ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

In ਮੁੱਖ ਲੇਖ
December 05, 2025

ਪ੍ਰਮਿੰਦਰ ਸਿੰਘ ਪ੍ਰਵਾਨਾ
29 ਮਾਰਚ 1849 ਨੂੰ ਅੰਗਰੇੇਜ਼ਾਂ ਦਾ ਪੰਜਾਬ ’ਤੇ ਰਾਜ ਹੋ ਗਿਆ। ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ, ਤਰਨ ਤਾਰਨ ਅਤੇ ਹੋਰ ਵੀ ਪ੍ਰਸਿੱਧ ਗੁਰਦੁਆਰੇ ਅੰਗਰੇਜ਼ਾਂ ਦੇ ਪ੍ਰਬੰਧ ਹੇਠ ਆ ਗਏ। ਅੰਗਰੇਜ਼ੀ ਹਕੂਮਤ ਦੀ ਸ਼ਹਿ ’ਤੇ ਗੁਰਧਾਮਾਂ ’ਤੇ ਮਹੰਤਾਂ ਦਾ ਕਬਜ਼ਾ ਸੀ। ਉਹ ਗੁਰ ਮਰਿਆਦਾ ਦੇ ਉਲਟ ਮਨਮਾਨੀਆਂ ਕਰਦੇ। ਗੁਰਧਾਮਾਂ ਨੂੰ ਅਯਾਸ਼ੀ ਦੇ ਅੱਡੇ ਬਣਾ ਕੇ ਆਪਣੀ ਨਿੱਜੀ ਜਾਇਦਾਦ ਸਮਝਦੇ। ਗੁਰਦੁਆਰਿਆਂ ਦੇ ਸੁਧਾਰ ਲਈ ‘ਸਿੰਘ ਸਭਾ ਲਹਿਰ’ ਨੇ ਸਿੱਖਾਂ ਨੂੰ ਹਲੂਣਿਆਂ ਅਤੇ ਗੁਰ ਮਰਿਆਦਾ ਬਹਾਲ ਕਰਨ ਦੇ ਯਤਨ ਆਰੰਭੇ। ਫ਼ਿਰ ਖ਼ਾਲਸਾ ਦੀਵਾਨ, ਚੀਫ਼ ਖਾਲਸਾ ਦੀਵਾਨ ਅਤੇ ਅਕਾਲੀ ਲਹਿਰਾਂ ਹੋਂਦ ਵਿੱਚ ਆਈਆਂ। ਪੰਥ ਵਿੱਚ ਜਾਗ੍ਰਿਤੀ ਆਉਣ ਦਾ ਮੁੱਢ ਬੱਝਾ।
ਇਹ ਵੀ ਮਹਿਸੂਸ ਕੀਤਾ ਗਿਆ ਕਿ ਗੁਰਦੁਆਰਾ ਸੁਧਾਰ ਲਈ ਇੱਕ ਸਾਂਝੀ ਪ੍ਰਤੀਨਿਧ ਕਮੇਟੀ ਬਣਾਈ ਜਾਵੇ। ਨਵੰਬਰ 15,1920 ਨੂੰ ਹੋਣ ਵਾਲੇ ਪੰਥਕ ਇਕੱਠ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਕਿ ਚਹੁੰ ਤਖ਼ਤਾਂ, ਗੁਰਦੁਆਰਿਆਂ, ਜਥੇਬੰਦੀਆਂ, ਸਿੱਖ ਰਿਆਸਤਾਂ, ਖ਼ਾਲਸਾ ਕਾਲਜ, ਸਕੂਲਾਂ, ਫ਼ੌਜੀਆਂ, ਨਿਹੰਗ ਜਥੇਬੰਦੀਆਂ ਆਪਣੇ ਪ੍ਰਤੀਨਿਧ ਭੇਜਣ। ਮਿਥੀ ਤਰੀਕ ਤੋਂ ਦੋ ਦਿਨ ਪਹਿਲਾਂ ਸਰਕਾਰ ਨੇ 36 ਪ੍ਰਤੀਨਿਧਾਂ ਦੀ ਕਮੇਟੀ ਬਣਾ ਲਈ। ਸ੍ਰ.ਹਰਬੰਸ ਸਿੰਘ ਅਟਾਰੀ ਪ੍ਰਧਾਨ ਨਿਯੁਕਤ ਹੋਏ। ਨਵੰਬਰ 15-16 ਦੇ ਇਕੱਠ ਵਿੱਚ ਜੋ ਸ਼ਾਮਲ ਹੋਏ, ਉਹਨਾਂ ਨੇ ਫ਼ੈਸਲਾ ਕੀਤਾ ਕਿ 175 ਸਿੰਘਾਂ ਦੀ ਕਮੇਟੀ ਬਣਾਈ ਜਾਵੇ। ਜਿਸ ਦਾ ਨਾਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ। ਸਰਕਾਰ ਦੇ ਨਿਯੁਕਤ 36 ਮੈਂਬਰ ਵੀ ਸ਼ਾਮਲ ਹੋਏ।
ਪਹਿਲਾ ਸਮਾਗਮ 12 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ। ਕਮੇਟੀ ਦੇ ਅਹੁਦੇਦਾਰ ਚੁਣੇ ਗਏ। ਨਿਯਮ ਤਿਆਰ ਕਰਨ ਲਈ ਕਮੇਟੀ ਬਣਾਈ ਗਈ। ਅਪ੍ਰੈਲ 30,1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਜ ਹੋਈ। ਜੁਲਾਈ 1921 ਵਿੱਚ ਵੋਟਾਂ ਪਾ ਕੇ ਨਵੀਂ ਕਮੇਟੀ ਦੀ ਚੋਣ ਹੋਈ। ਇਸ ਨਾਲ ਕਮੇਟੀ ਮੁਕੰਮਲ ਦਾ ਸਮਾਗਮ 27 ਅਗਸਤ 1921 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ। ਤਦ 31 ਮੈਂਬਰਾਂ ਦੀ ਅੰਤ੍ਰਿਗ ਕਮੇਟੀ ਬਣਾਈ ਗਈ। ਸ੍ਰ. ਖੜਕ ਸਿੰਘ ਜੀ ਰਈਸ, ਸਿਆਲਕੋਟ ਪ੍ਰਧਾਨ, ਸ੍ਰ. ਸੁੰਦਰ ਸਿੰਘ ਜੀ ਰਾਮਗੜ੍ਹੀਆ ਮੀਤ ਪ੍ਰਧਾਨ, ਸ੍ਰ. ਬਹਾਦਰ ਮਹਿਤਾਬ ਸਿੰਘ ਜੀ ਬੈਰਿਸਟਰ ਸਕੱਤਰ ਨਿਯੁਕਤ ਹੋਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸੁਧਾਰ ਦਾ ਕੰਮ ਬੜੀ ਸ਼ਿੱਦਤ ਨਾਲ ਸ਼ੁਰੂ ਕੀਤਾ। ਜਿਹੜੇ ਗੁਰਦੁਆਰੇ ਕਮੇਟੀ ਹੇਠ ਆ ਗਏ, ਉਹਨਾਂ ਦੇ ਮਹੰਤਾਂ ਨੂੰ ਗੁਜ਼ਾਰੇ ਲਈ ਤਨਖਾਹ ਅਤੇ ਰਿਹਾਇਸ਼ ਦਿੱਤੇ ਗਏ। ਜਿਸ ਨਾਲ ਚੋਹਲਾ ਸਾਹਿਬ , ਖਡੂਰ ਸਾਹਿਬ, ਬਾਬਾ ਬਕਾਲਾ, ਏਮਨਾਬਾਦ, ਗੁਰੂ ਕਾ ਬਾਗ, ਸੱਚਾ ਸੌਦਾ, ਪੰਜਾ ਸਾਹਿਬ, ਭਾਈ ਜੋਗਾ ਪਸ਼ੋਰ, ਸਮਾਧ ਅਕਾਲੀ ਫ਼ੂਲਾ ਸਿੰਘ ਆਦਿ। ਆਰੰਭੇ ਕਾਰਜਾਂ ਦੀ ਕਾਰਵਾਈ ਚਲਾਉਣ ਲਈ ਸਹਾਇਤਾ ਦੇ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਬਣੀ। ਗੁਰਦੁਆਰਿਆਂ ਦੇ ਮਹੱਤਵ ਅਤੇ ਮਰਿਆਦਾ ਨੂੰ ਬਹਾਲ ਕਰਨ ਦਾ ਕੰਮ ਜਾਰੀ ਰਿਹਾ।
ਗੁਰਦੁਆਰਾ ਤਰਨ ਤਾਰਨ ਨੂੰ ਆਜ਼ਾਦ ਕਰਵਾਉਣ ਲਈ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਜੀ ਸ਼ਹੀਦੀ ਪਾ ਗਏ। ਤਦ 17 ਸਿੰਘ ਜ਼ਖ਼ਮੀ ਹੋਏ। ਸਾਕਾ ਨਨਕਾਣਾ ਸਾਹਿਬ ਵਿੱਚ ਮਹੰਤ ਨਰਾਇਣ ਦਾਸ ਦੇ ਗੁੰਡਿਆਂ ਨੇ ਭਾਈ ਲਛਮਣ ਸਿੰਘ ਜੀ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਵਿੱਚ ਬੈਠਿਆ ਸ਼ਹੀਦ ਕਰ ਦਿੱਤਾ ਗਿਆ। ਗੁਰੂ ਗਰੰਥ ਸਾਹਿਬ ਜੀ ਦੀ ਬੀੜ ’ਤੇ ਵੀ ਗੋਲੀਆਂ ਲੱਗੀਆਂ।
ਕਈ ਸਿੰਘ ਜਿਉਂਦੇ ਸਾੜੇ ਗਏ ਤੇ ਸਿੰਘ ਸ਼ਹੀਦੀਆਂ ਪਾ ਗਏ। ਹੋਰ ਵੀ ਗੁਰਦੁਆਰੇ ਆਜ਼ਾਦ ਕਰ ਲਏ ਗਏ ਜਿਵੇਂ ਮਾਲ ਜੀ ਸਾਹਿਬ, ਕਿਆਰ ਸਾਹਿਬ ਅਤੇ ਬਾਲ ਲੀਲ੍ਹਾ ਸਾਹਿਬ।
ਚਾਬੀਆਂ ਦਾ ਮੋਰਚਾ ਅਤੇ ਕ੍ਰਿਪਾਨ ਦਾ ਮੋਰਚਾ ਵਿੱਚ ਸਿੰਘਾਂ ਨੇ ਸਫ਼ਲਤਾ ਪਾਈ। ਮੋਰਚਾ ਗੁਰੂ ਕਾ ਬਾਗ ਵਿੱਚ ਸਿੰਘਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਜਨਤਕ ਮੋਰਚਿਆਂ ਦਾ ਰਾਹ ਖੁੱਲ੍ਹਿਆ। ਇਸ ਮੋਰਚੇ ਵਿੱਚ 5604 ਸਿੰਘ ਗ੍ਰਿਫ਼ਤਾਰ ਹੋਏ। ਜਿੰਨਾਂ ਵਿੱਚ 35 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ 200 ਫ਼ੌਜੀ ਪੈੱਨਸ਼ਨੀਏ ਸਨ। ਸਿੰਘਾਂ ਦੇ ਹਠ ਅੱਗੇ ਸਰਕਾਰ ਨੂੰ ਝੁਕਣਾ ਪਿਆ। ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਪੰਜਾ ਸਾਹਿਬ ਸਾਕੇ ਵਿੱਚ ਅੰਦੋਲਨਾਂ ਵਿੱਚ ਗ੍ਰਿਫ਼ਤਾਰ ਕਰਕੇ ਲਿਜਾ ਰਹੇ ਫ਼ੌਜੀਆਂ ਨੂੰ ਲੰਗਰ ਛਕਾਉਣ ਲਈ ਸਾਕਾ ਪੰਜਾ ਸਾਹਿਬ ਵਾਪਰਿਆ। ਜਿਸ ਵਿੱਚ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੇ ਗੱਡੀ ਰੋਕ ਕੇ ਇੰਜਣ ਹੇਠ ਦਰੜੇ ਗਿਆਂ ਨੇ ਸ਼ਹੀਦੀਆਂ ਪਾਈਆਂ। ਲਾਹੌਰ ਦੇ ਪ੍ਰਸਿੱਧ ਗੁਰਦੁਆਰਾ ਭਾਈ ਫ਼ੇਰੂ ਦੇ ਕਬਜ਼ੇ ਲਈ ਕਾਨੂੰਨੀ ਲੜਾਈ ਲੜਨੀ ਪਈ। ਮਹਾਰਾਜਾ ਰਿਪੁਦਮਨ ਸਿੰਘ ਜੀ ਦੇ ਗੱਦੀਓਂ ਲਾਹੇ ਜਾਣ ਦੇ ਵਿਰੋਧ ਵਿੱਚ ‘ਜੈਤੋ ਦਾ ਮੋਰਚਾ’ ਲੱਗਾ। ਜਥਿਆਂ ਨੂੰ ਗ੍ਰਿਫ਼ਤਾਰ ਕਰਕੇ ਕੁੱਟਮਾਰ ਕੀਤੀ ਜਾਂਦੀ ਫ਼ਿਰ ਦੂਰ ਲਿਜਾ ਕੇ ਛੱਡ ਆਉਂਦੇ। ਇਸ ਵਿੱਚ 40-50 ਸਿੰਘ ਜ਼ਖ਼ਮੀ ਹੋਏ। ਬਾਕੀ ਸਿੰਘ ਸ਼ਹੀਦ ਹੋਏ। ਕੈਦੀਆਂ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ। ਲਗਭਗ 200 ਸਿੰਘ ਨਾਭਾ ਜੇਲ੍ਹ ਵਿੱਚ ਸ਼ਹੀਦ ਹੋਏ। ਸੂਰਬੀਰਾਂ ਨੇ ਅਣਮਨੁੱਖੀ ਤਸ਼ੱਦਦ ਦੇ ਕਸ਼ਟ ਸਹੇ। ਜੁਲਾਈ 27, 1925 ਨੂੰ ਕੈਦੀ ਰਿਹਾਅ ਕੀਤੇ ਗਏ।
ਸਿੰਘਾਂ ਦਾ ਹਠ ਅਤੇ ਜੋਸ਼ ਵੇਖ ਕੇ ਅੰਗਰੇਜ਼ੀ ਹਕੂਮਤ ਨੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਸੰਗਤਾਂ ਨੂੰ ਸੌਂਪਣ ਲਈ ਕਾਨੂੰਨ ਨੰਬਰ 8, 1925 ਪਾਸ ਹੋਇਆ। ਗੁਰਦੁਆਰਿਆਂ ਦਾ ਪ੍ਰਬੰਧ 23 ਨਵੰਬਰ 1926 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ। ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ।

Loading