ਸਮੇਂ ਅਨੁਸਾਰ ਬਾਲੀਵੁੱਡ ਵਿੱਚ ਆਇਆ ਵੱਡਾ ਬਦਲਾਓ

ਬਲਵਿੰਦਰ ਕੌਰ

ਹਿੰਦੀ ਸਿਨੇਮਾ ਲੰਮੇ ਸਮੇਂ ਤੱਕ ਹੀਰੋ-ਪ੍ਰਧਾਨ ਰਿਹਾ ਹੈ। ਕਹਾਣੀਆਂ ਵਿੱਚ ਅਕਸਰ ਕੇਂਦਰ ਵਿੱਚ ਹੀਰੋ ਹੀ ਹੁੰਦਾ ਸੀ ਅਤੇ ਹੀਰੋਇਨ ਦੀ ਭੂਮਿਕਾ ਜ਼ਿਆਦਾਤਰ ਸਿਰਫ਼ ਸਹਾਇਕ ਜਾਂ ਰੁਮਾਂਟਿਕ ਤੱਤ ਤੱਕ ਹੀ ਸੀਮਿਤ ਰਹਿੰਦੀ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਇਸ ਰੁਝਾਨ ਵਿੱਚ ਵੱਡਾ ਬਦਲਾਅ ਆਇਆ ਹੈ। ਹੁਣ ਕਈ ਅਜਿਹੀਆਂ ਫ਼ਿਲਮਾਂ ਬਣ ਰਹੀਆਂ ਹਨ ਜਿਨ੍ਹਾਂ ਵਿੱਚ ਕਹਾਣੀ ਦਾ ਕੇਂਦਰ ਇੱਕ ਮਜ਼ਬੂਤ ਮਹਿਲਾ ਕਿਰਦਾਰ ਹੁੰਦਾ ਹੈ ਅਤੇ ਇਹ ਫ਼ਿਲਮਾਂ ਬਾਕਸ ਆਫ਼ਿਸ ’ਤੇ ਵੀ ਕਾਮਯਾਬੀ ਹਾਸਲ ਕਰ ਰਹੀਆਂ ਹਨ।
ਇਸ ਪੱਖੋਂ ਸਾਲ 2026 ਦੀ ਸ਼ੁਰੂਆਤ ਕਾਫ਼ੀ ਵਧੀਆ ਰਹੀ ਹੈ। ਤਾਪਸੀ ਪੰਨੂੰ ਦੀ ‘ਅੱਸੀ’ ਅਤੇ ਰਾਣੀ ਮੁਖਰਜੀ ਦੀ ‘ਮਰਦਾਨੀ 3’ ਨੇ ਇਹ ਸਾਬਤ ਕਰ ਦਿੱਤਾ ਕਿ ਮਹਿਲਾ ਕੇਂਦਰਿਤ ਕਹਾਣੀਆਂ ਵੀ ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿੱਚ ਖਿੱਚ ਕੇ ਲਿਆਉਣ ਦਾ ਮਾਦਾ ਰੱਖਦੀਆਂ ਹਨ। ਅਜਿਹੀਆਂ ਫ਼ਿਲਮਾਂ ਹੁਣ ਛੋਟੇ ਸਿਨਮਾ ਦਾ ਹਿੱਸਾ ਨਹੀਂ ਰਹੀਆਂ, ਬਲਕਿ ਟਿਕਟ ਖਿੜਕੀ ’ਤੇ ਮਜ਼ਬੂਤ ਦਾਅਵੇਦਾਰੀ ਵੀ ਪੇਸ਼ ਕਰ ਰਹੀਆਂ ਹਨ।
