ਸ਼੍ਰੋਮਣੀ ਅਕਾਲੀ ਦਲ ਕਾਰਨ ਹੀ ਪੰਜਾਬ ਦਾ ਇੱਕ ਹਿੱਸਾ ਭਾਰਤ ਵਿੱਚ ਸ਼ਾਮਿਲ ਹੋਇਆ

In ਮੁੱਖ ਲੇਖ
August 19, 2025

ਡਾ. ਗੁਲਾਮ ਮੁਸਤਫ਼ਾ ਡੋਗਰ
ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਦੋਂ ਕਾਂਗਰਸ, ਮੁਸਲਿਮ ਲੀਗ, ਅਕਾਲੀ ਦਲ, ਯੂਨੀਨਿਸਟ ਪਾਰਟੀ ਤੇ ਹੋਰ ਧਿਰਾਂ ਦਰਮਿਆਨ ਪੰਜਾਬ ਨੂੰ ਇਕੱਠਾ ਰੱਖਣ ਲਈ ਕੋਈ ਸਹਿਮਤੀ ਨਾ ਬਣੀ ਤਾਂ ਗਵਰਨਰ ਪੰਜਾਬ ਈ.ਐਮ. ਜੈਨਕੀਨਸ ਨੇ ਪੰਜਾਬ ਅਸੈਂਬਲੀ ਦੇ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਖ਼ੁਦ ਇਕੱਠੇ ਹੋ ਕੇ ਫ਼ੈਸਲਾ ਕਰ ਲਵੋ ਕਿ ਤੁਸੀਂ ਪੰਜਾਬ ਨੂੰ ਇਕੱਠਾ ਰੱਖਣਾ ਹੈ ਜਾਂ ਵੰਡਣਾ ਹੈ? ਇਹ ਫ਼ੈਸਲਾ ਪੰਜਾਬ ਅਸੈਂਬਲੀ ਦੇ ਹਿੰਦੂ, ਸਿੱਖ ਤੇ ਮੁਸਲਮਾਨ ਮੈਂਬਰਾਂ ਨੇ ਕਰਨਾ ਸੀ। ਜੇ ਤਾਂ ਸਿੱਧੇ-ਸਿੱਧੇ ਵੋਟ ਪੈਂਦੇ ਤਾਂ ਫ਼ੈਸਲਾ ਬੜਾ ਆਸਾਨ ਸੀ ਕੁੱਲ 175 ਮੈਂਬਰ ਸਨ, ਜਿਨ੍ਹਾਂ ਵਿਚੋਂ 73 ਮੁਸਲਮਾਨ ਸਨ, 51 ਹਿੰਦੂ ਸਨ ਤੇ 22 ਮੈਂਬਰ ਅਕਾਲੀ ਦਲ ਦੇ ਅਤੇ 19 ਮੈਂਬਰ ਯੂਨੀਨਿਸਟ ਪਾਰਟੀ ਦੇ ਸਨ, ਜਿਨ੍ਹਾਂ ਵਿੱਚ ਹਿੰਦੂ, ਸਿੱਖ ਤੇ ਮੁਸਲਮਾਨ ਸਾਰੇ ਸ਼ਾਮਿਲ ਸਨ। 11 ਆਜ਼ਾਦ ਮੈਂਬਰ ਸਨ, ਜਿਨ੍ਹਾਂ ਵਿੱਚ ਮੁਸਲਮਾਨ, ਸਿੱਖ ਤੇ ਹਿੰਦੂ ਤਿੰਨੇ ਸਨ। ਮੁਸਲਿਮ ਲੀਗ ਵਾਲੇ ਪੰਜਾਬ ਨੂੰ ਇਕੱਠਾ ਰੱਖਣਾ ਚਾਹੁੰਦੇ ਸਨ। ਯੂਨੀਨਿਸਟ ਪਾਰਟੀ ਵੱਲੋਂ ਪਹਿਲਾਂ ਹੀ ਪੰਜਾਬ ਨੂੰ ਇਕੱਠਾ ਰੱਖਣ ਦੀ ਖਾਹਿਸ਼ ਪ੍ਰਗਟ ਕੀਤੀ ਗਈ ਸੀ। ਇਸ ਵਾਸਤੇ 73 ਮੁਸਲਿਮ ਲੀਗ ਦੇ ਅਤੇ 9 ਮੈਂਬਰ ਮੁਸਲਮਾਨ ਯੂਨੀਨਿਸਟ ਪਾਰਟੀ ਦੇ, 2 ਆਜ਼ਾਦ ਮੁਸਲਿਮ ਮੈਂਬਰ ਤੇ 5 ਮੁਸਲਿਮ ਮੈਂਬਰ ਸਪੈਸ਼ਲ ਸੀਟਾਂ ਵਾਲੇ ਸਨ। ਇੱਕ ਮੁਸਲਮਾਨ ਕਾਂਗਰਸ ਦਾ ਮੈਂਬਰ ਵੀ ਸੀ। ਉਸ ਨੇ ਵੀ ਵੋਟ ਇਸੇ ਪਾਸੇ ਹੀ ਦੇਣਾ ਸੀ। ਪੰਜਾਬ ਵਿੱਚ ਦੋ ਇਸਾਈ ਮੈਂਬਰ ਵੀ ਸਨ। ਕੁੱਲ 92 ਮੈਂਬਰ ਹੋ ਜਾਂਦੇ।
92 ਮੈਂਬਰ ਪੰਜਾਬ ਦੀ ਅਸੈਂਬਲੀ ਵਿੱਚ 50 ਫ਼ੀਸਦੀ ਤੋਂ ਜ਼ਿਆਦਾ ਵੋਟ ਰੱਖਦੇ ਸਨ। ਇਸ ਲਈ ਜੇਕਰ ਸਿੱਧੇ ਤੌਰ ’ਤੇ ਵੋਟ ਪੈਂਦੇ ਤਾਂ ਪੰਜਾਬ ਇਕੱਠਾ ਰਹਿ ਸਕਦਾ ਸੀ। ਪਰ ਅੰਗਰੇਜ਼ਾਂ ਵੱਲੋਂ ਇਕ ਤਰੀਕਾ ਸਾਹਮਣੇ ਲਿਆਂਦਾ ਗਿਆ, ਇਸ ਦੀ ਜਾਣਕਾਰੀ 3 ਜੂਨ, 1947 ਨੂੰ ਗਵਰਨਰ ਪੰਜਾਬ ਈ.ਐਮ. ਜੈਨਕੀਨਸ ਨੇ ਇੱਕ ਬਿਆਨ ਰਾਹੀਂ ਦਿੱਤੀ, ਜਿਸ ਦੇ ਤਹਿਤ ਇੱਕ ਇਜਲਾਸ 23 ਜੂਨ ਨੂੰ ਤੇ ਦੂਜਾ 4 ਜੁਲਾਈ, 1947 ਨੂੰ ਬੁਲਾਇਆ ਗਿਆ ਕਿਉਂਕਿ ਪੰਜਾਬ ਅਸੈਂਬਲੀ ਦੇ ਮੁਸਲਮਾਨ ਮੈਂਬਰ ਚਾਹੇ ਉਹ ਮੁਸਲਿਮ ਲੀਗ ਨਾਲ ਸੰਬੰਧ ਰੱਖਦੇ ਸਨ ਜਾਂ ਯੂਨੀਨਿਸਟ ਪਾਰਟੀ ਨਾਲ ਤੇ ਜਾਂ ਆਜ਼ਾਦ ਸਨ, ਉਹ ਸਾਰੇ ਪੰਜਾਬ ਨੂੰ ਇਕੱਠਾ ਰੱਖ ਕੇ ਪਾਕਿਸਤਾਨ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਸਨ। ਪਰ ਦੂਸਰੇ ਪਾਸੇ ਕਾਂਗਰਸ ਤੇ ਅਕਾਲੀ ਦਲ ਦੇ ਮੈਂਬਰ ਹਰ ਕੀਮਤ ’ਤੇ ਪੰਜਾਬ ਨੂੰ ਵੰਡਣਾ ਚਾਹੁੰਦੇ ਸਨ ਅਤੇ ਇਸ ਦਾ ਇੱਕ ਹਿੱਸਾ ਭਾਰਤ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਸਨ। ਗਵਰਨਰ ਨੇ ਇਸ ਗੱਲ ਦਾ ਹੁਕਮ ਦਿੱਤਾ ਕਿ ਪੰਜਾਬ ਅਸੈਂਬਲੀ ਦੇ ਮੈਂਬਰਾਂ ਨੂੰ ਦੋ ਹਿੱਸਿਆਂ ਵਿੱਚ ਤਕਸੀਮ ਕਰ ਦਿੱਤਾ ਜਾਵੇ। ਇਕ ਹਿੱਸੇ ਵਿੱਚ ਚੜ੍ਹਦੇ ਪੰਜਾਬ ਦੇ ਮੈਂਬਰ ਇਕੱਠੇ ਕੀਤੇ ਜਾਣ, ਜਿਸ ਵਿੱਚ ਅੱਜ ਦੇ ਹਿਮਾਚਲ ਪ੍ਰਦੇਸ਼, ਹਰਿਆਣਾ, ਗੁਰਦਾਸਪੁਰ ਤੋਂ ਫ਼ਿਰੋਜ਼ਪੁਰ ਦੀ ਹੱਦ ਤੱਕ। ਦੂਸਰੇ ਹਿੱਸੇ ਵਿੱਚ ਲਹਿੰਦੇ ਪੰਜਾਬ ਦੇ ਮੈਂਬਰ ਇਕੱਠੇ ਕੀਤੇ ਜਾਣ ਜੋ ਗੁਰਦਾਸਪੁਰ ਤੋਂ ਲਹਿੰਦੇ ਵਾਲੇ ਪਾਸੇ ਅਟਕ ਤੱਕ ਤੇ ਦੱਖਣ ਵਾਲੇ ਪਾਸੇ ਮੁਲਤਾਨ ਤੇ ਡੇਰਾ ਗਾਜ਼ੀਖਾਨ ਤੱਕ ਦੇ ਮੈਂਬਰ ਹੋਣ। ਦੋਵਾਂ ਹਿੱਸਿਆਂ ਦੇ ਮੈਂਬਰਾਂ ਦੇ ਅਲੱਗ-ਅਲੱਗ ਵੋਟ ਪਵਾਏ ਜਾਣ। ਪੰਜਾਬ ਅਸੈਂਬਲੀ ਦੇ ਦੋਵੇਂ ਹਿੱਸਿਆਂ ਦੇ ਮੈਂਬਰ ਵੱਖ-ਵੱਖ ਵੋਟਾਂ ਪਾ ਕੇ ਕਹਿਣ ਕਿ ਪੰਜਾਬ ਵੰਡਿਆ ਨਹੀਂ ਜਾਣਾ ਚਾਹੀਦਾ, ਤਾਂ ਪੰਜਾਬ ਇਕੱਠਾ ਹੀ ਰਹੇਗਾ। ਪਰ ਜੇ ਦੋਵੇਂ ਹਿੱਸਿਆਂ ਵਿਚੋਂ ਇੱਕ ਹਿੱਸੇ ਦੇ ਵੀ 20 ਤੋਂ ਵੱਧ ਮੈਂਬਰਾਂ ਦੀ ਬਹੁਮੰਤਵੀ ਨਾਲ ਵੋਟਾਂ ਪਾ ਕੇ ਇਹ ਕਹਿ ਦਿੱਤਾ ਕਿ ਪੰਜਾਬ ਵੰਡਿਆ ਜਾਣਾ ਹੈ ਤਾਂ ਪੰਜਾਬ ਵੰਡਿਆ ਹੀ ਜਾਵੇਗਾ। ਉਹ 23 ਜੂਨ, 1947 ਸੋਮਵਾਰ ਦਾ ਮੰਦਭਾਗਾ ਦਿਨ ਸੀ। ਸਾਢੇ ਤਿੰਨ ਕਰੋੜ ਪੰਜਾਬੀਆਂ ਦਾ ਫ਼ੈਸਲਾ ਪੰਜਾਬ ਦੀਆਂ ਤਿੰਨ ਵੱਡੀਆਂ ਸਿਆਸੀ ਜਮਾਤਾਂ ਦੇ 175 ਮੈਂਬਰਾਂ ਨੇ ਕਰਨਾ ਸੀ। ਪੰਜਾਬ ਅਸੈਂਬਲੀ ਦੇ ਸਪੀਕਰ ਦੀਵਾਨ ਬਹਾਦਰ ਐਸ.ਪੀ. ਸਿੰਘ ਜੋ ਕਿ ਮਜ਼੍ਹਬੀ ਤੌਰ ’ਤੇ ਇਸਾਈ ਸਨ, ਦੀ ਪ੍ਰਧਾਨਗੀ ਹੇਠ ਲਹਿੰਦੇ ਪੰਜਾਬ ਦੀ ਮੀਟਿੰਗ ਪੰਜਾਬ ਅਸੈਂਬਲੀ ਦੇ ਟੀ-ਰੂਮ ਵਿੱਚ ਰੱਖੀ ਗਈ। ਦੂਸਰੇ ਪਾਸੇ ਡਿਪਟੀ ਸਪੀਕਰ ਸਰਦਾਰ ਕਪੂਰ ਸਿੰਘ ਨੇ ਪੰਜਾਬ ਅਸੈਂਬਲੀ ਦੇ ਕੈਬਨਿਟ ਰੂਮ ਵਿੱਚ ਚੜ੍ਹਦੇ ਪੰਜਾਬ ਦੇ ਮੈਂਬਰਾਂ ਦੀ ਮੀਟਿੰਗ ਰੱਖੀ। ਦੋਵੇਂ ਇਜਲਾਸ ਅਲੱਗ-ਅਲੱਗ 23 ਜੂਨ, 1947 ਨੂੰ ਸਵੇਰੇ ਦਸ ਵਜੇ ਹੋਏ। ਪਹਿਲਾਂ ਲਹਿੰਦੇ ਪੰਜਾਬ ਦੀ ਅਸੈਂਬਲੀ ਦਾ ਰਿਜ਼ਲਟ ਵੇਖ ਲਵੋ। ਲਹਿੰਦੇ ਪੰਜਾਬ ਦੇ ਮੁਸਲਮਾਨ ਮੈਂਬਰ, ਜਿਨ੍ਹਾਂ ਦੀ ਗਿਣਤੀ 69 ਸੀ ਉਨ੍ਹਾਂ ਨੇ ਵੋਟ ਪਾਏ ਕਿ ਪੰਜਾਬ ਕਿਸੇ ਵੀ ਕੀਮਤ ’ਤੇ ਵੰਡਿਆ ਨਹੀਂ ਜਾਣਾ ਚਾਹੀਦਾ। ਇਕੱਠਾ ਹੀ ਰਹਿਣਾ ਚਾਹੀਦਾ ਹੈ। ਲਹਿੰਦੇ ਪੰਜਾਬ ਦੀ ਅਸੈਂਬਲੀ ਦੇ ਸਾਰੇ ਸਿੱਖ ਤੇ ਹਿੰਦੂ ਮੈਂਬਰਾਂ ਨੇ ਵੋਟ ਪਾਏ ਕਿ ਪੰਜਾਬ ਹਰ ਸੂਰਤ ਵਿੱਚ ਵੰਡਿਆ ਜਾਣਾ ਚਾਹੀਦਾ ਹੈ। ਇਨ੍ਹਾਂ ਮੈਂਬਰਾਂ ਦੀ ਗਿਣਤੀ 27 ਸੀ। ਇਸ ਤਰ੍ਹਾਂ ਲਹਿੰਦੇ ਪੰਜਾਬ ਨੇ ਪੰਜਾਬ ਨੂੰ ਨਾ ਵੰਡਣ ਦੇ ਪੱਖ ਵਿੱਚ ਫ਼ੈਸਲਾ ਦੇ ਦਿੱਤਾ। ਲਹਿੰਦੇ ਪੰਜਾਬ ਦੇ ਜਿਨ੍ਹਾਂ ਮੈਂਬਰਾਂ ਨੇ ਪੰਜਾਬ ਦੀ ਵੰਡ ਕਰਨ ਦੇ ਪੱਖ ਵਿੱਚ ਵੋਟ ਪਾਏ ਉਨ੍ਹਾਂ ਵਿੱਚ 8 ਮੈਂਬਰ ਅਕਾਲੀ ਦਲ ਦੇ ਸਨ, ਜਿਨ੍ਹਾਂ ਦੇ ਨਾਂਅ ਸਰਦਾਰ ਅਜੀਤ ਸਿੰਘ ਲਾਇਲਪੁਰ ਦੱਖਣ ਪਾਸੇ ਤੋਂ ਸਨ, ਦਲੀਪ ਸਿੰਘ ਕਾਂਗ ਲਾਇਲਪੁਰ ਤੋਂ, ਸ. ਜਸਵੰਤ ਸਿੰਘ ਦੁੱਗਲ ਲਹਿੰਦਾ ਦੱਖਣੀ ਪੰਜਾਬ, ਜੁਗਿੰਦਰ ਸਿੰਘ ਮਾਨ ਗੁੱਜਰਾਂਵਾਲਾ, ਅਜਲ ਸਿੰਘ ਸ਼ਹਿਰੀ ਸੀਟ, ਨਰਿੰਦਰ ਸਿੰਘ ਮਿੰਟਗੁਮਰੀ, ਵਰਿਆਮ ਸਿੰਘ, ਕਰਤਾਰ ਸਿੰਘ, ਗੁਰਬਚਨ ਸਿੰਘ ਬਾਜਵਾ ਆਜ਼ਾਦ, ਸੱਜਣ ਸਿੰਘ ਕਸੂਰ, ਸਰਦੋਰ ਸਿੰਘ ਲਾਹੌਰ, ਸ਼ਿਵ ਸਿੰਘ ਕਾਂਗਰਸ, ਸੁੰਦਰ ਸਿੰਘ ਸਿਆਲਕੋਟ ਤੇ ਬਾਕੀ 14 ਮੈਂਬਰ ਕਾਂਗਰਸ ਦੇ ਸਨ।
ਇਸ ਤਰ੍ਹਾਂ ਲਹਿੰਦੇ ਪੰਜਾਬ ਦੇ ਮੁਸਲਮਾਨ ਮੈਂਬਰਾਂ ਨੇ ਇਹ ਫ਼ੈਸਲਾ ਕਰ ਦਿੱਤਾ ਕਿ ਪੰਜਾਬ ਵੰਡਿਆ ਨਹੀਂ ਜਾਣਾ ਚਾਹੀਦਾ। ਦੂਜੇ ਪਾਸੇ ਕੈਬਨਿਟ ਰੂਮ ਵਿੱਚ ਚੜ੍ਹਦੇ ਪੰਜਾਬ ਦੇ ਅਸੈਂਬਲੀ ਦੇ ਮੈਬਰਾਂ ਦੀ ਬੈਠਕ ਹੋਈ ਤੇ ਉਨ੍ਹਾਂ ਦਾ ਨਤੀਜਾ ਕੁਝ ਇਸ ਤਰ੍ਹਾਂ ਦਾ ਸੀ। ਚੜ੍ਹਦੇ ਪੰਜਾਬ ਨਾਲ ਤੁਅੱਲਕ ਰੱਖਣ ਵਾਲੇ 22 ਮੁਸਲਮਾਨ ਮੈਂਬਰਾਂ ਨੇ ਵੋਟ ਪਾਏ ਕਿ ਪੰਜਾਬ ਨਹੀਂ ਵੰਡਿਆ ਜਾਣਾ ਚਾਹੀਦਾ। ਜਦੋਂ ਕਿ ਦੂਜੇ ਪਾਸੇ 50 ਸਿੱਖ ਤੇ ਹਿੰਦੂ ਮੈਂਬਰਾਂ ਨੇ ਵੋਟ ਪਾਏ ਕਿ ਪੰਜਾਬ ਹਰ ਸੂਰਤ ਵਿੱਚ ਵੰਡਿਆ ਜਾਣਾ ਚਾਹੀਦਾ ਹੈ। ਅਸਲ ਵਿੱਚ ਪੰਜਾਬ ਦੇ ਵੰਡਣ ਤੇ ਨਾ ਵੰਡਣ ਦੀ ਸਾਰੀ ਖੇਡ ਅਕਾਲੀ ਦਲ ਦੇ 22 ਮੈਂਬਰਾਂ ਦੀਆਂ ਵੋਟਾਂ ’ਤੇ ਟਿਕੀ ਹੋਈ ਸੀ। ਅਕਾਲੀ ਦਲ ਦੇ ਇਹ ਵੋਟ ਜਿਸ ਪਾਸੇ ਜਾਂਦੇ, ਉਹ ਪਾਸਾ ਜਿੱਤ ਜਾਣਾ ਸੀ। ਅੰਗਰੇਜ਼ਾਂ ਵੱਲੋਂ ਬਣਾਏ ਫ਼ਾਰਮੂਲੇ ਮੁਤਾਬਿਕ ਪੰਜਾਬ ਅਸੈਂਬਲੀ ਦੇ ਮੈਂਬਰਾਂ ਦਾ ਇਕ ਹਿੱਸਾ ਲਹਿੰਦਾ ਜਾਂ ਚੜ੍ਹਦਾ ਬਹੁਸੰਮਤੀ ਨਾਲ ਪੰਜਾਬ ਦੀ ਵੰਡ ਦੇ ਹੱਕ ਵਿੱਚ ਵੋਟ ਪਾਏਗਾ ਤਾਂ ਪੰਜਾਬ ਲਾਜ਼ਮੀ ਹੀ ਵੰਡਿਆ ਜਾਣਾ ਸੀ। ਪੰਜਾਬ ਉਸੇ ਸੂਰਤ ਵਿੱਚ ਇਕ ਰਹਿ ਸਕਦਾ ਸੀ, ਜਦੋਂ ਪੰਜਾਬ ਦੇ ਦੋਵੇਂ ਹਿੱਸਿਆਂ ਦੇ ਮੈਂਬਰ ਵਾਧੂ ਗਿਣਤੀ ਨਾਲ ਪੰਜਾਬ ਨਾ ਵੰਡਣ ਦੇ ਹੱਕ ਵਿੱਚ ਵੋਟ ਪਾਉਂਦੇ। ਚੜ੍ਹਦੇ ਪੰਜਾਬ ਦੇ ਮੈਂਬਰਾਂ ਦੀ ਵੱਧ ਗਿਣਤੀ ਨੇ ਪੰਜਾਬ ਵੰਡਣ ਦੇ ਹੱਕ ਵਿੱਚ ਵੋਟਾਂ ਪਾਈਆਂ ਸਨ। ਇਸ ਵਾਸਤੇ ਪੰਜਾਬ ਨੂੰ ਵੰਡਣ ਦੇ ਫ਼ੈਸਲੇ ’ਤੇ ਹਮੇਸ਼ਾ ਵਾਸਤੇ ਮੋਹਰ ਲੱਗ ਗਈ। ਇਸ ਦੇ ਨਾਲ ਹੀ ਇੱਕ ਕਰੋੜ ਪੰਜਾਬੀਆਂ ਦੀ ਤਬਾਹੀ ਤੇ ਘਰੋਂ ਬੇਘਰ ਹੋਣ ਦਾ ਰਾਹ ਵੀ ਸਿੱਧਾ ਹੋ ਗਿਆ। ਲਹਿੰਦੇ ਪੰਜਾਬ ਵਿੱਚ ਮੁਸਲਮਾਨ ਮੈਂਬਰ ਬਹੁਤ ਜ਼ਿਆਦਾ ਸਨ। ਇਸ ਵਾਸਤੇ ਅਕਾਲੀ ਦਲ ਦੇ 8 ਤੇ 4 ਆਜ਼ਾਦ ਸਿੱਖ ਮੈਂਬਰਾਂ ਤੇ ਕਾਂਗਰਸ ਦੇ ਮੈਂਬਰਾਂ ਨਾਲ ਫ਼ਰਕ ਨਹੀਂ ਪਿਆ ਸੀ। ਫ਼ਰਕ 42 ਵੋਟਾਂ ਦਾ ਸੀ, ਜੋ ਬਹੁਤ ਵੱਡਾ ਸੀ। ਕੁੱਲ 96 ਵੋਟਾਂ ਵਿਚੋਂ 69 ਯਾਨੀ 72 ਫ਼ੀਸਦੀ ਪੰਜਾਬ ਨੂੰ ਨਾ ਵੰਡਣ ਵਾਸਤੇ ਪਈਆਂ। ਸਿਰਫ਼ 27 ਵੋਟ ਭਾਵ 28 ਫ਼ੀਸਦੀ ਪੰਜਾਬ ਦੀ ਵੰਡ ਵਾਸਤੇ ਪਏ। ਪੰਜਾਬ ਨੂੰ ਵੰਡਣ ਦਾ ਫ਼ੈਸਲਾ ਚੜ੍ਹਦੇ ਪੰਜਾਬ ਨੇ ਕੀਤਾ। ਇਸ ਵਿੱਚ ਅਕਾਲੀ ਦਲ ਦੀਆਂ 14 ਵੋਟਾਂ ਦਾ ਬਹੁਤ ਵੱਡਾ ਹੱਥ ਸੀ। ਜੋ ਇਹ ਸਨ ਗੁਰਬਚਨ ਸਿੰਘ ਫ਼ਿਰੋਜ਼ਪੁਰ, ਇੰਦਰ ਸਿੰਘ ਸ਼ਹਿਰੀ ਸੀਟ, ਇਸ਼ਰ ਸਿੰਘ ਮਝੈਲ ਅੰਮ੍ਰਿਤਸਰ, ਜਗਜੀਤ ਸਿੰਘ ਮਾਨ ਸਪੈਸ਼ਲ ਸੀਟ ਸੈਂਟਰਲ ਪੰਜਾਬ, ਕਪੂਰ ਸਿੰਘ ਲੁਧਿਆਣਾ, ਨਰਵਟਨ ਸਿੰਘ ਦੱਖਣ ਚੜ੍ਹਦਾ ਪੰਜਾਬ, ਪਿਆਰਾ ਸਿੰਘ ਹੁਸ਼ਿਆਰਪੁਰ, ਰਤਨ ਸਿੰਘ ਮੋਗਾ, ਸਵਰਨ ਸਿੰਘ ਜਲੰਧਰ, ਤਾਰਾ ਸਿੰਘ ਫ਼ਿਰੋਜ਼ਪੁਰ, ਊਧਮ ਸਿੰਘ ਅੰਮ੍ਰਿਤਸਰ, ਬਲਦੇਵ ਸਿੰਘ ਅੰਬਾਲਾ, ਸ਼ਿਵਸਰਨ ਸਿੰਘ ਹੁਸ਼ਿਆਰਪੁਰ, ਵਰਿਆਮ ਸਿੰਘ ਪਟਿਆਲਾ। ਜੇ ਅਕਾਲੀ ਦਲ ਦੇ ਚੜ੍ਹਦੇ ਪੰਜਾਬ ਦੇ 14 ਵੋਟ ਪੰਜਾਬ ਦੀ ਵੰਡ ਵਾਸਤੇ ਨਾ ਪੈਂਦੇ ਬਾਕੀ 36 ਵੋਟਾਂ ਰਹਿ ਜਾਣੀਆਂ ਸਨ। ਦੂਜੇ ਪਾਸੇ ਜੇ ਅਕਾਲੀ ਦਲ ਦੇ ਇਹੀ 14 ਵੋਟ ਪੰਜਾਬ ਦੇ ਇਕੱਠੇ ਰਹਿਣ ਵਾਲੇ ਪਾਸੇ ਰਹਿੰਦੇ ਤਾਂ 22+14=36 ਵੋਟ ਹੋ ਜਾਣੇ ਸਨ। ਇਸ ਤਰ੍ਹਾਂ ਇਹ ਵੰਡ ਰੁਕ ਜਾਣੀ ਸੀ।
ਪੰਜਾਬ ਅਸੈਂਬਲੀ ਦੇ ਕੁੱਲ ਮੈਂਬਰ 175 ਸਨ। ਪਰ ਇਨ੍ਹਾਂ ਵਿਚੋਂ ਕੁਝ ਯੂਰਪੀਅਨ ਮੈਂਬਰ ਵੀ ਸਨ। ਜਿਹੜੇ ਵੋਟ ਪਏ ਉਹ 168 ਸਨ। ਇਸ ਦਾ ਮਤਲਬ ਕੁੱਲ ਵਿਚੋਂ 7 ਵੋਟ ਨਹੀਂ ਪਏ। ਹੋ ਸਕਦਾ ਹੈ ਕੋਈ ਮੈਂਬਰ ਬਿਮਾਰ ਹੋਵੇ ਜਾਂ ਕਿਸੇ ਯੂਰਪੀਅਨ ਮੈਂਬਰ ਨੇ ਵੋਟ ਨਾ ਪਾਏ ਹੋਣ। ਵੰਡ ਦੇ ਹੱਕ ਵਿੱਚ ਲਹਿੰਦੇ ਪੰਜਾਬ ’ਚੋਂ ਹਿੰਦੂਆਂ ਤੇ ਸਿੱਖਾਂ ਦੇ 27 ਵੋਟ ਤੇ ਚੜ੍ਹਦੇ ਪੰਜਾਬ ’ਚੋਂ ਹਿੰਦੂਆਂ ਤੇ ਸਿੱਖਾਂ ਦੇ 50 ਵੋਟ ਕੁੱਲ 77 ਵੋਟ ਪੰਜਾਬ ਨੂੰ ਵੰਡਣ ਵਾਸਤੇ ਪਏ। ਜਦੋਂ ਕਿ ਪੰਜਾਬ ਨੂੰ ਨਾ ਵੰਡਣ ਵਾਸਤੇ ਲਹਿੰਦੇ ਪੰਜਾਬ ’ਚੋਂ ਮੁਸਲਮਾਨਾਂ ਦੇ 69 ਵੋਟ ਤੇ ਚੜ੍ਹਦੇ ਪੰਜਾਬ ’ਚੋਂ 22 ਕੁੱਲ 91 ਵੋਟ ਪਏ। 77 ਨਾਲੋਂ 91 ਵੋਟਾਂ ਜ਼ਿਆਦਾ ਸਨ, ਕਿਉਂਕਿ ਇਨ੍ਹਾਂ ਨੂੰ ਦੋ ਹਿੱਸਿਆਂ ’ਚ ਤਕਸੀਮ ਕੀਤਾ ਗਿਆ ਸੀ। ਉਨ੍ਹਾਂ ਨੂੰ ਪਤਾ ਸੀ ਕਿ ਚੜ੍ਹਦੇ ਪੰਜਾਬ ’ਚ ਹਿੰਦੂ ਸਿੱਖ ਜ਼ਿਆਦਾ ਨੇ। ਉੱਥੇ ਇਹ ਗੱਲ ਨਹੀਂ ਮੰਨੀ ਜਾਣੀ। ਉਨ੍ਹਾਂ ਵਲੋਂ ਪੰਜਾਬ ਨੂੰ ਵੰਡਣ ਵਾਸਤੇ ਵੋਟ ਪਾ ਦਿੱਤੇ ਜਾਣੇ ਹਨ। ਇਸ ਵਾਸਤੇ ਪੰਜਾਬ ਵੰਡਿਆ ਹੀ ਜਾਣਾ ਸੀ ਤੇ ਅਖ਼ੀਰ ਪੰਜਾਬ ਵੰਡਿਆ ਹੀ ਗਿਆ।
ਯੂਨੀਨਿਸਟ ਪਾਰਟੀ ਪੰਜਾਬ ਦੇ ਮੈਂਬਰ ਪੰਜਾਬ ਨੂੰ ਇਕੱਠਾ ਰੱਖਣ ਦੇ ਹਾਮੀ ਸਨ। ਇਸ ਦੇ ਵੀ ਕੁਝ ਮੈਂਬਰ ਚੜ੍ਹਦੇ ਪੰਜਾਬ ’ਚ ਮੌਜੂਦ ਸਨ, ਜਿਵੇਂ ਹਾਂਸੀ ਤੋਂ ਸੂਰਜ ਮੱਲ, ਗੁੜਗਾਉਂ ਤੋਂ ਮਨੋਹਰ ਸਿੰਘ ਤੇ ਪ੍ਰੇਮ ਸਿੰਘ, ਹੁਸ਼ਿਆਰਪੁਰ ਤੋਂ ਮੰਗੂ ਰਾਮ, ਜਲੰਧਰ ਤੋਂ ਸੰਤ ਰਾਮ। ਸਿੱਖ ਪੰਥ ਦੇ ਸੱਤ ਹੋਰ ਮੈਂਬਰ ਵੀ ਸਨ ਜੋ ਕਾਂਗਰਸ ਵਿੱਚ ਸ਼ਾਮਿਲ ਸਨ। ਇਨ੍ਹਾਂ ਵਿਚੋਂ ਬਚਨ ਸਿੰਘ ਲੁਧਿਆਣੇ ਤੋਂ, ਕਹਿਰ ਸਿੰਘ ਜਗਰਾਓਂ ਤੋਂ, ਕਾਬਲ ਸਿੰਘ ਜਲੰਧਰ ਤੋਂ, ਰੋੜ ਸਿੰਘ ਫ਼ਿਰੋਜ਼ਪੁਰ ਤੋਂ, ਪ੍ਰਤਾਪ ਸਿੰਘ ਕੈਰੋਂ ਅੰਮ੍ਰਿਤਸਰ ਤੋਂ, ਸ਼ਿਵ ਸਿੰਘ ਗੁਰਦਾਸਪੁਰ ਤੋਂ ਗੁਰਬੰਤਾ ਸਿੰਘ ਜਲੰਧਰ ਤੋਂ। ਇਨ੍ਹਾਂ ਵਿੱਚ ਕੁਝ ਆਜ਼ਾਦ ਮੈਂਬਰ ਵੀ ਸਨ। ਜੇ ਚੜ੍ਹਦੇ ਪੰਜਾਬ ਵਿੱਚ ਅਕਾਲੀ ਦਲ ਦੇ ਵੋਟ ਪੰਜਾਬ ਨੂੰ ਇਕੱਠੇ ਰੱਖਣ ਲਈ ਪੈਂਦੇ ਤੇ ਨਾਲ ਯੂਨੀਨਿਸਟ ਮੈਂਬਰਾਂ ਦੇ ਵੀ ਵੋਟ ਇਸ ਪਾਸੇ ਪੈਂਦੇ ਤੇ ਕਾਂਗਰਸ ਪਾਰਟੀ ਵਿੱਚ ਜਿਹੜੇ 7 ਸਿੱਖ ਵੋਟ ਸਨ ਉਹ ਵੀ ਇਸ ਪਾਸੇ ਪੈਂਦੇ ਤਾਂ ਇਸ ਤਰ੍ਹਾਂ ਪੰਜਾਬ ਨੂੰ ਇਕੱਠਾ ਰੱਖਿਆ ਜਾ ਸਕਦਾ ਸੀ। ਚੜ੍ਹਦੇ ਪੰਜਾਬ ਵਿੱਚ ਮੁਸਲਮਾਨਾਂ ਦੇ ਕੁੱਲ ਵੋਟ 22, ਅਕਾਲੀ ਦਲ ਦੇ 14, ਕਾਂਗਰਸ ਵਿੱਚ ਜੋ ਸਿੱਖ ਮੈਂਬਰ ਸਨ ਉਨ੍ਹਾਂ ਦੇ 7 ਵੋਟ ਸਨ ਤੇ ਯੂਨੀਨਿਸਟ ਪਾਰਟੀ ਦੇ ਵੋਟ 5 ਸਨ। ਇਹ ਸਾਰੀਆਂ ਵੋਟਾਂ ਕੁੱਲ 45 ਸਨ। ਇਸ ਤਰ੍ਹਾਂ ਪੰਜਾਬ ਦੀ ਵੰਡ ਵਾਸਤੇ ਜੋ ਵੋਟ ਸਨ ਉਹ 24 ਰਹਿ ਜਾਣੇ ਸਨ। ਇਸ ਤਰ੍ਹਾਂ ਪੰਜਾਬ ਦੀ ਵੰਡ ਰੁਕ ਸਕਦੀ ਸੀ।
