
ਡਾ. ਗੁਰਵਿੰਦਰ ਸਿੰਘ
ਸ਼ਹੀਦ ਊਧਮ ਸਿੰਘ ਇਤਿਹਾਸ ਦਾ ਅਜਿਹਾ ਮਹਾਨ ਯੋਧਾ ਹੋਇਆ ਹੈ, ਜਿਸ ਨੇ ਗ਼ੁਲਾਮੀ ਦੇ ਸੰਗਲ ਤੋੜਨ ਅਤੇ ਬੇਗੁਨਾਹ ਲੋਕਾਂ ਦੇ ਸਮੂਹਿਕ ਕਤਲੇਆਮ ਖ਼ਿਲਾਫ਼, ਹਥਿਆਰਬੰਦ ਸੰਘਰਸ਼ ਦਾ ਰਾਹ ਅਪਨਾਇਆ। ਸ਼ਹੀਦ ਊਧਮ ਸਿੰਘ ਦੇ ਜੀਵਨ ’ਤੇ ਪੰਛੀ ਝਾਤ ਮਾਰਦਿਆਂ ਪਤਾ ਲੱਗਦਾ ਹੈ ਕਿ 26 ਦਸੰਬਰ 1899 ਵਿੱਚ ਪੰਜਾਬ ਦੇ ਸੁਨਾਮ ਨਗਰ ਦੇ ਗਰੀਬ ਪਰਿਵਾਰ ’ਚ, ਮਾਤਾ ਹਰਨਾਮ ਕੌਰ ਅਤੇ ਪਿਤਾ ਟਹਿਲ ਸਿੰਘ ਦੇ ਘਰ ਜਨਮੇ ਊਧਮ ਸਿੰਘ (ਪਹਿਲਾਂ ਨਾਂ ਸ਼ੇਰ ਸਿੰਘ) ਜੀਵਨ ਆਰੰਭ ਤੋਂ ਹੀ ਸੰਘਰਸ਼ਮਈ ਰਿਹਾ। ਬਚਪਨ ਵਿੱਚ ਹੀ ਮਾਤਾ-ਪਿਤਾ ਦੇ ਦੇਹਾਂਤ ਮਗਰੋਂ 24 ਅਕਤੂਬਰ 1907 ਵਿੱਚ ਊਧਮ ਸਿੰਘ ਤੇ ਉਹਨਾਂ ਦਾ ਵੱਡਾ ਭਰਾ ਸਾਧੂ ਸਿੰਘ ਸੈਂਟਰਲ ਸਿੱਖ ਯਤੀਮਖਾਨਾ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ ਤੇ ਇਥੋਂ ਹੀ ਸਿੱਖੀ ਜੀਵਨ, ਸੇਵਾ ਤੇ ਸ਼ਹਾਦਤ ਦੀ ਪ੍ਰੇਰਨਾ ਲੈ ਕੇ ਵੱਡੇ ਹੋਏ।
ਸ਼ਹੀਦ ਊਧਮ ਸਿੰਘ ਨਾਲ ਜੁੜੀਆਂ ਯਾਦਗਾਰਾਂ ਦੇ ਦਰਸ਼ਨ ਕਰਨ ਦੀ ਇੱਛਾ ਨਾਲ ਲੰਡਨ ਵਿੱਚ ਸੈਂਟਰਲ ਗੁਰਦੁਆਰਾ ਸਾਹਿਬ ਸੈਫਰਡਜਬੁਸ਼ ਵਿਖੇ ਜਾਣ ਦਾ ਮੌਕਾ ਮਿਲਿਆ। ਉਸ ਅਸਥਾਨ ਦੇ ਦਰਸ਼ਨ ਕੀਤੇ, ਜਿੱਥੇ ਸ਼ਹੀਦ ਊਧਮ ਸਿੰਘ ਕਿਤੇ ਲੰਗਰ ਵਿੱਚ ਸੇਵਾ ਕਰਦੇ ਅਤੇ ਕਿਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੋਂ ਗੁਰਬਾਣੀ ਦੀ ਪ੍ਰੇਰਨਾ ਲੈਂਦੇ। ਉਹ ਇਤਿਹਾਸਕ ਤਸਵੀਰ ਦੇਖੀ, ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸੀ। 