ਸ਼ਖ਼ਸੀਅਤ ਦੇ ਸੰਤੁਲਿਤ ਵਿਕਾਸ ਲਈ ਸ਼ੌਕ ਬਹੁਤ ਜ਼ਰੂਰੀ

In ਮੁੱਖ ਲੇਖ
June 19, 2025

ਸਰੀਰਕ ਵਿਕਾਸ ਲਈ ਖ਼ੁਰਾਕ ਜ਼ਰੂਰੀ ਹੈ, ਉਸੇ ਤਰ੍ਹਾਂ ਮਨੁੱਖੀ ਸ਼ਖ਼ਸੀਅਤ ਦੇ ਸੰਤੁਲਿਤ ਵਿਕਾਸ ਲਈ ਰੁਚੀਕਰ ਗਤੀਵਿਧੀਆਂ ਜਾਂ ਸ਼ੌਕ ਬਹੁਤ ਜ਼ਰੂਰੀ ਹਨ। ਸ਼ੌਕ ਕਿਸੇ ਵੀ ਵਿਅਕਤੀ ਨੂੰ ਰਚਨਾਤਮਿਕ ਦਿਸ਼ਾ ਵੱਲ ਮੋੜਦੇ ਹਨ। ਪੇਂਟਿੰਗ, ਸੰਗੀਤ, ਖੇਡਾਂ ਜਾਂ ਹੋਰ ਰੁਚੀਕਰ ਗਤੀਵਿਧੀਆਂ ਵਿਅਕਤੀ ਦੇ ਮਨ ਨੂੰ ਸ਼ਾਂਤ ਰੱਖਦੀਆਂ ਹਨ ਤੇ ਊਰਜਾ ਨੂੰ ਸਹੀ ਮੋੜ ਦਿੰਦੀਆਂ ਹਨ ।
ਆਪਣੇ ਸਕੂਲ ਰੱਤੀ ਰੋੜੀ ਡੱਗੋ ਰੁਮਾਣਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ’ਤੇ ਸਰਵੇ ਕੀਤਾ, ਜਿੱਥੇ ਉਨ੍ਹਾਂ ਕੋਲੋਂ ਸਕਰੀਨ ਟਾਈਮ ਪੁੱਛਿਆ ਗਿਆ ਤਾਂ ਬੱਚਿਆਂ ਨੇ ਦੱਸਿਆ ਕਿ ਉਹ ਦੋ ਘੰਟੇ ਤੋਂ ਲੈ ਕੇ ਪੰਜ ਘੰਟੇ ਤੱਕ ਮੋਬਾਈਲ ਜਾਂ ਟੀਵੀ ਦੇਖਦੇ ਹਨ। ਜਦੋਂ ਸਰਵੇ ’ਚ ਕਾਰਨ ਪੁੱਛੇ ਗਏ ਤਾਂ ਸਾਹਮਣੇ ਆਇਆ ਕਿ ਵਿਦਿਆਰਥੀਆਂ ’ਚ ਕਿਸੇ ਵੀ ਕਿਸਮ ਦੀ ਸ਼ੌਕ ਦੀ ਅਣਹੋਂਦ ਦੇਖੀ ਗਈ। ਇਸ ਲਈ ਸਹੀ ਕਿਹਾ ਗਿਆ ਹੈ, ‘ਜਿਸ ਮਨ ਨੂੰ ਰੁਚੀ ਮਿਲ ਜਾਵੇ, ਉਹ ਕਦੇ ਵੀ ਰਾਹ ਨਹੀਂ ਭੁੱਲਦਾ।’ ਵਿਦਿਆਰਥੀ ਜੀਵਨ ’ਚ ਹੀ ਸ਼ੌਕ ਨੂੰ ਲੱਭਿਆ ਤੇ ਸਿਰਜਿਆ ਜਾ ਸਕਦਾ ਹੈ ਤੇ ਜ਼ਿੰਦਗੀ ਦੇ ਬੇਲਗਾਮ ਘੋੜੇ ’ਤੇ ਲਗਾਮ ਪਾਈ ਜਾ ਸਕਦੀ ਹੈ। ਇਹ ਸ਼ੌਕ ਹੀ ਨੇ, ਜੋ ਦਿਸ਼ਾ ਦਿੰਦੇ ਹਨ। ਕਈ ਵਾਰੀ ਰੁਚੀ ਬਾਰੇ ਵਿਦਿਆਰਥੀਆਂ ਨੂੰ ਪਤਾ ਨਹੀਂ ਲੱਗਦਾ। ਸੋ ਸਾਂਝੇ ਕਰਦੇ ਹਾਂ ਕੁਝ ਨੁਕਤੇ, ਜਿਨ੍ਹਾਂ ਨਾਲ ਵਿਦਿਆਰਥੀ ਆਪਣੇ ਸ਼ੌਕ ਦੀ ਤਲਾਸ਼ ਨੂੰ ਪੂਰਾ ਕਰ ਸਕਦਾ ਹੈ।
ਕਿਹੜਾ ਕੰਮ ਹੈ ਪਸੰਦ : ਇੱਕ ਹਫ਼ਤਾ ਧਿਆਨ ਨਾਲ ਦੇਖੋ ਕਿ ਤੁਹਾਨੂੰ ਕਿਹੜਾ ਕੰਮ ਕਰਨਾ ਪਸੰਦ ਹੈ ਤੇ ਕਿਹੜੀ ਚੀਜ਼ ’ਚ ਤੁਸੀਂ ਦਿਲੋਂ ਖ਼ੁਸ਼ ਹੁੰਦੇ ਹੋ, ਜਿਵੇਂ ਪੌਦੇ ਲਗਾਉਣਾ, ਖਾਣਾ ਬਣਾਉਣਾ ਜਾਂ ਫਿਰ ਪੇਂਟਿੰਗ। ਉਹ ਗਤੀਵਿਧੀਆਂ ਸੋਚੋ ਜੋ ਤੁਹਾਨੂੰ ਖੁਸ਼ੀ ਦਿੰਦੀਆਂ ਹਨ।
ਨਵੀਆਂ ਗਤੀਵਿਧੀਆਂ ਅਜ਼ਮਾਓ : ਹਰ ਮਹੀਨੇ ਕੋਈ ਇੱਕ ਨਵੀਂ ਰੁਚੀ ਟਰਾਈ ਕਰੋ, ਜਿਵੇਂ ਸੰਗੀਤ, ਖੇਡ, ਯੋਗਾ, ਨਵੀਂ ਭਾਸ਼ਾ ਸਿੱਖਣਾ ਆਦਿ।
ਰੁਚੀ ਨੂੰ ਆਪਣੀ ਸ਼ਖ਼ਸੀਅਤ ਅਨੁਸਾਰ ਮਿਲਾਉਣਾ : ਜਿਸ ਦਾ ਅਰਥ ਹੈ ਕਿ ਜੇ ਤੁਸੀਂ ਅੰਤਰਮੁਖੀ ਹੋ ਤਾਂ ਜ਼ਰੂਰੀ ਨਹੀਂ ਕਿ ਲੋਕਾਂ ਵਿੱਚ ਵਿਚਰਨ ਵਾਲੀ ਰੁਚੀ ਚੁਣੋ। ਤੁਸੀਂ ਕੁਝ ਅਜਿਹਾ ਚੁਣੋ, ਜਿਸ ਲਈ ਤੁਹਾਨੂੰ ਕਿਸੇ ਨਾਲ ਬੋਲਣਾ ਨਾ ਪਵੇ, ਜਿਵੇਂ ਪੇਂਟਿੰਗ। ਜੇ ਤੁਸੀਂ ਬਾਹਰਮੁਖੀ ਹੋ ਤਾਂ ਸਮਾਜਿਕ ਖੇਡਾਂ ਜਾਂ ਕਮਿਊਨਿਟੀ ਈਵੈਂਟਸ ਵਿੱਚ ਭਾਗ ਲੈ ਸਕਦੇ ਹੋ ।
ਛੋਟੇ ਸਮੇਂ ਲਈ ਸ਼ੁਰੂ ਕਰੋ : ਜਦੋਂ ਕੋਈ ਨਵਾਂ ਸ਼ੌਕ ਲੱਭ ਰਹੇ ਹੋ ਤਾਂ ਸ਼ੁਰੂ ਵਿੱਚ ਸਿਰਫ਼ ਇੱਕ ਦਿਨ ’ਚ 20 ਜਾਂ 30 ਮਿੰਟ ਹੀ ਉਸ ਰੁਚੀ ’ਤੇ ਲਗਾਓ, ਨਹੀਂ ਤਾਂ ਸ਼ੌਕ ਬੋਝ ਲੱਗਣ ਲੱਗ ਜਾਵੇਗਾ। ਸਿਰਫ਼ ਇਸ ਦਾ ਆਨੰਦ ਮਾਣੋ।
