
ਇੱਕ ਸਮਾਂ ਅਜਿਹਾ ਵੀ ਸੀ, ਜਦੋਂ ਮੀਡੀਆ ਵਿੱਚ ਆਈਆਂ ਖ਼ਬਰਾਂ ’ਤੇ ਆਮ ਲੋਕ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਸਨ। ਉਸ ਸਮੇਂ ਮੀਡੀਆ ਵੱਲੋਂ ਵੀ ਨਿਰਪੱਖ ਭੂਮਿਕਾ ਨਿਭਾਈ ਜਾਂਦੀ ਸੀ ਅਤੇ ਹਮੇਸ਼ਾ ਹੀ ਸੱਚੀਆਂ ਖ਼ਬਰਾਂ ਪਾਠਕਾਂ/ਦਰਸ਼ਕਾਂ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਸਨ। ਅਸੀਂ ਗੱਲ ਕਰ ਰਹੇ ਹਾਂ ਪਿਛਲੇ ਕੁਝ ਦਹਾਕਿਆਂ ਦੇ ਸਮੇਂ ਦੀ। ਉਸ ਸਮੇਂ ਭਾਵੇਂ ਵੱਡੀ ਗਿਣਤੀ ਵਿੱਚ ਅਖ਼ਬਾਰ ਛਪਦੇ ਹੁੰਦੇ ਸਨ ਪਰ ਬਿਜਲਈ ਮੀਡੀਆ ਦੇ ਨਾਮ ’ਤੇ ਸਿਰਫ਼ ਆਕਾਸ਼ਵਾਣੀ ਅਤੇ ਦੂਰਦਰਸ਼ਨ ਹੀ ਹੁੰਦੇ ਸਨ। ਉਸ ਸਮੇਂ ਆਕਾਸ਼ਵਾਣੀ ਅਤੇ ਦੂਰਦਰਸ਼ਨ ਪੂਰੀ ਤਰ੍ਹਾਂ ਸਰਕਾਰੀ ਕੰਟਰੋਲ ਵਿੱਚ ਸਨ ਤੇ ਉਦੋਂ ਅੱਜ ਵਾਂਗ ਪ੍ਰਾਈਵੇਟ ਮੀਡੀਆ ਚੈਨਲਾਂ ਅਤੇ ਸੋਸ਼ਲ ਮੀਡੀਆ ਦੀ ਭਰਮਾਰ ਨਹੀਂ ਸੀ। ਸੰਚਾਰ ਦੇ ਸਾਧਨ ਘੱਟ ਸਨ ਪਰ ਖ਼ਬਰਾਂ ਦੀ ਭਰੋਸੇਯੋਗਤਾ ਪੂਰੀ ਹੁੰਦੀ ਸੀ। ਆਮ ਲੋਕਾਂ ਦਾ ਆਕਾਸ਼ਵਾਣੀ ਦੀਆਂ ਰਾਸ਼ਟਰੀ ਅਤੇ ਖੇਤਰੀ ਖ਼ਬਰਾਂ ਵਿੱਚ ਵਿਸ਼ਵਾਸ ਇਸ ਤੱਥ ਤੋਂ ਸਮਝਿਆ ਜਾ ਸਕਦਾ ਹੈ ਕਿ ਕਿਸੇ ਨੂੰ ਵੀ ਚੌਰਾਹੇ ’ਤੇ ਚਾਹ ਦੀਆਂ ਦੁਕਾਨਾਂ ’ਤੇ ਖੜ੍ਹੇ ਹੋ ਕੇ ਵੀ ਖ਼ਬਰਾਂ ਸੁਣਨ ਵਿੱਚ ਕੋਈ ਝਿਜਕ ਨਹੀਂ ਸੀ ਉਲਟਾ ਮਾਣ ਮਹਿਸੂਸ ਹੁੰਦਾ ਸੀ। ਦੂਰਦਰਸ਼ਨ ਦੇ ਖੇਤਰੀ ਕੇਂਦਰਾਂ ’ਤੇ ਸ਼ਾਮ 7.30 ਵਜੇ ਆਉਂਦੀਆਂ ਖ਼ਬਰਾਂ ਹਰ ਵਿਅਕਤੀ ਦੇਖਦਾ/ਸੁਣਦਾ ਸੀ। ਜਲੰਧਰ ਦੂਰਦਰਸ਼ਨ ਦੀਆਂ ਸਾਢੇ ਸੱਤ ਵਜੇ ਹਰ ਦਿਨ ਪੇਸ਼ ਹੁੰਦੀਆਂ ਪੰਜਾਬੀ ਖ਼ਬਰਾਂ ਵਿੱਚ ਸੱਚਾਈ ਦੀ ਝਲਕ ਹੁੰਦੀ ਸੀ। ਜਲੰਧਰ ਦੂਰਦਰਸ਼ਨ ’ਤੇ ਕਈ ਸਾਲ ਪਹਿਲਾਂ ਸ਼ਾਮ 7.30 ਵਜੇ ਦਿਖਾਈਆਂ ਜਾਂਦੀਆਂ ਖ਼ਬਰਾਂ ਨੂੰ ਬੋਲਣ ਵਾਲੇ ਰਮਨ ਕੁਮਾਰ ਦੀ ਆਵਾਜ਼ ਤਾਂ ਅਜੇ ਵੀ ਕਈ ਪੰਜਾਬੀਆਂ ਨੂੰ ਚੇਤੇ ਹੋਣੀ ਹੈ। ਇਸ ਤੋਂ ਇਲਾਵਾ ਦੂਰਦਰਸ਼ਨ ਦੇ ਰਾਸ਼ਟਰੀ ਚੈਨਲ ’ਤੇ ਰਾਤ 8.40 ਵਜੇ ਪੇਸ਼ ਹੁੰਦੀਆਂ ਖ਼ਬਰਾਂ ਨੂੰ ਪੂਰਾ ਦੇਸ਼ ਵੇਖਦਾ/ਸੁਣਦਾ ਹੁੰਦਾ ਸੀ। ਉਦੋਂ ਦੂੁਰਦਰਸ਼ਨ ’ਤੇ ਪੇਸ਼ ਕੀਤੀਆਂ ਜਾਂਦੀਆਂ ਖ਼ਬਰਾਂ ’ਤੇ ਹਰ ਕੋਈ ਆਸਾਨੀ ਨਾਲ ਵਿਸ਼ਵਾਸ ਕਰ ਲੈਂਦਾ ਸੀ ਅਤੇ ਮੀਡੀਆ ਕਰਮੀਂ ਵੀ ਸਖ਼ਤ ਮਿਹਨਤ ਤੇ ਲਗਨ ਨਾਲ ਨਿਰਪੱਖ ਰਹਿ ਕੇ ਨਿਊਜ਼ ਰਿਪੋਰਟਾਂ ਤਿਆਰ ਕਰਦੇ ਹੁੰਦੇ ਸਨ। ਫਿਰ ਇਹਨਾਂ ਨੂੰ ਚੁਣ ਚੁਣ ਕੇ ਦੂਰਦਰਸ਼ਨ ’ਤੇ ਪੇਸ਼ ਕੀਤਾ ਜਾਂਦਾ ਸੀ। ਆਕਾਸ਼ਵਾਣੀ ਅਤੇ ਦੂਰਦਰਸ਼ਨ ’ਤੇ ਪੇਸ਼ ਹੁੰਦੀਆਂ ਖ਼ਬਰਾਂ ਦੀ ਮਹੱਤਤਾ ਅਤੇ ਸੱਚਾਈ ਇਥੋਂ ਵੀ ਸਮਝੀ ਜਾ ਸਕਦੀ ਹੈ ਕਿ ਦੋਵਾਂ ’ਤੇ ਸਰਕਾਰੀ ਕੰਟਰੋਲ ਹੋਣ ਦੇ ਬਾਵਜੂਦ ਇਹਨਾਂ ਦੀ ਭਰੋਸੇਯੋਗਤਾ ’ਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂ ਵੀ ਕਿੰਤੂ ਪ੍ਰੰਤੂ ਨਹੀਂ ਸੀ ਕਰਦੇ। ਇਸ ਤੋਂ ਵੱਡਾ ਇਹਨਾਂ ਖ਼ਬਰਾਂ ਦੀ ਭਰੋਸੇਯੋਗਤਾ ਦਾ ਸਬੂਤ ਹੋਰ ਕੀ ਹੋ ਸਕਦਾ ਹੈ। ਉਸ ਸਮੇਂ ਮੀਡੀਆ ਦਾ ਪੇਸ਼ਾ ਇਮਾਨਦਾਰਾਨਾ ਗਿਣਿਆ ਜਾਂਦਾ ਸੀ। ਉਸ ਸਮੇਂ ਆਕਾਸ਼ਵਾਣੀ ਅਤੇ ਦੂਰਦਰਸ਼ਨ ’ਤੇ ਪੇਸ਼ ਹੁੰਦੀਆਂ ਖ਼ਬਰਾਂ ਦੇ ਸਮੇਂ ਨੂੰ ਵੇਖ ਕੇ ਵੱਡੀ ਗਿਣਤੀ ਲੋਕ ਆਪਣੀਆਂ ਘੜੀਆਂ ਦਾ ਸਮਾਂ ਮਿਲਾਉਂਦੇ ਹੁੰਦੇ ਸਨ।
ਤੇ ਫੇਰ ਸਮਾਂ ਬਦਲਿਆ। ਅੱਜ ਦੇ ਆਧੁਨਿਕ ਯੁੱਗ ਵਿੱਚ ਹਰ ਕਿਸਮ ਦੇ ਵਿਕਾਸ ਦੇ ਨਾਲ ਹੀ ਮੀਡੀਆ ਖੇਤਰ ਵਿੱਚ ਵੀ ‘ਕ੍ਰਾਂਤੀ’ ਆ ਗਈ। ਪਿਛਲੇ ਕੁਝ ਸਾਲਾਂ ਦੌਰਾਨ ਅਨੇਕਾਂ ਪ੍ਰਾਈਵੇਟ ਰਾਸ਼ਟਰੀ ਨਿਊਜ਼ ਚੈਨਲ ਹੋਂਦ ਵਿੱਚ ਆ ਗਏ। ਇਸ ਦੇ ਨਾਲ ਹੀ ਖੇਤਰੀ ਅਤੇ ਰਾਜ ਪੱਧਰੀ ਨਿਊਜ਼ ਚੈਨਲਾਂ ਦਾ ਵੀ ਯੁੱਗ ਸ਼ੁਰੂ ਹੋ ਗਿਆ,ਜਿੱਥੇ ਕਿ ਆਪੋ ਆਪਣੇ ਸੂਬੇ ਦੀ ਭਾਸ਼ਾ ਵਿੱਚ ਖ਼ਬਰਾਂ ਪੇਸ਼ ਕੀਤੀਆਂ ਜਾਣ ਲੱਗੀਆਂ। ਜਿਵੇਂ ਜਿਵੇਂ ਰਾਸ਼ਟਰੀ ਤੇ ਖੇਤਰੀ ਨਿਊਜ਼ ਚੈਨਲਾਂ ਦੀ ਗਿਣਤੀ ਵਧਦੀ ਗਈ, ਉਵੇਂ ਹੀ ਇਹਨਾਂ ਚੈਨਲਾਂ ’ਤੇ ਪੇਸ਼ ਕੀਤੀਆਂ ਜਾਂਦੀਆਂ ਖ਼ਬਰਾਂ ਦੀ ਭਰੋਸੇਯੋਗਤਾ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਹੁਣ ਹਾਲ ਇਹ ਹੋ ਗਿਆ ਹੈ ਕਿ ਰਾਸ਼ਟਰੀ ਨਿਊਜ਼ ਚੈਨਲਾਂ ਵੱਲੋਂ ਜੋ ਖ਼ਬਰਾਂ ਜਾਂ ਵੀਡੀਓ ਪੇਸ਼ ਕੀਤੇ ਜਾਂਦੇ ਹਨ, ਉਹਨਾਂ ਦੀ ਭਰੋਸੇਯੋਗਤਾ ’ਤੇ ਚੈਨਲਾਂ ਦੇ ਸੰਪਾਦਕਾਂ ਨੂੰ ਵੀ ਸ਼ੱਕ ਰਹਿੰਦਾ ਹੈ। ਇਸੇ ਕਾਰਨ ਅਨੇਕਾਂ ਅਜਿਹੇ ਵੀਡੀਓ ਦੀ ਜ਼ਿੰਮੇਵਾਰੀ ਲੈਣ ਤੋਂ ਨਿਊਜ਼ ਚੈਨਲ ਝਿਜਕ ਜਾਂਦੇ ਹਨ।
