ਸਵੇਰ ਦੀ ਸੈਰ ਤੋਂ ਪਰਤ ਰਹੇ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

In ਮੁੱਖ ਖ਼ਬਰਾਂ
December 07, 2024
ਨਵੀਂ ਦਿੱਲੀ, 7 ਦਸੰਬਰ: ਪੂਰਬੀ ਦਿੱਲੀ ਦੇ ਸ਼ਾਹਦਰਾ ਵਿੱਚ ਸ਼ਨੀਵਾਰ ਨੂੰ ਸਵੇਰ ਦੀ ਸੈਰ ਦੌਰਾਨ ਇੱਕ ਕਾਰੋਬਾਰੀ ਦੀ ਉਸ ਦੇ ਘਰ ਦੇ ਨੇੜੇ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕ੍ਰਿਸ਼ਨਾ ਨਗਰ ਨਿਵਾਸੀ ਸੁਨੀਲ ਜੈਨ (52) ਨੂੰ ਕਈ ਗੋਲੀਆਂ ਮਾਰੀਆਂ ਗਈਆਂ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੈਨ ਜੋ ਬਰਤਨਾਂ ਦਾ ਕਾਰੋਬਾਰ ਕਰਦਾ ਸੀ, ਯਮੁਨਾ ਸਪੋਰਟਸ ਕੰਪਲੈਕਸ ਵਿੱਚ ਸਵੇਰ ਦੀ ਸੈਰ ਤੋਂ ਬਾਅਦ ਸਕੂਟੀ ’ਤੇ ਘਰ ਪਰਤ ਰਿਹਾ ਸੀ ਜਦੋਂ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਫਰਸ਼ ਬਾਜ਼ਾਰ ਖੇਤਰ ਵਿੱਚ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਸਥਾਨ ਦਾ ਦੌਰਾ ਕਰਨ ਵਾਲੇ ਡਿਪਟੀ ਕਮਿਸ਼ਨਰ ਆਫ ਪੁਲਿਸ (ਸ਼ਾਹਦਰਾ) ਪ੍ਰਸ਼ਾਂਤ ਗੌਤਮ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ 8.36 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜੈਨ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਉਸ ਨੂੰ ਕੋਈ ਧਮਕੀ ਮਿਲੀ ਸੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਗੌਤਮ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਨ ਲਈ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ।

Loading