ਸਮੇਂ ਅਨੁਸਾਰ ਬਦਲ ਗਿਆ ਭਾਰਤੀਆਂ ਦਾ ਖਾਣ-ਪੀਣ

In ਖਾਸ ਰਿਪੋਰਟ
March 14, 2025
ਬਚਪਨ ਦੀਆਂ ਯਾਦਾਂ ਅਤੇ ਤਿਉਹਾਰਾਂ ਦੀਆਂ ਤਿਆਰੀਆਂ ਹਮੇਸ਼ਾ ਦਿਲ ਨੂੰ ਛੂਹਣ ਵਾਲੀਆਂ ਹੁੰਦੀਆਂ ਹਨ। ਮਾਂ ਹਫ਼ਤਾ ਕੁ ਪਹਿਲਾਂ ਤੋਂ ਹੀ ਇਸ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੀ ਸੀ। ਸਵੇਰ ਤੋਂ ਹੀ ਕੜਾਹੀ ਵਿੱਚ ਕਦੇ ਨਮਕੀਨ ਤਲਦੀ ਤੇ ਕਦੇ ਦਹੀਂ-ਪਕੌੜੇ ਬਣ ਰਹੇ ਹੁੰਦੇ। ਕਾਂਜੀ ਬਣਾਈ ਜਾ ਚੁੱਕੀ ਹੁੰਦੀ ਸੀ ਤੇ ਗੁਜੀਆ ਬਣਾਉਣ ਲਈ ਪੂਰੀਆਂ ਬਣਾ ਕੇ ਉਨ੍ਹਾਂ ’ਚ ਨਾਰੀਅਲ, ਕਿਸ਼ਮਿਸ਼, ਚਿਰੌਂਜੀ ਅਤੇ ਖੰਡ ਮਿਲਾ ਕੇ ਗੁਜੀਆ ਭਰਨ ਦੀ ਤਿਆਰੀ ਕੀਤੀ ਜਾ ਰਹੀ ਹੁੰਦੀ ਸੀ। ਸ਼ਾਮ ਨੂੰ ਅਕਸਰ ਗੁਆਂਢ ਦੀਆਂ ਕਈ ਔਰਤਾਂ ਮਾਂ ਦੀ ਮਦਦ ਕਰਨ ਆ ਜਾਂਦੀਆਂ ਸਨ। ਇਹ ਔਰਤਾਂ ਭਾਵੇਂ ਫੈਮਿਨਿਜ਼ਮ ਦੀਆਂ ਕਿਤਾਬਾਂ ਨਹੀਂ ਪੜ੍ਹੀਆਂ ਸਨ ਪਰ ਉਨ੍ਹਾਂ ਵਿੱਚ ਸਮੂਹਿਕਤਾ ਸੀ ਜੋ ਇੱਕ-ਦੂਜੇ ਦੀ ਮਦਦ ਕਰਦੀਆਂ ਸਨ। ਅੱਜ-ਕੱਲ੍ਹ ਸਭ ਕੁਝ ਬਾਜ਼ਾਰ ਦੇ ਹਵਾਲੇ ਹੈ, ਕਿਸੇ ਵੀ ਤਿਉਹਾਰ ’ਤੇ ਮਠਿਆਈਆਂ, ਨਮਕੀਨ ਆਮ ਤੌਰ ’ਤੇ ਬਾਜ਼ਾਰ ਤੋਂ ਹੀ ਲਿਆਏ ਜਾਂਦੇ ਹਨ। ਮੱਧ ਵਰਗ ਦੀਆਂ ਔਰਤਾਂ ਕੋਲ ਹੁਣ ਇੰਨਾ ਸਮਾਂ ਨਹੀਂ ਕਿ ਇਨ੍ਹਾਂ ਚੀਜ਼ਾਂ ਨੂੰ ਘਰ ਵਿੱਚ ਬਣਾਉਣ। ਜਦੋਂ ਸਭ ਕੁਝ ਬਾਜ਼ਾਰ ਵਿੱਚ ਉਪਲਬਧ ਹੈ ਤਾਂ ਘਰ ਵਿੱਚ ਬਣਾਉਣ ਦਾ ਝੰਜਟ ਕੌਣ ਲਵੇ। ਉਸ ਪੀੜ੍ਹੀ ਦੀਆਂ ਔਰਤਾਂ ਬਾਜ਼ਾਰ ਤੋਂ ਲਿਆਂਦੀਆਂ ਖਾਣ-ਪੀਣ ਦੀਆਂ ਚੀਜ਼ਾਂ ਪਸੰਦ ਨਹੀਂ ਕਰਦੀਆਂ ਸਨ। ਉਨ੍ਹਾਂ ਨੂੰ ਉਨ੍ਹਾਂ ਦੀ ਗੁਣਵੱਤਾ ’ਤੇ ਸ਼ੱਕ ਵੀ ਹੁੰਦਾ ਸੀ। ਉਸ ਸਮੇਂ ਬਾਜ਼ਾਰ ਵਿੱਚ ਗੁਜੀਆ ਮਿਲਦਾ ਵੀ ਨਹੀਂ ਸੀ। ਹਰ ਘਰ ਵਿੱਚ ਇਸ ਨੂੰ ਬਣਾਉਣ ਦੇ ਤਰੀਕੇ ਵੀ ਵੱਖੋ-ਵੱਖਰੇ ਹੁੰਦੇ ਸਨ। ਭਾਰਤੀ ਖਾਣ-ਪੀਣ ਵਿੱਚ ਇੰਨੀ ਵਖਰੇਵਾਂ ਹੈ ਕਿ ਹੈਰਾਨੀ ਹੁੰਦੀ ਹੈ। ਹਰ ਘਰ ਦੇ ਖਾਣੇ ਵਿੱਚ ਵੱਖਰਾ ਸਵਾਦ ਹੁੰਦਾ ਹੈ। ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਮਸਾਲਿਆਂ ਨਾਲ ਭਰੀ ਰਸੋਈ ਹਰ ਘਰ ਦਾ ਮੈਡੀਕਲ ਸਟੋਰ ਹੁੰਦੀ ਹੈ। ਪਹਿਲਾਂ ਛੋਟੀਆਂ-ਮੋਟੀਆਂ ਬਿਮਾਰੀਆਂ ਤਾਂ ਘਰੇਲੂ ਇਲਾਜ ਨਾਲ ਹੀ ਠੀਕ ਹੋ ਜਾਂਦੀਆਂ ਸਨ ਪਰ ਬਦਲੇ ਸਮੇਂ ਨੇ ਸਾਡੇ ਖਾਣ-ਪੀਣ ਦੇ ਤਰੀਕਿਆਂ ਨੂੰ ਬਦਲ ਦਿੱਤਾ ਹੈ। ਸਥਾਨਕ ਖਾਣ-ਪੀਣ ਅਤੇ ਚੀਜ਼ਾਂ ਗਾਇਬ ਹੁੰਦੀਆਂ ਜਾ ਰਹੀਆਂ ਹਨ। ਗੰਨੇ ਦੇ ਮੌਸਮ ਵਿੱਚ ਗੰਨੇ ਦੇ ਰਸ ਦੀ ਖੀਰ ਬਣਾਈ ਜਾਂਦੀ ਸੀ। ਮੱਠੀ ਜਿਹੀ ਅੱਗ ਬਾਲ ਕੇ ਚੌਲ ਬਣਾਏ ਤੇ ਖੰਡ ਮਿਲਾ ਕੇ ਖਾਂਦੇ ਸਨ। ਪਿੰਡਾਂ ਵਿੱਚ ਸਵੇਰੇ-ਸਵੇਰੇ ਕਿਸਾਨ ਲੱਸੀ ਪੀ ਕੇ ਅਤੇ ਗੁੜ ਖਾ ਕੇ ਖੇਤਾਂ ਵਿੱਚ ਕੰਮ ਕਰਨ ਚਲੇ ਜਾਂਦੇ ਸਨ ਪਰ ਪੱਛਮੀ ਰਹਿਣ-ਸਹਿਣ ਦੀ ਨਕਲ ਕਰਦੇ ਹੋਏ ਅਸੀਂ ਹੁਣ ਉੱਥੋਂ ਦੇ ਖਾਣ-ਪੀਣ ਦੀ ਵੀ ਨਕਲ ਕਰਨ ਲੱਗੇ ਹਾਂ। ਉਹੀ ਸਾਨੂੰ ਸਭ ਤੋਂ ਵਧੀਆ ਲੱਗਦਾ ਹੈ। ਉਸੇ ਨਾਲ ਸਾਡੀ ਹੈਸੀਅਤ ਦਿਖਦੀ ਹੈ। ਸਿਹਤ ਲਈ ਉਹ ਠੀਕ ਹੈ ਵੀ ਜਾਂ ਨਹੀਂ, ਇਸ ਦੀ ਪਰਵਾਹ ਕੋਈ ਨਹੀਂ ਕਰਦਾ। ਕੁਝ ਸਾਲ ਪਹਿਲਾਂ ਇੱਕ ਵਿਦੇਸ਼ੀ ਰਸਾਲੇ ਨੇ ਲਿਖਿਆ ਸੀ ਕਿ ਭਾਰਤੀ ਖਾਣਾ ਸਾਫ਼-ਸੁਥਰੇ ਢੰਗ ਨਾਲ ਬਣਾਇਆ ਜਾਂਦਾ ਹੈ ਅਤੇ ਇਹ ਸਿਹਤ ਲਈ ਵੀ ਬਹੁਤ ਵਧੀਆ ਹੈ। ਸਾਡੇ ਕੋਲ ਇੰਨੇ ਤਰ੍ਹਾਂ ਦੇ ਪੀਣ ਵਾਲੇ ਪਦਾਰਥ ਅਤੇ ਠੰਢਾਈ ਉਪਲਬਧ ਹਨ ਪਰ ਹੁਣ ਕਾਰਬੋਨੇਟੇਡ ਡ੍ਰਿੰਕਸ ਦੇ ਸਾਹਮਣੇ ਨਾ ਇਨ੍ਹਾਂ ਨੂੰ ਕੋਈ ਪੁੱਛਦਾ ਹੈ, ਨਾ ਹੀ ਇਹ ਕਿਤੇ ਮਿਲਦੇ ਹਨ। ਇੱਥੋਂ ਤੱਕ ਕਿ ਦੂਰ-ਦਰਾਜ ਦੇ ਪਿੰਡਾਂ ਵਿੱਚ ਵੀ ਨਹੀਂ। ਕੁਝ ਸਾਲ ਪਹਿਲਾਂ ਮੇਰਾ ਇਕ ਜਾਣਕਾਰ ਬਿਹਾਰ ਦੇ ਇੱਕ ਪਿੰਡ ਵਿੱਚ ਗਿਆ ਸੀ। ਉੱਥੇ ਉਸ ਨੇ ਭੂੰਜਾ ਖਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਪਿੰਡ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਇੱਕ ਮਿੱਤਰ-ਪਿਆਰੇ ਨੇ ਕਿਹਾ ਕਿ ਵਾਹ ਜੀ-ਵਾਹ, ਤੁਸੀਂ ਤਾਂ ਦਿੱਲੀ ਵਿੱਚ ਰਹਿ ਕੇ ਪਿਜ਼ਾ, ਬਰਗਰ, ਮੋਮੋਜ਼ ਖਾਓ ਅਤੇ ਸਾਡੇ ਤੋਂ ਉਮੀਦ ਕਰਦੇ ਹੋ ਕਿ ਅਸੀਂ ਭੂੰਜਾ ਹੀ ਖਾਂਦੇ ਰਹੀਏ। ਰੁਜੁਤਾ ਦਿਵੇਕਰ ਇੱਕ ਬਹੁਤ ਮਸ਼ਹੂਰ ਖਾਣ-ਪੀਣ ਬਾਰੇ ਮਾਹਰ ਅਤੇ ਡਾਇਟੀਸ਼ੀਅਨ ਹੈ। ਉਸ ਨੇ ਇੰਡੀਅਨ ਸੁਪਰ ਫੂਡਜ਼ ’ਤੇ ਇੱਕ ਪੁਸਤਕ ਲਿਖੀ ਹੈ। ਉਹ ਕਹਿੰਦੀ ਹੈ ਕਿ ਜਦੋਂ ਵੀ ਤੁਸੀਂ ਕੁਝ ਖਾਓ ਤਾਂ ਸੋਚੋ ਕਿ ਕੀ ਤੁਹਾਡੀ ਨਾਨੀ ਅਤੇ ਦਾਦੀ ਇਨ੍ਹਾਂ ਚੀਜ਼ਾਂ ਨੂੰ ਖਾਂਦੀਆਂ ਸਨ? ਜੇ ਨਹੀਂ, ਤਾਂ ਤੁਸੀਂ ਵੀ ਉਨ੍ਹਾਂ ਨੂੰ ਅਲਵਿਦਾ ਕਹਿ ਦਿਉ। ਉਸ ਦਾ ਮੰਨਣਾ ਹੈ ਕਿ ਉਹੀ ਖਾਓ ਜੋ ਤੁਸੀਂ ਖਾਂਦੇ ਰਹੇ ਹੋ ਕਿਉਂਕਿ ਉਸ ਦਾ ਤੁਹਾਡੇ ਜੀਨਜ਼ ਨਾਲ ਬਹੁਤ ਸਬੰਧ ਹੈ। ਉਹ ਨਾਸ਼ਤੇ ਵਿੱਚ ਇਡਲੀ, ਪੋਹਾ, ਪਰੌਂਠਾ ਖਾਣ ਦੀ ਸਲਾਹ ਦਿੰਦੀ ਹੈ। ਉਸ ਦਾ ਮੰਨਣਾ ਹੈ ਕਿ ਜੋ ਸੁਆਦ ਨਾ ਲੱਗੇ, ਉਸ ਨੂੰ ਨਹੀਂ ਖਾਣਾ ਚਾਹੀਦਾ ਕਿਉਂਕਿ ਸਾਡਾ ਪੇਟ ਇੱਕ ਦੂਜਾ ਦਿਮਾਗ ਹੁੰਦਾ ਹੈ। ਅਸੀਂ ਕੀ ਖਾਂਦੇ ਹਾਂ, ਇਸ ਦਾ ਸਬੰਧ ਸਾਡੇ ਦਿਮਾਗ ਨਾਲ ਹੈ। ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਜੀਵਨ ਤੋਂ ਘਿਉ ਲਗਪਗ ਗਾਇਬ ਹੋ ਗਿਆ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਘਿਉ ਨੂੰ ਮੋਟਾਪੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਤਰ੍ਹਾਂ-ਤਰ੍ਹਾਂ ਦੇ ਰੋਗਾਂ ਨੂੰ ਵਧਾਉਣ ਵਾਲਾ ਦੱਸਿਆ ਜਾਂਦਾ ਹੈ ਪਰ ਰੁਜੁਤਾ ਇਸ ਨੂੰ ਸੁਪਰ ਫੂਡ ਕਹਿੰਦੀ ਹੈ। ਹੁਣ ਤਾਂ ਬਹੁਤ ਸਾਰੇ ਡਾਕਟਰ ਵੀ ਕਹਿੰਦੇ ਹਨ ਕਿ ਭੋਜਨ ਵਿੱਚ ਘਿਉ ਜ਼ਰੂਰੀ ਹੈ। ਸੈਂਕੜੇ ਸਾਲਾਂ ਤੋਂ ਘਿਉ ਸਾਡੇ ਜੀਵਨ ਦਾ ਹਿੱਸਾ ਰਿਹਾ ਹੈ ਪਰ ਕਿਉਂਕਿ ਇਸ ਦੇ ਪਿੱਛੇ ਕੋਈ ਵੱਡਾ ਉਦਯੋਗ ਨਹੀਂ ਖੜ੍ਹਾ ਸੀ, ਇਸ ਲਈ ਇਸ ਨੂੰ ਖਾਣ-ਪੀਣ ਤੋਂ ਬੇਦਖ਼ਲ ਕਰ ਦਿੱਤਾ ਗਿਆ। ਇੱਕ ਸਮਾਂ ਸੀ ਜਦੋਂ ਰਿਫਾਇੰਡ ਤੇਲ ਨੂੰ ਸਿਹਤ ਲਈ ਬਹੁਤ ਵਧੀਆ ਦੱਸਿਆ ਜਾਂਦਾ ਸੀ ਪਰ ਹੁਣ ਇਸ ਦਾ ਵਿਰੋਧ ਵੱਡੇ ਪੱਧਰ ’ਤੇ ਹੋ ਰਿਹਾ ਹੈ। ਕਦੇ-ਕਿਤੇ ਲਿਖਿਆ ਵੇਖਿਆ ਸੀ ਕਿ ਰਿਫਾਇੰਡ ਤੇਲ ਕਦੇ ਨਾ ਖਾਓ ਕਿਉਂਕਿ ਇਸ ਵਿੱਚ 99 ਪ੍ਰਤੀਸ਼ਤ ਕੈਲੋਰੀਜ਼ ਹੁੰਦੀਆਂ ਹਨ। ਹਰ ਤਿਉਹਾਰ ’ਤੇ ਜੋ ਪਕਵਾਨ ਬਣਾਏ ਜਾਂਦੇ ਹਨ, ਉਨ੍ਹਾਂ ਨੂੰ ਖਾਣ-ਪੀਣ ਦੇ ਆਪਣੇ ਤਰਕ ਹੁੰਦੇ ਹਨ। ਹੋਲੀ ਨੂੰ ਹੀ ਲੈ ਲਓ। ਪਹਿਲਾਂ ਇਸ ਮੌਕੇ ਜ਼ਿਆਦਾਤਰ ਘਰਾਂ ਵਿੱਚ ਗਾਜਰ, ਘੀਏ ਆਦਿ ਦੀ ਕਾਂਜੀ ਉਪਲਬਧ ਹੁੰਦੀ ਸੀ। ਪਕਵਾਨ ਦੇ ਨਾਲ ਭੋਜਨ ਵਿੱਚ ਇਸ ਨੂੰ ਵੀ ਪਰੋਸਿਆ ਜਾਂਦਾ ਸੀ ਕਿਉਂਕਿ ਪੂਰੀ-ਪਕਵਾਨ ਵਰਗੇ ਤਲੇ ਹੋਏ ਭੋਜਨ ਨੂੰ ਪਚਾਉਣ ਵਿੱਚ ਇਸ ਨੂੰ ਸਹਾਇਕ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਤਰ੍ਹਾਂ ਦੇ ਪਕਵਾਨ ਕਦੇ-ਕਦਾਈਂ ਹੀ ਬਣਦੇ ਸਨ। ਇਸ ਦਾ ਕਾਰਨ ਇਹ ਸੀ ਕਿ ਇਨ੍ਹਾਂ ਨੂੰ ਰੋਜ਼ ਨਹੀਂ ਖਾਧਾ ਜਾ ਸਕਦਾ। ਅੱਜ ਇਸ ਤਰ੍ਹਾਂ ਦੇ ਤਲੇ ਹੋਏ, ਵਧੇਰੇ ਚਰਬੀ ਵਾਲੇ ਪਦਾਰਥ ਰੋਜ਼ ਦੇ ਖਾਣ-ਪੀਣ ਦਾ ਹਿੱਸਾ ਹਨ ਤੇ ਇਨ੍ਹਾਂ ਵਿੱਚ ਘਿਉ ਦਾ ਇਸਤੇਮਾਲ ਨਹੀਂ ਹੁੰਦਾ। ਤੇਲ ਦਾ ਇਸਤੇਮਾਲ ਹੁੰਦਾ ਹੈ ਜੋ ਸਰੀਰ ਲਈ ਹਾਨੀਕਾਰਕ ਹੈ। ਭਾਰਤੀ ਖਾਣ-ਪੀਣ ਵਿੱਚ ਇੱਕ ਤਰ੍ਹਾਂ ਦਾ ਸੰਤੁਲਨ ਹੈ। ਬੀਤੇ ਸਮੇਂ ਵਿੱਚ ਘਰ ਦੀਆਂ ਔਰਤਾਂ ਦੀ ਪਹਿਲੀ ਚਿੰਤਾ ਪੂਰੇ ਪਰਿਵਾਰ ਦੀ ਸਿਹਤ ਹੀ ਹੁੰਦੀ ਸੀ। ਇਸ ਲਈ ਖਾਣਾ ਉਹ ਪੱਕਦਾ ਸੀ ਜੋ ਸੁਆਦੀ ਵੀ ਹੋਵੇ ਅਤੇ ਸਿਹਤ ਲਈ ਵੀ ਸਹੀ ਹੋਵੇ। ਸਮਾਂ ਆ ਗਿਆ ਹੈ ਕਿ ਭਾਰਤੀ ਖਾਣ-ਪੀਣ ਦੀਆਂ ਖ਼ਾਸੀਅਤਾਂ ਨੂੰ ਦੇਖਦੇ ਹੋਏ ਉਸ ਨੂੰ ਸੈਲੀਬ੍ਰੇਟ ਕੀਤਾ ਜਾਵੇ ਅਤੇ ਉਸ ਦੀ ਮਹੱਤਤਾ ਨੂੰ ਸਮਝਿਆ ਜਾਵੇ। -ਕਸ਼ਮਾ ਸ਼ਰਮਾ -(ਲੇਖਿਕਾ ਸਾਹਿਤਕਾਰ ਹੈ)।

Loading