ਅੱਜ ਟੀ.ਵੀ. ਨਿਊਜ਼ ਚੈਨਲਾਂ ਦੀ ਭਰਮਾਰ ਹੈ ਅਤੇ ਹਿੰਦੀ ਸਮੇਤ ਵੱਖ- ਵੱਖ ਖੇਤਰੀ ਭਾਸ਼ਾਵਾਂ ਵਿੱਚ ਛਪਦੇ ਅਖ਼ਬਾਰਾਂ ਦੀ ਵੀ ਭਰਮਾਰ ਹੈ। ਪਰ ਵੱਡੀ ਗਿਣਤੀ ਨਿਊਜ਼ ਚੈਨਲਾਂ ਅਤੇ ਕੁਝ ਅਖ਼ਬਾਰਾਂ ਦੀ ਭਰੋਸੇਯੋਗਤਾ ’ਤੇ ਅਕਸਰ ਸਵਾਲ ਉੱਠਦੇ ਰਹਿੰਦੇ ਹਨ। ਹੁਣ ਤਾਂ ਕੁਝ ਅਖ਼ਬਾਰਾਂ ਵਿੱਚ ਛਪਦੀਆਂ ‘ਮੁੱਲ ਦੀਆਂ ਖ਼ਬਰਾਂ’ ਬਾਰੇ ਆਮ ਲੋਕ ਵੀ ਜਾਣੂੰ ਹੋ ਗਏ ਹਨ। ਹਰ ਕਿਸਮ ਦੀਆਂ ਚੋਣਾਂ ਸਮੇਂ ਅਜਿਹੀਆਂ ‘ਮੁੱਲ ਦੀਆਂ ਖ਼ਬਰਾਂ’ ਦੀ ਗਿਣਤੀ ਬਹੁਤ ਹੋ ਜਾਂਦੀ ਹੈ। ਚੋਣਾਂ ਸਮੇਂ ਅਕਸਰ ਸਿਆਸੀ ਪਾਰਟੀਆਂ ਕੁਝ ਅਖ਼ਬਾਰਾਂ ਦੇ ਕੁਝ ਪੰਨੇ ਹੀ ਮੁੱਲ ਖਰੀਦ ਲੈਂਦੀਆਂ ਹਨ ਅਤੇ ਇਹਨਾਂ ਪੰਨਿਆਂ ’ਤੇ ਸਿਰਫ਼ ਆਪਣੀ ਪਾਰਟੀ ਦੇ ਪੱਖ ਵਿੱਚ ਹੀ ਖ਼ਬਰਾਂ ਲਗਵਾਈਆਂ ਜਾਂਦੀਆਂ ਹਨ ਤਾਂ ਕਿ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਅਤੇ ਵਧੇਰੇ ਵੋਟਾਂ ਲਈਆਂ ਜਾ ਸਕਣ। ਕੁਝ ਚੈਨਲਾਂ ਅਤੇ ਅਖ਼ਬਾਰਾਂ ਬਾਰੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਇਹ ‘ਸਰਕਾਰੀ ਤੋਤੇ’ ਜਾਂ ‘ਸਰਕਾਰੀ ਭੌਂਪੂ’ ਹਨ। ਇਹਨਾਂ ਨਿਊਜ਼ ਚੈਨਲਾਂ ’ਤੇ ਸਾਰਾ ਦਿਨ ਸਰਕਾਰ ਪੱਖੀ ਖ਼ਬਰਾਂ ਤੇ ਰਿਪੋਰਟਾਂ ਹੀ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ।
ਹੁਣ ਹਰ ਕਿਸਮ ਦੀਆਂ ਚੋਣਾਂ ਸਮੇਂ ਵੱਖ- ਵੱਖ ਨਿਊਜ਼ ਚੈਨਲਾਂ ਵੱਲੋਂ ਚੋਣ ਸਰਵੇਖਣ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਫਰਜ਼ੀ ਤੇ ਇੱਕਪਾਸੜ ਹੀ ਹੁੰਦੇ ਹਨ। ਅਕਸਰ ਇਹਨਾਂ ਚੋਣ ਸਰਵੇਖਣਾਂ ਵਿੱਚ ਸੱਤਾਧਾਰੀ ਪਾਰਟੀ ਦੇ ਪੱਖ ਵਿੱਚ ਰਿਪੋਰਟਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇੱਕ ਹੀ ਚੋਣ ਸਬੰਧੀ ਵੱਖ- ਵੱਖ ਨਿਊਜ਼ ਚੈਨਲਾਂ ’ਤੇ ਵੱਖ- ਵੱਖ ਚੋਣ ਚੈਨਲਾਂ ਦੇ ਨਤੀਜੇ ਵੱਖ ਵੱਖ ਹੁੰਦੇ ਹਨ। ਅਸਲੀਅਤ ਦਾ ਤਾਂ ਇਹਨਾਂ ਚੈਨਲਾਂ ਵਾਲਿਆਂ ਨੂੰ ਵੀ ਪਤਾ ਨਹੀਂ ਹੁੰਦਾ ਇਹਨਾਂ ਵੱਲੋਂ ਤਾਂ ਸਿਰਫ਼ ਆਪਣੇ ਮਾਲਕਾਂ ਅਤੇ ਇਸ਼ਤਿਹਾਰ ਦੇਣ ਵਾਲੀ ਸਿਆਸੀ ਪਾਰਟੀ ਦੇ ਗੁਣ ਗਾਉਣੇ ਹੁੰਦੇ ਹਨ। ਹਰ ਕਿਸਮ ਦੀਆਂ ਚੋਣਾਂ ਸਮੇਂ ਕੁਝ ਨਿਊਜ਼ ਚੈਨਲਾਂ ਵੱਲੋਂ ਸਿਰਫ਼ ਇੱਕ ਹੀ ਪਾਰਟੀ ਦੇ ਪੱਖ ਵਿੱਚ ਰਿਪੋਰਟਾਂ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਸਰਕਾਰ ਦੇ ਪੱਖ ਵਿੱਚ ਹਵਾ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ।
ਵੱਖ- ਵੱਖ ਰਾਸ਼ਟਰੀ ਤੇ ਖੇਤਰੀ ਨਿਊਜ਼ ਚੈਨਲਾਂ ’ਤੇ ਹਰ ਦਿਨ ਵੱਖ- ਵੱਖ ਵਿਸ਼ਿਆਂ ਸਬੰਧੀ ਹੁੰਦੀਆਂ ਬਹਿਸਾਂ ਵੀ ਕਈ ਵਾਰ ਆਧਾਰਹੀਣ ਅਤੇ ਬੇਤੁਕੀਆਂ ਹੁੰਦੀਆਂ ਹਨ। ਇਹਨਾਂ ਬਹਿਸਾਂ ਵਿੱਚ ਅਕਸਰ ਵੱਖ -ਵੱਖ ਸਿਆਸੀ ਪਾਰਟੀਆਂ ਦੇ ਆਗੂ, ਸਮਾਜ ਸੇਵਕ, ਵਿਦਵਾਨ, ਸਿਆਸੀ ਮਾਹਿਰ ਹਿੱਸਾ ਲੈਂਦੇ ਹਨ। ਕਈ ਵਾਰ ਵੱਖ ਵੱਖ ਧਰਮਾਂ ਦੇ ਆਗੂਆਂ ਨੂੰ ਵੀ ਬਹਿਸਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਕਈ ਵਾਰ ਇਹਨਾਂ ਬਹਿਸਾਂ ਦੌਰਾਨ ਬਹਿਸ ਕਰਨ ਵਾਲਿਆਂ ਦੀ ਭਾਸ਼ਾ ਗ਼ੈਰ ਮਿਆਰੀ ਹੋ ਜਾਂਦੀ ਹੈ। ਇਹ ਠੀਕ ਹੈ ਕਿ ਖੇਡਾਂ ਅਤੇ ਹੋਰ ਵਿਸ਼ਿਆਂ ਬਾਰੇ ਵੀ ਅਕਸਰ ਬਹਿਸਾਂ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਤੋਂ ਦਰਸ਼ਕਾਂ ਨੂੰ ਖੇਡਾਂ ਦੀਆਂ ਬਾਰੀਕੀਆਂ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ।
