅਕਾਲੀ ਲਡਿਰਸ਼ਿਪ ਨੂੰ ਅਗਵਾਈ ਕਰਨ ਦੀ ਨੈਤਿਕਤਾ ਗੁਆ ਚੁੱਕੀ ਐਲਾਨ ਦਿੱਤਾ ਗਿਆ ਸੀ ਅਤੇ ਅਕਾਲੀ ਰੰਗ ਵਾਲੇ ਸਿਆਸੀ ਧੜਿਆਂ ਨੂੰ ਆਪੋ-ਆਪਣੀਆਂ ਦੁਕਾਨਾਂ ਸਮੇਟਣ ਵਾਸਤੇ ਕਿਹਾ ਗਿਆ ਸੀ। ਸੰਗਤੀ ਸਾਖ ਵਾਲੇ ਅਕਾਲੀ ਦਲ ਵਾਸਤੇ ਨਵੇਂ ਸਿਰਿਉਂ ਭਰਤੀ ਕਰਨ ਦੀ ਦੇਖ-ਰੇਖ ਵਾਸਤੇ 7 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਹੜੀ ਇਸ ਵੇਲੇ ਪੰਜ ਮੈਂਬਰੀ ਕਮੇਟੀ ਦੇ ਰੂਪ ਵਿੱਚ, ਹੁਣ ਹੋ ਰਹੀ ਭਰਤੀ ਦੀ ਨਜ਼ਰਸਾਨੀ ਕਰ ਰਹੀ ਹੈ। ਅਕਾਲੀਆਂ ਵੱਲੋਂ ਮਿਲ ਰਿਹਾ ਉਤਸ਼ਾਹੀ ਹੁੰਗਾਰਾ, ਪੰਜਾਬ ਨੂੰ ਸੂਬਾਈ ਪਾਰਟੀ ਦੀ ਲੋੜ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਨਾਲ ਖਾੜਕੂ ਸਿਆਸਤ ਦੇ ਮੁਦਈਆਂ ਵਿਚਕਾਰ ਹਿੱਲਜੁਲ ਸ਼ੁਰੂ ਹੋ ਗਈ ਹੈ। ਖਾੜਕੂ ਸਿਆਸਤ ਦੇ ਮੁਦਈ ਅਕਾਲੀ ਰੰਗਾਂ ਵਿੱਚ ਅਕਾਲੀ ਦਲ ਮਾਨ ਅਤੇ ਅਕਾਲੀ ਦਲ ਅੰਮ੍ਰਿਤਪਾਲ ਮੁੱਖ ਹਨ। ਇਨ੍ਹਾਂ ਦੋਹਾਂ ਨੂੰ ਖਾੜਕੂ ਦਾਨਸ਼ਵਰ ਇਕੱਠੇ ਕਰ ਕੇ ਪੰਜਾਬ ਦੀ ਥਾਂ ਦੁਨੀਆਂ ਭਰ ਦੇ ਸਿੱਖਾਂ ਨੂੰ ਲੋੜੀਂਦੇ ਅਕਾਲੀ ਦਲ ਵਾਂਗ ਸਾਹਮਣੇ ਲਿਆਉਣਾ ਚਾਹੁੰਦੇ ਹਨ ਪਰ ਅਕਾਲੀ ਦਲ ਨੂੰ ਅਕਾਲੀ ਦੁਕਾਨਾਂ ਵਾਂਗ ਚਲਾਏ ਜਾਣ ਦੀ ਸਿਆਸਤ ਤੋਂ ਉਪਰ ਉੱਠ ਕੇ ਪੰਥਕ ਸੁਰ ’ਤੇ ਪਹਿਰਾ ਦੇ ਸਕਣ ਦੀ ਸਿਆਸਤ ਦੀਆਂ ਸੰਭਾਵਨਾਵਾਂ ਕਿਧਰੇ ਨਜ਼ਰ ਨਹੀਂ ਆਉਂਦੀਆਂ। ਪਿਛਲੇ ਦਿਨਾਂ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਮ ’ਤੇ ਪਹਿਲਾਂ ਜਨਮ ਦਿਨ ’ਤੇ ਅਤੇ ਫ਼ਿਰ ਪਹਿਲੀ ਅਪ੍ਰੈਲ ਨੂੰ ਬਰਸੀ ’ਤੇ ਜਿਸ ਤਰ੍ਹਾਂ ਬਾਦਲਕਿਆਂ ਤੋਂ ਬਿਨਾਂ ਅਕਾਲੀ ਦਲ ਦੇ ਬਹੁਤੇ ਰੰਗ ਜੁੜ ਕੇ ਬੈਠੇ ਸਨ, ਉਸ ਨਾਲ ਟੌਹੜਾ ਸ਼ੈਲੀ ਵਿੱਚ ਅਕਾਲੀ ਦਲ ਦੇ ਬਹੁਤੇ ਰੰਗਾਂ ਨੂੰ ਇੱਕ ਪਲੈਟਫ਼ਾਰਮ ’ਤੇ ਲਿਆਂਦਾ ਜਾ ਸਕਦਾ ਹੈ। ਟੌਹੜਾ ਸ਼ੈਲੀ ਇਹ ਹੈ ਕਿ ਅਕਾਲੀ ਦਲ ਦੇ ਦੁਕਾਨਨੁਮਾ ਧੜਿਆਂ ਦੀ ਥਾਂ ਸੰਗਤੀ ਸੁਰ ਵਿੱਚ ਸਰਬੱਤ ਦੇ ਭਲੇ ਵਾਲੀ ਅਕਾਲੀਅਤ ਵਾਸਤੇ ਅਗਵਾਈ ਕਰਨ ਦੇ ਮੌਕੇ ਤਲਾਸ਼ੇ ਜਾਣ। ਅਜਿਹੀ ਤਲਾਸ਼ ਦਾ ਮੁੱਦਾ ‘ਪੰਥ ਵਸੇ ਮੈਂ ਉਜੜਾਂ ਮਨ ਚਾਉ ਘਨੇਰਾ’ ਹੋਣਾ ਚਾਹੀਦਾ ਹੈ। ਇਸ ਨੂੰ ਸਿਆਸੀ ਨਾਅਰੇ ਵਾਂਗ ਵਰਤਣ ਦੀ ਥਾਂ ‘ਨਿਆਸਰਿਆਂ ਦੀ ਓਟ’ ਦੀ ਸਿਧਾਂਤਕੀ ਵਾਂਗ ਆਮ ਪੰਜਾਬੀ ਮਾਨਸਿਕਤਾ ਵਿੱਚ ਉਤਾਰੇ ਜਾਣ ਦੀ ਲੋੜ ਹੈ। ਅਕਾਲੀਅਤ, ਪੰਥਕ ਹੋ ਕੇ ਵੀ ਪੰਜਾਬੀਅਤ ਨੂੰ ਨਾਲ ਲੈ ਕੇ ਤੁਰਦੀ ਰਹੀ ਹੈ। ਅਕਾਲੀ ਸਿਆਸਤ ਵਿੱਚੋਂ ਇਹ ਭਾਵਨਾ ਖਾੜਕੂ ਦੌਰ ਵਿੱਚ ਕਿਰਨੀ ਸ਼ੁਰੂ ਹੋਈ ਸੀ ਅਤੇ ਉਹੀ ਅੱਜ ਤੱਕ ਗਲ ਪਏ ਢੋਲ ਵਾਂਗ ਲਟਕੀ ਜਾਂਦੀ ਹੈ। ਇਸ ਨਾਲੋਂ ਨਿਖੜ ਕੇ ਤੁਰ ਸਕਣ ਦਾ ਕਿਰਿਆਸ਼ੀਲ (ਪ੍ਰੋਐਕਟਿਵ) ਸਿਆਸੀ ਏਜੰਡਾ ਜਿੰਨਾ ਚਿਰ ਤਿਆਰ ਨਹੀਂ ਕਰਾਂਗੇ, ਓਨਾ ਚਿਰ ਖਾੜਕੂ ਸਿਆਸਤ ਦੀ ਚੂਲ ਪ੍ਰਤੀਕਿਰਿਆਸ਼ੀਲ (ਰਿਐਕਟਿਵ) ਏਜੰਡੇ ਦੀ ਸਿਆਸੀ ਹੋਣੀ ਭੁਗਤਣੀ ਪਵੇਗੀ। ਪੰਜਾਬ ਦੀ ਸਿਆਸਤ ਵਿੱਚ ਵਿਚਰਦੇ ਸਿਆਸਤਦਾਨਾਂ ਦੇ ਧਿਆਨ ਵਿੱਚ ਇਹ ਰਹਿਣਾ ਚਾਹੀਦਾ ਹੈ ਕਿ ਜਿਵੇਂ ਪੰਜਾਬ ਦੀ ਕਮਿਊਨਿਸਟ ਸਿਆਸਤ ਨੂੰ ਨਕਸਲਬਾੜੀ ਸਿਆਸਤ ਨੇ ਅਪ੍ਰਸੰਗਕ ਕੀਤਾ ਹੋਇਆ ਹੈ, ਉਸੇ ਤਰ੍ਹਾਂ ਅਕਾਲੀ ਸਿਆਸਤ ਨੂੰ ਖਾੜਕੂ ਸਿਆਸਤ ਨੇ ਅਪ੍ਰਸੰਗਕ ਕੀਤਾ ਹੋਇਆ ਹੈ। ਇਸ ਨੂੰ ਨਹੀਂ ਸਮਝਾਂਗੇ ਤਾਂ ਮਿਲੀ ਹੋਈ ਸਥਿਤੀ ਵਿੱਚ ਸ਼ਾਹ ਮੁਹੰਮਦ ਦੀ ਇਹ ਗੱਲ ਸਿਆਸੀ ਸਚਾਈ ਵਾਂਗ ਯਾਦ ਰੱਖਣੀ ਪਵੇਗੀ ਕਿ ‘ਘਰੋਂ ਗਏ ਫ਼ਿਰੰਗੀ ਦੇ ਮਾਰਨੇ ਨੂੰ ਸਗੋਂ ਕੁੰਜੀਆਂ ਹੱਥ ਫ਼ੜਾ ਆਏ’।

Loading