ਸ਼ਾਹਬਾਜ਼ ਸ਼ਰੀਫ਼ ਨੇ ਯੂ.ਐੱਨ. ਵਿੱਚ ਭਾਰਤ ’ਤੇ ਹਿੰਦੂ ਕੱਟੜਵਾਦ ਵਿਰੁੱਧ ਲਗਾਏ ਇਲਜ਼ਾਮ

In ਮੁੱਖ ਖ਼ਬਰਾਂ
September 27, 2025

ਨਿਊਯਾਰਕ/ਏ.ਟੀ.ਨਿਊਜ਼: ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ 80ਵੇਂ ਸ਼ੈਸ਼ਨ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਫ਼ਿਰ ਤੋਂ ਭਾਰਤ ਵਿਰੋਧੀ ਬਿਆਨਬਾਜ਼ੀ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਭਾਰਤ ਵਿੱਚ ਵਧ ਰਹੇ ਹਿੰਦੂ ਕੱਟੜਵਾਦ ਦੀ ਤਿੱਖੀ ਆਲੋਚਨਾ ਕੀਤੀ ਤੇ ਵਿਸ਼ਵ ਲਈ ਖ਼ਤਰਾ ਦਸਿਆ। ਸ਼ਰੀਫ਼ ਨੇ ਕਿਹਾ ਕਿ ਭਾਰਤ ਵਿੱਚ ਕੱਟੜ ਹਿੰਦੂਤਵ ਦੀ ਵਿਚਾਰਧਾਰਾ ਤੇਜ਼ੀ ਨਾਲ ਫ਼ੈਲ ਰਹੀ ਹੈ, ਜੋ ਮੁਸਲਿਮਾਂ ਵਿਰੁੱਧ ਨਫ਼ਰਤ ਅਤੇ ਭੇਦਭਾਵ ਨੂੰ ਵਧਾਉਂਦੀ ਹੈ। ਉਨ੍ਹਾਂ ਨੇ ਵਿਸ਼ਵ ਭਾਈਚਾਰੇ ਨੂੰ ਹਿੰਦੂਤਵ ਤੋਂ ਬਚਾਉਣ ਲਈ ਕਾਰਵਾਈ ਕਰਨ ਦੀ ਅਪੀਲ ਕੀਤੀ।
ਸ਼ਰੀਫ਼ ਦੇ ਭਾਸ਼ਣ ਵਿੱਚ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਹਿੱਸੇ ਨੇ ਵਿਸ਼ਵ ਮੰਚ ’ਤੇ ਫ਼ਿਰ ਤੋਂ ਤਣਾਅ ਪੈਦਾ ਕਰ ਦਿੱਤਾ। ਉਨ੍ਹਾਂ ਨੇ ਕਿਹਾ, ‘ਦੁਨੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਨੂੰ ਜਗ੍ਹਾ ਨਹੀਂ ਮਿਲਣੀ ਚਾਹੀਦੀ। ਕਿਸੇ ਵੀ ਵਿਅਕਤੀ ਜਾਂ ਭਾਈਚਾਰੇ ਵਿਰੁੱਧ ਭੇਦਭਾਵ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਪਰ ਭਾਰਤ ਵਿੱਚ ਅਜਿਹਾ ਹੋ ਰਿਹਾ ਹੈ।’ ਉਨ੍ਹਾਂ ਨੇ ਭਾਰਤ ਵਿੱਚ 20 ਕਰੋੜ ਮੁਸਲਿਮਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਨੀਤੀਆਂ, ਹਿਜ਼ਾਬ ਪਾਬੰਦੀਆਂ, ਮਸਜਿਦਾਂ ਤੇ ਹਮਲੇ ਅਤੇ ਹਿੰਦੂ ਗਰੋਹਾਂ ਵੱਲੋਂ ਲਿੰਚਿੰਗ ਨੂੰ ਉਦਾਹਰਣਾਂ ਵਜੋਂ ਗਿਣਾਇਆ।
ਭਾਸ਼ਣ ਦੌਰਾਨ ਸ਼ਰੀਫ਼ ਨੇ ਕਸ਼ਮੀਰ ਮੁੱਦੇ ਨੂੰ ਵੀ ਉਠਾਇਆ ਅਤੇ ਭਾਰਤ ਵੱਲੋਂ ਆਰਟੀਕਲ 370 ਨੂੰ ਖਤਮ ਕਰਨ ਨੂੰ ‘ਬਸਤੀਵਾਦੀ ਯੋਜਨਾ’ ਕਰਾਰ ਦਿੱਤਾ। ਦੂਸਰੇ ਪਾਸੇ ਭਾਰਤ ਨੇ ਇਸ ਨੂੰ ‘ਪਾਕਿਸਤਾਨੀ ਪ੍ਰਚਾਰ’ ਕਹਿ ਕੇ ਖਾਰਜ ਕੀਤਾ।
ਭਾਰਤ-ਪਾਕਿਸਤਾਨ ਟਕਰਾਅ ਵਿੱਚ ਪਾਕਿਸਤਾਨ ਵੱਲੋਂ ਜਹਾਜ਼ ਡੇਗਣ ਦੇ ਦਾਅਵੇ: ਕਿੰਨੀ ਕੁ ਸੱਚਾਈ?