1947 ਵਿੱਚ ਅਕਾਲੀ ਦਲ ਦਾ ਕਿਰਦਾਰ ਪੰਜਾਬ ਨੂੰ ਵੰਡਣ ਜਾਂ ਇਕੱਠਿਆਂ ਰੱਖਣ ਵਿੱਚ ਬਹੁਤ ਹੀ ਅਹਿਮ ਸੀ। ਭਾਵੇਂ ਇਹਦੇ ਮੈਂਬਰ ਘੱਟ ਸਨ। ਅਕਾਲੀ ਦਲ ਤੇ ਸਿੱਖ ਇਸ ਪੱਖੋਂ ਇੰਨੇ ਮਜ਼ਬੂਤ ਸਨ ਕਿ ਉਹ ਜੋ ਚਾਹੁੰਦੇ ਕਾਂਗਰਸ ਕੋਲੋਂ ਜਾਂ ਮੁਸਲਿਮ ਲੀਗ ਕੋਲੋਂ ਮੰਨਵਾ ਸਕਦੇ ਸਨ। ਇਹ ਦੋਵੇਂ ਜਮਾਤਾਂ ਬਹੁਤ ਮਜ਼ਬੂਤ ਸਨ, ਕਿਉਂਕਿ ਇਨ੍ਹਾਂ ਨੇ ਜਿਸ ਪਾਸੇ ਜਾਣਾ ਸੀ ਉਸ ਪਾਸੇ ਪੂਰਾ ਪੰਜਾਬ ਹੀ ਜਾ ਸਕਦਾ ਸੀ। ਘੱਟ ਤੋਂ ਘੱਟ ਅੱਧਾ ਪੰਜਾਬ ਤਾਂ ਚਲੇ ਜਾਣਾ ਸੀ। ਜੇਕਰ ਮੁਸਲਿਮ ਲੀਗ ਵਾਲੇ ਪਾਸੇ ਜਾਂਦੇ ਤਾਂ ਫ਼ਿਰ ਪੂਰਾ ਪੰਜਾਬ ਇੱਕ ਪਾਸੇ ਭਾਵ ਪਾਕਿਸਤਾਨ ਵਿੱਚ ਚਲਾ ਜਾਣਾ ਸੀ। ਸਿੱਖਾਂ ਦੀ ਉਸ ਵਕਤ ਇੰਨੀ ਅਹਿਮੀਅਤ ਸੀ ਕਿ ਜੇਕਰ ਇਹ ਸੌਦੇਬਾਜ਼ੀ ਕਰਦੇ ਦੋਵੇਂ ਜਮਾਤਾਂ ਨਾਲ ਤਾਂ ਆਪਣੀ ਆਬਾਦੀ ਜੋ 14-15 ਫ਼ੀਸਦੀ ਸੀ ਉਸ ਤੋਂ ਕਿਤੇ ਜ਼ਿਆਦਾ ਇਹ ਲਾਭ ਹਾਸਿਲ ਕਰ ਸਕਦੇ ਸਨ। ਕਾਂਗਰਸ ਕੋਲੋਂ ਜਾਂ ਮੁਸਲਿਮ ਲੀਗ ਕੋਲੋਂ। ਪਰ ਇਨ੍ਹਾਂ ਨੇ ਕੋਈ ਸਪੱਸ਼ਟ ਸੌਦੇਬਾਜ਼ੀ ਨਹੀਂ ਕੀਤੀ ਤੇ ਭਾਰਤ ਨਾਲ ਜਾਣਾ ਬਿਹਤਰ ਸਮਝਿਆ। ਸਿੱਖ ਵੋਟਾਂ ਦੀ ਤਾਕਤ ਇੰਨੀ ਸੀ ਕਿ ਇਹ ਦੋਵੇਂ ਮੁਲਕਾਂ ਦੀ ਸੀਮਾ ਨੂੰ ਤਕਰੀਬਨ 400-450 ਮੀਲ ਲਹਿੰਦੇ ਵਾਲੇ ਪਾਸੇ ਜਾਂ ਚੜ੍ਹਦੇ ਵਾਲੇ ਪਾਸੇ ਲਿਜਾ ਸਕਦੇ ਸਨ। ਇਨ੍ਹਾਂ ਕੋਲ ਦੋ ਬਦਲ ਸਨ, ਜਿਨ੍ਹਾਂ ਨੂੰ ਅਸੀਂ ਵਾਰੀ-ਵਾਰੀ ਵੇਖ ਸਕਦੇ ਹਾਂ। ਜੇਕਰ ਸਿੱਖ ਮੁਸਲਿਮ ਲੀਗ ਨਾਲ ਜਾਂਦੇ ਇਸ ਸੂਰਤ ਵਿੱਚ ਪਾਕਿਸਤਾਨ ਦੀ ਸਰਹੱਦ ਰੋਹਤਕ ਤੱਕ ਚਲੀ ਜਾਣੀ ਸੀ। ਇਸ ਤਰ੍ਹਾਂ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ, ਕਿਉਂਕਿ ਪੰਜਾਬ (ਪਾਕਿਸਤਾਨ) ਦੀ ਸੀਮਾ ਦਿੱਲੀ ਨਾਲ ਲੱਗ ਜਾਣੀ ਸੀ। ਜੇ ਸਿੱਖ ਕਾਂਗਰਸ ਵੱਲ ਜਾਂਦੇ ਤਾਂ ਉਹੀ ਹੋਣਾ ਸੀ, ਜੋ ਵੰਡ ਤੋਂ ਉਸ ਸਮੇਂ ਹੋਇਆ ਸੀ।

Loading