ਮੋਰਿੰਡਾ/ਏ.ਟੀ.ਨਿਊਜ਼: ਪੰਜਾਬ ਸਰਕਾਰ ਵੱਲੋਂ ਮੋਰਿੰਡਾ ਰੂਪਨਗਰ ਸੜਕ ’ਤੇ ਪੈਦੇ ਪਿੰਡ ਸਹੇੜੀ ਨੇੜੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 2004 ’ਚ ਸ਼ੁਰੂ ਕੀਤੇ ਸ਼ਹੀਦੀ ਸਮਾਰਕ ਨੂੰ ਪੂਰਾ ਕਰਵਾਉਣ ਵਿੱਚ ਸਰਕਾਰ ਦੇ ਚਾਰ ਸਾਲ ਬੀਤ ਜਾਣ ’ਤੇ ਵੀ ਵਿਧਾਇਕ ਡਾ. ਚਰਨਜੀਤ ਸਿੰਘ ਫੇਲ੍ਹ ਸਾਬਿਤ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮਾਰਕ ਦਾ ਨੀਂਹ ਪੱਥਰ ਪੰਜਾਬ ਦੇ ਤਤਕਾਲੀ ਟੂਰਿਜ਼ਮ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ 26 ਦਸੰਬਰ 2004 ਨੂੰ ਰੱਖਿਆ ਗਿਆ ਸੀ, ਜਿਸ ਉਪਰੰਤ ਇਸ ਸਮਾਰਕ ਦਾ ਥੋੜ੍ਹਾ ਬਹੁਤਾ ਕੰਮ ਸ਼ੁਰੂ ਹੋਇਆ ਅਤੇ ਮੁੜ ਬੰਦ ਹੋ ਗਿਆ। ਕੇਂਦਰ ਸਰਕਾਰ ਵਿੱਚ ਅੰਬਿਕਾ ਸੋਨੀ ਦੇ ਟੂਰਿਜ਼ਮ ਮੰਤਰੀ ਬਣਨ ਉਪਰੰਤ ਜਗਮੋਹਣ ਸਿੰਘ ਕੰਗ ਦੀ ਪਹਿਲ ਕਦਮੀ ਸਦਕਾ 21 ਦਸੰਬਰ 2006 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੜ ਇਸ ਸਮਾਰਕ ਦਾ ਉਦਘਾਟਨ ਕੀਤਾ ਗਿਆ ਪ੍ਰੰਤੂ ਉਨਾਂ ਦੇ ਕਾਰਜ ਕਾਲ ਦੌਰਾਨ ਇਹ ਸਮਾਰਕ ਪੂਰਾ ਨਹੀਂ ਹੋ ਸਕੀ ਅਤੇ ਇਸ ਦਾ ਕੰਮ ਬਾਹਰਲੀ ਚਾਰ ਦੀਵਾਰੀ ਅਤੇ ਮੁਢਲੇ ਢਾਂਚੇ ਤੋਂ ਅੱਗੇ ਨਹੀਂ ਵਧ ਸਕਿਆ।
ਅਕਾਲੀ ਸਰਕਾਰ ਵੇਲੇ ਵੀ ਅਣਗੌਲਿਆ ਰਿਹਾ ‘ਸ਼ਹੀਦੀ ਸਮਾਰਕ’
ਉਸ ਤੋਂ ਬਾਅਦ ਸਾਲ 2007 ਤੋਂ 2017 ਤੱਕ ਸ਼ਹੀਦਾਂ ਦੀ ਵਾਰਿਸ ਅਤੇ ਪੰਥਕ ਹਿੱਤਾਂ ਦੀ ਪਹਿਰੇਦਾਰ ਅਖਵਾਉਣ ਵਾਲੀ ਪਾਰਟੀ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਯਾਦ ਵਿੱਚ ਬਣਨ ਵਾਲੀ ਇਸ ਸਮਾਰਕ ਦੇ ਅਧੂਰੇ ਪਏ ਕੰਮ ਨੂੰ ਨੇਪਰੇ ਚਾੜ੍ਹਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਸਗੋਂ ਜਿਹੜੇ ਮੁਢਲੇ ਢਾਂਚੇ ਬਣਾਏ ਗਏ ਸਨ , ਉਹ ਵੀ ਖੰਡਰਾਂ ਵਿੱਚ ਬਦਲ ਗਏ ।
ਚੰਨੀ ਵੀ ਨਹੀਂ ਕਰਵਾ ਸਕੇ ਵਿਕਸਿਤ
ਸਾਲ 2017 ਤੋਂ ਲੈ ਕੇ ਸਾਲ 2022 ਤੱਕ ਪੰਜਾਬ ਵਿੱਚ ਮੁੜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਦੀ ਸਰਕਾਰ ਵਿਚ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਨੁਮਾਇੰਦਗੀ ਕਰ ਰਹੇ ਵਿਧਾਇਕ ਚਰਨਜੀਤ ਸਿੰਘ ਚੰਨੀ ਸਤੰਬਰ 2021 ਤੱਕ ਤਕਨੀਕੀ ਸਿੱਖਿਆ ਮੰਤਰੀ ਦੇ ਨਾਲ ਨਾਲ ਸੈਰ ਸਪਾਟਾ ਮੰਤਰੀ ਵਜੋਂ ਵੀ ਕੰਮ ਕਰਦੇ ਰਹੇ ਪ੍ਰੰਤੂ ਉਨ੍ਹਾਂ ਵੱਲੋਂ ਵੀ ਆਪਣਾ ਸਾਰਾ ਧਿਆਨ ਸ੍ਰੀ ਚਮਕੌਰ ਸਾਹਿਬ ਬਣ ਰਹੇ ਥੀਮ ਪਾਰਕ ’ਤੇ ਹੀ ਕੇਂਦਰਿਤ ਰੱਖਿਆ ਗਿਆ। ਜਦਕਿ 20 ਸਤੰਬਰ 2021 ਤੋਂ ਫਰਵਰੀ 2022 ਤੱਕ ਬਤੌਰ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਵੀ ਪਿੰਡ ਸਹੇੜੀ ਵਿਖੇ ਅਧੂਰੀ ਸਮਾਰਕ ਨੂੰ ਮੁਕੰਮਲ ਕਰਵਾਉਣ ਤੋਂ ਅਸਮਰੱਥ ਰਹੇ।
ਉਧਰ ਮਾਰਚ 2022 ਵਿੱਚ ਸ਼ਹੀਦਾਂ ਦੇ ਨਾਂ ’ਤੇ ਬਣੀ ਆਪ ਸਰਕਾਰ ਨੇ ਵੀ ਆਪਣੇ ਲਗਭਗ ਪੌਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਇਸ ਸਮਾਰਕ ਵੱਲ ਕੋਈ ਧਿਆਨ ਦੇਣ ਦੀ ਖੇਚਲ ਨਹੀਂ ਕੀਤੀ। ਹਾਲਾਂਕਿ ਦਸੰਬਰ 2022 ਵਿੱਚ ਸ਼ਹੀਦੀ ਪੰਦਰਵਾੜੇ ਦੌਰਾਨ ਸਿੱਖ ਪੰਥ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰ ਵੱਲੋਂ ਇਸ ਸਮਾਰਕ ਦਾ ਜਾਇਜ਼ਾ ਲੈਣ ਸਮੇਂ ਇਸ ਸਮਾਰਕ ਨੂੰ ਮੁਕੰਮਲ ਕਰਵਾਉਣ ਲਈ ਸਰਕਾਰ ਤੋਂ ਫੰਡ ਜਾਰੀ ਕਰਵਾਉਣ ਦਾ ਸੰਗਤਾਂ ਨੂੰ ਭਰੋਸਾ ਦਿੱਤਾ ਸੀ ਪ੍ਰੰਤੂ ਤਿੰਨ ਸਾਲ ਬੀਤਣ ਉਪਰੰਤ ਵੀ ਇੱਥੇ ਪੂਣੀ ਨਹੀਂ ਕੱਤੀ ਗਈ।
ਵਿਭਾਗੀ ਸੂਤਰਾਂ ਅਨੁਸਾਰ ਇਸ ਸਮਾਰਕ ਦਾ ਨਿਰਮਾਣ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਜਾ ਰਿਹਾ ਹੈ ਅਤੇ ਪਹਿਲੇ ਸ਼ੈਸਨ ਵਿੱਚ ਸਿਵਲ ਵਿਭਾਗ ਦਾ ਸਾਰਾ ਕੰਮ ਅਤੇ ਪੇਂਟਿੰਗਸ ਵਾਲੇ ਢਾਂਚੇ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਜਦਕਿ ਦੂਜੇ ਸ਼ੈਸਨ ਦਾ ਕੰਮ ਸਰਕਾਰ ਵੱਲੋਂ ਫੰਡ ਨਾ ਮਿਲਣ ਕਾਰਨ ਅੱਧ ਵਿਚਕਾਰ ਲਟਕਿਆ ਪਿਆ ਹੈ । ਉੱਧਰ ਜਦੋਂ ਸਾਬਕਾ ਕੈਬਨਟ ਮੰਤਰੀ ਜਗਮੋਹਨ ਸਿੰਘ ਕੰਗ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਬਣਾਉਣ ਲਈ ਇਸ ਸਮਾਰਕ ਦੀ ਸ਼ੁਰੂਆਤ ਕੀਤੀ ਗਈ ਸੀ ਪ੍ਰੰਤੂ ਸਮੇਂ ਸਮੇਂ ’ਤੇ ਆਈਆਂ ਸਰਕਾਰਾਂ ਵੱਲੋਂ ਇਨਾ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਬਣਨ ਵਾਲੀ ਸਮਾਰਕ ਨੂੰ ਮੁਕੰਮਲ ਨਾ ਕਰਕੇ ਸਿੱਖ ਜਜ਼ਬਾਤਾਂ ਨਾਲ ਖਿਲਵਾੜ ਕੀਤਾ ਗਿਆ ਹੈ।
ਕੀ ਕਹਿੰਦੇ ਹਨ ਹਲਕਾ ਵਿਧਾਇਕ?
ਇਸ ਸਬੰਧੀ ਜਦੋਂ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਟੀਮ ਵੱਲੋਂ ਇਸ ਸਮਾਰਕ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਨੂੰ ਰਿਵਾਈਜ਼ਡ ਤਜਵੀਜ਼ ਭੇਜੀ ਗਈ ਹੈ ਅਤੇ ਬੜੀ ਜਲਦੀ ਫੰਡ ਜਾਰੀ ਕਰਵਾ ਕੇ ਇਸ ਸਮਾਰਕ ਨੂੰ ਮੁਕੰਮਲ ਕਰਵਾਕੇ ਸੰਗਤਾਂ ਲਈ ਸਮਰਪਿਤ ਕਰ ਦਿੱਤਾ ਜਾਵੇਗਾ। ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵਾਰ-ਵਾਰ ਸੰਪਰਕ ਕਰਨ ’ਤੇ ਵੀ ਸੰਪਰਕ ਨਹੀ ਹੋ ਸਕਿਆ ।
ਇਸੇ ਦੌਰਾਨ ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ, ਵਿੱਤ ਸਕੱਤਰ ਭਾਈ ਕੁਲਵੰਤ ਸਿੰਘ, ਅਕਾਲੀ ਆਗੂ ਜਗਪਾਲ ਸਿੰਘ ਜੌਲੀ ,ਜੁਗਰਾਜ ਸਿੰਘ ਮਾਨਖੇੜੀ, ਲੱਖੀ ਸ਼ਾਹ, ਮਜੀਦ ਖਾਨ ਮੋਨੂ ਖਾਨ, ਬਲਦੇਵ ਸਿੰਘ ਹਾਫਿਜਬਾਦ ਬਲਦੇਵ ਸਿੰਘ ਚੱਕਲ ਤੇ ਸਰਪੰਚ ਸੁਰਜੀਤ ਸਿੰਘ ਤਾਜਪੁਰਾ ਅਤੇ ਪੰਥਕ ਸ਼ਖਸੀਅਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮਾਰਕ ਨੂੰ ਵਿਰਾਸਤ ਏ ਖਾਲਸਾ ਅਤੇ ਦਾਸਤਾਨ ਏ ਸ਼ਹਾਦਤ ਦੀ ਤਰ੍ਹਾਂ ਵਿਕਸਿਤ ਕਰਕੇ ਇਸ ਨੂੰ ਆਉਣ ਵਾਲੀਆਂ ਪੀੜੀਆਂ ਲਈ ਸਮਰਪਿਤ ਕੀਤਾ ਜਾਵੇ।
![]()