1937 ਵਿੱਚ ਗੁਰਦੁਆਰਾ ਸਾਹਿਬ ਦੀ ਸੰਗਤ ਨਾਲ ਸ. ਉਧਮ ਸਿੰਘ ਨੇ ਫੋਟੋ ਖਿਚਵਾਈ ਸੀ। ਗੁਰਦੁਆਰਾ ਸਾਹਿਬ ਵਿਖੇ ਮੈਂ ਦੀਵਾਨ ਵਿੱਚ ਸੰਗਤਾਂ ਦੇ ਦਰਸ਼ਨ ਕਰਦਿਆਂ ਵਿਚਾਰ ਸਾਂਝੇ ਕੀਤੇ ਕਿ ਖੁਸ਼ਨਸੀਬ ਹਾਂ, ਜੋ ਇਸ ਅਸਥਾਨ ’ਤੇ ਪਹੁੰਚ ਸਕਿਆ ਹਾਂ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਿੰਘ ਸਿੰਕਲੇਅਰ ਦੇ ਪ੍ਰਬੰਧਕ ਸਾਹਿਬਾਨਾਂ ਨੇ ਸ਼ਹੀਦ ਊਧਮ ਸਿੰਘ ਦੀ ਫਾਂਸੀ ਵੇਲੇ ਕਨੂੰਨੀ ਪੱਧਰ ’ਤੇ ਮਦਦ ਕੀਤੀ।
ਦੂਜੇ ਪਾਸੇ ਲੰਡਨ ਰਹਿੰਦੇ ਅੰਗਰੇਜ਼ ਪੱਖੀ ਭਾਰਤੀਆਂ ਦੀਆਂ ਸੰਸਥਾਵਾਂ ਅਤੇ ਭਾਰਤ ਵਿੱਚ ਅੰਗਰੇਜ਼-ਪ੍ਰਸਤ ਕਾਂਗਰਸੀਆਂ ਨੇ ਸ਼ਹੀਦ ਊਧਮ ਸਿੰਘ ਦੇ ਖ਼ਿਲਾਫ਼ ਰੱਜ ਕੇ ਬਿਆਨਬਾਜ਼ੀ ਕੀਤੀ। ਉਡਵਾਇਰ ਦੇ ਕਤਲ ਕਰਕੇ ਸ਼ਹੀਦ ਊਧਮ ਸਿੰਘ ਨੂੰ ਅੱਤਵਾਦੀ ਗਰਦਾਨਿਆ। ਇਸ ਦਾ ਵਿਸਤਾਰ ਲਿਖਾਰੀ ਗਿਆਨੀ ਕੇਸਰ ਸਿੰਘ ਨਾਵਲਿਸਟ ਦੇ ਨਾਵਲ ‘ਸ਼ਹੀਦ ਊਧਮ ਸਿੰਘ’ ਵਿੱਚ ਮਿਲਦਾ ਹੈ। ਇਸ ਤੱਥ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ’ਤੇ ਸ਼ਹੀਦ ਦੇ ਬੁੱਤ ’ਤੇ ਹਾਰ ਪਾਉਣ ਵਾਲੇ ਰਾਸ਼ਟਰਵਾਦੀਆਂ ਦੀਆਂ ਸਿਆਸੀ ਪਾਰਟੀਆਂ ਸ. ਊਧਮ ਸਿੰਘ ਵੱਲੋਂ ਉਡਵਾਇਰ ਨੂੰ ਸੋਧਣ ਦੇ ਖ਼ਿਲਾਫ਼ ਸਨ। ਕਈ ਇਤਿਹਾਸਕਾਰਾਂ ਵੱਲੋਂ ਊਧਮ ਸਿੰਘ ਨੂੰ ਮਿਥ ਕੇ ਸਿੱਖੀ ਸਿਧਾਂਤ ਨਾਲੋਂ ਤੋੜਿਆ ਜਾ ਰਿਹਾ ਹੈ, ਸੱਚ ਹੈ ਕਿ ਲੰਡਨ ਦੀ ਸਿੱਖ ਸੰਸਥਾ ਤੇ ਗੁਰਦੁਆਰਾ ਸੇਵਾਦਾਰ ਊਧਮ ਸਿੰਘ ਲਈ ਨੰਗੇ ਧੜ ਖੜੇ ਸਨ।
ਮੇਰੇ ਲਈ ਉਹ ਪਲ ਵੀ ਇਤਿਹਾਸਕ ਸਨ, ਜਦੋਂ ਲੰਡਨ ਦੇ ਕੈਕਸਟਨ ਹਾਲ ਦੀ ਜਗ੍ਹਾ ’ਤੇ ਜਾਣ ਦਾ ਸੁਭਾਗ ਮਿਲਿਆ, ਜਿੱਥੇ ਸ਼ਹੀਦ ਊਧਮ ਸਿੰਘ ਨੇ 13 ਮਾਰਚ 1940 ਨੂੰ ਉਡਵਾਇਰ ਨੂੰ ਸੋਧਿਆ ਸੀ। ਚਾਹੇ ਉਸ ਜਗ੍ਹਾ ’ਤੇ ਸ਼ਹੀਦ ਊਧਮ ਸਿੰਘ ਦੀ ਕੋਈ ਯਾਦਗਾਰ ਸਥਾਪਤ ਨਹੀਂ ਹੋ ਸਕੀ, ਪਰ ਉਥੇ ਜਾ ਕੇ ਜੋ ਮਨ ਦੇ ਵਲਵਲੇ ਸਨ, ਉਹ ਵੀਡੀਓ ਰਾਹੀਂ ਸਾਂਝੇ ਕੀਤੇ।
ਇਹ ਇਤਿਹਾਸਿਕ ਸੱਚ ਹੈ ਕਿ ਜਦੋਂ 13 ਅਪ੍ਰੈਲ 1919 ਨੂੰ ਵਿਸਾਖੀ ਮੌਕੇ ਜਲਿਆਂਵਾਲਾ ਬਾਗ ਦਾ ਸ਼ਹੀਦੀ ਸਾਕਾ ਵਾਪਰਿਆ, ਸ਼ਹੀਦ ਊਧਮ ਸਿੰਘ ਉਥੇ ਨਹੀਂ ਸੀ। ਜ਼ਿਆਦਾਤਰ ਇਤਿਹਾਸਕਾਰ ਨਾਟਕੀ ਢੰਗ ਨਾਲ ਊਧਮ ਸਿੰਘ ਨੂੰ ਉਥੇ ਦਿਖਾ ਕੇ ਉਡਵਾਇਰ ਤੋਂ ਬਦਲਾ ਲੈਣ ਦੇ ਪ੍ਰਣ ਲੈਣ ਦੀ ਗੱਲ ਲਿਖ ਕੇ, ਆਪਣੇ ਮੁਤਾਬਕ ਅਰਥ ਕਰਦੇ ਹਨ, ਜਦ ਕਿ ਉਸ ਵੇਲੇ ਉਹ ਪੂਰਬੀ ਅਫ਼ਰੀਕਾ ਵਿੱਚ ਸੀ, ਜਿੱਥੇ 2 ਸਾਲ ਯੁਗਾਂਡਾ ਰੇਲਵੇ ਵਰਕਸ਼ਾਪ ’ਚ ਮਕੈਨਿਕ ਵਜੋਂ ਨੌਕਰੀ ਕੀਤੀ। ਇਸ ਪਿੱਛੋਂ ਭਾਰਤ ਆ ਕੇ ਊਧਮ ਸਿੰਘ ਨਵਾਂ ਪਾਸਪੋਰਟ ਬਣਾ ਕੇ 1922 ’ਚ ਲੰਡਨ, ਫਿਰ ਮੈਕਸਿਕੋ ਗਿਆ। 2 ਸਾਲ ਕੈਲੀਫੋਰਨੀਆ ਕੰਮ ਕੀਤਾ, ਗਦਰ ਪਾਰਟੀ ਦੇ ਅਮਰੀਕਾ ਰਹਿ ਰਹੇ ਗਦਰੀਆਂ ਦੇ ਸੰਪਰਕ ਵਿੱਚ ਰਿਹਾ। ਕੈਲੀਫੋਰਨੀਆ ’ਚ ਉਹ ਗਦਰ ਪਾਰਟੀ ਦਾ ਮੈਂਬਰ ਬਣ ਗਿਆ ਅਤੇ ਸਰਗਰਮੀਆਂ ’ਚ ਹਿੱਸਾ ਲੈਣ ਲੱਗਾ। ਪੰਜਾਬ ਵਾਪਸੀ ਮਗਰੋਂ 1923 ਵਿੱਚ ਉਹਦੀ ਮਿਲਣੀ ਬੱਬਰ ਅਕਾਲੀ ਆਗੂ ਮਾਸਟਰ ਮੋਤਾ ਸਿੰਘ ਨਾਲ ਹੋਈ। ਪੰਜਾਬ ਆ ਕੇ ਊਧਮ ਸਿੰਘ ਫਿਰ ਸਰਗਰਮ ਹੋਇਆ ਅਤੇ ਇਸ ਦੌਰਾਨ ਹੀ ਅੰਮ੍ਰਿਤਸਰ ਇੱਕ ਦੁਕਾਨ ਵੀ ਲਈ, ਜੋ ਸਮੇਂ ਸਮੇਂ ਇਨਕਲਾਬੀਆਂ ਦਾ ਤਾਲਮੇਲ ਕੇਂਦਰ ਬਣੀ ਰਹੀ।
ਸ਼ਹੀਦ ਊਧਮ ਸਿੰਘ ਨਾਲ ਸੰਬੰਧਿਤ ਹੋਰ ਦਿਲਚਸਪ ਘਟਨਾਵਾਂ ਤੇ ਵੇਰਵੇ ਵੀ ਇਤਿਹਾਸਕ ਪੱਖੋਂ ਖਾਸ ਮਹੱਤਵ ਰੱਖਦੇ ਹਨ। ਇਤਿਹਾਸਕਾਰ ਗਿਆਨੀ ਨਾਹਰ ਸਿੰਘ ਦੀ ਰਚਿਤ ‘ਆਜ਼ਾਦੀ ਦੀਆਂ ਲਹਿਰਾਂ’ ਕਿਤਾਬ ਵਿੱਚ ਲਿਖਿਆ ਹੈ ਕਿ ਬੱਬਰ ਅਕਾਲੀ ਲਹਿਰ ਦੀ ਇੱਕ ਸਾਖ ਮਾਲਵੇ ਵਿੱਚ ਬਣ ਚੁੱਕੀ ਸੀ, ਜਿਨ੍ਹਾਂ ਵਿੱਚ 15-16 ਮੈਂਬਰਾਂ ਵਿੱਚੋਂ, ਚੌਧਰੀ ਸ਼ੇਰ ਜੰਗ ਅਤੇ ਊਧਮ ਸਿੰਘ ਵੀ ਸਨ। ਗਿਆਨੀ ਨਾਹਰ ਸਿੰਘ ਅੱਗੇ ਲਿਖਦੇ ਹਨ, ਜਥੇ ਵਿੱਚੋਂ ਊਧਮ ਸਿੰਘ ਸੁਨਾਮ, ਕਰਤਾਰ ਸਿੰਘ ਛੀਨੀਵਾਲ, ਭੋਲਾ ਸਿੰਘ ਲੋਹਾ ਖੇੜਾ, ਬਚਨ ਸਿੰਘ ਲੋਹਾ ਖੇੜਾ, ਕੁੰਡਾ ਸਿੰਘ ਗਾਜੀਆਣਾ, ਫਜ਼ਲ ਘੁੰਮਣ ਵਾਲਾ, ਸੰਤ ਸਿੰਘ ਬੜੀ ਟਿੱਬਾ, ਘੁੰਮਣ ਸਿੰਘ ਮਿਸਤਰੀ ਅਤੇ ਸਉਣ ਸਿੰਘ ਟਿੱਬਾ ਨੇ ਰਲ ਕੇ ਸਲਾਹ ਕੀਤੀ ਕਿ ਗੁਰੂ ਕੇ ਬਾਗ ਵਿੱਚ ਅਕਾਲੀ ਸਿੰਘਾਂ ਉੱਪਰ ਬੇਦਰਦ ਲਾਠੀ ਚਾਰਜ ਕਰਵਾਉਣ ਅਤੇ ਗੁਰੂ ਸਾਹਿਬਾਨਾਂ ਦੀ ਸ਼ਾਨ ਵਿਰੁੱਧ ਕੁਬਚਨ ਬੋਲਣ ਵਾਲੇ ਨੀਚ ਬੀਟੀ ਸੁਪਰਡੈਂਟ ਪੁਲਿਸ ਨੂੰ ਪਾਰ ਬੁਲਾਉਣਾ ਚਾਹੀਦਾ ਹੈ। ਇਸ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਕਰਤਾਰ ਸਿੰਘ ਛੀਨੀਵਾਲ, ਭੋਲਾ ਸਿੰਘ ਲੋਹਾ ਖੇੜਾ ਅਤੇ ਫਜ਼ਲ ਘੁੰਮਣ ਵਾਲੇ ਦੀ ਡਿਊਟੀ ਲਾਈ ਗਈ। ਮਗਰੋਂ ਜਥੇ ਦਾ ਮੈਂਬਰ ਊਧਮ ਸਿੰਘ ਸੁਨਾਮ ਆਪ ਵਲੈਤ ਨੂੰ ਕਿਸੇ ਗੱੁਝੇ ਮਕਸਦ ਲਈ ਰਵਾਨਾ ਹੋ ਗਿਆ।
ਪ੍ਰਿੰਸੀਪਲ ਨਿਹਾਲ ਸਿੰਘ ਰਸ ‘ਬੱਬਰ ਅਕਾਲੀ’ ਕਿਤਾਬ ਦੇ ਪੰਨਾ 146-48 ਵਿੱਚ ਗੁਰੂ ਕੇ ਬਾਗ ਦੇ ਮੋਰਚੇ ਅਤੇ ਜਲਿਆਂਵਾਲੇ ਬਾਗ ਦੇ ਇਤਿਹਾਸ ਬਾਰੇ ਘਟਨਾਵਾਂ ਦਾ ਵੇਰਵਾ ਸਾਂਝਾ ਕਰਦਿਆਂ ਲਿਖਦੇ ਹਨ ਕਿ ‘ਮਾਲਵੇ ਦੇ ਬੱਬਰ ਅਕਾਲੀਆਂ’ ਵਿੱਚ ਭਾਈ ਊਧਮ ਸਿੰਘ ਸ਼ਾਮਿਲ ਸਨ। ਬੱਬਰ ਅਕਾਲੀ ਸੁੰਦਰ ਸਿੰਘ ਬੱਬਰ ਆਪਣੀ ਕਿਤਾਬ ‘ਬੱਬਰ ਅਕਾਲੀ ਲਹਿਰ’ ਦੇ ਪੰਨਾ 310-11 ’ਤੇ ਲਿਖਦੇ ਹਨ ਕਿ ਗੁਰੂ ਕੇ ਬਾਗ ਮੋਰਚੇ ਦੌਰਾਨ ਜ਼ੁਲਮ ਕਰਨ ਵਾਲੇ ਪੁਲਿਸ ਸੁਪਰਡੈਂਟ ਬੀਟੀ ਦੇ ਕਤਲ ਵਿੱਚ ਜਿੱਥੇ ਬੱਬਰਾਂ ਨੇ ਅਹਿਮ ਭੂਮਿਕਾ ਨਿਭਾਈ, ਉਥੇ ਮਾਲਵੇ ਦੇ ਬੱਬਰਾਂ ’ਚੋਂ ਊਧਮ ਸਿੰਘ ਸੁਨਾਮ ਨੇ ਇੰਗਲੈਂਡ ਜਾ ਕੇ ਉਡਵਾਇਰ ਨੂੰ ਸੋਧਿਆ। ਇਉਂ ਅਸੀਂ ਸਮਝ ਸਕਦੇ ਹਾਂ ਕਿ ਊਧਮ ਸਿੰਘ ਦਾ ਸਬੰਧ ਬੱਬਰ ਅਕਾਲੀ ਲਹਿਰ ਨਾਲ ਡੂੰਘਾ ਰਿਹਾ ਅਤੇ ਉਸ ਦੇ ਮਨ ਉੱਪਰ ‘ਗੁਰਦੁਆਰਾ ਸੁਧਾਰ ਲਹਿਰ’ ਦਾ ਗੰਭੀਰ ਪ੍ਰਭਾਵ ਕਾਇਮ ਸੀ। 30 ਅਗਸਤ 1927 ਨੂੰ ਊਧਮ ਸਿੰਘ ਅੰਗਰੇਜ਼ੀ ਭੇਸ ਵਿੱਚ ਅਸਲੇ ਸਮੇਤ ਕੱਟੜਾ ਸ਼ੇਰ ਸਿੰਘ, ਅੰਮ੍ਰਿਤਸਰ ਤੋਂ ਫੜਿਆ ਗਿਆ ਅਤੇ 1928 ’ਚ ਊਧਮ ਸਿੰਘ ਨੂੰ 5 ਸਾਲ ਕੈਦ ਹੋਈ। 