ਵੱਖ- ਵੱਖ ਚੈਨਲਾਂ ’ਤੇ ਵਿਖਾਏ ਜਾਂਦੇ ਪ੍ਰੋਗਰਾਮ ਤੇ ਸੀਰੀਅਲ ਵੀ ਅਕਸਰ ਵਿਵਾਦਾਂ ਦਾ ਕਾਰਨ ਬਣਦੇ ਹਨ। ਹੁਣ ਯਾਦ ਕਰੋ ਉਹ ਵੇਲਾ, ਜਦੋਂ ਦੂਰਦਰਸ਼ਨ ’ਤੇ ਸੀਰੀਅਲ ਆਉਂਦੇ ਸਨ ਤਾਂ ਵੱਡੀ ਗਿਣਤੀ ਪਰਿਵਾਰ ਇਕੱਠੇ ਬੈਠ ਕੇ ਇਹ ਸੀਰੀਅਲ ਵੇਖਦੇ ਸਨ। ਹੁਣ ਤਾਂ ਕਈ ਚੈਨਲਾਂ ’ਤੇ ਅਜਿਹੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਪਰਿਵਾਰ ਵਿੱਚ ਬੈਠ ਕੇ ਵੇਖਣਾ ਮੁਸ਼ਕਿਲ ਹੋ ਜਾਂਦਾ ਹੈ।
ਕਹਿਣ ਦਾ ਭਾਵ ਇਹ ਹੈ ਕਿ ਅੱਜ-ਕੱਲ੍ਹ ਮੀਡੀਆ ਦੀ ਭਰੋਸੇਯੋਗਤਾ ’ਤੇ ਸਵਾਲ ਖੜੇ ਹੋ ਰਹੇ ਹਨ। ਹੁਣ ਟੀ.ਵੀ. ਚੈਨਲਾਂ ’ਤੇ ਪੇਸ਼ ਕੀਤੀਆਂ ਜਾਂਦੀਆਂ ਖ਼ਬਰਾਂ ’ਤੇ ਲੋਕ ਆਸਾਨੀ ਨਾਲ ਵਿਸ਼ਵਾਸ ਨਹੀਂ ਕਰਦੇ। ਨਿਊਜ਼ ਚੈਨਲਾਂ ਦੀ ਥਾਂ ਅਜੇ ਵੀ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ’ਤੇ ਵਧੇਰੇ ਵਿਸ਼ਵਾਸ ਕੀਤਾ ਜਾਂਦਾ ਹੈ। ਕੁਝ ਅਖ਼ਬਾਰਾਂ ਨੇ ਅੱਜ ਵੀ ਖ਼ਬਰਾਂ ਦੀ ਭਰੋਸੇਯੋਗਤਾ ਨੂੰ ਕਾਇਮ ਰੱਖਿਆ ਹੋਇਆ ਹੈ। ਜਿਸ ਤਰੀਕੇ ਨਾਲ ਟੀ.ਵੀ. ਚੈਨਲਾਂ ’ਤੇ ਪੇਸ਼ ਕੀਤੀਆਂ ਜਾਂਦੀਆਂ ਖ਼ਬਰਾਂ ਦੀ ਭਰੋਸੇਯੋਗਤਾ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ, ਉਹ ਚਿੰਤਾ ਦਾ ਵਿਸ਼ਾ ਹੈ।