ਪਿਛਲੇ ਦੌਰ ਵਿੱਚ ਦੇਖਿਆ ਗਿਆ ਕਿ ਭਾਰਤੀ ਸਿਨੇਮਾ ’ਤੇ ਮਰਦ ਅਦਾਕਾਰਾਂ ਅਤੇ ਵੱਡੇ ਪੱਧਰ ਦੀਆਂ ਫ਼ਿਲਮਾਂ ਦਾ ਦਬਦਬਾ ਰਿਹਾ ਹੈ। ਜਿਵੇਂ ‘ਪੁਸ਼ਪਾ’, ‘ਪਠਾਨ’ ਅਤੇ ‘ਕੇਜੀਐੱਫ਼’ ਵਰਗੀਆਂ ਫ਼ਿਲਮਾਂ ਨੇ ਹੀਰੋ ਨੂੰ ਹੀ ਮਜ਼ਬੂਤ ਕੀਤਾ ਹੈ, ਪਰ ਹੁਣ ਦਰਸ਼ਕਾਂ ਦੀ ਪਸੰਦ ਵਿੱਚ ਤਬਦੀਲੀ ਸਾਫ਼ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਮਹਿਲਾ ਕੇਂਦਰਿਤ ਫ਼ਿਲਮਾਂ ਨੇ ਹੌਲੀ ਹੌਲੀ ਆਪਣੀ ਭਰੋਸੇਯੋਗ ਜਗ੍ਹਾ ਬਣਾਈ ਹੈ।
ਤਾਪਸੀ ਨੇ ‘ਪਿੰਕ’, ‘ਥੱਪੜ’, ‘ਬਦਲਾ’ ਅਤੇ ‘ਨਾਮ ਸ਼ਬਾਨਾ’ ਵਰਗੀਆਂ ਫ਼ਿਲਮਾਂ ਨਾਲ ਲਗਾਤਾਰ ਇਹ ਸਾਬਤ ਕੀਤਾ ਹੈ ਕਿ ਮਹਿਲਾ ਲੀਡ ਸਿਨੇਮਾ ਵੀ ਦਰਸ਼ਕਾਂ ਨੂੰ ਥੀਏਟਰਾਂ ਵੱਲ ਖਿੱਚ ਕੇ ਲਿਆ ਸਕਦਾ ਹੈ। ਰਾਣੀ ਮੁਖਰਜੀ ਦੀ ‘ਮਰਦਾਨੀ’ ਫ਼੍ਰੈਂਚਾਈਜ਼ ਨੇ ਵੀ ਸਾਬਤ ਕੀਤਾ ਕਿ ਇੱਕ ਮਜ਼ਬੂਤ ਮਹਿਲਾ ਕਿਰਦਾਰ ਲੰਮੇ ਸਮੇਂ ਤੱਕ ਦਰਸ਼ਕਾਂ ਨਾਲ ਜੁੜਿਆ ਰਹਿ ਸਕਦਾ ਹੈ। ਹੁਣ ਫ਼ਿਲਮਸਾਜ਼ ਵੀ ਅਜਿਹੀਆਂ ਕਹਾਣੀਆਂ ’ਤੇ ਪੈਸਾ ਲਾਉਣ ਤੋਂ ਝਿਜਕ ਨਹੀਂ ਰਹੇ, ਸਗੋਂ ਇਸ ਨੂੰ ਸੁਰੱਖਿਅਤ ਮੰਨ ਰਹੇ ਹਨ। ਇਸ ਤੋਂ ਸਾਫ਼ ਹੈ ਕਿ ਹੁਣ ਅਭਿਨੇਤਰੀਆਂ ਵੀ ਆਪਣੇ ਦਮ ’ਤੇ ਸਫ਼ਲਤਾ ਦੇ ਨਵੇਂ ਮਿਆਰ ਸੈੱਟ ਕਰ ਰਹੀਆਂ ਹਨ। ਅਜਿਹਾ ਨਹੀਂ ਕਿ ਮਹਿਲਾ ਕੇਂਦਰਿਤ ਫ਼ਿਲਮਾਂ ਹੋਰ ਵੱਡੀਆਂ ਫ਼ਿਲਮਾਂ ਦੀ ਜਗ੍ਹਾ ਨਹੀਂ ਲੈ ਰਹੀਆਂ, ਬਲਕਿ ਸਿਨੇਮਾ ਦੇ ਦਾਇਰੇ ਨੂੰ ਵਧਾ ਵੀ ਰਹੀਆਂ ਹਨ।
