ਪਟਿਆਲਾ/ਏ.ਟੀ.ਨਿਊਜ਼:
ਪੰਜਾਬ ਪੁਲਿਸ ਨੇ ਪਟਿਆਲਾ ਜ਼ਿਲ੍ਹੇ ’ਚ ਪੈਂਦੇ ਸ਼ੰਭੂ ਅਤੇ ਢਾਬੀ ਗੁੱਜਰਾਂ (ਖਨੌਰੀ) ਬਾਰਡਰਾਂ ’ਤੇ 13 ਮਹੀਨਿਆਂ ਤੋਂ ਮੋਰਚੇ ਲਾ ਕੇ ਬੈਠੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਦੋਵੇਂ ਬਾਰਡਰ ਖਾਲੀ ਕਰਵਾ ਲਏ। ਇਹ ਕਾਰਵਾਈ ਚੰਡੀਗੜ੍ਹ ’ਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਮੋਰਚਿਆਂ ਵੱਲ ਪਰਤ ਰਹੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਸਮੇਤ ਹੋਰ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਮਗਰੋਂ ਕੀਤੀ ਗਈ। ਕਿਸਾਨਾਂ ਨੂੰ ਬਹਾਦਰਗੜ੍ਹ ਦੇ ਕਮਾਂਡੋ ਟਰੇਨਿੰਗ ਸੈਂਟਰ ਲਿਜਾਇਆ ਗਿਆ, ਜਿਸ ਨੂੰ ਆਰਜ਼ੀ ਡਿਟੈਨਸ਼ਨ ਕੇਂਦਰ ਵਿੱਚ ਤਬਦੀਲ ਕੀਤਾ ਗਿਆ ਹੈ। ਕਿਸਾਨਾਂ ਨੂੰ ਪਹਿਲਾਂ ਮੋਹਾਲੀ ਦੇ ਫੇਜ਼-11 ਥਾਣੇ ਲਿਆਂਦਾ ਗਿਆ ਸੀ।
ਇਸ ਦੌਰਾਨ ਪੁਲਿਸ ਨੇ ਦੋਵੇਂ ਬਾਰਡਰਾਂ ’ਤੇ ਬੁਲਡੋਜ਼ਰ ਕਾਰਵਾਈ ਕਰਦਿਆਂ ਕਿਸਾਨਾਂ ਵੱਲੋਂ ਬਣਾਈਆਂ ਸਟੇਜਾਂ ਢਾਹ ਦਿੱਤੀਆਂ। ਢਾਬੀ ਗੁੱਜਰਾਂ ਬਾਰਡਰ ’ਤੇ ਝੜਪ ਮਗਰੋਂ ਪੁਲਿਸ ਨੇ ਕਿਸਾਨਾਂ ’ਤੇ ਹਲਕਾ ਲਾਠੀਚਾਰਜ ਕੀਤਾ। ਵੱਡੀ ਗਿਣਤੀ ’ਚ ਕਿਸਾਨ ਹਿਰਾਸਤ ’ਚ ਲਏ ਗਏ ਹਨ। ਕਿਸਾਨਾਂ ਖ਼ਿਲਾਫ਼ ਕਾਰਵਾਈ ਦੌਰਾਨ ਪਟਿਆਲਾ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਸ਼ੰਭੂ ਅਤੇ ਖਨੌਰੀ ਦੋਵਾਂ ਬਾਰਡਰਾਂ ’ਤੇ 500 ਦੇ ਕਰੀਬ ਕਿਸਾਨ ਸਨ ਜਦਕਿ ਪੁਲਿਸ ਦੀ ਨਫਰੀ 5000 ਦੇ ਕਰੀਬ ਹੈ। ਪੁਲਿਸ ਨੇ ਰਾਤੋਂ-ਰਾਤ ਇਥੇ ਬਣੇ ਕਿਸਾਨਾਂ ਦੇ ਰੈਣ-ਬਸੇਰਿਆਂ ਸਮੇਤ ਹੋਰ ਸਾਰਾ ਸਾਜ਼ੋ-ਸਾਮਾਨ ਲਾਂਭੇ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਹਰਿਆਣਾ ਪੁਲਿਸ ਵੱਲੋਂ ਵੀ ਦੋਵਾਂ ਬਾਰਡਰਾਂ ’ਤੇ 13 ਮਹੀਨਿਆਂ ਤੋਂ ਕੀਤੀ ਗਈ ਜ਼ਬਰਦਸਤ ਬੈਰੀਕੇਡਿੰਗ ਤੋੜ ਦਿੱਤੀ ਜਾਵੇਗੀ ਤੇ ਦੋਵਾਂ ਬਾਰਡਰਾਂ ’ਤੇ ਆਵਾਜਾਈ ਬਹਾਲ ਹੋ ਜਾਵੇਗੀ। ਭਾਵੇਂ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ’ਚ ਵੱਖ-ਵੱਖ ਥਾਈਂ ਸਵੇਰ ਤੋਂ ਹੀ ਪੁਲਿਸ ਫੋਰਸ ਇਕੱਠੀ ਹੋ ਗਈ ਸੀ ਪਰ ਦੋਵੇਂ ਬਾਰਡਰਾਂ ’ਤੇ ਧਾਵਾ ਵਾਰੋ-ਵਾਰੀ ਦੇਰ ਸ਼ਾਮ ਬੋਲਿਆ ਗਿਆ। ਇਸ ਦੌਰਾਨ ਹਲਕਾ ਲਾਠੀਚਾਰਜ ਤੇ ਧੱਕਾ-ਮੁੱਕੀ ਵੀ ਹੋਈ ਜਿਸ ਦੌਰਾਨ ਬਹੁਤੇ ਕਿਸਾਨਾਂ ਨੂੰ ਖਦੇੜ ਦਿੱਤਾ ਗਿਆ ਅਤੇ ਕਈ ਅੜੇ ਵੀ ਰਹੇ ਜੋ ਬਾਅਦ ’ਚ ਜ਼ੋਰ ਨਾ ਚੱਲਦਿਆਂ ਦੇਖ ਕੇ ਖੁਦ ਹੀ ਪੁਲਿਸ ਦੀਆਂ ਬੱਸਾਂ ’ਚ ਬੈਠ ਗਏ ਜਦਕਿ ਕਈਆਂ ਨੂੰ ਪੁਲਿਸ ਵੱਲੋਂ ਜਬਰੀ ਵੀ ਹਿਰਾਸਤ ’ਚ ਲਿਆ ਗਿਆ ਹੈ। ਦੋਵੇਂ ਥਾਵਾਂ ਤੋਂ ਤਿੰਨ ਸੌ ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ’ਚ ਲਏ ਜਾਣ ਦੀ ਖ਼ਬਰ ਹੈ ਪਰ ਬਾਅਦ ’ਚ ਬਹੁਤਿਆਂ ਨੂੰ ਛੱਡ ਦਿੱਤਾ ਗਿਆ। ਘਰਾਂ ਨੂੰ ਨਾ ਜਾਣ ਦੀ ਜ਼ਿੱਦ ਕਰਨ ਵਾਲੇ ਕਿਸਾਨਾਂ ਨੂੰ ਥਾਣਿਆਂ ਅਤੇ ਹੋਰ ਥਾਵਾਂ ’ਤੇ ਬੰਦ ਕੀਤਾ ਗਿਆ ਹੈ।
ਰਾਤੀਂ ਸਾਢੇ ਨੌਂ ਵਜੇ ਤੱਕ ਦੋਵਾਂ ਹੀ ਬਾਰਡਰਾਂ ’ਤੇ ਕੋਈ ਵੀ ਕਿਸਾਨ ਮੌਜੂਦ ਨਹੀਂ ਸੀ। ਕਿਸਾਨਾਂ ਨੂੰ ਲਾਂਭੇ ਕਰਨ ਤੋਂ ਬਾਅਦ ਪੁਲਿਸ ਨੇ ਇਥੇ ਟੀਨਾਂ, ਫਾਈਬਰ, ਟਰਾਲੀਆਂ ਅਤੇ ਤੰਬੂਆਂ ਦੇ ਬਣਾਏ ਗਏ ਰੈਣ-ਬਸੇਰਿਆਂ ਸਮੇਤ ਮੁੱਖ ਸਟੇਜਾਂ ਵੀ ਜੇ.ਸੀ.