
ਨਵੀਂ ਦਿੱਲੀ/ਏ.ਟੀ.ਨਿਊਜ਼: ਖੇਡ ਮੰਤਰਾਲੇ ਨੇ ਭਾਰਤ ਅੱਗੇ ਆਉਣ ਵਾਲੀਆਂ ਚੁਣੌਤੀਆਂ ਅਤੇ 2036 ਵਿੱਚ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦੇਸ਼ ਦੀ ਦਾਅਵੇਦਾਰੀ ਦੇ ਮੱਦੇਨਜ਼ਰ ਕੌਮੀ ਖੇਡ ਫ਼ੈਡਰੇਸ਼ਨਾਂ (ਐੱਨ.ਐੱਸ.ਐੱਫ਼.) ਨੂੰ ਵਿੱਤੀ ਸਹਾਇਤਾ ਦੇਣ ਦੇ ਮਾਪਦੰਡਾਂ ਵਿੱਚ ਸੋਧ ਕਰਨ ਲਈ ਛੇ ਮੈਂਬਰੀ ਕਮੇਟੀ ਬਣਾਈ ਹੈ। ਪੈਨਲ ਦੀ ਅਗਵਾਈ ਜੁਆਇੰਟ ਸਕੱਤਰ (ਖੇਡ) ਕੁਣਾਲ ਕਰਨਗੇ।
ਇਸ ਵਿੱਚ ਕਾਰਜਕਾਰੀ ਨਿਰਦੇਸ਼ਕ (ਟੀਮਾਂ) ਰਿਤੂ ਪਥਿਕ, ਟਾਰਗੇਟ ਉਲੰਪਿਕ ਪੋਡੀਅਮ ਸਕੀਮ (ਟੌਪਸ) ਦੇ ਸੀ.ਈ.ਓ. ਐੱਨ.ਐੱਸ. ਜੌਹਲ, ਟੌਪਸ ਦੇ ਸਾਬਕਾ ਸੀਈਓ ਕਮੋਡੋਰ (ਸੇਵਾਮੁਕਤ) ਪੀ.ਕੇ. ਗਰਗ ਅਤੇ ਭਾਰਤੀ ਵੇਟਲਿਫ਼ਟਿੰਗ ਫ਼ੈਡਰੇਸ਼ਨ (ਆਈ.ਡਬਲਿਊ.ਐੱਫ਼.) ਦੇ ਪ੍ਰਧਾਨ ਸਹਿਦੇਵ ਯਾਦਵ ਸ਼ਾਮਲ ਹਨ। ਯਾਦਵ ਭਾਰਤੀ ਉਲੰਪਿਕ ਐਸੋਸੀਏਸ਼ਨ (ਆਈ.ਓ.ਏ.) ਦੇ ਖਜ਼ਾਨਚੀ ਵੀ ਹਨ।
ਖੇਡ ਮੰਤਰਾਲੇ ਦੇ ਅੰਡਰ ਸੈਕਟਰੀ ਤਰੁਣ ਪਾਰਿਕ ਵੱਲੋਂ ਕਮੇਟੀ ਮੈਂਬਰਾਂ ਨੂੰ ਭੇਜੇ ਸਰਕੁਲਰ ਵਿੱਚ ਕਿਹਾ, ‘“ਇੱਕ ਨਵਾਂ ਉਲੰਪਿਕ ਚੱਕਰ ਸ਼ੁਰੂ ਹੋ ਗਿਆ ਹੈ। ਨਵੇਂ ਹਾਲਾਤ ਦੇ ਮੱਦੇਨਜ਼ਰ ਮਾਪਦੰਡਾਂ ਦੀ ਸਮੀਖਿਆ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ ਤਾਂ ਜੋ ਅੱਗੇ ਆਉਣ ਵਾਲੀਆਂ ਚੁਣੌਤੀਆਂ ਅਤੇ 2036 ਵਿੱਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਇੱਛਾ ਨਾਲ ਜੁੜੇ ਪਹਿਲੂਆਂ ਦੀ ਵੱਡੇ ਪੱਧਰ ’ਤੇ ਸਮੀਖਿਆ ਕੀਤੀ ਜਾ ਸਕੇ।’’
ਇਸ ਵਿੱਚ ਕਿਹਾ ਗਿਆ ਹੈ, ‘‘ਇਸ ਲਈ, ਐੱਨ.ਐੱਸ.ਐੱਫ਼. ਨੂੰ ਸਹਾਇਤਾ ਦੇਣ ਸਬੰਧੀ ਮਾਪਦੰਡਾਂ ਵਿੱਚ ਸੋਧ ਕਰਨ ਦੇ ਸੁਝਾਅ ਦੇਣ ਲਈ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।’’
ਭਾਰਤ ਨੇ 2036 ਵਿੱਚ ਹੋਣ ਵਾਲੀਆਂ ਉਲੰਪਿਕ ਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਕੌਮਾਂਤਰੀ ਉਲੰਪਿਕ ਕਮੇਟੀ (ਆਈ.ਓ.ਸੀ.) ਨਾਲ ਕਈ ਦੌਰ ਦੀ ਗ਼ੈਰ-ਰਸਮੀ ਗੱਲਬਾਤ ਮਗਰੋਂ ਪਿਛਲੇ ਸਾਲ ਨਵੰਬਰ ਵਿੱਚ ਇਸ ਵਿਸ਼ਵ ਸੰਸਥਾ ਦੇ ਭਵਿੱਖ ਦੇ ਮੇਜ਼ਬਾਨ ਕਮਿਸ਼ਨ ਕੋਲ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ।