ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ 10 ਸਤੰਬਰ 2025 ਨੂੰ ਵਾਪਰੀ ਇੱਕ ਖੂਨੀ ਝੜਪ ਨੇ ਨਾ ਸਿਰਫ਼ ਪੰਜਾਬ ਦੀ ਸਿਆਸਤ ਅਤੇ ਸਮਾਜਿਕ ਹਲਕਿਆਂ ਵਿੱਚ ਹੰਗਾਮਾ ਮਚਾਇਆ, ਸਗੋਂ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਵਿਵਸਥਾ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ। ਇਸ ਘਟਨਾ ਵਿੱਚ ਸੇਵਾਮੁਕਤ ਪੁਲਿਸ ਇੰਸਪੈਕਟਰ ਸੂਬਾ ਸਿੰਘ ਦੀ ਮੌਤ ਹੋ ਗਈ, ਜਦਕਿ ਹਵਾਲਾਤੀ ਸੰਦੀਪ ਸਿੰਘ, ਜਿਸ ਨੂੰ ਭਾਈ ਸੰਨੀ ਵਜੋਂ ਜਾਣਿਆ ਜਾਂਦਾ ਹੈ, ‘ਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ। ਇਸ ਮਾਮਲੇ ਕਾਰਣ ਸਿੱਖ ਸਮਾਜ ਵਿੱਚ ਸੰਨੀ ਹੀਰੋ ਵਜੋਂ ਸਵੀਕਾਰਿਆ ਗਿਆ।ਸ਼ੋਸ਼ਲ ਮੀਡੀਆ ਵਿਚ ਸਿੱਖ ਨੌਜਵਾਨ ਉਸਦੀ ਪ੍ਰਸ਼ੰਸਾ ਕਰ ਰਹੇ ਹਨ। ਜਦਕਿ ਪੰਜਾਬ ਸੰਤਾਪ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਸੂਬਾ ਸਿੰਘ ਦੀ ਲਾਸ਼ ਲੈਣ ਤੋਂ ਉਸ ਦੇ ਪਰਿਵਾਰ ਨੇ ਇਨਕਾਰ ਕਰ ਦਿਤਾ।ਸਿੱਖ ਪੰਥ ਨੇ ਗੁਰਦੁਆਰਿਆਂ ਵਿਚ ਉਸਦੀਆਂ ਅੰਤਿਮ ਰਸਮਾਂ ਨਿਭਾਉਣ ਤੋਂ ਇਨਕਾਰ ਕਰ ਦਿੱਤਾ।
ਜੇਲ ਵਿਚ ਝੜਪ ਕਿਵੇਂ ਹੋਈ
ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ 10 ਸਤੰਬਰ ਨੂੰ ਸੰਦੀਪ ਸਿੰਘ ਸੰਨੀ ਅਤੇ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ—ਸੇਵਾਮੁਕਤ ਡੀ.ਐਸ.ਪੀ. ਗੁਰਬਚਨ ਸਿੰਘ, ਸੇਵਾਮੁਕਤ ਇੰਸਪੈਕਟਰ ਸੂਬਾ ਸਿੰਘ, ਅਤੇ ਇੰਸਪੈਕਟਰ ਇੰਦਰਜੀਤ ਸਿੰਘ—ਵਿਚਕਾਰ ਤਕਰਾਰ ਸ਼ੁਰੂ ਹੋਈ। ਇਹ ਤਕਰਾਰ ਇੰਨੀ ਵੱਧ ਗਈ ਸੀ ਕਿ ਸੰਨੀ ਨੇ ਕਥਿਤ ਤੌਰ ‘ਤੇ ਲੋਹੇ ਦੀ ਪਾਈਪ ਨਾਲ ਤਿੰਨਾਂ ‘ਤੇ ਹਮਲਾ ਕਰ ਦਿੱਤਾ। ਸੂਬਾ ਸਿੰਘ ਦੇ ਸਿਰ ਅਤੇ ਮੂੰਹ ‘ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਬਾਕੀ ਦੋ ਅਧਿਕਾਰੀ ਵੀ ਜ਼ਖਮੀ ਹੋਏ। ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਪਰ ਸੂਬਾ ਸਿੰਘ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਬ੍ਰੇਨ ਡੈਡ ਐਲਾਨਿਆ ਗਿਆ ਅਤੇ ਬੀਤੇ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ ਸੀ।
ਥਾਣਾ ਤ੍ਰਿਪੜੀ ਦੀ ਪੁਲਿਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਸੰਨੀ ਖ਼ਿਲਾਫ਼ ਪਹਿਲਾਂ ਇਰਾਦਾ-ਏ-ਕਤਲ ਦਾ ਮੁਕੱਦਮਾ ਦਰਜ ਕੀਤਾ, ਜਿਸ ਵਿੱਚ ਸੂਬਾ ਸਿੰਘ ਦੀ ਮੌਤ ਤੋਂ ਬਾਅਦ ਕਤਲ ਦੀ ਧਾਰਾ ਜੋੜੀ ਗਈ।
ਸਿੱਖ ਨਸਲਕੁਸ਼ੀ ਦਾ ਦੋਸ਼ੀ ਸੂਬਾ ਸਿੰਘ
ਸੂਬਾ ਸਿੰਘ ਪੰਜਾਬ ਪੁਲਿਸ ਦਾ ਇੱਕ ਵਿਵਾਦਤ ਅਧਿਕਾਰੀ ਸੀ, ਜਿਸ ਦਾ ਨਾਂ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਖਾੜਕਵਾਦ ਦੇ ਸਮੇਂ ਫਰਜ਼ੀ ਮੁਕਾਬਲਿਆਂ ਅਤੇ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲਿਆਂ ਵਿੱਚ ਸਾਹਮਣੇ ਆਇਆ। ਮਨੁੱਖੀ ਅਧਿਕਾਰ ਵਕੀਲ ਸਰਬਜੀਤ ਸਿੰਘ ਵੇਰਕਾ ਦੇ ਅਨੁਸਾਰ, ਸੂਬਾ ਸਿੰਘ ਦੇ ਖ਼ਿਲਾਫ਼ ਲਗਭਗ 100 ਅਜਿਹੇ ਮਾਮਲੇ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਸੱਤ ਦੀ ਜਾਂਚ ਹੋਈ ਅਤੇ ਛੇ ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
1993 ਵਿੱਚ ਤਰਨਤਾਰਨ ਦੇ ਫਰਜ਼ੀ ਮੁਕਾਬਲਿਆਂ ਦੇ ਮਾਮਲੇ ਵਿੱਚ ਸੂਬਾ ਸਿੰਘ ਨੂੰ ਸੀਬੀਆਈ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਕੇਸ ਵਿੱਚ ਸੱਤ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲੈ ਕੇ ਮਾਰਿਆ ਗਿਆ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਨਸ਼ਟ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ, 1993 ਵਿੱਚ ਬਾਬਾ ਚਰਨ ਸਿੰਘ ਅਤੇ ਉਸ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਸੂਬਾ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਸੀ।
ਇਨ੍ਹਾਂ ਮਾਮਲਿਆਂ ਦੀ ਜਾਂਚ ਸੀਬੀਆਈ ਨੇ ਕੀਤੀ, ਅਤੇ ਸੂਬਾ ਸਿੰਘ ਨੂੰ ਗੰਭੀਰ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ। ਵਕੀਲ ਵੇਰਕਾ ਨੇ ਦੱਸਿਆ ਕਿ ਸੂਬਾ ਸਿੰਘ ਦੇ ਖ਼ਿਲਾਫ਼ ਜਾਂਚ ਅਤੇ ਸਜ਼ਾਵਾਂ ਲਈ 27 ਸਾਲ ਲੱਗੇ। ਬਾਬਾ ਚਰਨ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ 1997 ਵਿੱਚ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ, ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਾਂਚ ਸੀਬੀਆਈ ਨੂੰ ਸੌਂਪੀ।
ਸੰਦੀਪ ਸਿੰਘ ਸੰਨੀ: ਸਿੱਖ ਨੌਜਵਾਨਾਂ ਦਾ ਹੀਰੋ
ਸੰਦੀਪ ਸਿੰਘ ਸੰਨੀ ਨੂੰ 2022 ਵਿੱਚ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਧੀਰ ਸੂਰੀ ਨੇ ਸਿੱਖ ਪੰਥ ਵਿਰੁੱਧ ਜ਼ਹਿਰੀਲੇ ਭਾਸ਼ਣ ਦਿੱਤੇ ਸਨ, ਜਿਸ ਕਾਰਨ ਸੰਨੀ ਨੇ ਉਸ ‘ਤੇ ਹਮਲਾ ਕੀਤਾ। ਇਸ ਕਾਰਵਾਈ ਨੇ ਸੰਨੀ ਨੂੰ ਸਿੱਖ ਸਮਾਜ ਵਿੱਚ ਸਤਿਕਾਰ ਦਿਵਾਇਆ, ਅਤੇ ਸੋਸ਼ਲ ਮੀਡੀਆ ‘ਤੇ ਉਸ ਨੂੰ ‘ਨਿਰਭੈ ਸਿੱਖ’ ਵਜੋਂ ਦੇਖਿਆ ਜਾਂਦਾ ਹੈ।
ਪਟਿਆਲਾ ਜੇਲ੍ਹ ਵਿੱਚ ਸਾਬਕਾ ਪੁਲਿਸ ਅਧਿਕਾਰੀਆਂ ਨਾਲ ਝੜਪ ਨੇ ਸੰਨੀ ਦੀ ਸਾਖ ਨੂੰ ਹੋਰ ਵਧਾਇਆ। ਸੋਸ਼ਲ ਮੀਡੀਆ ‘ਤੇ ਸਿੱਖ ਨੌਜਵਾਨ ਉਸ ਨੂੰ ਹੀਰੋ ਮੰਨਦੇ ਹਨ, ਕਿਉਂਕਿ ਉਸ ਨੇ ਉਨ੍ਹਾਂ ਅਧਿਕਾਰੀਆਂ ਦਾ ਮੁਕਾਬਲਾ ਕੀਤਾ, ਜੋ 1990 ਦੇ ਦਹਾਕੇ ਵਿੱਚ ਸਿੱਖ ਨੌਜਵਾਨਾਂ ‘ਤੇ ਜ਼ੁਲਮ ਕਰਨ ਦੇ ਦੋਸ਼ੀ ਸਨ।