23 ਅਕਤੂਬਰ 1931 ਨੂੰ ਊਧਮ ਸਿੰਘ ਜੇਲ੍ਹ ’ਚੋਂ ਰਿਹਾਅ ਹੋਇਆ ਅਤੇ ਜੂਨ 1932 ’ਚ ਉਹ ਸਾਧੂ ‘ਬਾਵੇ’ ਦੇ ਭੇਸ ’ਚ ਜੰਮੂ ਤੋਂ ਸ੍ਰੀਨਗਰ ਪੈਦਲ ਗਿਆ। 20 ਮਾਰਚ 1933 ਨੂੰ ਉਸ ਨੇ ਲਾਹੌਰ ਤੋਂ ਊਧਮ ਸਿੰਘ ਦੇ ਨਾਮ ’ਤੇ ਨਵਾਂ ਪਾਸਪੋਰਟ ਹਾਸਲ ਕਰ ਲਿਆ ਅਤੇ ਸੰਨ 1934 ’ਚ ਇੰਗਲੈਂਡ ਪੁੱਜਾ।
ਮਾਇਕਲ ਉਡਵਾਇਰ ਜਦ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ, ਤਾਂ ਉਸ ਨੇ 42 ਇਨਕਲਾਬੀਆਂ ਨੂੰ ਮੌਤ ਦੀ ਸਜ਼ਾ, 114 ਨੂੰ ਉਮਰ ਕੈਦ, ਅਨੇਕਾਂ ਹੋਰਾਂ ਨੂੰ ਵੱਖੋ ਵੱਖ ਜੇਲ੍ਹ ਸਜ਼ਾਵਾਂ ਦਿੱਤੀਆਂ ਸਨ। ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੀ ਅਗਵਾਈ ਵੀ ਜਨਰਲ ਡਾਇਰ ਅਤੇ ਲੈਫਟੀਨੈਂਟ ਗਵਰਨਰ ਮਾਈਕਲ ਉਡਵਾਇਰ ਵੱਲੋਂ ਕੀਤੀ ਗਈ ਸੀ। ਇਸ ਖੂਨੀ ਸਾਕੇ ਦੌਰਾਨ ਮਨੁੱਖਤਾ ਦੇ ਡੁੱਲ੍ਹੇ ਲਹੂ ਦਾ ਹਿਸਾਬ ਊਧਮ ਸਿੰਘ ਨੇ 21 ਸਾਲ ਮਗਰੋਂ ਚੁਕਾਇਆ। ਸ਼ਹੀਦ ਊਧਮ ਸਿੰਘ 13 ਮਾਰਚ 1940 ਕਾਰਤੂਸਾਂ ਨਾਲ ਭਰਿਆ ਪਿਸਤੌਲ ਲੈ ਕੇ ਕੈਕਸਟਨ ਹਾਲ ਲੰਡਨ ਜਾ ਪੁੱਜਿਆ ਅਤੇ ਜ਼ਾਲਮ ਉਡਵਾਇਰ ਨੂੰ ਸੋਧਿਆ। 13 ਮਾਰਚ ਦੀ ਸ਼ਾਮ ਨੂੰ ਮਾਈਕਲ ਉਡਵਾਇਰ ਨੇ 1913-16 ’ਚ ਭਾਰਤ ’ਚ ਆਪਣੇ ਰੋਲ ਬਾਰੇ ਭਾਸ਼ਣ ਕੀਤਾ। ਊਧਮ ਸਿੰਘ ਨੇ 6 ਗੋਲੀਆਂ ਚਲਾਈਆਂ ਅਤੇ ਉਡਵਾਇਰ ਮੌਕੇ ’ਤੇ ਹੀ ਮਾਰਿਆ ਗਿਆ। ਊਧਮ ਸਿੰਘ ਨੇ 31 ਜੁਲਾਈ 1940 ਨੂੰ ਪੈਂਟਨਵਿਲ ਜੇਲ੍ਹ, ਲੰਡਨ ’ਚ ਫਾਂਸੀ ਦਾ ਰੱਸਾ ਚੁੰਮਦਿਆਂ ਸ਼ਹੀਦੀ ਪਾਈ।
