ਗਿਆਨੀ ਕੁਲਦੀਪ ਸਿੰਘ ਗੜਗਜ
ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਖ਼ਾਲਸਾ ਪੰਥ ਵੱਲੋਂ ਵੱਡੇ ਪੱਧਰ ’ਤੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਮਨਾਈ ਜਾ ਰਹੀ ਹੈ। ਇਹ ਸਾਡੀ ਪੀੜ੍ਹੀ ਲਈ ਇਤਿਹਾਸਕ ਮੌਕਾ ਹੈ ਜਦੋਂ ਸ਼ਹੀਦੀ ਸ਼ਤਾਬਦੀ ਦੇ ਨਾਲ-ਨਾਲ ਅਸੀਂ ਕਲਗੀਧਰ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੀ ਵੀ 350 ਸਾਲਾ ਸ਼ਤਾਬਦੀ ਮਨਾ ਰਹੇ ਹਾਂ। ਨੌਵੇਂ ਪਾਤਿਸ਼ਾਹ ਨੇ ਆਪਣੀ ਸ਼ਹਾਦਤ ਨਾਲ ਇਸ ਖਿੱਤੇ ’ਚ ਧਾਰਮਿਕ ਆਜ਼ਾਦੀ ਦੀ ਬਹੁਤ ਗਹਿਰੀ ਤੇ ਮਜ਼ਬੂਤ ਨੀਂਹ ਰੱਖੀ, ਜਿਸ ’ਤੇ ਗੁਰੂ ਜੀ ਦੇ ਸਿਧਾਂਤਾਂ ਤੇ ਸਿੱਖਿਆਵਾਂ ਨੂੰ ਪ੍ਰਣਾਇਆ ਸਮਾਜ ਸਿਰਜਣ ਦੀ ਵੱਡੀ ਲੋੜ ਹੈ।
ਜਦੋਂ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਬਚਿੱਤਰ ਨਾਟਕ ਵਿਚ ਇਹ ਮੋਹਰ ਲਗਾਈ ਹੈ ਕਿ -ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਨੌਵੇਂ ਪਾਤਿਸ਼ਾਹ ਨੇ ਉਦੋਂ ਸ਼ਹਾਦਤ ਦਿੱਤੀ ਜਦੋਂ ਕਸ਼ਮੀਰੀ ਪੰਡਿਤ ਉਨ੍ਹਾਂ ਕੋਲ ਫਰਿਆਦ ਲੈ ਕੇ ਆਏ ਕਿ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖ਼ਤਰੇ ’ਚ ਹੈ। ਜੇਕਰ ਉਸ ਸਮੇਂ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਇਸ ਦੇਸ਼ ਦਾ ਨਕਸ਼ਾ ਅੱਜ ਹੋਰ ਹੀ ਹੁੰਦਾ। ਕੁਝ ਲੋਕ ਨੌਵੇਂ ਪਾਤਿਸ਼ਾਹ ਦੀ ਸ਼ਹਾਦਤ ਨੂੰ ਕੇਵਲ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ ਵੇਖਦੇ ਹਨ, ਜਦਕਿ ਕੁਝ ਲੋਕ ਇਸ ਅਦੁੱਤੀ ਸਾਕੇ ਨੂੰ ਆਪਣੀ ਧਾਰਮਿਕ ਆਜ਼ਾਦੀ ਦੀ ਰੱਖਿਆ ਵਜੋਂ ਦੇਖਦੇ ਹਨ। ਪਰ ਗੁਰੂ ਜੀ ਦਾ ਸਿਧਾਂਤ ਤੇ ਪਰਉਪਕਾਰ ਵਿਸ਼ਵਵਿਆਪੀ ਤੇ ਸਾਰੀ ਮਨੁੱਖਤਾ ਨੂੰ ਕਲਾਵੇ ’ਚ ਲੈਣ ਵਾਲਾ ਹੈ। ਇਸ ਅਦੁੱਤੀ ਸਾਕੇ ਤੇ ਗੁਰੂ ਜੀ ਦੀ ਦੂਰਅੰਦੇਸ਼ੀ ਨੂੰ ਬਿਆਨ ਕਰਨਾ ਸੁਖਾਲਾ ਨਹੀਂ ਹੈ ਕਿ ਅਸੀਂ ਗੁਰੂ ਜੀ ਦੀ ਅਦੁੱਤੀ ਸ਼ਹਾਦਤ ਨੂੰ ਆਪਣੀ ਮੱਤ ਅਨੁਸਾਰ ਬਿਆਨ ਕਰ ਸਕੀਏ। ਇਸ ਲਈ ਸਾਨੂੰ ਗੁਰਮਤਿ ਅਨੁਸਾਰ ਸੋਚ ਕੇ ਫ਼ੈਸਲਾ ਕਰਨਾ ਪਵੇਗਾ, ਜੋ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ।