ਸ਼ਾਹਬਾਜ਼ ਸ਼ਰੀਫ਼ ਨੇ ਯੂ.ਐੱਨ.ਜੀ.ਏ. ਵਿੱਚ 7 ਤੋਂ 10 ਮਈ 2025 ਨੂੰ ਹੋਏ ਭਾਰਤ-ਪਾਕਿਸਤਾਨ ਫ਼ੌਜੀ ਟਕਰਾਅ ਦਾ ਜ਼ਿਕਰ ਕਰਕੇ ਪਾਕਿਸਤਾਨੀ ਫ਼ੌਜ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਭਾਰਤ ਦੇ ਸੱਤ ਲੜਾਕੂ ਜਹਾਜ਼ ਡੇਗ ਕੇ ਭਾਰੀ ਝਟਕਾ ਦਿੱਤਾ, ਜੋ ਓਪਰੇਸ਼ਨ ਸਿੰਦੂਰ ਦੌਰਾਨ ਹੋਇਆ। ਇਹ ਦਾਅਵਾ ਪਾਕਿਸਤਾਨੀ ਲੀਡਰਾਂ ਵੱਲੋਂ ਲਗਾਤਾਰ ਦੁਹਰਾਇਆ ਜਾਂਦਾ ਰਿਹਾ ਹੈ, ਪਰ ਭਾਰਤ ਨੇ ਇਸ ਨੂੰ ਸਰਾਸਰ ਝੂਠਾ ਅਤੇ ਪ੍ਰਚਾਰ ਕਰਾਰ ਦਿੱਤਾ ਹੈ।
ਟਕਰਾਅ ਦੀ ਸ਼ੁਰੂਆਤ ਅਪ੍ਰੈਲ 2025 ਵਿੱਚ ਭਾਰਤੀ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਨਾਲ ਹੋਈ, ਜਿਸ ਵਿੱਚ 26 ਲੋਕ, ਜ਼ਿਆਦਾਤਰ ਹਿੰਦੂ ਸੈਲਾਨੀ ਮਾਰੇ ਗਏ। ਭਾਰਤ ਨੇ 7 ਮਈ ਨੂੰ ਪਾਕਿਸਤਾਨ ਅਤੇ ਪੀ.ਓ.ਕੇ. ਵਿੱਚ ਨੌਂ ਅੱਤਵਾਦੀ ਟਿਕਾਣਿਆਂ ਤੇ ਮਿਸਾਈਲ ਅਤੇ ਹਵਾਈ ਹਮਲੇ ਕੀਤੇ। ਪਾਕਿਸਤਾਨ ਨੇ ਜਵਾਬ ਵਿੱਚ ਦਾਅਵਾ ਕੀਤਾ ਕਿ ਉਸ ਨੇ ਭਾਰਤੀ ਰਾਫ਼ੇਲ, ਮਿਗ-29 ਅਤੇ ਐੱਸ.ਯੂ-30 ਐੱਮ.ਕੇ.ਆਈ. ਵਰਗੇ ਜਹਾਜ਼ ਡੇਗੇ ਸਨ। ਪਾਕਿਸਤਾਨੀ ਫ਼ੌਜ ਨੇ ਕਿਹਾ ਕਿ ਇਹ ਲੜਾਈ ਵਿੱਚ 125 ਤੋਂ ਵੱਧ ਜਹਾਜ਼ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਭਾਰਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।
ਪਰ ਭਾਰਤ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਭਾਰਤੀ ਡਿਫ਼ੈਂਸ ਚੀਫ਼ ਜਨਰਲ ਅਨਿਲ ਚੌਹਾਨ ਨੇ 31 ਮਈ ਨੂੰ ਮੰਨਿਆ ਸੀ ਕਿ ਭਾਰਤ ਨੇ ਕੁਝ ਜਹਾਜ਼ ਗੁਆਏ, ਪਰ ਪਾਕਿਸਤਾਨ ਦੇ ਛੇ ਜਾਂ ਸੱਤ ਜਹਾਜ਼ ਡੇਗਣ ਦੇ ਦਾਅਵੇ ਨੂੰ ‘ਬਿਲਕੁਲ ਗਲਤ’ ਕਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਨੁਕਸਾਨ ਸ਼ੁਰੂਆਤੀ ਪੜਾਅ ਵਿੱਚ ਹੋਇਆ ਅਤੇ ਭਾਰਤ ਨੇ ਤੁਰੰਤ ਰਣਨੀਤੀ ਬਦਲ ਕੇ ਪਾਕਿਸਤਾਨ ਨੂੰ ਭਾਰੀ ਝਟਕਾ ਦਿੱਤਾ ਸੀ। ਭਾਰਤ ਨੇ ਖੁਦ ਦਾਅਵਾ ਕੀਤਾ ਕਿ ਉਸ ਨੇ ਪੰਜ ਪਾਕਿਸਤਾਨੀ ਜਹਾਜ਼ ਅਤੇ ਇੱਕ ਵੱਡਾ ਏਅਰਬੋਰਨ ਵਾਰਨਿੰਗ ਐਂਡ ਕੰਟਰੋਲ ਏਅਰਕਰਾਫ਼ਟ ਤਬਾਹ ਕੀਤਾ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੁਲਾਈ ਵਿੱਚ ਕਿਹਾ ਕਿ ਪਾਕਿਸਤਾਨ ਨੇ ਪੰਜ ਭਾਰਤੀ ਜਹਾਜ਼ ਡੇਗੇ, ਪਰ ਭਾਰਤ ਨੇ ਇਸ ਨੂੰ ਵੀ ਖਾਰਜ ਕੀਤਾ ਸੀ।
ਟਕਰਾਅ ਚਾਰ ਦਿਨਾਂ ਵਿੱਚ ਸੀਜ਼ਫ਼ਾਇਰ ਨਾਲ ਖਤਮ ਹੋ ਗਿਆ ਸੀ, ਪਰ ਦੋਵੇਂ ਦੇਸ਼ਾਂ ਨੇ ਜਿੱਤ ਦਾ ਦਾਅਵਾ ਕੀਤਾ ਸੀ।

ਪਾਕਿਸਤਾਨ ਵੱਲੋਂ ਟਰੰਪ ਦਾ ਧੰਨਵਾਦ ਅਤੇ ਚੀਨ-ਸਾਊਦੀ ਅਰਬ ਦਾ ਸਮਰਥਨ

ਸ਼ਾਹਬਾਜ਼ ਸ਼ਰੀਫ਼ ਨੇ ਯੂ.ਐੱਨ.ਜੀ.ਏ. ਵਿੱਚ ਭਾਰਤ ਪਾਕਿ ਜੰਗੀ ਟਕਰਾਅ ਦੌਰਾਨ ਸੀਜ਼ਫ਼ਾਇਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਊਦਮ ਨਾਲ ਜੋੜਿਆ। ਉਨ੍ਹਾਂ ਨੇ ਕਿਹਾ ਕਿ ਜੇ ਟਰੰਪ ਨੇ ਦਖਲਅੰਦਾਜ਼ੀ ਨਾ ਕੀਤੀ ਹੁੰਦੀ ਤਾਂ ਯੁੱਧ ਨਿਊਕਲੀਅਰ ਵਿਨਾਸ਼ ਵੱਲ ਜਾ ਸਕਦਾ ਸੀ। ਸ਼ਰੀਫ਼ ਨੇ ਟਰੰਪ ਨੂੰ ‘ਸ਼ਾਂਤੀ ਦਾ ਮਸੀਹਾ’ ਕਹਿ ਨੋਬਲ ਸ਼ਾਂਤੀ ਐਵਾਰਡ ਲਈ ਸਿਫ਼ਾਰਸ਼ ਵੀ ਕੀਤੀ ਸੀ। ਉਨ੍ਹਾਂ ਨੇ ਚੀਨ, ਸਾਊਦੀ ਅਰਬ, ਤੁਰਕੀ ਅਤੇ ਅਜ਼ਰਬੈਜ਼ਾਨ ਨੂੰ ਵੀ ਰਾਜਨੀਤਿਕ ਸਮਰਥਨ ਲਈ ਧੰਨਵਾਦ ਕੀਤਾ।