‘ਮਰਦਾਨੀ’ ਇੱਕ ਮਹਿਲਾ ਪੁਲਿਸ ਅਫ਼ਸਰ ਦੀ ਕਹਾਣੀ ਹੈ ਜੋ ਮਨੁੱਖੀ ਤਸਕਰੀ ਦੇ ਗਿਰੋਹ ਨਾਲ ਟੱਕਰ ਲੈਂਦੀ ਹੈ। ਫ਼ਿਲਮ ਵਿੱਚ ਇੱਕ ਮਜ਼ਬੂਤ ਅਤੇ ਨਿਡਰ ਮਹਿਲਾ ਦੇ ਅਕਸ ਨੂੰ ਦਿਖਾਇਆ ਗਿਆ ਹੈ ਜਿਸ ਨੇ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਇਸ ਦਾ ਦੂਜਾ ਅਤੇ ਤੀਜਾ ਭਾਗ ਵੀ ਬਣਿਆ, ਜੋ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਦਰਸ਼ਕ ਅਜਿਹੀਆਂ ਕਹਾਣੀਆਂ ਨੂੰ ਸਵੀਕਾਰ ਕਰ ਰਹੇ ਹਨ।
ਇਸੇ ਤਰ੍ਹਾਂ ‘ਥੱਪੜ’ ਇੱਕ ਬਿਲਕੁਲ ਵੱਖਰੇ ਵਿਸ਼ੇ ’ਤੇ ਆਧਾਰਿਤ ਫ਼ਿਲਮ ਹੈ। ਇਸ ਵਿੱਚ ਇੱਕ ਔਰਤ ਆਪਣੇ ਪਤੀ ਵੱਲੋਂ ਮਾਰੇ ਗਏ ਇੱਕ ਥੱਪੜ ਨੂੰ ਸਿਰਫ਼ ਇੱਕ ਛੋਟੀ ਘਟਨਾ ਮੰਨ ਕੇ ਭੁੱਲਣ ਦੀ ਬਜਾਏ ਆਪਣੇ ਆਤਮ-ਸਨਮਾਨ ਦੀ ਲੜਾਈ ਬਣਾਉਾਂਦੀਹੈ। ਇਹ ਫ਼ਿਲਮ ਘਰੇਲੂ ਰਿਸ਼ਤਿਆਂ ਵਿੱਚ ਸਨਮਾਨ ਦੀ ਮਹੱਤਤਾ ਨੂੰ ਬਹੁਤ ਸੰਵੇਦਨਸ਼ੀਲ ਢੰਗ ਨਾਲ ਦਰਸਾਉਂਦੀ ਹੈ। ਭਾਵੇਂ ਇਹ ਫ਼ਿਲਮ ਮਸਾਲੇਦਾਰ ਨਹੀਂ ਸੀ, ਪਰ ਇਸ ਦੀ ਕਹਾਣੀ ਅਤੇ ਸੰਦੇਸ਼ ਨੇ ਦਰਸ਼ਕਾਂ ਅਤੇ ਸਮੀਖਿਆਕਾਰਾਂ ਦੋਵਾਂ ਨੂੰ ਪ੍ਰਭਾਵਿਤ ਕੀਤਾ।
ਇਸ ਬਦਲਾਅ ਪਿੱਛੇ ਸਭ ਤੋਂ ਵੱਡਾ ਕਾਰਨ ਸਮਾਜ ਵਿੱਚ ਆ ਰਹੀ ਸੋਚ ਦੀ ਤਬਦੀਲੀ ਹੈ। ਅੱਜ ਦਾ ਦਰਸ਼ਕ ਵਰਗ ਖ਼ਾਸ ਕਰਕੇ ਨੌਜਵਾਨ ਅਜਿਹੀਆਂ ਕਹਾਣੀਆਂ ਦੇਖਣਾ ਚਾਹੁੰਦਾ ਹੈ ਜੋ ਹਕੀਕਤ ਨਾਲ ਜੁੜੀਆਂ ਹੋਣ ਅਤੇ ਜਿਨ੍ਹਾਂ ਵਿੱਚ ਔਰਤਾਂ ਦੀ ਆਤਮ-ਨਿਰਭਰਤਾ ਅਤੇ ਹੌਸਲੇ ਨੂੰ ਦਰਸਾਇਆ ਗਿਆ ਹੋਵੇ।
