ਸ਼ਰਧਾ ਦੀ ਜ਼ਮੀਨ ’ਤੇ ਪੈਂਦੀਆਂ ਰਹੀਆਂ ਨਿੱਜੀ ਗੁਹਾਰਾਂ

In ਸੰਪਾਦਕੀ
January 16, 2025
ਮਾਘੀ ਮੇਲੇ ਦੀਆਂ ਕਾਨਫ਼ਰੰਸਾਂ ਪੰਥਕ ਮੁੱਦਿਆਂ ਦੇ ਦੁਆਲ਼ੇ ਘੁੰਮਦੀਆਂ ਰਹੀਆਂ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਇੱਕ ਖ਼ਾਸ ਦਿਨ ਸੀ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਤੇ ਤਿੰਨ ਕਾਨਫ਼ਰੰਸਾਂ ਹੋਈਆਂ। ਪਹਿਲੀ ਕਾਨਫ਼ਰੰਸ ‘ਅਕਾਲੀ ਦਲ ਬਾਦਲ’ ਦੀ ਸੀ। ਆਪਣੀ ਸਿਆਸੀ ਜ਼ਮੀਨ ਬਚਾਉਣ ਦੇ ਲਈ ਕਾਫ਼ੀ ਲੰਬੇ ਸਮੇਂ ਤੋਂ ਜੱਦੋਜਹਿਦ ਇਹ ਪਾਰਟੀ ਕਰਦੀ ਆ ਰਹੀ ਹੈ ਤੇ ਕੱਲ੍ਹ ਵੀ ਸਿਆਸੀ ਜ਼ਮੀਨ ਬਚਾਉਣ ਦੇ ਲਈ ਪੰਡਾਲ ਦੇ ਵਿੱਚ ਜ਼ਮੀਨ ’ਤੇ ਬੈਠ ਕੇ ਪਰਿਵਾਰ ਦੀ ਆਨ ਬਾਨ ਨੂੰ ਬਹਾਲ ਰੱਖਣ ਦੇ ਲਈ ਕੋਸ਼ਿਸ਼ਾਂ ਕਰਦੇ ਜਾਪੇ। ਸੁਖਬੀਰ ਬਾਦਲ ਨੇ ਲੋਕਾਂ ਨੂੰ ਵਿਸ਼ਵਾਸ ਬਹਾਲੀ ਦੀ ਗੁਹਾਰ ਲਗਾਈ ਤੇ ਲੋਕਾਂ ਦੇ ਲਈ ਹਰ ਕੁਰਬਾਨੀ ਦੇਣ ਦੀ ਗੱਲ ਕੀਤੀ। ਇਕੱਠ ਕਾਫ਼ੀ ਭਰਵਾਂ ਸੀ ਪਰ ਵੱਡੇ ਲੀਡਰ ਗ਼ੈਰਹਾਜ਼ਰ ਸਨ। ਇੱਥੋਂ ਤੱਕ ਕਿ ਬਿਕਰਮ ਸਿੰਘ ਮਜੀਠੀਆ ਦੀ ਗ਼ੈਰਹਾਜ਼ਰੀ ਦੀ ਚਰਚਾ ਵੀ ਲੋਕਾਂ ਦੀ ਜੁਬਾਨ ’ਤੇ ਰਹੀ। ਹਰਜਿੰਦਰ ਸਿੰਘ ਧਾਮੀ ਵੀ ਇਸ ਕਾਨਫ਼ਰੰਸ ਦਾ ਹਿੱਸਾ ਨਹੀਂ ਸਨ, ਖ਼ੈਰ ਉਹਨਾਂ ਦੀ ਗੱਲ ਵੀ ਕਿਸੇ ਨੇ ਨਹੀਂ ਕੀਤੀ। ਅਕਾਲੀ ਦਲ ਬਾਦਲ ਪਾਰਟੀ ਵੱਲੋਂ ਸਟੇਜ ’ਤੇ ਸਿਰਫ਼ ਇੱਕ ਹੀ ਮਤਾ ਲਿਆਂਦਾ ਗਿਆ, ਬੇਨਤੀ ਕੀਤੀ ਗਈ ਕਿ ਜੋ ‘ਫ਼ਖ਼ਰ-ਏ-ਕੌਮ’ ਐਵਾਰਡ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਸੀ, ਤੇ ਜੋ ਅਕਾਲ ਤਖ਼ਤ ਸਾਹਿਬ ਨੇ ਵਾਪਸ ਲੈ ਲਿਆ ਹੈ, ਉਸ ਫ਼ੈਸਲੇ ’ਤੇ ਪੁਨਰ ਵਿਚਾਰ ਕੀਤਾ ਜਾਵੇ। ਸੰਗਤਾਂ ਦੇ ਹੱਥ ਖੜੇ ਕਰਵਾ ਕੇ ਮਤੇ ਸਬੰਧੀ ਏਕਤਾ ਦਿਖਾਈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਇਹ ਕਦੇ ਨਹੀਂ ਹੋਇਆ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਕੋਈ ਸਿਆਸੀ ਪਾਰਟੀ ਮੁੜ ਵਿਚਾਰ ਲਈ ਕਹੇ। ਮੁਕਦੀ ਗੱਲ ਸੁਖਬੀਰ ਬਾਦਲ ਦੀ ਸਪੀਚ ਪ੍ਰਕਾਸ਼ ਸਿੰਘ ਬਾਦਲ ਦੁਆਲ਼ੇ ਹੀ ਘੁੰਮਦੀ ਰਹੀ। ਪੰਜਾਬ ਦੇ ਕਈ ਗੰਭੀਰ ਮੁੱਦੇ ਮੂੰਹ ਅੱਡੀ ਖੜੇ ਨੇ ਖ਼ਾਸ ਕਰਕੇ ਕਿਸਾਨੀ ਦਾ ਮੁੱਦਾ। ਪਰ ਕੋਈ ਗੱਲ ਸੁਖਬੀਰ ਬਾਦਲ ਵੱਲੋਂ ਨਹੀਂ ਕੀਤੀ ਗਈ ਹਾਲਾਂਕਿ ਬਲਵਿੰਦਰ ਸਿੰਘ ਭੁੰਦੜ ਨੇ ਇਸ ਵਿਸ਼ੇ ’ਤੇ ਚਰਚਾ ਕੀਤੀ। ਸੁਖਬੀਰ ਬਾਦਲ ਹਮੇਸ਼ਾ ਹੀ ਲੋਕਾਂ ਸਾਹਮਣੇ ਇਸ ਤਰ੍ਹਾਂ ਪੇਸ਼ ਹੁੰਦੇ ਨੇ, ਜਿਵੇਂ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੋਵੇ। ਸੋਚਦੇ ਨੇ ਕਿ ਜੇ ਉਹਨਾਂ ਨਾਲ ਧੱਕਾ ਹੋ ਰਿਹੈ ਤਾਂ ਅਕਾਲੀ ਦਲ ਨਾਲ ਧੱਕਾ ਹੋ ਰਿਹੈ। ਤੇ ਫੇਰ ਕਹਿੰਦੇ ਨੇ ਕਿ ਜੇ ਦੋਵਾਂ ਨਾਲ ਧੱਕਾ ਹੋ ਰਿਹਾ ਤਾਂ ਪੰਥ ਨਾਲ ਧੱਕਾ ਹੋ ਰਿਹੈ। ਇੱਕ ਖ਼ੁਦਗਰਜ਼ੀ ਵਾਲੇ ਫਰੇਮ ਦੇ ਵਿੱਚੋਂ ਸੁਖਬੀਰ ਬਾਦਲ ਬਾਹਰ ਨਹੀਂ ਨਿਕਲ ਰਹੇ। ਕਹਿੰਦੇ ਅਸੀਂ ਸਾਰੇ ਦੋਸ਼ ਝੋਲੀ ਵਿੱਚ ਪੁਆ ਲਏ ਨੇ। ਸੋਚਣ ਵਾਲੀ ਗੱਲ ਹੈ ਕਿ ਸੁਖਬੀਰ ਬਾਦਲ ਨੇ ਲੰਘੇ ਦਿਨੀਂ ਹੀ ਕਿਹਾ ਸੀ ਕਿ ਬੇਅਦਬੀ ਕਾਂਡ ਸਮੇਂ ਮੈਂ ਗ਼ੈਰ ਹਾਜ਼ਰ ਸੀ ਪਰ ਪ੍ਰਕਾਸ਼ ਸਿੰਘ ਬਾਦਲ ਤਾਂ ਹਾਜ਼ਰ ਸੀ। ਪਤਾ ਨਹੀਂ ਕਿਉਂ ਸੁਖਬੀਰ ਬਾਦਲ ਨਿਆਣਿਆਂ ਵਾਲੀ ਸਿਆਸਤ ਖੇਡ ਰਿਹਾ ਹੈ। ਪਿਓ ਭਾਵ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਪਾਰਟੀ ਦੇ ਕਿਸੇ ਬੰਦੇ ਨੂੰ ਓਏ ਕਰਕੇ ਨਹੀਂ ਸੀ ਬੁਲਾਇਆ ਤੇ ਪੁੱਤ ਸਟੇਜਾਂ ’ਤੇ ਜਨਤਕ ਸਭ ਦੇ ਉੱਤੇ ਦੂਸ਼ਣਬਾਜ਼ੀ ਕਰ ਰਿਹੈ। ਸਵਾਲ ਤਾਂ ਇਹ ਵੀ ਉਠਦਾ ਹੈ ਕਿ ਜਦੋਂ ਸੁਖਬੀਰ ਬਾਦਲ ਕਹਿੰਦੇ ਸੀ ਕਿ ਸਰਕਾਰ ਭਾਵੇਂ ਕੈਪਟਨ ਦੀ ਹੋਵੇ, ਭਾਵੇਂ ਭਗਵੰਤ ਮਾਨ ਦੀ, ਅਫ਼ਸਰ ਮੇਰੀ ਵੱਧ ਮੰਨਦੇ ਨੇ। ਤੇ ਫੇਰ ਮਾਹੌਲ ਖ਼ਰਾਬ ਹੁੰਦਾ ਕਿਉਂ ਨਹੀਂ ਰੋਕ ਸਕੇ? ਖ਼ੈਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਢਹਿ ਢਹਿ ਕੇ ਉੱਠਦਾ ਰਿਹੈ। ਦੂਜੀ ਸਟੇਜ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਮੇਲਾ ਮਾਘੀ ਮੌਕੇ ਕੀਤੀ ਗਈ। ਕਾਨਫ਼ਰੰਸ ਦੌਰਾਨ 15 ਨੁਕਾਤੀ ਮਤਾ ਪਾਸ ਕੀਤਾ ਤੇ ਪਾਰਟੀ ਦਾ ਨਾਂਅ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਐਲਾਨ ਕੀਤਾ। ਇਸ ਪਾਰਟੀ ਨੇ ਆਪਣੇ ਆਪ ਨੂੰ ਬਾਦਲ ਪਾਰਟੀ ਦੇ ਬਦਲ ਵਜੋਂ ਪੇਸ਼ ਕੀਤਾ। ਪਾਰਟੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਇਆ। ਨਸਲਾਂ ਤੇ ਫ਼ਸਲਾਂ ਦੀ ਗੱਲ ਕੀਤੀ ਤੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਦੀ ਗੱਲ ਕਹੀ, ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਰੇ ਜਥੇਦਾਰਾਂ ਦਾ 2 ਦਸੰਬਰ ਦੇ ਮਤੇ ਨੂੰ ਲੈ ਕੇ ਧੰਨਵਾਦ ਕੀਤਾ। ਇੱਕ ਐਸੀ ਲਕੀਰ ਖਿੱਚੀ ਕਿ ਜੇ ਸਾਰੇ ਵਾਅਦੇ ਨੇਪਰੇ ਚੜਨ ਤਾਂ ਕਹਾਂਗੇ ਕਿ ਬਾਦਲਕਿਆਂ ਦੀ ਜ਼ਮੀਨ ਖਿਸਕਾਉਣ ਵਾਲੀ ਕਾਨਫ਼ਰੰਸ ਸੀ। ਬਾਕੀ ਹੁੰਦਾ ਪਤਾ ਨਹੀਂ ਕੀ ਹੈ? ਕੁਲ ਮਿਲਾ ਕੇ ਇਹ ਕਾਨਫ਼ਰੰਸ ਵੀ ਪ੍ਰਭਾਵਸ਼ਾਲੀ ਸੀ ਪਰ ਅਕਾਲੀ ਦਲ ਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵਾਲੀ ਗੱਲ ਹਾਲੇ ਬਣੀ ਨਹੀਂ ਹੈ। ਤੀਜੀ ਕਾਨਫ਼ਰੰਸ ਸਿਮਰਨਜੀਤ ਸਿੰਘ ਮਾਨ ਦੀ ਸੀ। ਹਮੇਸ਼ਾ ਦੀ ਤਰ੍ਹਾਂ ਇਸ ਕਾਨਫ਼ਰੰਸ ਦੇ ਵਿੱਚ ਵੀ ਮਾਨ ਨੇ ਗਰਮੀ ਦਿਖਾਈ ਤੇ ਕਿਹਾ ‘‘ਜਦੋਂ ਤੁਹਾਨੂੰ ਕੋਈ ਪੁੱਛੇ ਕਿੱਥੋਂ ਆਏ ਹੋ? ਤਾਂ ਕਹਿ ਦਿਓ ਕਿ ਅਸੀਂ ਮਾਘੀ ਤੋਂ ਆਏ ਹਾਂ ਤੇ ਖ਼ਾਲਿਸਤਾਨੀ ਹਾਂ। ’’ ਹਰ ਵਾਰ ਦੀ ਤਰ੍ਹਾਂ ਇਹ ਤਿੱਖਾ ਬਿਆਨ ਚਰਚਾ ਦੇ ਵਿੱਚ ਵੀ ਰਿਹਾ। ਬਾਕੀ ਇਸ ਸਟੇਜ ਦੇ ਉੱਤੇ ਜੁਝਾਰੂ ਧਿਰਾਂ ਇੱਕਠੀਆਂ ਹੋਈਆਂ ਸਨ। ਦਲ ਖ਼ਾਲਸਾ ਇਸ ਸਟੇਜ ਦਾ ਹਿੱਸਾ ਬਣਿਆ। ਸਿਮਰਨਜੀਤ ਸਿੰਘ ਮਾਨ ਇੱਕ ਅਜਿਹਾ ਸਿਆਸਤਦਾਨ ਹੈ, ਜੋ ਕਿ ਇੱਕ ਬੁਝਾਰਤ ਹੈ। ਪਤਾ ਨਹੀਂ ਕਿਹੜੇ ਸਮੇਂ ਕੀ ਕਹਿ ਦੇਵੇ ਤੇ ਕੀ ਕਰ ਦੇਵੇ। ਸਿੱਖ ਖਲਾਅ ਦੀ ਅਗਵਾਈ ਕਿਸ ਪਾਰਟੀ ਦੇ ਹੱਕ ਦੇ ਵਿੱਚ ਜਾਵੇਗੀ?, ਇਹ ਸ਼੍ਰੋਮਣੀ ਕਮੇਟੀ ਦੀ ਚੋਣ ਤੋਂ ਸਾਫ਼ ਹੋ ਜਾਵੇਗਾ। ਰਹੀ ਗੱਲ ਕਾਨਫ਼ਰੰਸਾਂ ਦੇ ਵਿੱਚ ਇਕੱਠ ਦੀ ਤਾਂ ਇਕੱਠ ਨੂੰ ਸੱਚ ਨਾ ਮੰਨਿਆ ਜਾਏ ਕਿਉਂਕਿ ਬਾਦਲ ਪਾਰਟੀ ਜਨਤਕ ਇਕੱਠ ਕਰਨ ਦੇ ਵਿੱਚ ਮਾਹਿਰ ਹੈ। ਇਕੱਠ ਤਾਂ 2022 ਤੇ 2024 ਦੀਆਂ ਚੋਣਾਂ ਸਮੇਂ ਵੀ ਇਹਨਾਂ ਦੀਆਂ ਕਾਨਫ਼ਰੰਸਾਂ ਦੇ ਵਿੱਚ ਹੁੰਦਾ ਸੀ ਪਰ ਇਕੱਠ ਕਦੇ ਵੀ ਵੋਟਾਂ ਦੇ ਵਿੱਚ ਨਹੀਂ ਬਦਲਦੇ ਹੁੰਦੇ। ਬੱਸ ਭਰਾ ਮਾਰੂ ਜੰਗ ਸ਼ੁਰੂ ਹੋ ਗਈ ਹੈ, ਸੰਜੀਦਾ ਤਰੀਕੇ ਦੇ ਨਾਲ ਸੋਚਣ ਲਈ ਕੋਈ ਵੀ ਤਿਆਰ ਨਹੀਂ। ਇਹ ਲੋਕ ਖ਼ੁਦ ਆਪਣੇ ਮੁਫਾਦਾਂ ਦੇ ਲਈ ਨੁਕਸਾਨ ਕਰਦੇ ਨੇ ਤੇ ਨਾਂਅ ਲੋਕਾਂ ਦੇ ਲਾਉਂਦੇ ਨੇ। ਚੇਤਨਾ ਦਾ ਪੱਧਰ ਤੇ ਵਾਅਦਿਆਂ ਦੀ ਪਕਿਆਈ ਕਿਸੇ ਵੀ ਧਿਰ ਵਿੱਚ ਨਜ਼ਰ ਨਹੀਂ ਆ ਰਹੀ। ਬੱਸ ਆਪਣੀ ਹੋਂਦ ਬਚਾਉਣ ਦੇ ਲਈ ਜਦੋਜਹਿਦ ਕਰ ਰਹੇ ਨੇ।

Loading