ਬੀ. ਨਾਲ ਤੋੜ ਕੇ ਢਹਿ-ਢੇਰੀ ਕਰ ਦਿੱਤੀਆਂ। ਏਸੀ, ਕੂਲਰ, ਪੱਖੇ ਅਤੇ ਲਾਈਟਾਂ ਆਦਿ ਵੀ ਉਤਾਰ ਲਏ ਗਏ ਹਨ। ਕੁਝ ਸਾਜ਼ੋ-ਸਾਮਾਨ ਟੁੱਟ ਵੀ ਗਿਆ ਪਰ ਅਜਿਹਾ ਬਹੁਤਾ ਸਾਮਾਨ ਪੁਲਿਸ ਨੇ ਥਾਣੇ ਜਾਂ ਹੋਰ ਖੁੱਲ੍ਹੀਆਂ ਥਾਵਾਂ ’ਤੇ ਰਖਵਾ ਦਿੱਤਾ ਹੈ। ਇਥੋਂ ਕਈ ਟਰੈਕਟਰ-ਟਰਾਲੀਆਂ ਤਾਂ ਕਿਸਾਨ ਖੁਦ ਹੀ ਲੈ ਗਏ ਅਤੇ ਬਾਕੀ ਪੁਲਿਸ ਨੇ ਖੁੱਲ੍ਹੀਆਂ ਥਾਵਾਂ ’ਤੇ ਖੜ੍ਹੇ ਕਰ ਦਿੱਤੇ ਹਨ। ਢਾਬੀ ਗੁੱਜਰਾਂ ਬਾਰਡਰ ’ਤੇ ਪੁਲਿਸ ਦੀ ਅਗਵਾਈ ਡੀ.ਆਈ.ਜੀ. ਮਨਦੀਪ ਸਿੱਧੂ ਕਰ ਰਹੇ ਸਨ ਜਿਨ੍ਹਾਂ ਪਹਿਲਾਂ ਕਿਸਾਨਾਂ ਨੂੰ ਰਸਤਾ ਖਾਲੀ ਕਰਨ ਦੀ ਅਪੀਲ ਕੀਤੀ ਅਤੇ ਫੇਰ ਪੁਲਿਸ ਨੇ ਧਾਵਾ ਬੋਲ ਦਿੱਤਾ। ਉਧਰ ਸ਼ੰਭੂ ਬਾਰਡਰ ’ਤੇ ਪੁਲਿਸ ਦੀ ਅਗਵਾਈ ਕਰ ਰਹੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਸਵੇਰ ਤੱਕ ਇਥੇ ਅਜਿਹਾ ਦ੍ਰਿਸ਼ ਨਜ਼ਰ ਆਵੇਗਾ ਕਿ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕੇਗਾ ਕਿ ਇਥੇ ਕੋਈ ਧਰਨਾ ਚੱਲ ਰਿਹਾ ਸੀ। ਉਨ੍ਹਾਂ ਕਿਸਾਨਾਂ ਨੂੰ ਬਾਰਡਰ ਵਾਲੇ ਰਸਤੇ ਖਾਲੀ ਕਰ ਦੇਣ ਦੀ ਅਪੀਲ ਕੀਤੀ ਅਤੇ ਆਖਿਆ ਕਿ ਪੁਲਿਸ ਨਹੀਂ ਚਾਹੁੰਦੀ ਕਿ ਕਿਸਾਨ ਭਰਾਵਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਧੱਕਾ-ਮੁੱਕੀ ਹੋਵੇ। ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ। ਮਨਜੀਤ ਨਿਆਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਧੋਖਾ ਕੀਤਾ ਹੈ ਅਤੇ ਅਜਿਹੇ ਧਰੋਹ ਦਾ ਖਮਿਆਜ਼ਾ ਭੁਗਤਣਾ ਪਵੇਗਾ। ਬਠਿੰਡਾ ਦੇ ਪਿੰਡ ਮੰਡੀ ਕਲਾਂ ਦੀਆਂ ਕਈ ਕਿਸਾਨ ਬੀਬੀਆਂ ਨੇ ਵੀ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ ਹੈ।