ਹੀਰੋਇਨ ਪ੍ਰਧਾਨ ਫ਼ਿਲਮਾਂ ਦੀ ਕਾਮਯਾਬੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦਰਸ਼ਕ ਹੁਣ ਸਿਰਫ਼ ਵੱਡੇ ਹੀਰੋ ਜਾਂ ਐਕਸ਼ਨ ’ਤੇ ਹੀ ਨਿਰਭਰ ਨਹੀਂ ਰਹੇ। ਇੱਕ ਮਜ਼ਬੂਤ ਕਹਾਣੀ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਵੀ ਫ਼ਿਲਮ ਵੱਡੀ ਕਾਮਯਾਬੀ ਹਾਸਲ ਕਰ ਸਕਦੀ ਹੈ। ਕਈ ਅਭਿਨੇਤਰੀਆਂ ਨੇ ਆਪਣੇ ਦਮ ’ਤੇ ਫ਼ਿਲਮਾਂ ਨੂੰ ਸਫ਼ਲ ਬਣਾ ਕੇ ਇਹ ਧਾਰਨਾ ਤੋੜ ਦਿੱਤੀ ਹੈ ਕਿ ਬਾਕਸ ਆਫ਼ਿਸ ’ਤੇ ਸਿਰਫ਼ ਹੀਰੋ ਹੀ ਫ਼ਿਲਮ ਚਲਾ ਸਕਦਾ ਹੈ।
ਇਸ ਰੁਝਾਨ ਨਾਲ ਹਿੰਦੀ ਸਿਨੇਮਾ ਵਿੱਚ ਕਹਾਣੀਆਂ ਦੀ ਵਿਭਿੰਨਤਾ ਵੀ ਵਧੀ ਹੈ। ਔਰਤਾਂ ਦੀ ਜ਼ਿੰਦਗੀ, ਸੰਘਰਸ਼, ਸੁਪਨੇ ਅਤੇ ਉਨ੍ਹਾਂ ਦੀ ਸਵੈ-ਪਛਾਣ ਵਰਗੇ ਵਿਸ਼ਿਆਂ ਨੂੰ ਹੁਣ ਵੱਧ ਤਰਜੀਹ ਮਿਲ ਰਹੀ ਹੈ। ਇਹ ਬਦਲਾਅ ਸਿਰਫ਼ ਮਨੋਰੰਜਨ ਤੱਕ ਹੀ ਸੀਮਿਤ ਨਹੀਂ, ਸਗੋਂ ਸਮਾਜ ਵਿੱਚ ਔਰਤਾਂ ਦੀ ਬਦਲਦੀ ਸਥਿਤੀ ਦਾ ਵੀ ਪ੍ਰਤੀਬਿੰਬ ਹੈ।
ਹਾਲਾਂਕਿ ਮਹਿਲਾ ਕੇਂਦਰਿਤ ਫ਼ਿਲਮਾਂ ਦਾ ਰੁਝਾਨ ਨਵਾਂ ਨਹੀਂ। ਪਹਿਲਾਂ ਵੀ ਅਜਿਹੀਆਂ ਕਈ ਫ਼ਿਲਮਾਂ ਬਣੀਆਂ ਹਨ ਜਿਨ੍ਹਾਂ ਨੇ ਮਜ਼ਬੂਤ ਮਹਿਲਾ ਕਿਰਦਾਰਾਂ ਨੂੰ ਪਰਦੇ ’ਤੇ ਪੇਸ਼ ਕੀਤਾ ਹੈ। ਉਦਾਹਰਣ ਵਜੋਂ ‘ਮਦਰ ਇੰਡੀਆ’ ਵਿੱਚ ਨਰਗਿਸ ਦਾ ਕਿਰਦਾਰ ਇੱਕ ਮਜ਼ਬੂਤ ਮਾਂ ਦੇ ਰੂਪ ਵਿੱਚ ਦਰਸਾਇਆ ਗਿਆ ਸੀ, ਜੋ ਆਪਣੇ ਸਿਧਾਤਾਂ ਲਈ ਆਪਣੇ ਹੀ ਪੁੱਤਰ ਦੇ ਖ਼ਿਲਾਫ਼ ਖੜ੍ਹੀ ਹੋ ਜਾਂਦੀ ਹੈ। ਇਸੇ ਤਰ੍ਹਾਂ ‘ਬੈਂਡਿਟ ਕੁਈਨ’ ਨੇ ਫ਼ੂਲਨ ਦੇਵੀ ਦੀ ਸੰਘਰਸ਼ ਭਰੀ ਜ਼ਿੰਦਗੀ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਪਰ ਉਹ ਸਮਾਂ ਅਜਿਹਾ ਸੀ ਜਦੋਂ ਅਜਿਹੀਆਂ ਫ਼ਿਲਮਾਂ ਅਕਸਰ ਆਰਟ ਜਾਂ ਸਮਾਜਿਕ ਸਿਨੇਮਾ ਦੀ ਸ਼੍ਰੇਣੀ ਵਿੱਚ ਆਉਾਂਦੀਆਂਸਨ ਅਤੇ ਵੱਡੇ ਪੱਧਰ ’ਤੇ ਟਿਕਟ ਖਿੜਕੀ ’ਤੇ ਕਾਮਯਾਬੀ ਹਾਸਲ ਕਰਨਾ ਮੁਸ਼ਕਿਲ ਹੁੰਦਾ ਸੀ।
ਨਵੇਂ ਦੌਰ ਵਿੱਚ ਸਥਿਤੀ ਬਦਲਦੀ ਨਜ਼ਰ ਆ ਰਹੀ ਹੈ। ਹੁਣ ਮਹਿਲਾ ਕੇਂਦਰਤ ਕਹਾਣੀਆਂ ਸਿਰਫ਼ ਸਮਾਜਿਕ ਸੰਦੇਸ਼ ਹੀ ਨਹੀਂ ਦੇ ਰਹੀਆਂ, ਸਗੋਂ ਵਪਾਰਕ ਤੌਰ ’ਤੇ ਵੀ ਕਾਮਯਾਬ ਹੋ ਰਹੀਆਂ ਹਨ। ਉਦਾਹਰਣ ਲਈ ‘ਕੁਈਨ’ ਇੱਕ ਅਜਿਹੀ ਫ਼ਿਲਮ ਸੀ ਜਿਸ ਵਿੱਚ ਇੱਕ ਕੁੜੀ ਆਪਣੇ ਟੁੱਟੇ ਵਿਆਹ ਤੋਂ ਬਾਅਦ ਆਪਣੇ ਆਪ ਨੂੰ ਖੋਜਣ ਲਈ ਇਕੱਲੀ ਵਿਦੇਸ਼ ਯਾਤਰਾ ’ਤੇ ਨਿਕਲਦੀ ਹੈ। ਇਸ ਫ਼ਿਲਮ ਨੇ ਨਾ ਸਿਰਫ਼ ਦਰਸ਼ਕਾਂ ਦਾ ਦਿਲ ਜਿੱਤਿਆ, ਸਗੋਂ ਟਿਕਟ ਖਿੜਕੀ ’ਤੇ ਵੀ ਕਾਫ਼ੀ ਕਾਮਯਾਬੀ ਹਾਸਲ ਕੀਤੀ। ਇਸੇ ਤਰ੍ਹਾਂ ‘ਕਹਾਨੀ’ ਵਿੱਚ ਇੱਕ ਗਰਭਵਤੀ ਮਹਿਲਾ ਦਾ ਆਪਣੇ ਪਤੀ ਦੀ ਖੋਜ ਲਈ ਕੀਤਾ ਗਿਆ ਸੰਘਰਸ਼ ਰੁਮਾਂਚਕ ਢੰਗ ਨਾਲ ਦਰਸਾਇਆ ਗਿਆ ਅਤੇ ਇਸ ਫ਼ਿਲਮ ਨੇ ਸ਼ਾਨਦਾਰ ਕਾਰੋਬਾਰ ਕੀਤਾ।