ਦਸਵੇਂ ਪਾਤਿਸ਼ਾਹ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਲਈ ‘ਕੀਨੋ ਬਡੋ ਕਲੂ ਮਹਿ ਸਾਕਾ॥’ ਲਿਖਿਆ ਹੈ। ਇਸ ਤੁਕ ਨੂੰ ਸਹਿਜੇ ਸਮਝੀਏ ਤਾਂ ਇਸ ਦਾ ਭਾਵ ਹੈ ਕਿ ਗੁਰੂ ਜੀ ਨੇੇ ਕਲਜੁਗ ’ਚ ਵੱਡਾ ਸਾਕਾ ਵਰਤਾਇਆ ਹੈ। ਔਰੰਗਜ਼ੇਬ ਦਾ ਰਾਜ ਇਸ ਖਿੱਤੇ ਦੇ ਲੋਕਾਂ ’ਤੇ ਕਲਜੁਗ ਦਾ ਕਹਿਰ ਢਾਹ ਰਿਹਾ ਸੀ। ਨੌਵੇਂ ਪਾਤਿਸ਼ਾਹ ਨੇ ਵੱਡੀ ਸ਼ਹਾਦਤ ਦੇ ਕੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟਣ ਦਾ ਮੁੱਢ ਬੰਨਿ੍ਹਆ। ਸਾਕਾ ਦਾ ਭਾਵ ਇੱਕ ਇਤਿਹਾਸਕ ਘਟਨਾ, ਖ਼ਾਸ ਕਰਕੇ ਜਿਸ ’ਚ ਬੇਮਿਸਾਲ ਬਹਾਦਰੀ ਜਾਂ ਸ਼ਹਾਦਤ ਸ਼ਾਮਿਲ ਹੋਵੇ। ਇਹ ਸਮਝਣ ਦੀ ਲੋੜ ਹੈ ਕਿ ਜਦੋਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ’ਚ ਹਾਕਮੀ ਤਾਕਤ ਦੇ ਵਿਰੋਧ ਦੀ ਸਜ਼ਾ ਸਿਰ ਕਲਮ ਕਰਨ ਦੀ ਹੁੰਦੀ ਸੀ। ਗੁਰੂ ਸਾਹਿਬ ਨੇ ਇਸ ਖਿੱਤੇ ਦੇ ਸਮਾਜ ਅੰਦਰ ਆਪਣੀ ਸ਼ਹਾਦਤ ਨਾਲ ਚੇਤਨਾ ਦੀ ਇਕ ਮਿਸਾਲੀ ਚਿਣਗ ਜਗਾਈ। ਇਸ ਲਈ ਸਾਡੇ ਸਾਰਿਆਂ ਦੇ ਸਿਰਾਂ ’ਤੇ ਗੁਰੂ ਜੀ ਦਾ ਅਜਿਹਾ ਕਰਜ਼ਾ ਹੈ ਜਿਸ ਨੂੰ ਅਸੀਂ ਕਦੇ ਨਹੀਂ ਉਤਾਰ ਸਕਦੇ। ਜਿੱਥੇ ਅਸੀਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰ ਰਹੇ ਹਾਂ ਤਾਂ ਉੱਥੇ ਹੀ ਉਨ੍ਹਾਂ ਦੇ ਤਿੰਨ ਅਨਿੰਨ ਸਿੱਖਾਂ – ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਯਾਦ ਕਰਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਦਾ ਸਿੱਖੀ ਸਿਦਕ ਵਿੱਚ ਪੱਕੇ ਰਹਿਣਾ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਸਿਧਾਂਤ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹੈ। ਗੁਰੂ ਦਾ ਸਿਧਾਂਤ ਹਮੇਸ਼ਾ ਇਹ ਰਿਹਾ ਹੈ ਕਿ ਦੁਨੀਆ ਵਿੱਚ ਕਿਤੇ ਵੀ ਕਿਸੇ ਦੀ ਧਾਰਮਿਕ ਆਜ਼ਾਦੀ ਨਾਲ ਕੋਈ ਧੱਕਾ ਨਾ ਹੋਵੇ। ਹਰ ਧਰਮ ਦੇ ਲੋਕਾਂ ਨੂੰ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦਾ ਪੂਰਾ ਹੱਕ ਹੈ, ਇਸ ਲਈ ਨੌਵੇਂ ਪਾਤਿਸ਼ਾਹ ਜੀ ਦੀ ਸ਼ਹਾਦਤ ਦਾ ਇਹ ਵੱਡਾ ਸੰਕਲਪ ਵੀ ਹੈ। ਜੇਕਰ ਅੱਜ ਸਿੱਖਾਂ ਦੇ ਆਪਣੇ ਹੀ ਦੇਸ਼ ਅੰਦਰ ਕਿਤੇ ਸਿੱਖ ਕਕਾਰ- ਕਿਰਪਾਨ ਜਾਂ ਕੜਾ ਲੁਹਾਉਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਦੇਸ਼ ਦੇ ਹਾਕਮਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹਾ ਵਿਤਕਰਾ ਕਰਨ ਵਾਲਿਆਂ ਨੂੰ ਕਰੜੀ ਸਜ਼ਾ ਦੇ ਕੇ ਦੇਸ਼ ਭਰ ’ਚ ਮਿਸਾਲ ਕਾਇਮ ਕੀਤੀ ਜਾਵੇ ਤਾਂ ਜੋ ਦੁਬਾਰਾ ਅਜਿਹਾ ਕੋਈ ਹੋਰ ਨਾ ਕਰ ਸਕੇ। ਨੌਵੇਂ ਪਾਤਿਸ਼ਾਹ ਜੀ ਦੀ ਬਾਣੀ ਵਿੱਚ ਦਰਜ ਸਿੱਖ ਸਿਧਾਂਤ – ‘‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥16॥’’ – ਨੂੰ ਸਮਝਣ ਦੀ ਲੋੜ ਹੈ। ਗੁਰੂ ਸਾਹਿਬ ਦੇ ਇਸ ਸਿਧਾਂਤ ’ਤੇ ਚਲਦਿਆਂ ਸਿੱਖ ਨਾ ਕਿਸੇ ਨੂੰ ਡਰਾਉਂਦੇ ਹਨ ਅਤੇ ਨਾ ਕਿਸੇ ਦੇ ਡਰਾਵੇ ਨੂੰ ਮੰਨਦੇ ਹਨ।
ਭਾਰਤ ਅੰਦਰ ਵੱਖ-ਵੱਖ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਵੱਲੋਂ ਵੀ ਨੌਵੇਂ ਪਾਤਿਸ਼ਾਹ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੁੰਦਿਆਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਦੇਸ਼ ਦੀਆਂ ਹੁਕਮਰਾਨ ਧਿਰਾਂ ਕਿਸੇ ਹੱਦ ਤੱਕ ਨੌਵੇਂ ਪਾਤਿਸ਼ਾਹ ਦੇ ਪਰਉਪਕਾਰ ਨੂੰ ਯਾਦ ਕਰਦਿਆਂ ਸਮਾਗਮ ਕਰ ਰਹੀਆਂ ਹਨ, ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਅੱਜ ਦੇਸ਼ ਦੇ ਹਾਕਮ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਸਿੱਖਾਂ ਨਾਲ ਨਿਆਂਪੂਰਨ ਵਿਹਾਰ ਕਰ ਰਹੇ ਹਨ ਜਾਂ ਨਹੀਂ।
ਪੰਜਾਬ ਅੰਦਰ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਅੰਦਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੁੰਦਿਆਂ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਸੰਗਤ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਕੌਮ ਨੂੰ ਵੰਡਣ ਵਾਲੀ ਦਿਸ਼ਾ ਵਿਚ ਨਹੀਂ ਹੋਣੇ ਚਾਹੀਦੇ। ਮੈਂ ਸਿੱਖ ਕੌਮ ਦਾ ਸੇਵਾਦਾਰ ਹੁੰਦਿਆਂ ਮਹਿਸੂਸ ਕਰਦਾ ਹਾਂ ਕਿ ਅਜਿਹੇ ਇਤਿਹਾਸਕ ਦਿਹਾੜੇ ਜਿੱਥੇ ਕੌਮੀ ਏਕਤਾ ਲਈ ਚੰਗੇ ਮੌਕੇ ਹੁੰਦੇ ਹਨ, ਉੱਥੇ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਲਈ ਵੀ ਮੰਥਨ ਦਾ ਸਮਾਂ ਹੈ। ਅੱਜ ਕੌਮ ਨੂੰ ਦੇਸ਼-ਦੁਨੀਆ ਅੰਦਰ ਕਈ ਚੁਣੌਤੀਆਂ ਦਰਪੇਸ਼ ਹਨ, ਜਿਨ੍ਹਾਂ ਬਾਰੇ ਸਿੱਖ ਜਗਤ ਨੂੰ ਮਿਲ ਬੈਠ ਕੇ ਸੋਚਣਾ ਬਣਦਾ ਹੈ। ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਕੌਮ ਲਈ ਬੁਲੰਦ ਆਵਾਜ਼ ਦੀ ਮੰਗ ਕਰ ਰਿਹਾ ਹੈ। ਇਹ ਸਰਕਾਰਾਂ ਲਈ ਵੀ ਸੋਚਣ ਦਾ ਵਿਸ਼ਾ ਹੈ ਕਿ ਕਿਸੇ ਨੂੰ ਕਿੰਨੇ ਸਾਲਾਂ ਤੱਕ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਰੱਖਿਆ ਜਾ ਸਕਦਾ ਹੈ। ਸਰਕਾਰ ਨੂੰ ਸੰਵਿਧਾਨ ਦੀ ਪਾਲਣਾ ਕਰਦਿਆਂ ਸ਼ਹੀਦੀ ਸ਼ਤਾਬਦੀ ਮੌਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਸੰਵਿਧਾਨਕ ਫਰਜ਼ ਨਿਭਾਅ ਕੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਇਲਜ਼ਾਮ ਤੋਂ ਬਚਣਾ ਚਾਹੀਦਾ ਹੈ। ਨੌਵੇਂ ਪਾਤਿਸ਼ਾਹ ਦੇ ਇਸ ਸ਼ਹੀਦੀ ਦਿਹਾੜੇ ’ਤੇ ਮੈਂ ਇਹ ਆਸ ਵੀ ਕਰਦਾ ਹਾਂ ਅਤੇ ਵਿਸ਼ਵਾਸ ਰੱਖਦਾ ਹਾਂ ਕਿ ਗੁਰੂ ਸਾਹਿਬ ਦੇ ਸੰਦੇਸ਼ ਦੀ ਰੌਸ਼ਨੀ ਵਿਚ ਪੂਰੀ ਮਾਨਵਤਾ ਸੁਖੀ ਵਸੇ ਅਤੇ ਭਵਿੱਖ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਨਿਰਧਾਰਤ ਕਰੇ। ਨੌਵੇਂ ਪਾਤਿਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਖ਼ਾਲਸਾ ਪੰਥ ਦੀ ਸਥਾਪਨਾ ਜਿਸ ਆਸ਼ੇ ਨਾਲ ਕੀਤੀ ਗਈ ਸੀ, ਅੱਜ ਲੋੜ ਹੈ ਕਿ ਉਸ ਖ਼ਾਲਸਾਈ ਸੋਚ ਨੂੰ ਅਪਣਾਈਏ। ਆਓ! ਦੇਸ਼, ਕੌਮ ਤੇ ਸਮਾਜ ਲਈ ਆਪਣੀ ਜ਼ਿੰਮੇਵਾਰੀ ਸਮਝੀਏ ਅਤੇ ਹਰ ਬਸ਼ਰ ਦੀ ਖੁਸ਼ਹਾਲੀ ਲਈ ਅਰਦਾਸ ਕਰੀਏ।
![]()