ਇਤਿਹਾਸ ਦੇ ਇਹ ਪੰਨੇ ਹੋਰ ਵੀ ਗੌਰਵਮਈ ਹਨ ਕਿ ਸ਼ਹੀਦ ਊਧਮ ਸਿੰਘ ਜਿੱਥੇ ਸਦਾ ਹੀ ਗੁਰਬਾਣੀ ਤੋਂ ਪ੍ਰਭਾਵਿਤ ਸੀ, ਉਥੇ ਉਸ ਨੇ ਗ਼ਦਰ ਲਹਿਰ ਤੋਂ ਅਤੇ ਉਸ ਤੋਂ ਮਗਰੋਂ ਬੱਬਰ ਅਕਾਲੀ ਲਹਿਰ ਤੋ ਵੀ ਪ੍ਰਭਾਵ ਕਬੂਲਿਆ। ਇਤਿਹਾਸਿਕ ਦਸਤਾਵੇਜ਼ਾਂ ਅਨੁਸਾਰ ਸ਼ਹੀਦ ਊਧਮ ਸਿੰਘ ਨੇ ਆਪਣੇ ਪੱਤਰਾਂ ਵਿੱਚ ਗੁਰੂ ਅਰਜਨ ਸਾਹਿਬ ਦੀ ਬਾਣੀ ਦੀਆਂ ਤੁਕਾਂ ਵੀ ਅੰਕਿਤ ਕੀਤੀਆਂ। ਜੇਲ੍ਹ੍ਹ ਚੋਂ ਉਸਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਪੱਤਰ ਵੀ ਲਿਖਿਆ ਕਿ ਉਸ ਨੂੰ ਗੁਟਕਾ ਸਾਹਿਬ ਭੇਜੇ ਜਾਣ। ਸ਼ਹੀਦ ਊਧਮ ਸਿੰਘ ਲੰਡਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਸੇਵਾ ਤੋਂ ਇਲਾਵਾ ਗ੍ਰੰਥੀ ਸਿੰਘ ਤੋਂ ਗੁਰਬਾਣੀ ਦੀ ਸੇਧ ਲੈਂਦਾ, ਉਥੇ ਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਕੈਲੀਫੋਰਨੀਆ ਰਹਿਣ ਦੌਰਾਨ ਵੀ ਉਸ ਦਾ ਗੁਰਦੁਆਰਾ ਸਾਹਿਬ ਗ੍ਰੰਥੀ ਸਿੰਘ ਨਾਲ ਡੂੰਘਾ ਪਿਆਰ ਸੀ ਅਤੇ ਉਸ ਨੂੰ ਲਿਖੀਆਂ ਚਿੱਠੀਆਂ ਵੀ ਮਿਲਦੀਆਂ ਹਨ। ਉਸ ਦੀ ਸ਼ਖਸੀਅਤ ਉਪਰ ਸ਼ਹੀਦ ਭਗਤ ਸਿੰਘ ਦਾ ਵੀ ਅਸਰ ਸੀ। ਅਦਾਕਾਰੀ ਦੇ ਸ਼ੌਕ ਅਧੀਨ ਉਸ ਨੇ ਇੰਗਲੈਂਡ ਵਿੱਚ ਦੋ ਫ਼ਿਲਮਾਂ ਐਲੀਫੈਂਟ, ਦਾ ਥੀਫ ਆਫ਼ ਬਗ਼ਦਾਦ ਆਦਿ ਵਿੱਚ ਵੀ ਕੰਮ ਕੀਤਾ, ਜਿਸ ਦੀਆਂ ਤਸਵੀਰਾਂ ਮਿਲਦੀਆਂ ਹਨ।