ਹੀਰੋਇਨ ਪ੍ਰਧਾਨ ਫ਼ਿਲਮਾਂ ਦੀ ਕਾਮਯਾਬੀ ਦੀ ਹੋਰ ਵੱਡੀ ਉਦਾਹਰਣ ‘ਰਾਜ਼ੀ’ ਫ਼ਿਲਮ ਹੈ, ਜਿਸ ਵਿੱਚ ਇੱਕ ਭਾਰਤੀ ਜਾਸੂਸ ਮਹਿਲਾ ਦੀ ਕਹਾਣੀ ਦਰਸਾਈ ਗਈ। ਇਸ ਫ਼ਿਲਮ ਨੇ ਵੱਡੀ ਕਮਾਈ ਕਰਕੇ ਫ਼ਿਰ ਇਹ ਸਾਬਤ ਕਰ ਦਿੱਤਾ ਕਿ ਮਹਿਲਾ ਕੇਂਦਰਿਤ ਕਹਾਣੀ ਵੀ ਵੱਡੇ ਪੱਧਰ ’ਤੇ ਦਰਸ਼ਕਾਂ ਨੂੰ ਖਿੱਚ ਸਕਦੀ ਹੈ। ਇਸੇ ਤਰ੍ਹਾਂ ‘ਗੰਗੂਬਾਈ ਕਾਠਿਆਵਾੜੀ’ ਵੀ ਇੱਕ ਮਜ਼ਬੂਤ ਮਹਿਲਾ ਕਿਰਦਾਰ ਦੀ ਕਹਾਣੀ ਹੈ ਜਿਸ ਨੇ ਜਿੱਥੇ ਦਰਸ਼ਕਾਂ ਅਤੇ ਸਮੀਖਿਆਕਾਰਾਂ ਦੋਵਾਂ ਵੱਲੋਂ ਕਾਫ਼ੀ ਸ਼ਲਾਘਾ ਹਾਸਲ ਕੀਤੀ, ਉੱਥੇ ਕਾਰੋਬਾਰ ਵੀ ਵਧੀਆ ਕੀਤਾ। ‘ਗੰਗੂਬਾਈ ਕਾਠਿਆਵਾੜੀ’, ‘ਮੇਰੀ ਕੌਮ’, ‘ਨੀਰਜਾ’ ਅਤੇ ‘ਮਿਸੇਜ਼ ਚੈਟਰਜੀ’ ਔਰਤਾਂ ਦੀ ਅਸਲ ਜ਼ਿੰਦਗੀ ਦੀ ਤਾਕਤ ਤੋਂ ਪ੍ਰੇਰਿਤ ਸਨ।
ਇਸੇ ਤਰ੍ਹਾਂ ‘ਸਤ੍ਰੀ’ ਅਤੇ ‘ਸਤ੍ਰੀ-2’ ਸ਼ਰਧਾ ਕਪੂਰ ਦੀ ਅਗਵਾਈ ਹੇਠ ਇੱਕ ਬਲਾਕਬਸਟਰ ਹੈ ਜਿਸ ਨੇ ਬਾਕਸ ਆਫ਼ਿਸ ਦੇ ਕਈ ਰਿਕਾਰਡ ਤੋੜ ਦਿੱਤੇ ਸਨ। ਦੀਪਿਕਾ ਪਾਦੂਕੋਣ ਦੀ ਮੁੱਖ ਭੂਮਿਕਾ ਵਾਲੀ ਕਾਮੇਡੀ ਅਤੇ ਭਾਵਨਾਤਮਕ ਡੂੰਘਾਈ ਨੂੰ ਸੰਤੁਲਿਤ ਕਰਦੀ ਫ਼ਿਲਮ ‘ਪੀਕੂ’ ਵੀ ਇਸੇ ਸੂਚੀ ਵਿੱਚ ਆਉਂਦੀ ਹੈ, ਜਿਸ ਨੇ ਜਿੱਥੇ ਕਈ ਐਵਾਰਡ ਆਪਣੀ ਝੋਲੀ ਪਵਾਏ, ਉੱਥੇ ਟਿਕਟ ਖਿੜਕੀ ’ਤੇ ਵੀ ਧਮਾਲ ਮਚਾਈ।
ਇਸ ਤੋਂ ਇਲਾਵਾ ‘ਦਿ ਡਰਟੀ ਪਿਕਚਰ’ ਵਰਗੀ ਫ਼ਿਲਮ ਨੇ ਵੀ ਇਹ ਦਰਸਾਇਆ ਕਿ ਇੱਕ ਅਭਿਨੇਤਰੀ ਦੇ ਮਜ਼ਬੂਤ ਕਿਰਦਾਰ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਫ਼ਿਲਮ ਵੱਡੀ ਹਿੱਟ ਹੋ ਸਕਦੀ ਹੈ। ਇਸ ਫ਼ਿਲਮ ਨੇ ਆਪਣੇ ਸਮੇਂ ਵਿੱਚ ਕਾਫ਼ੀ ਵਪਾਰਕ ਕਾਮਯਾਬੀ ਹਾਸਲ ਕੀਤੀ ਅਤੇ ਮਹਿਲਾ ਕੇਂਦਰਿਤ ਕਹਾਣੀਆਂ ਲਈ ਨਵਾਂ ਰਾਹ ਖੋਲ੍ਹਿਆ।
