ਸਰਬਜੀਤ ਕੌਰ ਨੇ ਨਾਸਿਰ ਨਾਲ ਪਹਿਲਾਂ ਤੁਰਕੀ ਵਿੱਚ ਨਿਕਾਹ ਕਰਨ ਦੀ ਬਣਾਈ ਸੀ ਸਕੀਮ

In ਮੁੱਖ ਖ਼ਬਰਾਂ
November 25, 2025

ਅੰਮ੍ਰਿਤਸਰ/ਏ.ਟੀ.ਨਿਊਜ਼: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੀ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਵਾਸੀ ਸ਼ੇਖ਼ੂਪੁਰਾ ਬਾਰੇ ਉੱਥੋਂ ਦੇ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਕੰਮ ਕਰਦੇ ਮੁਜਾਹਿਦ ਬਸ਼ੀਰ ਨੇ ਕਈ ਖ਼ੁਲਾਸੇ ਕੀਤੇ ਹਨ। ਸ਼ੇਖ਼ੂਪੁਰਾ ਦੇ ਰਾਣਾ ਓਮੇਰ ਨੇ ਮੁਜਾਹਿਦ ਬਸ਼ੀਰ ਤੋਂ ਮਿਲੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਧਰਮ ਪਰਿਵਰਤਨ ਕਰਕੇ ਨੂਰ ਹੁਸੈਨ ਬਣੀ ਸਰਬਜੀਤ ਕੌਰ ਨੇ ਪਹਿਲਾਂ ਜੁਲਾਈ 2024 ’ਚ ਨਾਸਿਰ ਹੁਸੈਨ ਨੂੰ ਤੁਰਕੀ ਪਹੁੰਚ ਕੇ ਨਿਕਾਹ ਕਰਵਾਉਣ ਲਈ ਮਨਾਇਆ ਸੀ । ਇਸ ਦੇ ਲਈ ਸਰਬਜੀਤ ਕੌਰ ਨੇ ਉਸ ਤੋਂ 4 ਲੱਖ ਰੁਪਏ ਦੀ ਮੰਗ ਵੀ ਕੀਤੀ ਸੀ। ਬਸ਼ੀਰ ਮੁਤਾਬਿਕ ਨਾਸਿਰ ਨੇ ਸਰਬਜੀਤ ਨੂੰ ਤੁਰਕੀ ਭੇਜਣ ਲਈ ਦੋਸਤਾਂ ਕੋਲੋਂ ਉਧਾਰੇ ਪੈਸੇ ਵੀ ਮੰਗੇ ਸਨ, ਪਰ ਫਿਰ ਇਹ ਮਾਮਲਾ ਵਿਚਾਲੇ ਲਟਕ ਗਿਆ। ਉਸ ਨੇ ਦੱਸਿਆ ਕਿ ਸਰਬਜੀਤ ਕੌਰ ਨੇ ਭਾਰਤ ਵਿਚੋਂ ਫ਼ਰਾਰ ਹੋਣ ਲਈ ਯੋਜਨਾ ਤਹਿਤ ਇੱਕ ਜਨਵਰੀ 2024 ਨੂੰ ਜਲੰਧਰ ਤੋਂ ਆਪਣਾ ਪਾਸਪੋਰਟ ਬਣਵਾਇਆ। ਉਸ ਨੇ ਜਥੇ ਨਾਲ ਪਾਕਿ ਆਉਣ ਦੀ ਯੋਜਨਾ ਇਸ ਕਰਕੇ ਬਣਾਈ ਤਾਂ ਕਿ ਉਸ ਦੇ ਇਕੱਲਿਆਂ ਪਾਕਿ ਵੀਜ਼ਾ ਲਗਵਾ ਕੇ ਆਉਣ ’ਤੇ ਉਹ ਭਾਰਤੀ ਖ਼ੁਫ਼ੀਆ ਏਜੰਸੀਆਂ ਦੀਆਂ ਨਜ਼ਰਾਂ ’ਚ ਆ ਸਕਦੀ ਸੀ। ਸ਼ੇਖ਼ੂਪੁਰਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਮੁਤਾਬਿਕ ਸਰਬਜੀਤ ਕੌਰ ਦੇ ਭਾਰਤ ਵਾਪਸੀ ਦੀ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਲਾਹੌਰ ਹਾਈ ਕੋਰਟ ਨੇ ਵੀ ਪੁਲਿਸ ਨੂੰ ਉਕਤ ਜੋੜੇ ਨੂੰ ਤੰਗ ਪਰੇਸ਼ਾਨ ਨਾ ਕਰਨ ਦਾ ਹੁਕਮ ਦੇ ਕੇ ਇਹ ਸਾਫ਼ ਕਰ ਦਿੱਤਾ ਹੈ ਕਿ ਜਲਦੀ ਉਸ ਦੇ ਵੀਜ਼ੇ ’ਚ ਵਾਧਾ ਕੀਤਾ ਜਾਵੇਗਾ।

Loading