ਸ਼ਹੀਦ ਊਧਮ ਸਿੰਘ ਦੇ ਅਨੇਕਾਂ ਨਾਵਾਂ ’ਚੋਂ ਇੱਕ ਖ਼ਾਸ ਨਾਮ ‘ਮੁਹੰਮਦ ਸਿੰਘ ਆਜ਼ਾਦ’ ਸੀ, ਪਰ ਆਰੀਆ ਸਮਾਜ ਵਰਗੀਆਂ ਸੰਸਥਾਵਾਂ ਵੱਲੋਂ ਹਿੰਦੂਤਵੀ ਅਤੇ ਕਈ ਹੋਰਨਾਂ ਵਲੋਂ ਅਖੌਤੀ ਸੈਕੁਲਰ ਏਜੰਡੇ ਤਹਿਤ ਨਾਂ ਪ੍ਰਚਲਤ ਕਰ ਦਿੱਤਾ ਗਿਆ ਹੈ, ‘ਰਾਮ ਮੁਹੰਮਦ ਸਿੰਘ ਆਜ਼ਾਦ’। ਸ਼ਹੀਦ ਊਧਮ ਸਿੰਘ ਦਾ ਮਿਥ ਕੇ ਸੰਘੀਕਰਣ ਕੀਤਾ ਜਾ ਰਿਹਾ ਹੈ। ਪਹਿਲਾਂ ਅਖੌਤੀ ਸੇਕੁਲਰ ਤੇ ਅੱਜ ਕੱਲ੍ਹ ਫਾਸ਼ੀਵਾਦੀ ਅਤੇ ਸੰਘੀ ਏਜੰਡੇ ਅਨੁਸਾਰ ‘ਰਾਮ ਮੁਹੰਮਦ ਸਿੰਘ ਆਜ਼ਾਦ’ ਪ੍ਰਚਾਰਿਆ ਜਾ ਰਿਹਾ ਹੈ, ਜੋ ਕਿ ਗ਼ਲਤ ਹੈ। ਭਾਰਤੀ ਮੀਡੀਆ ਨੇ ਸੰਘੀ ਪ੍ਰਣਾਲੀ ਥੱਲੇ ਜਾਣ ਬੁਝ ਕਿ ਸ.ਊਧਮ ਸਿੰਘ ਦਾ ਨਾਮ ਵਿਗਾੜਿਆ ਹੈ। ਸ਼ਹੀਦ ਊਧਮ ਸਿੰਘ ਨੇ ਜਦ ਖੁਦ ਆਪਣਾ ਨਾਂ ‘ਮੁਹੰਮਦ ਸਿੰਘ ਆਜ਼ਾਦ’ ਲਿਖਿਆ ਹੈ, ਤਾਂ ਕਿਸੇ ਨੂੰ ਕੀ ਹੱਕ ਹੈ ਉਸ ਦਾ ਨਾਮ ਵਿਗਾੜਨ ਦਾ?
ਅੰਤ ਵਿੱਚ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਨੂੰ ਇਹ ‘ਕਾਵਿ-ਬੰਦ’ ਸਮਰਪਿਤ ਕਰ ਰਹੇ ਹਾਂ, ਜੋ ਇਸ ਮਹਾਨ ਯੋਧੇ ਵੱਲੋਂ ਦੁਨੀਆਂ ਦੇ ਸਭ ਤੋਂ ਵੱਡੇ ਬਸਤੀਵਾਦ ਦਾ ਕਿਲਾ ਢਾਹੁਣ ਦੀ ਗਵਾਹੀ ਭਰਦੇ ਹਨ :
- ਲੰਡਨ ਬਸਤੀਵਾਦ ਦਾ, ਜਦ ਹੁੰਦਾ ਸੀ ਗੜ੍ਹ।
ਊਧਮ ਸਿੰਘ ਸਰਦਾਰ ਨੇ, ਤਦ ਭੰਨੀ ਸੀ ਤੜ। - ਲੰਡਨ ਨੇ ਕੀਤੇ ਸਦਾ, ਹਮਲੇ ਤਾਬੜਤੋੜ।
ਲੰਡਨ ਜਾ ਕੇ ਸ਼ੇਰ ਨੇ, ਭਾਜੀ ਦਿੱਤੀ ਮੋੜ।