ਨਤੀਜੇ ਨਾ ਲੱਭੋ : ਰੁਚੀ ਦਾ ਸਿਰਫ਼ ਆਨੰਦ ਲਵੋ। ਕਿਸੇ ਕਿਸਮ ਦੇ ਨਤੀਜੇ ’ਤੇ ਨਾ ਪਹੁੰਚੋ, ਨਾ ਹੀ ਇਸ ਬਾਰੇ ਬਹੁਤਾ ਉੱਚਾ ਸੋਚੋ।
ਵੱਖ-ਵੱਖ ਮੌਕਿਆਂ ਤੇ ਕਲਾਸਾਂ ’ਚ ਭਾਗ ਲਓ : ਆਪਣੇ ਸਕੂਲ, ਸੰਸਥਾ ਜਾਂ ਕਾਲਜ ਵਿੱਚ ਹੋਣ ਵਾਲੇ ਵੱਖ-ਵੱਖ ਦਿਨਾਂ ’ਤੇ ਕਰਵਾਏ ਜਾਂਦੇ ਮੁਕਾਬਲਿਆਂ, ਪ੍ਰੋਗਰਾਮਾਂ ਵਿੱਚ ਭਾਗ ਲਵੋ। ਇਸ ਨਾਲ ਆਪਣੀ ਰੁਚੀ ਲੱਭਣ ’ਚ ਬਹੁਤ ਮਦਦ ਮਿਲੇਗੀ।
ਇੱਕ ਵਾਰੀ ਜਦੋਂ ਸਾਨੂੰ ਸਾਡੇ ਸ਼ੌਕ ਦਾ ਪਤਾ ਲੱਗ ਜਾਂਦਾ ਹੈ ਤੇ ਅਸੀਂ ਉਸ ਸ਼ੌਕ ’ਤੇ ਕੰਮ ਕਰਨ ਲੱਗਦੇ ਹਾਂ ਤਾਂ ਸੱਚ ਮੰਨੋ ਇੱਕ ਜਾਦੂ ਵਰਗਾ ਕੰਮ ਹੁੰਦਾ ਹੈ। ਅਸੀਂ ਬਿਨਾਂ ਕਿਸੇ ਦਬਾਅ ਤੇ ਯਤਨ ਦੇ ਖ਼ੁਦ ਅਨੁਸ਼ਾਸਿਤ ਹੋ ਜਾਂਦੇ ਹਾਂ। ਪੜ੍ਹਾਈ ਦੇ ਨਾਲ ਜਦੋਂ ਹੋਵੇ ਰਸ, ਸ਼ੌਂਕ ਬਣਾਉਂਦੇ ਹਰ ਦਿਨ ਨੂੰ ਖ਼ਾਸ। ਮਨ ਦੀ ਥਕਾਵਟ ਲਹਿ ਜਾਂਦੀ, ਜਦ ਸਿਰਜਨਾਤਮਿਕਤਾ ਹਰ ਪਾਸੇ ਵਹਿ ਜਾਂਦੀ।
ਜ਼ਿੰਦਗੀ ’ਚ ਅਨੁਸ਼ਾਸਨ ਲਿਆਉਂਦੀ ਰੁਚੀ
ਨਿਯਮਤਾ: ਜਦੋਂ ਅਸੀਂ ਹਰ ਰੋਜ਼ ਆਪਣੀ ਰੁਚੀ ਲਈ ਸਮਾਂ ਕੱਢਦੇ ਹਾਂ ਤਾਂ ਇਹ ਸਾਨੂੰ ਨਿਯਮਿਤ ਜੀਵਨ ਜਿਊਣਾ ਸਿਖਾਉਂਦੀ ਹੈ।
ਸਮਾਂ ਪਾਬੰਦੀ : ਰੁਚੀ ਕਰਨ ਲਈ ਅਸੀਂ ਆਪਣੇ ਦਿਨ ਦਾ ਕੁਝ ਸਮਾਂ ਨਿਸ਼ਚਿਤ ਕਰਦੇ ਹਾਂ, ਜਿਸ ਨਾਲ ਸਮੇਂ ਦੀ ਕਦਰ ਆਉਂਦੀ ਹੈ।
ਝੂਠੇ ਬਹਾਨਿਆਂ ਤੋਂ ਬਚਾਅ: ਹੌਬੀ ਇੱਕ ਉਦੇਸ਼ ਦਿੰਦੀ ਹੈ, ਜਿਸ ਨਾਲ ਅਸੀਂ ਟਾਲ-ਮਟੋਲ ਨਾ ਕਰਕੇ ਕੰਮ ’ਤੇ ਧਿਆਨ ਦਿੰਦੇ ਹਾਂ।
ਸੰਘਰਸ਼ ਦੀ ਆਦਤ : ਕਿਸੇ ਵੀ ਸ਼ੌਕ ਵਿੱਚ ਨਿਖਾਰ ਲਿਆਉਣ ਲਈ ਮਿਹਨਤ ਤੇ ਲਗਨ ਚਾਹੀਦੀ ਹੈ, ਜੋ ਸਾਨੂੰ ਜ਼ਿੰਦਗੀ ਵਿੱਚ ਕਾਮਯਾਬੀ ਲਈ ਤਿਆਰ ਕਰਦੀ ਹੈ।
ਆਤਮ-ਅਨੁਸ਼ਾਸਨ : ਸ਼ੌਕ ਸਾਨੂੰ ਖ਼ੁਦ ਨੂੰ ਸੰਭਾਲਣ, ਆਪਣੇ ਕੰਮ ਦੀ ਜ਼ਿੰਮੇਵਾਰੀ ਲੈਣ ਤੇ ਧਿਆਨ ਕੇਂਦਰਿਤ ਕਰਨ ਦੀ ਆਦਤ ਪਾਉਂਦੀ ਹੈ।
ਧੀਰਜ ਤੇ ਲਗਾਤਾਰਤਾ : ਸ਼ੌਕ ’ਚ ਨਤੀਜੇ ਤੁਰੰਤ ਨਹੀਂ ਮਿਲਦੇ। ਇਹ ਸਿਖਾਉਂਦਾ ਹੈ ਕਿ ਕਿਵੇਂ ਧੀਰਜ ਤੇ ਲਗਾਤਾਰ ਕੋਸ਼ਿਸ਼ਾਂ ਨਾਲ ਅੱਗੇ ਵਧਣਾ ਹੈ।
ਖ਼ੁਦ ’ਤੇ ਨਿਯੰਤਰਨ : ਜਦੋਂ ਅਸੀਂ ਆਪਣੇ ਮਨਪਸੰਦ ਕੰਮ ਲਈ ਹੋਰ ਕਈ ਕੰਮਾਂ ਨੂੰ ਮੂਲ ਤੌਰ ’ਤੇ ਪਿੱਛੇ ਰੱਖਦੇ ਹਾਂ ਤਾਂ ਅਸੀਂ ਆਪਣੇ ਮਨ ’ਤੇ ਨਿਯੰਤਰਨ ਸਿੱਖਦੇ ਹਾਂ, ਜੋ ਸੱਚੇ ਅਨੁਸ਼ਾਸਨ ਦੀ ਨਿਸ਼ਾਨੀ ਹੈ।
ਸ਼ੌਕ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ’ਚ ਕੋਈ ਵੀ ਚੀਜ਼ ਲਗਨ, ਨਿਯਮਤਾ ਤੇ ਸਮਰਪਣ ਨਾਲ ਹਾਸਿਲ ਕੀਤੀ ਜਾ ਸਕਦੀ ਹੈ। ਇਹ ਸਾਰੇ ਅਨੁਸ਼ਾਸਨ ਦੇ ਅਸਲ ਰੂਪ ਹਨ। ਇਸ ਕਰਕੇ ਇਹ ਕਹਿਣਾ ਅਤਿਕਥਨੀ ਨਹੀਂ ਹੈ ਕਿ ਰੁਚੀ ਕਿਸੇ ਤਰ੍ਹਾਂ ਦਾ ਟਾਈਮ ਖ਼ਰਾਬ ਨਹੀਂ ਕਰਦੀ ਸਗੋਂ ਕੇ ਸਾਨੂੰ ਉੱਚੇ ਆਦਰਸ਼ਾਂ ਵੱਲ ਲੈ ਕੇ ਜਾਂਦੀ ਹੈ।

  • ਰਮਨਦੀਪ ਕੌਰ

Loading