ਦੂਸਰੇ ਪਾਸੇ ਭਾਰਤ ਨੇ ਕਿਹਾ ਸੀ ਕਿ ਸੀਜ਼ਫ਼ਾਇਰ ਦੋਵੇਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਓਪਰੇਸ਼ਨਜ਼ (ਡੀ.ਜੀ.ਐੱਮ.ਓ.) ਵਿਚਕਾਰ ਗੱਲਬਾਤ ਨਾਲ ਹੋਇਆ, ਨਾ ਕਿ ਅਮਰੀਕਾ ਦੀ ਦਖ਼ਲਅੰਦਾਜ਼ੀ ਨਾਲ। ਟਰੰਪ ਨੇ ਕਈ ਵਾਰ ਦਾਅਵਾ ਕੀਤਾ ਸੀ ਕਿ ਉਸ ਨੇ ਟਰੇਡ ਦਬਾਅ ਨਾਲ ਯੁੱਧ ਰੋਕਿਆ, ਪਰ ਭਾਰਤ ਨੇ ਇਸ ਨੂੰ ‘ਗਲਤ ਤੇ ਝੂਠਾ’ ਕਿਹਾ।
ਇਸ ਤੋਂ ਪਹਿਲਾਂ, 25 ਸਤੰਬਰ ਨੂੰ ਸ਼ਰੀਫ਼ ਅਤੇ ਪਾਕਿਸਤਾਨ ਫ਼ੌਜ ਦੇ ਚੀਫ਼ ਆਸਿਮ ਮੁਨੀਰ ਨੇ ਵਾਈਟ ਹਾਊਸ ਵਿੱਚ ਟਰੰਪ ਨਾਲ ਮੀਟਿੰਗ ਕੀਤੀ। ਇਹ ਛੇ ਸਾਲਾਂ ਵਿੱਚ ਪਹਿਲੀ ਵਾਰ ਸੀ ਜਦੋਂ ਕੋਈ ਪਾਕਿਸਤਾਨ ਪੀ.ਐੱਮ. ਵਾਈਟ ਹਾਊਸ ਗਿਆ। ਮੀਟਿੰਗ 80 ਮਿੰਟ ਚੱਲੀ, ਜਿਸ ਵਿੱਚ ਅੱਤਵਾਦ ਵਿਰੁੱਧ ਅਤੇ ਆਰਥਿਕ ਸਹਿਯੋਗ ’ਤੇ ਗੱਲ ਹੋਈ। ਪਾਕਿਸਤਾਨ ਨੇ ਅਮਰੀਕਾ ਤੋਂ 500 ਮਿਲੀਅਨ ਡਾਲਰ ਦਾ ਨਿਵੇਸ਼ ਵੀ ਹਾਸਲ ਕੀਤਾ। ਇਹ ਮੀਟਿੰਗ ਪਾਕ-ਅਮਰੀਕਾ ਦੇ ਨਿਘੇ ਸਬੰਧਾਂ ਦਾ ਸੰਕੇਤ ਹੈ, ਜੋ 2019 ਤੋਂ ਤਣਾਅ ਵਾਲੇ ਸਨ। ਭਾਰਤ ਲਈ ਇਹ ਚਿੰਤਾ ਵਾਲੀ ਗੱਲ ਹੈ, ਕਿਉਂਕਿ ਟਰੰਪ ਨੇ ਭਾਰਤ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਸ਼ਾਹਬਾਜ਼ ਸ਼ਰੀਫ਼ ਦੇ ਭਾਸ਼ਣ ਵਿੱਚ ਹਿੰਦੂ ਕੱਟੜਵਾਦ ਨੂੰ ਵਿਸ਼ਵ ਖ਼ਤਰਾ ਕਹਿਣ ਨਾਲ ਭਾਰਤ ਵਿੱਚ ਵਿਵਾਦ ਛਿੜ ਗਿਆ ਹੋਵੇ। ਹਿਊਮਨ ਰਾਈਟਸ ਵਾਚ? ਅਤੇ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਭਾਰਤ ਵਿੱਚ ਇਸਲਾਮੋਫ਼ੋਬੀਆ ਵਧਣ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਭਾਰਚ ਵਿੱਚ ਨਿਰਪੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਹਿੰਦੂਤਵੀ ਸਿਆਸਤ ਭਾਰਤ ਵਿੱਚ ਚੋਣਾਂ ਨੇੜੇ ਤਣਾਅ ਵਧਾ ਰਹੀ ਹੈ, ਜਿੱਥੇ ਘੱਟਗਿਣਤੀਆਂ ਨੂੰ ਡਰ ਹੈ ਕਿ ਹਿੰਦੂ ਰਾਸ਼ਟਰਵਾਦ ਵਧੇਗਾ।

Loading