ਇਸ ਬਦਲਾਅ ਦੇ ਪਿੱਛੇ ਕਈ ਕਾਰਨ ਹਨ। ਪਹਿਲਾ, ਸਮਾਜ ਵਿੱਚ ਔਰਤਾਂ ਦੀ ਭੂਮਿਕਾ ਤੇ ਸੋਚ ਵਿੱਚ ਵੱਡੀ ਤਬਦੀਲੀ ਆਈ ਹੈ। ਅੱਜ ਦੀ ਔਰਤ ਆਤਮ ਨਿਰਭਰ, ਫ਼ੈਸਲੇ ਲੈਣ ਵਾਲੀ ਅਤੇ ਆਪਣੇ ਹੱਕਾਂ ਲਈ ਖੜ੍ਹੀ ਹੋਣ ਵਾਲੀ ਹੈ। ਫ਼ਿਲਮਾਂ ਵਿੱਚ ਵੀ ਇਸ ਬਦਲਾਅ ਦੀ ਝਲਕ ਦਿਖਾਈ ਦੇ ਰਹੀ ਹੈ। ਦੂਜਾ, ਦਰਸ਼ਕਾਂ ਦੀ ਪਸੰਦ ਵੀ ਬਦਲੀ ਹੈ। ਹੁਣ ਉਹ ਸਿਰਫ਼ ਰੁਟੀਨ ਦੀਆਂ ਮਸਾਲਾ ਫ਼ਿਲਮਾਂ ਦੀ ਬਜਾਏ ਨਵੀਆਂ ਅਤੇ ਅਸਲੀਅਤ ਦੇ ਨੇੜੇ ਕਹਾਣੀਆਂ ਦੇਖਣਾ ਚਾਹੁੰਦੇ ਹਨ।
ਡਿਜੀਟਲ ਪਲੈਟਫ਼ਾਰਮਾਂ ਅਤੇ ਨਵੀਂ ਪੀੜ੍ਹੀ ਦੇ ਨਿਰਦੇਸ਼ਕਾਂ ਨੇ ਵੀ ਇਸ ਬਦਲਾਅ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹੁਣ ਫ਼ਿਲਮਸਾਜ਼ ਵੱਖ-ਵੱਖ ਵਿਸ਼ਿਆਂ ’ਤੇ ਪ੍ਰਯੋਗ ਕਰ ਰਹੇ ਹਨ ਅਤੇ ਔਰਤਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਨੂੰ ਵੀ ਕੇਂਦਰ ਵਿੱਚ ਲਿਆ ਰਹੇ ਹਨ।
ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਹਿੰਦੀ ਸਿਨੇਮਾ ਵਿੱਚ ਹੀਰੋਇਨ ਪ੍ਰਧਾਨ ਫ਼ਿਲਮਾਂ ਦੀ ਵਧਦੀ ਕਾਮਯਾਬੀ ਸਿਰਫ਼ ਇੱਕ ਰੁਝਾਨ ਨਹੀਂ, ਸਗੋਂ ਸਿਨੇਮਾ ਦੀ ਸੋਚ ਵਿੱਚ ਆ ਰਹੇ ਗਹਿਰੇ ਬਦਲਾਅ ਦਾ ਸੰਕੇਤ ਹੈ।

Loading